ਜ਼ਿਲ੍ਹਾ ਪੱਧਰੀ ਖੇਡਾਂ 'ਚ ਰੰਘੜਿਆਲ ਸਕੂਲ ਦੇ ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਨੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਲਾਜਵਾਬ ਪ੍ਰਦਰਸ਼ਨ ਕੀਤਾ।ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਗਾਮੀਵਾਲਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਬੱਚਿਆਂ ਨੇ ਵੱਖ-ਵੱਖ ਖੇਡਾਂ ਵਿੱਚ ਕਲੱਸਟਰ ਪੱਧਰ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।ਸਕੂਲ ਦੇ ਖੇਡ ਇੰਚਾਰਜ ਜਸਵਿੰਦਰ ਸਿੰਘ ਜਨਕ ਤੇ ਸਕੂਲ ਅਧਿਆਪਕ ਨਾਜ਼ਰ ਸਿੰਘ ਬੱਛੋਆਣਾ ਨੇ ਦੱਸਿਆ ਕਿ ਸਾਡੇ ਸਕੂਲ ਦੇ ਖਿਡਾਰੀ ਹਰਮਨ ਸਿੰਘ ਨੇ 200 ਮੀਟਰ ਦੌੜ ਵਿੱਚ ਪਹਿਲੀ ਪੁਜੀਸ਼ਨ, ਲੰਮੀ ਛਾਲ ਵਿੱਚ ਦੂਜੀ ਪੁਜੀਸ਼ਨ ਅਤੇ 100 ਮੀਟਰ ਦੌੜ ਵਿੱਚ ਤੀਜੀ ਪੁਜੀਸ਼ਨ ਪ੍ਰਾਪਤ ਕੀਤੀ ਹੈ।ਉਨ੍ਹਾਂ ਦੱਸਿਆ ਕਿ ਹੁਣ ਇਹ ਬੱਚਾ ਪਟਿਆਲਾ ਵਿਖੇ ਰਾਜ ਪੱਧਰੀ ਖੇਡਾਂ ਵਿੱਚ ਧੁੰਮਾਂ ਪਾਵੇਗਾ।ਇਸ ਪ੍ਰਾਪਤੀ ਦੀ ਖੁਸ਼ੀ ਵਿੱਚ ਪਿੰਡ ਦੇ ਸਰਪੰਚ ਜਰਨੈਲ ਸਿੰਘ ਅਤੇ ਸਕੂਲ ਮੇਨੈਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਉਪ ਚੇਅਰਮੈਨ ਨਿਰਭੈ ਸਿੰਘ,ਯੁਵਕ ਸੇਵਾਵਾਂ ਕਲੱਬ ਦੇ ਅਹੁਦੇਦਾਰ ਸੁਖਚੈਨ ਸਿੰਘ ਚੈਨੀ, ਸਾਬਕਾ ਫੌਜੀ ਵੀਰ ਸਿੰਘ, ਸੇਬੀ ਫੌਜੀ,ਸਾਬਕਾ ਚੇਅਰਮੈਨ ਗੁਰਦੀਪ ਸਿੰਘ ਸਾਗੂ, ਜਸਵੀਰ ਕੌਰ, ਬਲਜਿੰਦਰ ਕੌਰ,ਸਾਬਕਾ ਪੰਚ ਅੰਗਰੇਜ਼ ਕੌਰ ਨੇ ਸਮੂਹ ਸਕੂਲ ਸਟਾਫ ਨੂੰ ਮੁਬਾਰਕਬਾਦ ਦਿੱਤੀ।
