ਜ਼ਿਲ੍ਹਾ ਸੰਗਰੂਰ ਵਿੱਚ ਸੈਸ਼ਨ 2026-27 ਲਈ ਦਾਖਲਾ ਮੁਹਿੰਮ ਦਾ ਆਗਾਜ਼
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਿੱਖਿਆ ਵਿਭਾਗ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ (ਸੈਕੰਡਰੀ ਸਿੱਖਿਆ) ਤਰਵਿੰਦਰ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੰਗਰੂਰ (ਪ੍ਰਾਇਮਰੀ ਸਿੱਖਿਆ) ਬਲਜਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2026-27 ਲਈ ਵਿਦਿਆਰਥੀਆਂ ਦੇ ਦਾਖਲੇ ਲਈ ਦਾਖਲਾ ਮੁਹਿੰਮ ਦਾ ਆਗਾਜ ਕੀਤਾ ਗਿਆ। ਇਸ ਤਹਿਤ ਚੀਮਾ ਬਲਾਕ ਵਿੱਚ ਮੋਬਾਈਲ ਵੈਨ ਦੀ ਸ਼ੁਰੂਆਤ ਸਰਕਾਰੀ ਪ੍ਰਾਇਮਰੀ ਸਕੂਲ ਬੱਲੋ ਪੱਤੀ ਚੀਮਾ/ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਤੋਂ ਕੀਤੀ ਗਈ।ਇਸ ਦੌਰਾਨ ਇਹ ਮੋਬਾਈਲ ਵੈਨ ਬਲਾਕ ਦੇ ਵੱਖ ਵੱਖ ਸਕੂਲਾਂ ਤੋਂ ਹੁੰਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਪਹੁੰਚੀ ਜਿਸਦਾ ਸਕੂਲ ਦੇ ਵਿਦਿਆਰਥੀਆਂ, ਸਮੂਹ ਸਟਾਫ, ਸਮੁੱਚੀ ਐੱਸਐੱਮਸੀ, ਸਮੂਹ ਪੰਚਾਇਤਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ, ਵਿਦਿਆਰਥੀਆਂ ਦੇ ਮਾਤਾਪਿਤਾ ਵੱਲੋਂ ਸਵਾਗਤ ਕੀਤਾ ਗਿਆ।ਬਲਾਕ ਨੋਡਲ ਅਫ਼ਸਰ ਚੀਮਾ ਮਨਦੀਪ ਕੌਰ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸੰਬੋਧਨ ਕਰਦੇ ਹੋਏ ਸਰਕਾਰੀ ਸਕੂਲਾਂ ਦੀਆਂ ਵਿਸ਼ੇਸਤਾਵਾਂ ਅਤੇ ਸਹੂਲਤਾਂ ਬਾਰੇ ਵਿਸਤਾਰ ਪੂਰਵਕ ਦੱਸਦੇ ਹੋਇਆ ਕਿਹਾ ਕਿ ਹੁਣ ਸਰਕਾਰੀ ਦੀ ਦਿਸ਼ਾ ਤੇ ਦਸ਼ਾ ਬਦਲ ਚੁੱਕੀ ਹੈ ਅਤੇ ਹੁਣ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਕਿਸੇ ਪ੍ਰਾਈਵੇਟ ਸਕੂਲ ਵਿੱਚ ਪੈਸੇ ਦੇਕੇ ਪੜਾਉਣ ਦੀ ਜ਼ਰੂਰਤ ਨਹੀਂ ਸਗੋਂ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਕੇ ਇਹ ਮੁਫ਼ਤ ਵਿੱਚ ਹਾਸਿਲ ਕਰ ਸਕਦੇ ਹਨ।ਹੁਣ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਸਮਾਰਟ ਕਲਾਸਰੂਮ, ਪਹਿਲੀ ਤੋਂ ਬਾਰਵੀਂ ਤੱਕ ਅੰਗਰੇਜ਼ੀ ਮਾਧਿਅਮ, ਬੱਚੇ ਦੇ ਸਰਵਪਖੀ ਵਿਕਾਸ ਲਈ ਮਿਹਨਤੀ ਤਜਰਬੇਕਾਰ ਅਧਿਆਪਕ, ਪੰਜਾਬ ਸਰਕਾਰ ਦੁਆਰਾ ਸ਼ੁਰੂ ਕੀਤੇ ਵੱਖ ਵੱਖ ਪ੍ਰਾਜੈਕਟ, ਅਤਿ ਆਧੁਨਿਕ ਸਾਇੰਸ ਅਤੇ ਕੰਪਿਊਟਰ ਲੈਬਜ਼, ਰੋਬੋਟਿਕ ਲੈਬ,ਐਨਐਸਐਸ, ਐਨਸੀਸੀ, ਹੁਨਰ ਸਿੱਖਿਆ ਪ੍ਰੋਗਰਾਮ, ਮੁਫ਼ਤ ਵਰਦੀ ਅਤੇ ਪੌਸ਼ਟਿਕ ਭੋਜਨ, ਵੱਖ ਵੱਖ ਤਰ੍ਹਾਂ ਦੇ ਵਜ਼ੀਫ਼ਾ ਸਕੀਮਜ਼ ਮਜੂਦ ਹਨ ਜਿਸਦਾ ਲਾਭ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਤੇ ਹੀ ਮਿਲ ਸਕਦਾ ਹੈ ਅਤੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ। ਦਾਖਲਾ ਮੁਹਿੰਮ ਦੌਰਾਨ ਬੋਲਦਿਆਂ ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਬੀਰਬਲ ਸਿੰਘ ਚੀਮਾ, ਗੁਰਚਰਨ ਸਿੰਘ ਸਰਪੰਚ, ਕੇਵਲ ਸਿੰਘ ਸਰਪੰਚ, ਨਿੱਕਾ ਸਿੰਘ, ਗੁਰਪਿਆਰ ਸਿੰਘ, ਹਰਮੇਸ਼ ਮੇਸ਼ੀ ਨੇ ਵਿਸ਼ਵਾਸ ਦਵਾਇਆ ਕਿ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਇਆ ਜਾਵੇਗਾ।ਸਕੂਲ ਵੈਨ ਨਾਲ ਸਾਰਿਆਂ ਵੱਲੋਂ ਵਿਦਿਆਰਥੀਆਂ ਨਾਲ ਰੈਲੀ ਵੀ ਕੱਢੀ ਗਈ ਅਤੇ ਮਾਤਾ ਪਿਤਾ ਨੂੰ ਆਪਣੇ ਬੱਚੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਲਈ ਅਪੀਲ ਕੀਤੀ। ਦਾਖਲਾ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਭਾਰਤੀ ਨੰਦਾ ਪ੍ਰਿੰਸੀਪਲ, ਗੁਲਜ਼ਾਰ ਸਿੰਘ ਇੰਚਾਰਜ ਚੀਮਾ ਸਕੂਲ, ਮਨੀਸ਼ ਵਰਮਾ ਇੰਚਾਰਜ ਜਖੇਪਲ ਸਕੂਲ, ਗੁਰਜੰਟ ਸਿੰਘ ਬੀਆਰਸੀ, ਰਾਜ ਸਿੰਘ ਸੀ ਐਚ ਟੀ, ਸਕੂਲਾਂ ਦੇ ਸਮੁੱਚੇ ਸਟਾਫ ਮੈਂਬਰਾਂ ਦਾ ਯੋਗਦਾਨ ਰਿਹਾ।







