Monday, February 24, 2025

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਪੁਲਿਸ ਮੁਲਾਜ਼ਮਾਂ ਲਈ 10 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਆਮ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਪੁਲਿਸ ਮੁਲਾਜ਼ਮਾਂ ਲਈ 10 ਹਜ਼ਾਰ ਰੁਪਏ ਰਿਸ਼ਵਤ ਲੈਣ ਵਾਲਾ ਆਮ ਵਿਅਕਤੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

ਭ੍ਰਿਸ਼ਟਾਚਾਰ ਕੇਸ 'ਚ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਨੂੰ ਵੀ ਕੀਤਾ ਨਾਮਜ਼ਦ

ਚੀਮਾ ਮੰਡੀ,ਗੁਰਵਿੰਦਰ ਸਿੰਘ ਚਹਿਲ : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਝਾੜੋਂ ਦੇ ਵਸਨੀਕ ਇੱਕ ਆਮ ਵਿਅਕਤੀ ਹਰਪ੍ਰੀਤ ਸਿੰਘ ਨੂੰ ਪੁਲਿਸ ਮੁਲਾਜ਼ਮਾਂ ਖਾਤਰ 10 ਹਜ਼ਾਰ ਰੁਪਏ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ।ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 'ਤੇ ਇੱਕ ਔਰਤ ਦੁਆਰਾ ਦਰਜ ਕਰਵਾਈ ਗਈ ਔਨਲਾਈਨ ਸ਼ਿਕਾਇਤ ਦੀ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਦੌਰਾਨ ਇਹ ਪਾਇਆ ਗਿਆ ਕਿ ਮੁਲਜ਼ਮ ਹਰਪ੍ਰੀਤ ਸਿੰਘ ਨੇ ਸੰਗਰੂਰ ਜ਼ਿਲ੍ਹੇ ਦੇ ਥਾਣਾ ਚੀਮਾ ਵਿਖੇ ਦਰਜ ਇੱਕ ਪੁਲਿਸ ਕੇਸ ਵਿੱਚ ਸ਼ਿਕਾਇਤਕਰਤਾ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਮੱਦਦ ਕਰਨ ਬਦਲੇ ਥਾਣੇਦਾਰ (ਐਸਐਚਓ) ਅਤੇ ਜਾਂਚ ਅਧਿਕਾਰੀ ਜਸਬੀਰ ਸਿੰਘ,ਸਹਾਇਕ ਸਬ ਇੰਸਪੈਕਟਰ (ਏਐਸਆਈ) ਵੱਲੋਂ ਸ਼ਿਕਾਇਤਕਰਤਾ ਤੋਂ 60 ਹਜ਼ਾਰ ਰੁਪਏ ਦੀ ਰਿਸ਼ਵਤ ਮੰਗੀ ਸੀ। ਇਹ ਵੀ ਸਿੱਧ ਹੋਇਆ ਕਿ ਉਕਤ ਮੁਲਜ਼ਮ ਸ਼ਿਕਾਇਤਕਰਤਾ ਤੋਂ ਪਹਿਲਾਂ ਹੀ ਉਕਤ ਪੁਲਿਸ ਮੁਲਾਜ਼ਮਾਂ ਲਈ 10 ਹਜਾਰ ਰੁਪਏ ਲੈ ਚੁੱਕਾ ਹੈ।ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਅਤੇ ਏਐਸਆਈ ਜਸਬੀਰ ਸਿੰਘ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਦੀ ਧਾਰਾ 7 ਅਤੇ 7 ਏ ਅਤੇ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 61(2) ਤਹਿਤ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ ਸਬੰਧਤ ਐਸਐਚਓ ਦੀ ਭੂਮਿਕਾ ਦੀ ਜਾਂਚ ਕੀਤੀ ਜਾਵੇਗੀ।