ਪੇਅ ਕਮਿਸ਼ਨ ਦੇ ਬਕਾਏ ਨੂੰ ਤਰਕਸੰਗਤ ਬਣਾਉਣ ਲਈ ਐਲੀਮੈਂਟਰੀ ਟੀਚਰ ਯੂਨੀਅਨ ਦੀ ਬੀ.ਈ.ਈ.ਓ. ਨੂਰਦੀ ਨਾਲ ਅਹਿਮ ਮੀਟਿੰਗ
ਖੁਸ਼ਪ੍ਰੀਤ ਸਿੰਘ ਚਾਹਲ,ਤਰਨਤਾਰਨ : ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਵੱਲੋਂ ਅਧਿਆਪਕਾਂ ਦੇ ਪੇ ਕਮਿਸ਼ਨ ਦੇ ਬਣਦੇ ਬਕਾਏ ਨੂੰ ਤਰਕਸੰਗਤ ਅਤੇ ਵਾਜਬ ਢੰਗ ਨਾਲ ਜਾਰੀ ਕਰਵਾਉਣ ਸਬੰਧੀ ਅੱਜ ਬਲਾਕ ਐਲੀਮੈਂਟਰੀ ਸਿੱਖਿਆ ਅਫਸਰ, ਨੂਰਦੀ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਯੂਨੀਅਨ ਵੱਲੋਂ ਅਧਿਆਪਕਾਂ ਦੇ ਪੇ ਕਮਿਸ਼ਨ ਦੇ ਬਕਾਏ ਦੀਆਂ ਕਿਸ਼ਤਾਂ ਵਿੱਚ ਪੈ ਰਹੇ ਫਰਕ ਅਤੇ ਕੁਝ ਅਧਿਆਪਕਾਂ ਨੂੰ ਘੱਟ ਮਿਲ ਰਹੀ ਬਕਾਏ ਦੀ ਕਿਸ਼ਤ ਦਾ ਮਾਮਲਾ ਵਿਸਥਾਰ ਨਾਲ ਬੀ.ਈ.ਈ.ਓ. ਸਾਹਿਬ ਦੇ ਧਿਆਨ ਵਿੱਚ ਲਿਆਂਦਾ ਗਿਆ। ਯੂਨੀਅਨ ਆਗੂਆਂ ਨੇ ਕਿਹਾ ਕਿ ਹਰ ਅਧਿਆਪਕ ਨੂੰ ਉਸ ਦੇ ਹੱਕ ਅਨੁਸਾਰ ਬਣਦਾ ਪੂਰਾ ਅਤੇ ਵਾਜਬ ਬਕਾਇਆ ਮਿਲਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।ਇਸ ਮੌਕੇ ਬੀ.ਈ.ਈ.ਓ. ਸਾਹਿਬ ਨੂਰਦੀ ਵੱਲੋਂ ਯੂਨੀਅਨ ਨੂੰ ਭਰੋਸਾ ਦਿਵਾਇਆ ਗਿਆ ਕਿ ਹਰੇਕ ਅਧਿਆਪਕ ਨੂੰ ਉਸ ਦਾ ਬਣਦਾ ਪੇ ਕਮਿਸ਼ਨ ਦਾ ਵਾਜਬ ਬਕਾਇਆ ਹਰ ਹਾਲਤ ਵਿੱਚ ਦਿਵਾਇਆ ਜਾਵੇਗਾ। ਇਸ ਦੇ ਨਾਲ ਹੀ ਬਕਾਏ ਦੀ ਕਿਸ਼ਤ ਵਿੱਚ ਆ ਰਹੀ ਕਮੀ ਦੀ ਸਮੱਸਿਆ ਦਾ ਵੀ ਬਣਦਾ ਹੱਲ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਯੂਨੀਅਨ ਵੱਲੋਂ ਬੀ.ਈ.ਈ.ਓ. ਸਾਹਿਬ ਦਾ ਅਧਿਆਪਕਾਂ ਦੀ ਇਸ ਅਹਿਮ ਸਮੱਸਿਆ ਪ੍ਰਤੀ ਸਕਾਰਾਤਮਕ ਰਵੱਈਆ ਅਪਣਾਉਣ ਅਤੇ ਮਾਮਲੇ ਦੇ ਹੱਲ ਲਈ ਭਰੋਸਾ ਦੇਣ ’ਤੇ ਧੰਨਵਾਦ ਕੀਤਾ ਗਿਆ।ਇਸ ਮੌਕੇ ਐਲੀਮੈਂਟਰੀ ਟੀਚਰ ਯੂਨੀਅਨ ਜ਼ਿਲ੍ਹਾ ਤਰਨਤਾਰਨ ਦੀ ਜ਼ਿਲ੍ਹਾ ਕਮੇਟੀ ਦੇ ਆਗੂਆਂ ਤੋਂ ਇਲਾਵਾ ਦਫ਼ਤਰੀ ਅਮਲਾ ਵੀ ਹਾਜ਼ਰ ਸੀ।ਯੂਨੀਅਨ ਦਾ ਸਪੱਸ਼ਟ ਮਤ ਹੈ ਕਿ ਅਧਿਆਪਕਾਂ ਦੇ ਹੱਕਾਂ ਨਾਲ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਹਰ ਅਧਿਆਪਕ ਨੂੰ ਉਸ ਦਾ ਬਣਦਾ ਹੱਕ ਦਿਵਾਉਣ ਲਈ ਯੂਨੀਅਨ ਹਮੇਸ਼ਾ ਸੁਹਿਰਦ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ।
