ਡਾਇਟ ਅਹਿਮਦਪੁਰ ਨੇ ਰਾਜ ਪੱਧਰੀ ਯੁਵਕ ਮੇਲੇ ਦੀ ਓਵਰਆਲ ਟਰਾਫੀ ਜਿੱਤੀ
ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਮਅਮਨਿੰਦਰ ਕੌਰ ਬਰਾੜ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪੰਜਾਬ ਦੀਆਂ ਸਮੂਹ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾਵਾਂ (ਡਾਇਟ) ਦੇ ਸਿਖਿਆਰਥੀਆਂ ਦਾ ਰਾਜ ਪੱਧਰੀ ਯੁਵਕ ਮੇਲਾ ਨਾਭਾ ਵਿਖੇ ਕਰਵਾਇਆ ਗਿਆ ਜਿਸ 'ਚ ਡਾਇਟ ਅਹਿਮਦਪੁਰ ਦੇ ਸਿਖਿਆਰਥੀਆਂ ਨੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਭਾਗ ਲਿਆ।ਡਾਇਟ ਦੇ 48 ਸਿਖਿਆਰਥੀਆਂ ਨੇ ਯੁਵਕ ਮੇਲੇ ਦੀਆਂ ਵੱਖ-ਵੱਖ ਵੰਨਗੀਆਂ ਗਿੱਧਾ , ਲੁੱਡੀ , ਕੁਇਜ਼, ਡਿਬੇਟ , ਕਵਿਤਾ ਉਚਾਰਣ , ਲੇਖ ਲਿਖਣ ਮੁਕਾਬਲਾ , ਪੋਸਟਰ ਮੇਕਿੰਗ ਅਤੇ ਰੋਲ ਪਲੇਅ ਵਿੱਚ ਭਾਗ ਲਿਆ ਅਤੇ ਸ਼ਲਾਘਾਯੋਗ ਪੇਸ਼ਕਾਰੀਆਂ ਦਿੱਤੀਆਂ ਅਤੇ ਅੱਵਲ ਦਰਜੇ ਦੀਆਂ ਪ੍ਰਾਪਤੀਆਂ ਕੀਤੀਆਂ। ਡਾਇਟ ਵੱਲੋਂ ਲਗਾਏ ਇਸ ਯੁਵਕ ਮੇਲੇ ਦੇ ਕੋਆਰਡੀਨੇਟਰ ਡਾ. ਗੁਰਪ੍ਰੀਤ ਕੌਰ ਅਤੇ ਡਾ. ਅੰਗਰੇਜ ਸਿੰਘ ਵਿਰਕ ਨੇ ਦੱਸਿਆ ਕਿ ਟੀਮ ਇੰਚਾਰਜ ਹਰਵਿੰਦਰ ਕੌਰ ਦੀ ਦੇਖ-ਰੇਖ ਹੇਠ ਗਿੱਧੇ ਦੇ ਰੌਚਿਕ ਮੁਕਾਬਲੇ ਵਿੱਚ ਡਾਇਟ ਸਿਖਿਆਰਥਣਾਂ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ ।ਇਸੇ ਤਰ੍ਹਾਂ ਲੋਕ-ਨਾਚ ਲੁੱਡੀ ਦੇ ਮੁਕਾਬਲੇ ਵਿੱਚ ਡਾਇਟ ਦੀ ਟੀਮ ਅੱਵਲ ਰਹੀ । ਟੀਮ ਇੰਚਾਰਜ ਲੈਕਚਰਾਰ ਸਰੋਜ ਰਾਣੀ ਦੀ ਦੇਖ-ਰੇਖ ਹੇਠ ਕੁਇਜ਼ ਅਤੇ ਡਿਬੇਟ ਦੇ ਫਸਵੇਂ ਮੁਕਾਬਲਿਆਂ ਵਿੱਚ ਵੀ ਸੰਸਥਾ ਦੀਆਂ ਟੀਮ ਨੇ ਬਾਕੀ ਜ਼ਿਲ੍ਹਿਆਂ ਦੀਆਂ ਟੀਮਾਂ ਨੂੰ ਪਛਾੜ ਕੇ ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਤਰ੍ਹਾਂ ਲੈਕਚਰਾਰ ਬਲਵਿੰਦਰ ਸਿੰਘ ਬਾਘਾ ਦੀ ਨਿਗਰਾਨੀ ਹੇਠ ਡਾਇਟ ਦੇ ਸਿਖਿਆਰਥੀਆਂ ਨੇ ਕਵਿਤਾ-ਉਚਾਰਣ ਅਤੇ ਪੋਸਟਰ ਬਣਾਉਣ ਦੇ ਮੁਕਾਬਲਿਆਂ ਵਿੱਚ ਕ੍ਰਮਵਾਰ ਪਹਿਲਾ ਅਤੇ ਦੂਜਾ ਸਥਾਨ ਹਾਸਿਲ ਕੀਤਾ।ਡਾ. ਕਰਨੈਲ ਸਿੰਘ ਵੈਰਾਗੀ ਅਤੇ ਲੈਕਚਰਾਰ ਪਰਸ਼ੋਤਮ ਸਿੰਘ ਦੀ ਦੇਖ-ਰੇਖ ਹੇਠ ਤਿਆਰ ਕਰਵਾਏ ਰੋਲ-ਪਲੇਅ ਦੀ ਟੀਮ ਨੇ ਸੂਬੇ ਭਰ ਦੀਆਂ ਟੀਮਾਂ ਵਿਚਕਾਰ ਹੋਏ ਮੁਕਾਬਲੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ।ਲੈਕਚਰਾਰ ਨਵਦੀਪ ਕੌਰ ਦੁਆਰਾ ‘ਲੇਖ ਰਚਨਾ’ ਮੁਕਾਬਲੇ ਲਈ ਤਿਆਰੀ ਕਰਵਾਈ ਗਈ ਜਿਸ ਵਿੱਚ ਸੰਸਥਾ ਦੀ ਸਿਖਿਆਰਥਣ ਸੂਬੇ ਭਰ ਵਿੱਚੋਂ ਤੀਜੇ ਸਥਾਨ ‘ਤੇ ਰਹੀ ।ਵੱਖ-ਵੱਖ ਵੰਨਗੀਆਂ ਵਿੱਚੋਂ ਅੱਵਲ ਦਰਜੇ ਦੀਆਂ ਪ੍ਰਾਪਤੀਆਂ ਸਦਕਾ ਰਾਜ ਪੱਧਰ ਦੇ ਇਸ ਯੁਵਕ ਮੇਲੇ ਦੀ ਓਵਰਆਲ ਟਰਾਫੀ ਵੀ ਡਾਇਟ ਅਹਿਮਦਪੁਰ ਨੇ ਜਿੱਤੀ ।ਸੂਬਾ ਪੱਧਰੀ ਇਸ ਯੁਵਕ ਮੇਲੇ ਦੇ ਜੇਤੂਆਂ ਨੂੰ ਇਨਾਮ ਡਾਇਰੈਕਟਰ ਐਸਸੀਈਆਰਟੀ ਪੰਜਾਬ ਅਮਨਿੰਦਰ ਕੌਰ ਬਰਾੜ ਵੱਲੋਂ ਵੰਡੇ ਗਏ । ਇਸ ਮੌਕੇ ਡਾਇਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੰਸਥਾ ਦੀ ਇਸ ਪ੍ਰਾਪਤੀ ‘ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸੰਸਥਾ ਦੇ ਸਟਾਫ ਦੁਆਰਾ ਵੱਖ-ਵੱਖ ਵੰਨਗੀਆਂ ਲਈ ਸਿਖਿਆਰਥੀਆਂ ਨੂੰ ਬਹੁਤ ਮਿਹਨਤ ਕਰਵਾਈ ਗਈ ਅਤੇ ਸਿਖਿਆਰਥੀਆਂ ਨੇ ਵੀ ਤਿਆਰੀ ਲਈ ਦਿਨ-ਰਾਤ ਇੱਕ ਕਰ ਦਿੱਤਾ ਸੀ । ਉਹਨਾਂ ਅੱਗੇ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਮੀਲ-ਪੱਥਰ ਸਥਾਪਿਤ ਕਰਨ ਲਈ ਸਿਰੜ ਅਤੇ ਸਮਰਪਣ ਨਾਲ ਮਿਹਨਤ ਜਾਰੀ ਰਹੇਗੀ । ਉਹਨਾਂ ਇਸ ਯੁਵਕ ਮੇਲੇ ਲਈ ਤਿਆਰੀ ਕਰਵਾਉਣ ਵਿੱਚ ਭਰਪੂਰ ਸਹਿਯੋਗ ਦੇਣ ਅਤੇ ਵੱਖ-ਵੱਖ ਸਭਿਆਚਾਰਕ ਵੰਨਗੀਆਂ ਅਤੇ ਮੁਕਾਬਲਿਆਂ ਵਿੱਚ ਮੁਹਾਰਤ ਅਤੇ ਕੁਸ਼ਲਤਾ ਰੱਖਣ ਵਾਲੇ ਸ਼ਿੰਗਾਰਾ ਸਿੰਘ , ਬਲਕਰਨ ਸਿੰਘ , ਜਸਵੀਰ ਕੌਰ ਵਿਰਦੀ , ਸਰਬਜੀਤ ਕੌਰ , ਹਰਦੀਪ ਕੌਰ , ਜਗਤਾਰ ਔਲਖ ,ਨਵਨੀਤ ਕੁਮਾਰ, ਮੈਡਮ ਸੰਗੀਤਾ, ਸਿਮਰਨਜੀਤ ਸਿੰਘ ਅਤੇ ਪਾਲ ਸਿੰਘ ਦਾ ਵੀ ਧੰਨਵਾਦ ਕੀਤਾ ।ਯੁਵਕ ਮੇਲੇ ਲਈ ਤਿਆਰੀ ਕਰਵਾਉਣ ਅਤੇ ਡਾਇਟ ਦੀ ਇਸ ਪ੍ਰਾਪਤੀ ਵਿੱਚ ਡਾਇਟ ਸਟਾਫ ਵਿੱਚੋਂ ਸਤਨਾਮ ਸਿੰਘ , ਬਲਦੇਵ ਪ੍ਰਕਾਸ਼ ਸਿੰਗਲਾ , ਅਮਨਦੀਪ ਸਿੰਘ, ਮਗਿੰਦਰਜੀਤ ਸਿੰਘ , ਧਰਮਪਾਲ ਸ਼ਰਮਾ , ਜਸਪਾਲ ਕੌਰ ਅਤੇ ਹਰਦੀਪ ਸਿੰਘ ਦਾ ਅਹਿਮ ਯੋਗਦਾਨ ਰਿਹਾ।
