ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਿਟ
ਸਫ਼ਲ ਹੋਣ ਲਈ ਪੂਰੀ ਰੂਹ ਅਤੇ ਖੁਸ਼ੀ ਨਾਲ ਕੰਮ ਕਰੋ : ਡੀ ਸੀ ਮਾਨਸਾ ਨਵਜੋਤ ਕੌਰਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਸਕੂਲੀ ਵਿਦਿਆਰਥੀਆਂ ਦੇ ਵਿਦਿਅਕ ਅਨੁਭਵ ਵਿੱਚ ਵਾਧਾ ਕਰਨ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਾਉਣ ਲਈ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੀ ਐਕਸਪੋਜ਼ਰ ਵਿਜ਼ਟ ਕਰਵਾਈ ਗਈ ਜਿਸ ਤਹਿਤ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਨਾਲ ਸਿੱਧੀਆਂ ਗੱਲਾਂ ਕੀਤੀਆਂ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ ਨਾਲ ਜ਼ਿੰਦਗੀ ਵਿਚ ਸਫ਼ਲ ਹੋਣ ਦੇ ਗੁਰ ਹਾਸਲ ਕੀਤੇ।ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਦਰਜਨ ਨੇ ਕਰੀਬ ਵਿਦਿਆਰਥੀਆਂ ਨੇ ਅੱਜ ਆਪਣੇ ਅਧਿਆਪਕਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦਾ ਦੌਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨਾਲ ਮੁਲਾਕਾਤ ਕੀਤੀ।ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ, ਵਿਕਾਸ ਪ੍ਰੋਜੈਕਟਾਂ, ਆਉਣ ਵਾਲੇ ਸਮੇਂ ਲਈ ਰੂਪ ਰੇਖਾ ਤੋਂ ਜਾਣੂੰ ਕਰਵਾਇਆ,ਓਥੇ ਓਨ੍ਹਾਂ ਨੂੰ ਦਿਲੋਂ ਮਿਹਨਤ ਕਰਨ ਅਤੇ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਆ।ਓਨ੍ਹਾਂ ਕਿਹਾ, "ਕੋਈ ਵੀ ਕੰਮ ਹੋਵੇ, ਪੂਰੀ ਰੂਹ ਨਾਲ ਅਤੇ ਖੁਸ਼ੀ ਨਾਲ ਕਰੋ ਤਾਂ ਹੀ ਤੁਸੀ ਸਫ਼ਲਤਾ ਹਾਸਲ ਕਰ ਸਕੋਗੇ। ਭਾਵੇਂ ਮਾਪੇ, ਅਧਿਆਪਕ, ਸਮਾਜ, ਕਿਤਾਬਾਂ ਸਾਡੀ ਪ੍ਰੇਰਨਾ ਬਣਦੇ ਹਨ ਪਰ ਸਭ ਤੋਂ ਵੱਡੀ ਪ੍ਰੇਰਨਾ ਤੁਹਾਡੀ ਆਪਣੀ ਅੰਦਰਲੀ ਆਵਾਜ਼ ਹੈ। ਤੁਸੀ ਖੁਦ ਨੂੰ ਲਗਾਤਾਰ ਮਿਹਨਤ ਕਰਨ ਅਤੇ ਖੁਸ਼ ਰਹਿਣ ਲਈ ਪ੍ਰੇਰਿਤ ਕਰੋ। ਚਾਹੇ ਇਨਸਾਨ ਗਲਤੀਆਂ ਵੀ ਕਰਦਾ ਹੈ ਪਰ ਗਲਤੀ ਤੋਂ ਸਬਕ ਜ਼ਰੂਰ ਲਓ ਅਤੇ ਅੱਗੇ ਵਧਦੇ ਜਾਓ।" ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨਿਕ ਸੇਵਾਵਾਂ ਦੇ ਤਜ਼ਰਬੇ ਸਾਂਝੇ ਕੀਤੇ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਹੋਵੇ, ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਆਈਏਐਸ (ਅੰਡਰ ਟ੍ਰੇਨਿੰਗ) ਗੁਰਲੀਨ ਕੌਰ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਐੱਸ ਐੱਸ ਪੀ ਦਫ਼ਤਰ,ਸਾਈਬਰ ਕ੍ਰਾਈਮ ਬ੍ਰਾਂਚ,ਯੂਥ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ।
