ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕਰ ਰਹੀ ਹੈ ਆਪ ਸਰਕਾਰ-ਵਿਧਾਇਕ ਬੁੱਧ ਰਾਮ
ਸਿੱਖਿਆ ਕਰਾਂਤੀ ਤਹਿਤ ਕੀਤੇ ਉਪਰਾਲਿਆਂ ਸਦਕਾ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ-ਬੁੱਧ ਰਾਮ
ਵਿਧਾਇਕ ਬੁੱਧ ਰਾਮ ਨੇ ਪਿੰਡ ਬੀਰੋਕੇ ਕਲਾਂ ਤੇ ਭਾਦੜਾ ਦੇ ਸਕੂਲਾਂ 'ਚ ਆਧੁਨਿਕ ਕਲਾਸ ਰੂਮ,ਸਾਇੰਸ ਲੈਬ ਤੇ ਚਾਰਦੀਵਾਰੀਆਂ ਦੇ ਮੁਕੰਮਲ ਕੰਮ ਦਾ ਕੀਤਾ ਉਦਘਾਟਨ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਨੂੰ ਉੱਚਾ ਚੁੱਕਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਹਲਕੇ ਦੇ ਪਿੰਡ ਬੀਰੋਕੇ ਕਲਾਂ ਅਤੇ ਭਾਦੜਾ ਵਿਖੇ ਸਰਕਾਰੀ ਸਕੂਲਾਂ ’ਚ ਮੁਕੰਮਲ ਕੀਤੇ ਵੱਖ ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਦਿਆਂ ਕੀਤਾ।ਵਿਧਾਇਕ ਨੇ ਕਿਹਾ ਕਿ ਸਿੱਖਿਆ ਦੇ ਖੇਤਰ ਨੂੰ ਪ੍ਰਫੁੱਲਿਤ ਕਰਨ ਲਈ ਸਰਕਾਰ ਵੱਲੋਂ ਜਾਰੀ ਗਰਾਂਟਾਂ ਦਾ ਸਦਉਪਯੋਗ ਕੀਤਾ ਜਾ ਰਿਹਾ ਹੈ ਜਿਸ ਤਹਿਤ ਵਿਦਿਆਰਥੀਆਂ ਨੂੰ ਸਕੂਲਾਂ ਅੰਦਰ ਆਧੂਨਿਕ ਸਹੂਲਤਾਂ ਮਿਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਪਿਛਲੇ 03 ਸਾਲਾਂ ਤੋਂ ਸਿੱਖਿਆ ਕਰਾਂਤੀ ਲਈ ਕੀਤੇ ਗਏ ਉਪਰਾਲਿਆਂ ਸਦਕਾਂ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਦਿੱਤੀਆਂ ਗਈਆਂ ਆਧੁਨਿਕ ਸਹੂਲਤਾਂ ਨੂੰ ਲੋਕਾਂ ਦੇ ਰੂ ਬ ਰੂ ਕਰਨਾ ਅੱਜ ਦੇ ਸਮਾਗਮ ਦਾ ਮੁੱਖ ਮੰਤਵ ਹੈ ਤਾਂ ਜੋ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਦੇ ਮਾਪੇ ਉਨ੍ਹਾਂ ਦੇ ਬੱਚਿਆਂ ਨੂੰ ਮਿਲ ਰਹੀਆਂ ਸਹੂਲਤਾਂ ਦੇ ਸਨਮੁੱਖ ਹੋ ਸਕਣ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੱਲੋਂ ਸਕੂਲਾਂ ਦੀਆਂ ਮੁੱਢਲੀਆਂ ਲੋੜਾਂ ’ਤੇ ਧਿਆਨ ਕੇਂਦਰਿਤ ਕਰਦਿਆਂ ਸਕੂਲਾਂ ਵਿਚ ਕੈਂਪ ਮੈਨੇਜ਼ਰ, ਚੌਂਕੀਦਾਰ, ਸਕਿਊਰਟੀ ਗਾਡਰ ਅਤੇ ਸਕੂਲ ਬੱਸਾਂ ਦੀ ਸੁਵਿਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਵੱਡੇ ਪੱਧਰ ’ਤੇ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਹੈ ਅਤੇ ਵੱਡੀ ਗਿਣਤੀ ਵਿਚ ਨਵੇਂ ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਸਕੂਲਾਂ ਅੰਦਰ ਸਮਾਰਟ ਕਲਾਸਰੂਮ, ਵਾਈ ਫਾਈ, ਆਧੁਨਿਕ ਲਾਇਬ੍ਰੇਰੀਆਂ ਦਿੱਤੀਆਂ ਗਈਆਂ ਹਨ ਜਿਸ ਦੇ ਫਲਸਰੂਪ ਪ੍ਰੀਖਿਆਵਾਂ ਦੇ ਬਿਹਤਰ ਨਤੀਜੇ ਸਾਹਮਣੇ ਆ ਰਹੇ ਹਨ।ਉਨ੍ਹਾਂ ਕਿਹਾ ਕਿ ਬਿਹਤਰ ਸਿੱਖਿਆ ਪ੍ਰਣਾਲੀ ਨੂੰ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਪ੍ਰਿੰਸੀਪਲਾਂ ਨੂੰ ਟਰੇਨਿੰਗ ਲਈ ਸਿੰਗਾਪੁਰ ਅਤੇ ਫਿਨਲੈਂਡ ਭੇਜਿਆ ਗਿਆ। ਵੱਡੀ ਗਿਣਤੀ ਵਿਚ ਸਕੂਲ ਆਫ ਐਮੀਨੈਂਸਾਂ ਦਾ ਨਿਰਮਾਣ ਕੀਤਾ ਗਿਆ। ਸਿੱਖਿਆ ਪ੍ਰਣਾਲੀ ਵਿਚ ਸੁਧਾਰ ਦੇ ਮੱਦੇਨਜ਼ਰ ਹਲਕਾ ਬੁਢਲਾਡਾ ਦੇ ਹੀ ਕਿੰਨ੍ਹੇ ਹੀ ਵਿਦਿਆਰਥੀ ਮੁਕਾਬਲੇ ਦੀਆਂ ਵੱਡੀਆਂ ਪ੍ਰੀਖਿਆਵਾਂ ਵਿਚ ਮੱਲਾਂ ਮਾਰ ਰਹੇ ਹਨ। ਹਲਕੇ ਵਿਚੋਂ ਕਿੰਨ੍ਹੇ ਹੀ ਸਟੇਟ ਅਵਾਰਡੀ ਸਾਹਮਣੇ ਆਏ ਹਨ।ਵਿਧਾਇਕ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਵਿਖੇ 05 ਲੱਖ ਦੀ ਲਾਗਤ ਨਾਲ ਚਾਰਦੀਵਾਰੀ, 03 ਲੱਖ ਦੀ ਲਾਗਤ ਨਾਲ ਕਮਰੇ ਦੀ ਉਸਾਰੀ ਕਰਵਾਈ ਗਈ, ਇਸੇ ਤਰ੍ਹਾਂ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੀਰੋਕੇ ਕਲਾਂ ਵਿਖੇ 7.51 ਲੱਖ ਦੀ ਲਾਗਤ ਨਾਲ ਕਲਾਸ ਰੂਮ, 02.25 ਲੱਖ ਦੀ ਲਾਗਤ ਨਾਲ ਕਮਰੇ ਦੀ ਰਿਪੇਅਰ, 02 ਲੱਖ ਦੀ ਲਾਗਤ ਨਾਲ ਪੈਰਾਮਿਲਟਰੀ ਗਰਾਊਂਡ ਅਤੇ 04 ਲੱਖ ਰੁਪਏ ਦੀ ਲਾਗਤ ਨਾਲ ਚਾਰਦੀਵਾਰੀ ਦੀ ਉਸਾਰੀ ਕੀਤੀ ਗਈ ਹੈ।ਵਿਧਾਇਕ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਭਾਦੜਾ ਵਿਖੇ 19 ਲੱਖ 14 ਹਜ਼ਾਰ ਰੁਪਏ ਦੀ ਲਾਗਤ ਨਾਲ ਕਮਰਸ ਬਲਾਕ ਰੂਮ, 11 ਲੱਖ ਦੀ ਲਾਗਤ ਨਾਲ ਸਾਇੰਸ ਲੈਬ, 01 ਲੱਖ 13 ਹਜ਼ਾਰ ਰੁਪਏ ਨਾਲ ਕੁੜੀਆਂ ਲਈ ਬਾਥਰੂਮ, 01 ਲੱਖ 40 ਹਜ਼ਾਰ ਰੁਪਏ ਦੀ ਲਾਗਤ ਨਾਲ ਬਾਥਰੂਮਾਂ ਦੀ ਰਿਪੇਅਰ ਅਤੇ 06 ਲੱਖ ਰੁਪਏ ਨਾਲ ਸਕੂਲ ਦੀ ਮੇਜਰ ਰਿਪੇਅਰ ਦਾ ਕੰਮ ਕਰਵਾਇਆ ਗਿਆ ਹੈ।ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਨਸ਼ਿਆਂ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ ਜਿਸ ਤਹਿਤ ਪੰਜਾਬ ਸਰਕਾਰ ਵੱਲੋਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਤਸਕਰਾਂ ’ਤੇ ਸ਼ਖਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਨਸ਼ਾ ਤਸਕਰਾਂ ਦੀ ਸੂਚਨਾ ਪੁਲਿਸ ਪ੍ਰਸ਼ਾਸਨ ਨੂੰ ਬੇਝਿਜਕ ਦੇ ਸਕਦੇ ਹਨ, ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ ਅਤੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।ਇਸ ਮੌਕੇ ਬਲਾਕ ਸਿੱਖਿਆ ਕੋਆਡਰੀਨੇਟਰ ਸੁਭਾਸ਼ ਨਾਗਪਾਲ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਚੇਅਰਮੈਨ ਕੋਆਰਪੋਰੇਟਿਵ ਸੋਸਾਇਟੀ, ਸੋਹਣਾ ਸਿੰਘ ਕਲੀਪੁਰ, ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ, ਨੈਸ਼ਨਲ ਅਵਾਡਰੀ ਅਮਰਜੀਤ ਸਿੰਘ, ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ, ਪ੍ਰਿੰਸੀਪਲ ਲਖਵੀਰ ਸਿੰਘ, ਪ੍ਰਿੰਸੀਪਲ ਜ਼ਫਰ ਅਲੀ, ਹੈੱਡ ਟੀਚਰ ਕਸ਼ਮੀਰ ਸਿੰਘ, ਹੈੱਡ ਮਾਸਟਰ ਮਨਦੀਪ ਸਿੰਘ, ਸਰਪੰਚ ਬੀਰੋਕੇ ਕਲਾਂ ਗੁਰਮੀਤ ਸਿੰਘ ਗੀਤੂ, ਸਰਪੰਚ ਭਾਦੜਾ ਜਸਵਿੰਦਰ ਕੌਰ, ਮੀਡੀਆ ਕੋਆਰਡੀਨੇਟਰ ਸਿੱਖਿਆ ਵਿਭਾਗ ਹਲਕਾ ਬੁਢਲਾਡਾ ਪਿਆਰਾ ਸਿੰਘ ਗੁਰਨੇ ਹਾਜ਼ਰ ਸਨ।


