ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਵਿਸ਼ਵ ਜੈਵਿਕ ਵਿਭਿੰਨਤਾ ਦਿਵਸ ਮਨਾਇਆ।ਪ੍ਰੋਗਰਾਮ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਬਾਘਾ ਅਤੇ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਇਸ ਦਿਵਸ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਨ ਹਿਤ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਸਿਖਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ।ਸਿਖਿਆਰਥੀ ਮਮਤਾ ਨੇ ਆਪਣੀ ਡਿਜੀਟਲ ਪੇਸ਼ਕਾਰੀ ਰਾਹੀਂ ਜੈਵਿਕ ਵਿਭਿੰਨਤਾ ਅਤੇ ਇਸਦੀ ਮਹੱਤਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਸਿਖਿਆਰਥੀ ਪੰਕਜ ਕੁਮਾਰ ਨੇ ਜੈਵਿਕ ਵਿਭਿੰਨਤਾ ਨੂੰ ਪੇਸ਼ ਖਤਰਿਆਂ ਬਾਰੇ ਆਪਣੀ ਪੇਸ਼ਕਾਰੀ ਸਾਂਝੀ ਕੀਤੀ । ਜਿੰਦਰਪਾਲ ਕੌਰ ਨੇ ਜੈਵਿਕ ਵਿਭਿੰਨਤਾ ਦੇ ਵੱਖ ਵੱਖ ਖੇਤਰਾਂ ਬਾਰੇ ਚਾਨਣਾ ਪਾਇਆ।ਸਿਖਿਆਰਥੀ ਲਛਮਣ ਸਿੰਘ ਅਤੇ ਜਗਸੀਰ ਸਿੰਘ ਨੇ ਜੈਵਿਕ ਵਿਭਿੰਨਤਾ ਦੇ ਬਚਾਅ ਲਈ ਨਿੱਜੀ ਤੌਰ ਤੇ ਕੀਤੇ ਜਾਂ ਵਾਲੇ ਉਪਰਾਲਿਆਂ ਵੱਲ ਸਭ ਦਾ ਧਿਆਨ ਦਿਵਾਇਆ। ਹਰਵਿੰਦਰ ਕੌਰ ਨੇ ਲੈਕਚਰਾਰ ਪਰਸ਼ੋਤਮ ਸਿੰਘ ਦੀ ਲਿਖੀ ਇੱਕ ਕਵਿਤਾ ਰਾਹੀਂ ਰੁੱਖਾਂ ਦੀ ਮਹੱਤਤਾ ਨੂੰ ਉਜਾਗਰ ਕੀਤਾ।ਡਾ. ਅੰਗਰੇਜ ਸਿੰਘ ਵਿਰਕ ਨੇ ਕਿਹਾ ਕਿ ਵਾਤਾਵਰਨ ਅਤੇ ਜੈਵਿਕ ਵਿਭਿੰਨਤਾ ਨੂੰ ਬਚਾਉਣ ਹਿੱਤ ਅਮਲੀ ਰੂਪ ਵਿੱਚ ਕਾਰਜ ਕਰਨ ਦੀ ਜ਼ਰੂਰਤ ਹੈ।ਡਾ. ਕਰਨੈਲ ਸਿੰਘ ਵੈਰਾਗੀ ਨੇ ਕਿਹਾ ਕਿ ਸਾਡੇ ਆਪਣੇ ਖੇਤਰ ਦੀ ਜੈਵਿਕ ਵਿਭਿੰਨਤਾ ਸੰਭਾਲਣ ਦੀ ਲੋੜ ਹੈ। ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਕਿਹਾ ਕਿ ' ਜੀਓ ਅਤੇ ਜਿਉਣ ਦਿਓ ' ਦੇ ਸਿਧਾਂਤ ਨੂੰ ਅਮਲੀ ਰੂਪ ਵਿੱਚ ਆਪਣਾ ਕੇ ਹੀ ਅਸੀਂ ਜੈਵਿਕ ਵਿਭਿੰਨਤਾ ਨੂੰ ਕਾਇਮ ਰੱਖ ਸਕਦੇ ਹਾਂ। ਉਹਨਾਂ ਨੇ ਪੰਜਾਬ ਦੇ ਕੁੱਝ ਵਿਰਾਸਤੀ ਰੁੱਖਾਂ ਦੀਆਂ ਤਸਵੀਰਾਂ ਵੀ ਦਿਖਾਈਆਂ। ਸੰਸਥਾ ਦੇ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਰੇਕ ਖਿੱਤੇ ਦੀ ਆਪਣੀ ਜੈਵਿਕ ਵਿਭਿੰਨਤਾ ਹੈ ਅਤੇ ਇਸਦਾ ਆਪਣਾ ਮਹੱਤਵ ਹੈ । ਉਹਨਾਂ ਸੁਚੇਤ ਕਰਦਿਆਂ ਕਿਹਾ ਕਿ ਜੈਵਿਕ ਵਿਭਿੰਨਤਾ ਦੇ ਖਾਤਮੇ ਨਾਲ ਭੋਜਨ ਲੜੀਆਂ ਅਤੇ ਭੋਜਨ ਜਾਲ ਖਤਰੇ ਵਿੱਚ ਆ ਜਾਂਦੀਆਂ ਹਨ । ਇਸ ਨਾਲ ਸਜੀਵਾਂ ਦੀਆਂ ਪ੍ਰਜਾਤੀਆਂ ਖਤਰੇ ਵਿੱਚ ਆ ਜਾਂਦੀਆਂ ਨੇ । ਉਹਨਾਂ ਕੁਦਰਤ ਨਾਲ ਇੱਕ ਹੋ ਕੇ ਜਿਉਣ ਦਾ ਸੱਦਾ ਦਿੱਤਾ । ਪ੍ਰੋਗਰਾਮ ਦੇ ਅੰਤ ਵਿੱਚ ਲੈਕਚਰਾਰ ਪਰਸ਼ੋਤਮ ਸਿੰਘ ਨੇ ਸਭ ਦਾ ਧੰਨਵਾਦ ਕੀਤਾ ਤੇ ਪੇਸ਼ਕਾਰੀਆਂ ਦੇਣ ਵਾਲੇ ਸਿਖਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਲੈਕਚਰਾਰ ਸਰੋਜ ਸਿੰਗਲਾ,ਲੈਕਚਰਾਰ ਨਵਦੀਪ ਕੌਰ,ਬਲਦੇਵ ਪ੍ਰਕਾਸ਼ ਸਿੰਗਲਾ,ਸਤਨਾਮ ਸਿੰਘ,ਧਰਮਪਾਲ ਸ਼ਰਮਾ,ਡਾ. ਗੁਰਪ੍ਰੀਤ ਕੌਰ,ਜਸਪਾਲ ਕੌਰ,ਹਰਵਿੰਦਰ ਕੌਰ,ਮਗਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਹਾਜ਼ਰ ਸਨ।
