ਜ਼ਿਲ੍ਹਾ ਮਾਨਸਾ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਮਾਪਿਆਂ ਦੀ ਵਰਕਸ਼ਾਪ ਕਰਵਾਈ
ਬੱਚਿਆਂ ਦੀ ਹਰ ਗਤੀਵਿਧੀ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ : ਡੀਈਓ ਮੰਜੂ ਬਾਲਾ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਅੱਜ ਮਾਨਸਾ ਜ਼ਿਲ੍ਹੇ ਦੇ ਸਾਰੇ ਸਕੂਲਾਂ ਵਿੱਚ ਮਾਪਿਆਂ ਦੀ ਦੂਜੀ ਵਾਰ ਵਰਕਸ਼ਾਪ ਕਰਵਾਈ।ਇਸ ਵਰਕਸ਼ਾਪ ਦਾ ਮੁੱਖ ਏਜੰਡਾ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ,ਬੱਚਿਆਂ ਵਿੱਚ ਨਸ਼ਿਆਂ ਦੀ ਰੋਕਥਾਮ ਅਤੇ ਦਾਖਲਾ ਮੁਹਿੰਮ ਸੀ । ਇਸ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਮੰਜੂ ਬਾਲਾ ਵੱਲੋਂ ਸਕੂਲ ਆੱਫ ਹੈਪੀਨੈੱਸ ਰਾਮਦਿੱਤੇਵਾਲਾ ਤੋਂ ਇਲਾਵਾ ਸਰਕਾਰੀ ਪ੍ਰਾਇਮਰੀ ਸਕੂਲ ਮੂਸਾ ਅਤੇ ਗੇਹਲੇ ਦਾ ਦੌਰਾ ਕੀਤਾ ਗਿਆ।ਮੰਜੂ ਬਾਲਾ ਵੱਲੋਂ ਸਕੂਲ ਆਫ ਹੈਪੀਨੈੱਸ ਰਾਮਦਿੱਤੇਵਾਲਾ ਵਿਖੇ ਬੋਲਦਿਆਂ ਮਾਪਿਆਂ ਨਾਲ ਸਲਾਨਾ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਮਾਪਿਆਂ ਦੀ ਭੂਮਿਕਾ ਤੇ ਗੱਲਬਾਤ ਕੀਤੀ ਕਿ ਮਾਪਿਆਂ ਨੂੰ ਬੱਚਿਆਂ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਬਣਾਉਣ ਦੀ ਬਜਾਇ ਉਹਨਾਂ ਨੂੰ ਹੌਸਲਾ ਦਿੰਦੇ ਹੋਏ ਉਸਦੀ ਹਿੰਮਤ ਵਧਾਉਣੀ ਚਾਹੀਦੀ ਹੈ। ਜਿੱਥੇ ਸਰਕਾਰ ਨੇ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਵਿੱਢੀ ਹੋਈ ਹੈ ਉੱਥੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਨੂੰ ਵੀ ਇਸਦੇ ਮਾੜ੍ਹੇ ਪ੍ਰਭਾਵਾਂ ਬਾਰੇ ਲਗਾਤਾਰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਬੱਚਿਆਂ ਦੀ ਹਰ ਗਤੀਵਿਧੀ ਦੀ ਨਿਗਰਾਨੀ ਰੱਖਣੀ ਚਾਹੀਦੀ ਹੈ। ਇਸ ਮੌਕੇ ਸਕੂਲ ਆੱਫ ਹੈਪੀਨੈੱਸ ਦੇ ਮੁੱਖ ਅਧਿਆਪਕ ਗਗਨ ਸ਼ਰਮਾ ਨੇ ਸਕੂਲ ਵਿੱਚ ਸਰਕਾਰ ਦੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਗੱਲਬਾਤ ਕਰਦੇ ਹੋਏ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਦਾਖਲ ਕਰਵਾਉਣ ਦੀ ਬੇਨਤੀ ਕੀਤੀ । ਸਕੂਲ ਵਿੱਚ ਪੰਜਾਬ ਸਰਕਾਰ ਅਤੇ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਗੱਲਬਾਤ ਕੀਤੀ । ਸਕੂਲ ਵਿੱਚ ਇਸੇ ਸ਼ੈਸਨ ਤੋਂ ਹਾਈ ਟੈੱਕ ਕੰਪਿਊਟਰ ਲੈਬ ਸ਼ੁਰੂ ਕਰਨ ਦਾ ਐਲਾਨ ਕੀਤਾ। ਉਹਨਾਂ ਦੱਸਿਆ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਕੂਲ ਵਿੱਚ ਜਲਦ ਹੀ ਓਪਨ ਏਅਰ ਜਿੰਮ ਸਥਾਪਿਤ ਕੀਤਾ ਜਾ ਰਿਹਾ ਹੈ। ਇਸ ਮੌਕੇ ਵਿਭਾਗ ਵੱਲੋਂ ਭੇਜੇ ਨਿਰਦੇਸ਼ਾ ਤਹਿਤ ਰਿਸੋਰਸ ਪਰਸਨ ਅਮਨਦੀਪ ਸਿੰਘ ਅਤੇ ਜਗਦੀਪ ਸਿੰਘ ਸਿੱਧੂ ਨੇ ਵਿਸਥਾਰ ਸਹਿਤ ਵੱਖ ਵੱਖ ਗਰੁੱਪਾਂ ਵਿੱਚ ਪੀਪੀਟੀ ਰਾਹੀਂ ਮਾਪਿਆਂ ਦੀ ਟਰੇਨਿੰਗ ਕਰਵਾਈ। ਇਸ ਮੌਕੇ ਗਰਾਮ ਪੰਚਾਇਤ ਰਾਮਦਿੱਤੇਵਾਲਾ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਐ.ਸਿੱ.) ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਹਲਕਾ ਸਰਦੂਲਗੜ੍ਹ ਦੇ ਸਿੱਖਿਆ ਕੋਆਰਡੀਨੇਟਰ ਐਡਵੋਕੇਟ ਨਵਦੀਪ ਸ਼ਰਮਾ,ਸੈਂਟਰ ਹੈੱਡ ਟੀਚਰ ਕੁਲਦੀਪ ਕੌਰ ਭੋਗਲ ,ਸਰਪੰਚ ਰਾਮਦਿੱਤੇਵਾਲਾ ਜਗਤਾਰ ਸਿੰਘ , ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਗੇਹਲੇ ਸੁਖਜੀਤ ਸਿੰਘ, ਰਾਮਦਿੱਤੇਵਾਲਾ ਪਿੰਡ ਦੀ ਗ੍ਰਾਮ ਪੰਚਾਇਤ , ਸਮੂਹ ਸਟਾਫ ਸਕੂਲ ਆੱਫ ਹੈਪੀਨੈੱਸ ਰਾਮਦਿਤੇਵਾਲਾ, ਗੇਹਲੇ ਅਤੇ ਮੂਸਾ ਦਾ ਸਟਾਫ਼ ਹਾਜ਼ਰ ਸੀ।
