Friday, February 7, 2025

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਮਾਮਲਾ ਗੈਸਟ ਪ੍ਰੋਫੈਸਰਾਂ ਦੀ ਨੌਕਰੀ ਨੂੰ ਪੱਕੇ ਕਰਨ ਦਾ

ਮਾਮਲਾ ਗੈਸਟ ਪ੍ਰੋਫੈਸਰਾਂ ਦੀ ਨੌਕਰੀ ਨੂੰ ਪੱਕੇ ਕਰਨ ਦਾ 


ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ ਗੰਭੀਰਪੁਰ ਵਿੱਚ ਚੱਕਾ ਜਾਮ  8 ਫਰਵਰੀ ਨੂੰ,ਉਚੇਰੀ ਸਿਖਿਆ ਮੰਤਰੀ ਤੇ ਵਾਅਦਾ ਖਿਲਾਫ਼ੀ ਦਾ ਦੋਸ਼ 

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਸਰਕਾਰੀ ਕਾਲਜਾਂ ਨੂੰ ਖੂਨ ਪਸੀਨੇ ਨਾਲ ਸਿੰਜਣ ਵਾਲੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਦਾਅ 'ਤੇ ਲੱਗੀ ਹੋਈ ਹੈ। ਦੱਸ ਦਈਏ ਕਿ ਵਿੱਚ ਲੰਬੇ ਸਮੇਂ ਤੋਂ ਸਰਕਾਰੀ ਕਾਲਜਾ ਵਿੱਚ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਪੰਜਾਬ ਸਰਕਾਰ ਸਾਰ ਨਹੀਂ ਲੈ ਰਹੀ ਜਿਸ ਕਰਕੇ ਗੈਸਟ ਪ੍ਰੋਫੈਸਰ ਤਿੱਖਾ ਸੰਘਰਸ਼ ਕਰਨ ਦੇ ਰੋਅ ਵਿੱਚ ਹਨ। ਗੈਸਟ ਫੈਕਲਟੀ ਸੰਯੁਕਤ ਫਰੰਟ ਸਰਕਾਰੀ ਕਾਲਜ ਪੰਜਾਬ ਦੇ ਆਗੂ ਡਾ. ਰਾਵਿੰਦਰ ਸਿੰਘ, ਪ੍ਰੋਫੈਸਰ ਗੁਰਸੇਵ ਸਿੰਘ, ਪ੍ਰੋਫੈਸਰ ਗੁਰਜੀਤ ਸਿੰਘ, ਡਾ. ਪਰਮਜੀਤ ਸਿੰਘ ਅਤੇ ਪ੍ਰੋਫ਼ੈਸਰ ਮੁਹੰਮਦ ਤਨਵੀਰ ਨੇ ਦੱਸਿਆ ਕਿ ਉਚੇਰੀ ਸਿਖਿਆ ਵਿਭਾਗ ਵੱਲੋਂ ਉਨ੍ਹਾਂ ਦੀਆਂ ਅਸਾਮੀਆਂ ਨੂੰ ਖਾਲੀ ਦਿਖਾ ਦਿੱਤਾ ਗਿਆ ਹੈ ਜਦੋਂ ਕਿ ਉਹ ਕਈ ਸਾਲਾਂ ਤੋਂ ਮਨਜੂਰ-ਸ਼ੁਦਾ ਅਸਾਮੀਆਂ 'ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਅਨੇਕਾਂ ਹੋਰ ਅਕਾਦਮਿਕ ਅਤੇ ਪ੍ਰਸ਼ਾਸ਼ਨਿਕ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਜਦੋਂ ਨਿਗੂਣੀਆਂ ਤਨਖਾਹਾਂ ਕਾਰਨ ਇਨ੍ਹਾਂ ਕਾਲਜਾਂ ਵੱਲ ਕੋਈ ਮੂੰਹ ਨਹੀਂ ਸੀ ਕਰਦਾ। ਉਨ੍ਹਾਂ ਦੱਸਿਆ ਕਿ ਬੁਹਤ ਸਾਰੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਵੀ ਲੰਘਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਮਹੀਨੇ ਪਹਿਲਾਂ ਫਰੰਟ ਦੇ ਵਫਦ ਨਾਲ ਮੁਖ ਸਕੱਤਰੇਤ ਚੰਡੀਗੜ੍ਹ ਵਿਖੇ ਹਰਜੋਤ ਸਿੰਘ ਬੈਂਸ ਸਿਖਿਆ ਮੰਤਰੀ ਪੰਜਾਬ ਨਾਲ ਹੋਈ ਇਕੱਤਰਤਾ ਵਿੱਚ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਨੂੰ ਨਿਯਮਤ ਕਰਨ ਸਬੰਧੀ ਜਲਦ ਕੋਈ ਪਾਲਿਸੀ ਬਣਾਈ ਜਾਵੇਗੀ ਪਰ ਹਾਲੇ ਤੱਕ ਇਹ ਵਫਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪਹਿਲਾ 4 ਅਤੇ ਫਿਰ 7 ਫਰਵਰੀ ਦੀ ਪੈਨਲ ਮੀਟਿੰਗ ਦਿੱਤੀ ਗਈ ਸੀ ਅਤੇ ਹੁਣ ਇਹ ਕਹਿ ਦਿੱਤਾ ਗਿਆ ਹੈ ਕਿ ਮੰਤਰੀ ਹਾਲੇ ਵੀ ਦਿੱਲੀ ਬਿਰਾਜਮਾਨ ਹਨ।ਆਗੂਆਂ ਨੇ ਉਚੇਰੀ ਸਿਖਿਆ ਮੰਤਰੀ ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਚੇਰੀ ਸਿਖਿਆ ਵਿਭਾਗ ਉਨ੍ਹਾਂ ਦੀਆਂ ਨੌਕਰੀਆਂ ਤੇ ਦਾਤੀ ਫੇਰ ਰਿਹਾ ਹੈ ਅਤੇ ਸਾਰੀ ਪੰਜਾਬ ਸਰਕਾਰ ਆਪਣਾ ਸੂਬਾ ਛੱਡ ਕੇ ਦਿੱਲੀ ਵਿਖੇ ਆਪ ਸਰਕਾਰ ਨੂੰ ਲਿਆਉਣ ਲਈ ਪੱਬਾਂ ਭਾਰ ਹੋਈ ਬੈਠੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਮਨੀ ਚੌਣਾ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਰੋਡ ਸ਼ੋਅ ਦੌਰਾਨ ਕਈ ਵਾਰ ਮੁਲਾਕਾਤ ਹੋਈ ਅਤੇ ਉਨਾਂ ਇਹ ਵਾਅਦਾ ਵੀ ਕੀਤਾ ਸੀ ਕਿ ਜਲਦ ਉਨ੍ਹਾਂ ਦੀ ਪੈਲਨ ਮੀਟਿੰਗ ਸੱਦੀ ਜਾਵੇਗੀ ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਕੋਈ ਮੀਟਿੰਗ ਦਾ ਸੱਦਾ ਨਹੀਂ ਮਿਲਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਕਿਸੇ ਦਾ “ਚੁੱਲ੍ਹਾ ਬੁਝਣ ਨਹੀਂ ਦੇਣਗੇ” ਨੂੰ ਅਮਲੀ ਜਾਮਾ ਪਹਿਨਾ ਕੇ ਉਨ੍ਹਾਂ ਦੀ ਨੌਕਰੀ ਨੂੰ ਸੁਰੱਖਿਅਤ ਕਰਕੇ ਸਰਕਾਰੀ ਖਜਾਨੇ ਵਿੱਚੋਂ ਨਵੇਂ ਪੇਅ ਗਰੇਡ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ 795 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਨਿਰਾਸ਼ਾ ਦੇ ਆਲਮ ਵਿੱਚ ਹਨ ਜਿਸ ਕਰਕੇ ਮਜਬੂਰੀਬੱਸ 8 ਫਰਵਰੀ ਨੂੰ ਉਚੇਰੀ ਸਿਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਖੇ ਚੱਕਾ ਜਾਮ ਕਰਨਾ ਪੈ ਰਿਹਾ ਹੈ ਤਾਂ ਜੋ ਸਾਡੀ ਆਵਾਜ ਸਰਕਾਰ ਕੋਲ ਪਹੁੰਚ ਸਕੇ।