ਦਰਿਆਵਾਂ ਦੇ 'ਨਿਰਮਲ-ਨੀਰ' ਵਰਗਾ 'ਨਿਰਮਲ'
ਮੈਂ ਨਿਰਮਲ ਦਾ ਓਦੋਂ ਤੋਂ ਚੰਗੂ ਤਰਾਂ ਜਾਣੂ ਹੋਇਆਂ ਜਦੋਂ ਤੋਂ ਓਹ ਬਰ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਾ ਪ੍ਰਿੰਸੀਪਲ ਬਣਿਐ.. ਜਨਮ ਇਹਦਾ ਸੈਦੇਵਾਲ਼ੇ ਦੈ.. ਤੇ ਬਾਪੂ ਦਾ ਨਾਮ ਐ ਮੁਖਤਿਆਰ ਸਿਉਂ.. 'ਓਹ' ਵੀ ਆਪਣੇ ਨਾਮ ਨਾਲ਼ ਪੂਰਾ ਨਿਭਿਆ.. ਘਰ ਦੀ 'ਮੁਖਤਿਆਰੀ' ਕਰਨੀ 'ਹਾਰੀ-ਸਾਰੀ' ਦੇ ਵੱਸ ਦਾ ਰੋਗ ਨੀ.. ਵਿਰਲੇ ਹੀ 'ਖ਼ਰੇ' ਉੱਤਰਦੇ ਨੇ ਇਸ ਕਸੌਟੀ ਤੇ.. ਸੀਮਤ ਸਾਧਨਾਂ ਵਾਲ਼ੀ ਕਬੀਲਦਾਰੀ 'ਡੂੰਮਣੇ ਚੋਣ' ਵਰਗੀ ਹੁੰਦੀ ਆ.. ਮਾਤਾ ਦਰਸ਼ਨ ਕੌਰ ਨੇ 'ਇਹਨੂੰ' ਗੁਰੂ ਘਰ ਦੇ ਦਰਸ਼ਨ ਕਰਨ ਦਾ ਆਦੀ ਬਣਾਇਆ.. ਮਾਤਾ ਪਿਤਾ ਦਾ ਦਿੱਤਾ 'ਥਾਪੜਾ' ਇਹਨੂੰ ਐਸੀ ਲੀਹੇ ਪਾ ਗਿਆ 'ਜਿਹੜੀ ਮੰਜ਼ਲਾਂ ਸਰ ਕਰਦੀ ਗਈ'..ਨਿਰਮਲ ਨੂੰ ਹਾਣੀਆਂ ਦੀ ਢਾਣੀ ਚੋਂ 'ਨਿਰਮਲ' ਬਣਾਉਣ ਵਾਲ਼ੀ ਬਖਸ਼ਿਸ਼ 'ਇਹਦੇ ਪਿੰਡ ਦੀ ਆਬੋ ਹਵਾ ਵਿੱਚੋਂ ਨਸੀਬ ਹੋਈ ਆ.. ਇਹਦੇ ਜਨਮ ਤੋਂ ਪਹਿਲਾਂ ਇਹਦੇ 'ਪਿੰਡ ਪੁਲਿਸ ਦੀਆਂ ਰੇਡਾਂ ਵਜਦੀਆਂ ਤੇ ਘੇਰਾਬੰਦੀ ਆਮ ਹੀ ਹੁੰਦੀ ਰਹਿੰਦੀ ਸੀ'.. ਗੁਰੂ ਅਮਰਦਾਸ ਦੀ ਬਖਸ਼ਿਸ਼ ਸਦਕਾ ਹੁਣ ਇਹ ਪਿੰਡ ਤੀਰਥ ਬਣ ਗਿਐ.. ਗੁਰੂ ਦੀ ਮਹਿਮਾ ਵਡਿਆਉਣ ਚ ਇਹਦੇ ਹਮ ਉਮਰੇ ਗੱਭਰੂਆਂ ਦਾ ਬੜਾ ਵੱਡਾ ਯੋਗਦਾਨ ਆ..ਪੂਰੀਆਂ ਇਕਵੰਜਾ ਜਮਾਤਾਂ ਪੜ੍ਹਿਆ 'ਨਿਰਮਲ' ਪੜ੍ਹਨ ਵੇਲੇ ਵੀ ਜਮਾਤੀਆਂ ਚੋਂ ਅਗੜ੍ਹੀਆ ਰਿਹੈ ਤੇ ਅਧਿਆਪਕ ਬਣਕੇ ਵੀ ਇਹਦਾ ਰੋਲ 'ਬੀਂਡੀ ਜੁੜੇ ਬਲ਼ਦ ਵਰਗਾ ਰਿਹੈ'.. ਆਓ ਹੁਣ ਜਮਾਤਾਂ ਦੀ ਗਿਣਤੀ ਦਾ ਹਿਸਾਬ ਵੀ ਕਰ ਲਈਏ.. ਤਿੰਨ ਐਮ ਏ ਪਾਸ ਕਰਕੇ ਸੋਲ਼ਾਂ ਤੀਆ ਅਠਤਾਲ਼ੀ + ਈ ਟੀ ਟੀ + ਬੀ ਐਡ + ਐਮ ਫਿਲ ਤੇ ਓਹ ਵੀ ਅੰਗਰੇਜ਼ੀ ਦੀ.. ਹੋ ਗੀਆਂ ਨਾ ਪੂਰੀਆਂ ਇਕਵੰਜਾ, ਆਪਾਂ ਝੂਠ ਨੀ ਬੋਲਦੇ ਪ੍ਰਿੰਸੀਪਲ ਬਣਕੇ ਇਹਨੇ ਬੜਾ ਨਾਮ ਕਮਾਇਐ.. ਇਹਨੂੰ ਅਗਵਾਈ ਕਰਨੀ ਆਉਂਦੀ ਐ.. ਆਪਣੀਆਂ ਕੋਸ਼ਿਸ਼ਾਂ ਨੂੰ ਆਪਣਿਆਂ ਵਿੱਚ ਵੰਡਣ ਦਾ 'ਵੱਲ' ਆਉਂਦੈ ਇਹਨੂੰ.. ਕੁਝ ਅਜਿਹੇ ਵੀ ਹੁੰਦੇ ਨੇ ਜਿਹੜੇ ਆਪਣੇ ਸਹਿਯੋਗੀਆਂ ਦੀਆਂ ਪ੍ਰਾਪਤੀਆਂ ਵੀ ਆਪਣੀ ਢੇਰੀ ਵਿੱਚ ਰਲ਼ਾ ਲੈਂਦੇ ਨੇ.. ਪਰ ਇਹ ਓਹਨਾ ਵਿੱਚੋਂ ਐ ਜਿਹੜੇ ਹਰ ਚੰਗੇ ਕੀਤੇ ਕੰਮ ਦਾ 'ਸਿਹਰਾ' ਆਪਣੇ ਸਾਥੀਆਂ ਸਿਰ ਸਜਾਉਂਦੇ ਨੇ.. ਤਾਂਹੀ ਤਾਂ ਨਾਲ਼ ਦੇ ਸਾਥੀ ਹੁੱਬ ਕੇ ਮਾਣ ਕਰਦੇ ਨੇ ਆਪਣੇ ਮੁਖੀ 'ਤੇ.. ਬੀਬਾ ਬਲਜਿੰਦਰ ਕੌਰ ਹੈ ਇਹਦੀ ਹਮਸਫ਼ਰ ਤੇ ਇੱਕੋ ਇੱਕ ਬੇਟਾ ਸ਼ੁਭਦੀਪ ਸਿੰਘ ਕਨੇਡਾ ਦਾ ਵਾਸੀ ਬਣ ਗਿਐ.. "ਅਧਿਆਪਕ ਹੋਣਾ ਕਿਤਾਬਾਂ ਪੜ੍ਹਾਉਣਾ ਹੀ ਨਹੀਂ ਹੁੰਦਾ ਬਲਕਿ ਵਿਦਿਆਰਥੀਆਂ ਵਿੱਚੋਂ ਗੁਣ ਲੱਭ ਕੇ ਉਜਾਗਰ ਕਰਨ ਵਾਲ਼ੇ ਨੂੰ ਹੀ ਅਸਲ 'ਮਾਹਟਰ' ਕਹਿੰਦੇ ਨੇ".. ਨਿਰਮਲ ਨੇ ਗੁਣ ਤਰਾਸ਼'ਕੇ ਗੁਣਵੰਤੇ ਬਣਾਇਐ ਆਪਣੇ ਵਿਦਿਆਰਥੀਆਂ ਨੂੰ.. ਇਹੋ ਵੱਡਾ ਗੁਣ ਹੁੰਦੈ ਵੱਡੇ ਹੋਣ ਦਾ.. ਸਿੱਖਿਆ ਮਹਿਕਮਾ ਹਮੇਸ਼ਾ ਮਾਣ ਕਰਦਾ ਰਹੇਗਾ ਇਸ ਕਰਮ-ਯੋਗੀ ਤੇ ਜਿਹੜਾ ਅਠਵੰਜਾ ਸਾਲ ਦੀ ਉਮਰ ਪੂਰੀ ਕਰ ਕੇ 31/03/2026 ਦੇ ਦਿਨ ਵਿਭਾਗ ਚੋਂ ਸੇਵਾ ਮੁਕਤੀ ਲੈ ਰਿਹੈ.....
ਕੁਲਵੰਤ ਸਿੰਘ ਬਾਹਮਣ ਵਾਲਾ,ਬੁਢਲਾਡਾ (ਮਾਨਸਾ) 98885-88422
