ਡਾਇਟ ਅਹਿਮਦਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅੰਗਰੇਜ ਸਿੰਘ ਵਿਰਕ ਨੇ ਦੱਸਿਆ ਕਿ ਇਸ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਨ ਹਿੱਤ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਸਾਰੇ ਸਿਖਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਸਿਖਿਆਰਥੀ ਜਗਸੀਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਆਪਣੀ ਡਿਜੀਟਲ ਪੇਸ਼ਕਾਰੀ ਰਾਹੀਂ ਵਾਤਾਵਰਨ ਦੇ ਵੱਖ ਵੱਖ ਘਟਕਾਂ ਵਿੱਚ ਪ੍ਰਦੂਸ਼ਣ ਅਤੇ ਮਨੁੱਖੀ ਲਾਲਚ ਕਾਰਨ ਆ ਰਹੇ ਵਿਗਾੜ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ।ਜਸਪ੍ਰੀਤ ਕੌਰ ਨੇ ਵਾਤਾਵਰਨ ਦੀ ਸੰਭਾਲ ਪ੍ਰਤੀ ਇੱਕ ਲੈਕਚਰ ਪੇਸ਼ ਕੀਤਾ।ਸਿਖਿਆਰਥੀ ਗੁਰਪ੍ਰੀਤ ਸਿੰਘ ਉੱਭਾ ਅਤੇ ਸਾਥੀਆਂ ਨੇ ਇੱਕ ਕਵੀਸ਼ਰੀ ਰਾਹੀਂ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੱਤਾ।ਸਰਕਾਰੀ ਪ੍ਰਾਇਮਰੀ ਸਕੂਲ ਬਬਣਪੁਰ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਵਾਤਾਵਰਨ ਚੇਤਨਾ ਨਾਲ ਸਬੰਧਿਤ ਇੱਕ ਕਵਿਤਾ ਬੋਲ ਕੇ ਸਭ ਨੂੰ ਭਾਵੁਕ ਕਰ ਦਿੱਤਾ। ਡਾਇਟ ਫੈਕਲਟੀ ਡਾ. ਕਰਨੈਲ ਸਿੰਘ ਵੈਰਾਗੀ ਨੇ ਬੋਲਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅੱਜ ਸਭ ਤੋਂ ਗੰਭੀਰ ਮੁੱਦਾ ਹੈ । ਉਹਨਾਂ ਅੰਕੜਿਆਂ ਨਾਲ ਵਾਤਾਵਰਨ ਦੇ ਵਿਗਾੜ ਦੇ ਤੱਥ ਪੇਸ਼ ਕੀਤੇ ਤੇ ਇਸ ਪ੍ਰਤੀ ਸੰਜੀਦਾ ਹੋਣ ਦੀ ਅਪੀਲ ਕੀਤੀ।ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਕਿਹਾ ਕਿ ਸਾਨੂੰ ਨਿੱਜੀ ਜੀਵਨ ਵਿੱਚ ਵਾਤਾਵਰਨ ਪੱਖੀ ਵਿਵਹਾਰ ਰੱਖਣਾ ਚਾਹੀਦਾ ਹੈ ਅਤੇ ਨਿੱਜੀ ਤੌਰ ਤੇ ਅਮਲੀ ਰੂਪ ਵਿੱਚ ਵਾਤਾਵਰਨ ਦੀ ਸੰਭਾਲ ਦੇ ਯਤਨ ਕਰਨੇ ਚਾਹੀਦੇ ਹਨ।ਡਾ. ਗੁਰਪ੍ਰੀਤ ਕੌਰ ਨੇ ਬੋਲਦਿਆਂ ਕਿਹਾ ਕਿ ਦਿਨੋ ਦਿਨ ਵਧ ਰਿਹਾ ਪਲਾਸਟਿਕ ਪ੍ਰਦੂਸ਼ਣ ਸਮੁੱਚੇ ਜੀਵ ਜਗਤ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ ਹੈ।ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਮਿੱਟੀ,ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਸਾਡੇ ਸਭ ਲਈ ਘਾਤਕ ਸਿੱਧ ਹੋ ਰਿਹਾ ਹੈ । ਉਹਨਾਂ ਰੁੱਖਾਂ ਦੀ ਸੰਭਾਲ , ਪਾਣੀ ਦੀ ਸੰਕੋਚਵੀਂ ਵਰਤੋਂ ਤੇ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਸੱਦਾ ਦਿੱਤਾ । ਉਹਨਾਂ ਪੇਸ਼ਕਾਰੀਆਂ ਦੇਣ ਵਾਲੇ ਸਿਖਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਛੋਟੀ ਬੱਚੀ ਮਹਿਕਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।ਸਿਖਿਆਰਥੀਆਂ ਵਲੋਂ ਤਿਆਰ ਕੀਤੇ ਗਏ ਕਪੜੇ ਦੇ ਥੈਲੇ ਪ੍ਰਦਰਸ਼ਿਤ ਕੀਤੇ ਅਤੇ ਇਨਡੋਰ ਪੌਦੇ ਵੀ ਲਗਾਏ ਗਏ।ਪ੍ਰੋਗਰਾਮ ਦੇ ਅੰਤ ਤੇ ਡਾ. ਅੰਗਰੇਜ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਵਾਤਾਵਰਨ ਸੰਭਾਲਣ ਦਾ ਅਹਿਦ ਲੈਣ ਲਈ ਪ੍ਰੇਰਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਿਖਿਆਰਥੀ ਲਛਮਣ ਸਿੰਘ ਅਤੇ ਜਿੰਦਰਪਾਲ ਕੌਰ ਨੇ ਨਿਭਾਈ।ਇਸ ਮੌਕੇ ਲੈਕਚਰਾਰ ਸਰੋਜ ਸਿੰਗਲਾ,ਲੈਕਚਰਾਰ ਨਵਦੀਪ ਕੌਰ, ਬਲਦੇਵ ਪ੍ਰਕਾਸ਼ ਸਿੰਗਲਾ,ਸਤਨਾਮ ਸਿੰਘ,ਧਰਮਪਾਲ ਸ਼ਰਮਾ ,ਡਾ. ਗੁਰਪ੍ਰੀਤ ਕੌਰ,ਜਸਪਾਲ ਕੌਰ,ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਹਾਜ਼ਰ ਸਨ।
