Wednesday, August 28, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ

ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ

ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਕੂਲਾਂ ਵਿਚ ਲਾਜ਼ਮੀ ਦਾਖਲ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਸਦਕਾ ਸਕੂਲਾਂ ਵਿਚ ਪੜ੍ਹਨ ਲਈ ਦਾਖ਼ਲ ਕਰਵਾਇਆ ਗਿਆ ਹੈ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਿੱਖਿਆ ਮੁਹੱਈਆ ਕਰਵਾਉਣੀ ਲਾਜ਼ਮੀ ਹੈ। ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝਾ ਰੱਖਣਾ ਉਸ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੋਂ ਵਿਰਵੇ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਕਿ ਉਨ੍ਹਾਂ ਨੂੰ ਇਕ ਬੱਚੇ ਲਈ ਸਿੱਖਿਆ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਪੂਰਵ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤਹਿਤ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇ ਕਰਵਾਇਆ ਗਿਆ ਅਤੇ ਇਸ ਉਪਰੰਤ ਸ਼ਨਾਖ਼ਤ ਕੀਤੇ 51 ਬੱਚਿਆਂ ਨੂੰ ਹੁਣ ਸਕੂਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਲਈ ਲੋੜੀਂਦਾ ਸਾਮਾਨ ਜਿਵੇਂ ਕਿ ਬੈਗ, ਕਿਤਾਬਾਂ ਅਤੇ ਸਟੇਸ਼ਨਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਲਈ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ  ਨਾ ਰਹੇ।ਵਧੀਕ ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਨਾ ਰੱਖਣ ਬਲਕਿ ਉਨ੍ਹਾਂ ਨੂੰ ਸਕੂਲਾਂ ਵਿਚ ਭੇਜਣ ਤਾਂ ਜੋ ਉਹ ਪੜ੍ਹ ਲਿਖ ਕੇ ਉੱਚ ਅਹੁਦਿਆਂ ਦੀ ਪ੍ਰਾਪਤੀ ਕਰ ਸਕਣ, ਜਿਸ ਨਾਲ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਭਵਿੱਖ ਸੁਰੱਖਿਅਤ ਹੋਵੇ। ਉਨ੍ਹਾਂ ਕਿਹਾ ਕਿ ਜੋ ਮਾਪੇ ਗ਼ਰੀਬੀ ਜਾਂ ਕਿਸੇ ਹੋਰ ਕਾਰਨ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਉਨ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।

ਕੁਲਵੰਤ ਸਿੰਘ ਬੁਢਲਾਡਾ,ਅੰਤਰਰਾਸ਼ਟਰੀ ਕੁਮੈਂਟੇਟਰ : ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ

ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ

ਲਿਖ਼ਤੁਮ : ਕੁਲਵੰਤ ਸਿੰਘ ਬੁਢਲਾਡਾ

ਲੰਬੇ ਸਮੇਂ ਤੋ ਵੇਖ ਰਿਹਾ ਸੀ ਇਹਦੀਆਂ ਕਲਾਕਾਰੀਆਂ, ਤੇ ਸੁਣ ਰਿਹਾ ਸੀ ਇਹਦੀਆਂ ਕਿਲਕਾਰੀਆਂ । ਕੋਈ ਇਹਨੂੰ ਝੱਲਾ ਕਹਿੰਦਾ ਹੋਊ ਤੇ ਕੋਈ ਜਨੂੰਨੀ । ਕੋਈ ਇਹਨੂੰ ਅੱਧਾ ਪਾਗਲ ਤੇ ਕੋਈ ਮੰਦ-ਬੁੱਧੀ ਕਹਿੰਦਾ ਹੋਊ । ਕਹਿਣ ਵੀ ਕਿਉਂ ਨਾਂ, ਛੇ ਹਜ਼ਾਰ ਤੇ ਟਪੂਸੀਆਂ ਮਾਰੀ ਜਾਂਦੈ, ਓਹ ਵੀ ਸਾਰੇ ਦਾ ਸਾਰਾ ਰਾਹਾਂ ‘ਚ ਫੂਕ ਜਾਂਦੈ, ਘਰ ਜਾਂਦੈ ਤਾਂ ਖਾਲ਼ਣ-ਪੀਲੀਂ । ਘੁਣੱਤਰੀਆਂ ਨੇ ਤਾਂ ਹੁੱਜਾਂ ਮਾਰਨੀਆਂ ਈ ਹੁੰਦੀਆਂ ਨੇ, ਗੋਡੇ ਲੱਗਣ ਭਾਵੇਂ ਗਿੱਟੇ । ਕਹਿੰਦੇ ਇਹ ਤਾਂ ਉੱਠ ਦੀ ਨਸਲ ‘ਚੋਂ ਐ ਜਿਹੜਾ ਆਪਣਾ ਲੱਦਾ ਆਪ ਹੀ ਖਾ ਜਾਂਦੈ । ਭਲੀ-ਮਾਣਸ ਐ ਇਹਦੇ ਘਰ ਵਾਲ਼ੀ, ਜਿਹੜੀ ਇਹਦੀਆਂ ਝੱਲ-ਵਲੱਲੀਆਂ ਅਣਵੇਖੀਆਂ ਕਰੀ ਜਾਂਦੀ ਐ । ਜਿੰਨੇ ਮੂੰਹ ਓਨੀਆਂ ਗੱਲਾਂ, ਪਰ ਇਹਦੇ ਹੱਕ ਦੀਆਂ ਦੋ ਚਾਰ, ਬਾਕੀ ਲਾਣਾ ਬਦਖੋਹੀਆਂ ਕਰਨ ਵਾਲ਼ਾ ।

ਮੈਂ ਇਸ ਜਨੂੰਨੀ ਨੂੰ ਜਨੂਨ ਦੀਆਂ ਹੱਦਾਂ ਬੰਨੇ ਪਾਰ ਕਰਦਾ ਚਿਰਾਂ ਤੋਂ ਵੇਖਦਾਂ। ਕੌਣ ਹੈ ਖੇਡਾਂ ਦਾ ਦਿਵਾਨਾ ਜਿਹੜਾ ਛੇ ਹਜ਼ਾਰ ਤੇ ਆਪਾ ਵਾਰੀਂ ਜਾਂਦੈ । ਇਸ ਲਾਣੇ ਵਿੱਚ ਤਾਂ ਸੱਠ ਹਜ਼ਾਰ ਲੈਣ ਵਾਲ਼ੇ ਵਿਹਲੜ ਕੁਰਸੀਆਂ ਤੋੜ ਕੇ ਆ ਜਾਂਦੇ ਨੇ । ਮੈਂ ਇਹਦੇ ਪੋਤੜੇ ਫਰੋਲਣੇ ਸ਼ੁਰੂ ਕੀਤੇ , ਫਰੋਲ਼ਾ ਫਰੋਲ਼ੀ ਕਰਦਿਆਂ ਨੇੜਲਾ ਹੀ ਨਿਕਲ਼ਿਆ ।

ਬੋਹਾ ਦੇ ਗ਼ਰੀਬੜਿਆਂ ਦਾ ਮਿਹਨਤੀ ਮੁੰਡਾ ਖੇਡ ਮੈਦਾਨਾ ਦਾ ਸ਼ਿੰਗਾਰ ਬਣਿਆਂ ਫਿਰਦੈ । ਇਹਦੇ ਪਿਓ ਮੇਜਰ ਸਿੰਘ ਨੂੰ ਅੱਖਾਂ ਤੋਂ ਬਹੁਤਾ ਦਿਸਦਾ ਨਹੀਂ ਸੀ । ਓਸ ਨਿਮਾਣੇ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਸੀ ਲੈਕੇ ਜਾਂਦਾ, ਸੀਰੀ ਰਲ਼ਾਉਣਾ ਤਾਂ ਦੂਰ ਦੀ ਗੱਲ । ਇਹਦੀ ਮਾਂ ਦਾ ਨਾਮ ਤਾਂ ਓਹਦੇ ਮਾਪਿਆਂ ਨੇ ਸੀਤੋ ਰੱਖਿਆ ਸੀ, ਪਰ ਪਿੰਡ ਵਾਲ਼ੇ ਕੀ ਹੋਏ ਜਿਹੜੇ ਆਦਰ ਦਾ ਨਿਰਾਦਰ ਕਰਕੇ ਨਾਂ ਨਿਵਾਜਣ । ਅੱਖਾਂ ਤੋਂ ਆਹਰੀ ਬਾਪ ਦੇ ਪੁੱਤ ਨੂੰ ਮਾਂ ਨੇ ਲੋਕਾਂ ਦੇ ਡੰਗਰਾਂ ਦਾ ਗੋਹਾ ਸੁੱਟ ਕੇ ਪਾਲ਼ਿਐ । ਮੈਂ ਦੋ ਵੇਲ਼ੇ ਦੀ ਰੋਟੀ ਨੂੰ ਤਰਸਦੇ ਵੇਖੇ ਨੇ ਇੱਕ ਮਜਬੂਰ ਮਜ਼ਦੂਰ ਦੇ ਆਲ੍ਹਣੇ ਦੇ ਬੋਟ ।

ਸੱਤ ਸਾਲਾਂ ਦਾ ਸੀ ਜਦੋ ਮਾਂ ਨੇ ਬਾਜੀਗਰ ਬਸਤੀ ਵਾਲ਼ੇ ਸਕੂਲ ਪੜ੍ਹਨੇ ਪਾਇਆ । ਓਹਨਾ ਦਿਨਾਂ ਵਿੱਚ ਬੋਹਾ ਦੀ ਹਾਕੀ ਟੀਮ ਦੀ ਹੱਟੀ ਭੱਠੀ ਤੇ ਵੀ ਗੱਲ ਚੱਲਦੀ ਹੁੰਦੀ ਸੀ । ਬਾਵਾ ਮੰਗਵੀਂ ਹਾਕੀ ਲੈ ਕੇ ਖੇਡਣ ਵਾਲ਼ੀ ਭੁੱਸ ਪੂਰੀ ਕਰ ਲੈਦਾ । ਇੱਕ ਦਿਨ ਕਿਸੇ ਨੇ ਨਿਹੋਰਾ ਮਾਰਤਾ, ਕਹਿੰਦਾ ਜੇ ਖੇਡਣ ਦਾ ਏਨਾ ਹੀ ਚਾਅ ਐ ਤਾਂ ਆਪਣੀ ਖਰੀਦ । ਇਹਦੀਆਂ ਅੱਖਾਂ ਅੱਗੇ ਜੱਟ ਦੀ ਟਰਾਲੀ ਤੇ ਲਿਖਿਆ ਟੋਟਕਾ ਆ ਗਿਆ, ਜਿਸ ਨੇ ਲਿਖਵਾਇਆ ਸੀ।

“ ਨਿੱਤ ਮੰਗਵੀਂ ਨਾਂ ਮਿਲੇ ਟਰਾਲੀ ਆਪਣੀ ਬਣਾ ਲੈ ਮਿੱਤਰਾ” ।

ਬੋਲੀ ਮਾਰਨ ਵਾਲ਼ੇ ਦਾ ਮਿਹਣਾ ਸੁਣਕੇ ਪੰਜ ਦਿਨ ਸਕੂਲ ਨੀ ਗਿਆ । ਛੇਵੇਂ ਦਿਨ ਗਏ ਨੂੰ ਮਾਸਟਰ ਜਗਨ ਨਾਥ ਨੇ ਢਾਅ ਲਿਆ ਬੱਕਰੇ ਵਾਂਗੂੰ । ਜਨੂੰਨੀ ਬੰਦੇ ਕੁੱਟ ਦੀ ਪ੍ਰਵਾਹ ਕਦੋਂ ਕਰਦੇ ਨੇ, ਓਹ ਵੀ ਓਦੋ ਜਦੋਂ ਹਾਕੀ ਦੀ ਖੇਡ ਦਾ ਇਸ਼ਕ ਹੱਡੀਂ ਰੌਂ ਗਿਆ ਹੋਵੇ । ਇੱਕ ਦਿਨ ਸਕੂਲ ਜਾ ਕੇ ਪੰਜ ਦਿਨ ਫੇਰ ਨੀ ਗਿਆ । ਛੇਵੇਂ ਦਿਨ ਜਾਂਦਿਆਂ ਈ ਫੇਰ ਢਾਅ ਲਿਆ ਮਾਸਟਰ ਨੇ । ਡੰਡੇ ਪੰਜ ਸੱਤ ਹੀ ਵੱਜੇ ਸੀ ਕਿ ਕੋਲ਼ ਖੜ੍ਹੀ ਅਧਿਆਪਕ ਸੁਨੀਤਾ ਰਾਣੀ ਕਹਿੰਦੀ ਇਹਦਾ ਨਾਂ ਆਉਣ ਦਾ ਕਾਰਨ ਤਾਂ ਪੁੱਛ ਲਓ । ਹੁਣ ਦੋਵੇਂ ਅਧਿਆਪਕ ਹਮਦਰਦ ਬਣਕੇ ਵਿੱਥਿਆ ਜਾਨਣ ਲੱਗੇ । ਇਹਨੇ ਰੋਂਦੇ ਰੋਂਦੇ ਨੇ ਹੁੱਬਕੀਆਂ ਲੈਕੇ ਦੱਸਿਆ ਕਿ ਮੈਨੂੰ ਹਾਕੀ ਖਰੀਦਣ ਲਈ ਪੈਸੇ ਚਾਹੀਂਦੇ ਨੇ, ਮੈਂ ਤਾਂ ਨਰਮਾਂ ਚੁਗਣ ਜਾਂਦਾ ਹਾਂ ਦਿਹਾੜੀ ਤੇ । ਕਿੰਨੇ ਕੁ ਕਮਾ ਲਏ, ਹਾਕੀ ਕਿੰਨੇ ਦੀ ਆਊ ? ਦੋਵਾਂ ਅਧਿਆਪਕਾਂ ਦਾ ਸਵਾਲ ਸੀ । ਜੀ, ਡੂਢ ਸੌ ਦੀ ਆਊ, ਅਜੇ ਸੱਤਰ ਕਮਾਏ ਨੇ, ਇਹਦਾ ਜਵਾਬ ਸੀ । ਨਰਮ ਦਿਲ ਅਧਿਆਪਕ ਕਹਿੰਦੇ ਪਹਿਲੇ ਦਿਨ ਦੱਸ ਦਿੰਦਾ, ਕਿਉਂ ਪਸੂਆਂ ਵਾਂਗੂ ਕੁੱਟ ਖਾਂਈਂ ਗਿਆ । ਦੋਵਾਂ ਨੇ ਇੱਕ ਸੌ ਪੰਜਾਹ ਆਪਣੇ ਕੋਲ਼ੋਂ ਦੇ ਕੇ ਕਿਹਾ ਜਾਹ ਲੈ ਆ ਹਾਕੀ, ਪਰ ਇੱਕ ਵਾਅਦਾ ਕਰ, ਅੱਗੇ ਤੋਂ ਸਕੂਲੋਂ ਗ਼ੈਰ ਹਾਜ਼ਰ ਨਾਂ ਹੋਈਂ । ਸੱਤ ਬਚਨ ਕਹਿਕੇ ਪਹਿਲੀ ਬੱਸ ਜਲੰਧਰ ਨੂੰ ਚੜ੍ਹ ਗਿਆ ਤੇ ਅਗਲੀ ਸ਼ਾਮ ਆਪਣੀ ਹਾਕੀ ਨਾਲ਼ ਖੇਡ ਮੈਦਾਨ ਵਿੱਚ ਪਹੁੰਚ ਗਿਆ ਇਹ ਜਨੂੰਨੀ ।ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਇਹਨੂੰ ਹਾਕਮ ਵਾਲ਼ੇ ਸਕੂਲ ਦਾ ਖੇਡ ਅਧਿਆਪਕ ਹਰਵਿੰਦਰ ਬਿੱਲੂ ਆਪਣੇ ਕੋਲ਼ ਲੈ ਗਿਆ । ਪੀ ਟੀ ਏ ਫੰਡ ਅਤੇ ਆਪਣੇ ਕੋਲ਼ੋਂ ਵਿਚੋਂ ਬਣਦੀ ਸਰਦੀ ਰੋਕੜੀ ਦੇ ਕੇ ਇਹਦਾ ਚੁੱਲ੍ਹਾ ਭਖਾਉਣ ਦਾ ਜੁਗਾੜ ਕਰ ਦਿੱਤਾ । ਓਹਨਾ ਦਿਨਾਂ ਵਿੱਚ ਓਸ ਪਿੰਡ ਦਾ ਅੱਜ ਦਾ ਕਬੱਡੀ ਸਟਾਰ ਜੱਗੂ ਵੀ ਇਹਨਾਂ ਕੋਲ਼ ਹੀ ਪੜ੍ਹਦਾ ਸੀ । ਇਹਦੀ ਮਿਹਨਤ ਵੇਖਕੇ ਸਾਥੀ ਅਧਿਆਪਕਾਂ ਨੇ ਇਹਨੂੰ ਸਿੱਖਿਆ ਪਰੋਵਾਈਡਰ ਵਜੋਂ ਰੱਖ ਲਿਆ । ਵੀਹ ਸੌ ਬਾਰਾਂ ਦੇ ਨੇੜੇ ਤੇੜੇ ਸਮੇਂ ਦੀ ਸਰਕਾਰ ਨੇ ਇਹਨਾਂ ਨੂੰ ਈ ਟੀ ਟੀ ਦੀ ਡਿਗਰੀ ਕਰਵਾ ਕੇ ਡਿਗਰੀ ਹੋਲਡਰ ਬਣਾ ਦਿੱਤਾ ਤੇ ਤਨਖਾਹ ਫਿਕਸ ਕਰ ਦਿੱਤੀ ਛੇ ਹਜ਼ਾਰ । ਪਹਿਲੀ ਹਾਜ਼ਰੀ ਇਹਦੀ ਟਾਹਲੀਆਂ ਦੇ ਪ੍ਰਾਇਮਰੀ ਸਕੂਲ ਤੇ ਪਹਿਲੇ ਸਾਲ ਜਿਲਾ ਜੇਤੂ ਟੀਮ ਵਿੱਚ ਮੁੰਡੇ ਇਹਦੇ ਸਕੂਲ ਦੇ । ਟੀਮ ਪੰਜਾਬ ਖੇਡਣ ਜਾਣੀ ਸੀ, ਇੱਕ ਖਿਡਾਰੀ ਦੇ ਮਾਪੇ ਸੱਟ ਲੱਗਣ ਦੇ ਡਰੋਂ ਭੇਜਣ ਤੋਂ ਆਨਾਕਾਨੀ ਕਰਨ ਲੱਗੇ । ਇਹ ਪੱਟੂ ਓਹਨਾ ਦੇ ਘਰ ਜਾ ਕੇ ਕਹਿੰਦਾ, ਐਂ ਕਿਵੇਂ ਨੀ ਭੇਜਦੇ, ਮੇਰੀ ਸਾਰੇ ਸਾਲ ਦੀ ਕਮਾਈ ਰੁਲ਼ਣ ਨੀ ਦਿੰਦਾ ਮੈਂ । ਮੁੰਡੇ ਦੀ ਮਾਂ ਕਹਿੰਦੀ ਵੇ ਭਾਈ ਤੂੰ ਤਾਂ ਬਾਹਲ਼ਾ ਜਿੱਦੀ ਐਂ, ਕਿਹੜਾ ਪਿੰਡ ਐ ਤੇਰਾ ? ਜੀ ਬੋਹਾ, ਇਹਨੇ ਆਖਿਆ । ਅੱਛਾ! ਵੇ ਭਾਈ ਮੈਂ ਤਾਂ ਆਪ ਬੋਹਾ ਦੀ ਆਂ, ਮੁੰਡੇ ਦੀ ਮਾਂ ਕਹਿੰਦੀ । ਫੇਰ ਤਾਂ ਮੇਰੀ ਭੂਆ ਲੱਗੀ, ਹੁਣ ਤਾਂ ਮੈਂ ਲੈ ਕੇ ਜਾਊਂ । ਇਹਦਾ ਜਨੂੰਨ ਇਕ ਵਾਰ ਫੇਰ ਸਿੱਖਰ ਤੇ ਸੀ । ਓਸੇ ਸਾਲ ਮਾਨਸਾ ਦੀ ਟੀਮ ਪੰਜਾਬ ਜੇਤੂ ਬਣੀ ਤੇ ਨਵੇਂ ਬਣੇ ਭੂਆ ਫੁੱਫੜ ਨੇ ਇਸ ਨਿਆਸਰੇ ਨੂੰ ਆਸਰਾ ਦੇ ਕੇ ਆਪਣੇ ਕੋਲ਼ ਹੀ ਰੱਖ ਲਿਆ । ਇਹਦੀ ਮਿਹਨਤ ਦਾ ਇਹ ਪਹਿਲਾ ਫਲ਼ ਸੀ । ਮੰਦਰਾਂ ਵਾਲ਼ੇ ਸਵਰਗਵਾਸੀ ਜਸਵਿੰਦਰ ਲਾਲੀ ਮਾਸਟਰ ਨੇ ਟਾਹਲੀਆਂ ਸਕੂਲ ਦੇ ਚਾਰ ਬੱਚਿਆਂ ਨੂੰ ਟਰੈਕ ਸ਼ੂਟ ਦੇ ਕੇ ਨਿਵਾਜਿਆ ।

ਹੁਣ ਚੱਲ ਪਿਆ ਇਹਨਾਂ ਕੱਚਿਆਂ ਦਾ ਪੱਕੇ ਹੋਣ ਦਾ ਸੰਘਰਸ਼ । ਵੀਹ ਸੌ ਸਤਾਰਾਂ ਤੋਂ ਬਾਅਦ ਕਦੇ ਪਾਣੀ ਵਾਲ਼ੀ ਟੈਂਕੀ ਤੇ ਜਗਰਾਤੇ ਜਾਗੇ ਤੇ ਕਦੇ ਬਠਿੰਡੇ ਵਾਲ਼ੀਆਂ ਝੀਲਾਂ ਵਿੱਚ ਤਾਰੀਆਂ ਲਾਉਂਦਾ ਰਿਹਾ । ਜਨੂੰਨ ਨੂੰ ਸੰਘਰਸ਼ ਦੌਰਾਨ ਵੀ ਕਾਬੂ ‘ਚ ਨਾ ਰੱਖ ਸਕਿਆ । ਜਥੇਬੰਦੀ ਨੇ ਜਿਹੜੇ ਐਕਸ਼ਨ ਲੈਣ ਦਾ ਫੈਸਲਾ ਕੀਤਾ ਓਹਨੂੰ ਨੇਪਰੇ ਚਾੜ੍ਹਨ ਲਈ ਇਹ ਜਨੂੰਨੀ ਅਗੜ੍ਹੀਏ ਵਾਲ਼ਾ ਰੋਲ ਨਿਭਾਉਂਦਾ ਰਿਹਾ । ਇੱਕ ਵਾਰ ਤਾਂ ਤੇਲ ਦੀ ਕੇਨੀ ਲੈ ਕੇ ਟੈਂਕੀ ਤੇ ਜਾ ਚੜ੍ਹਿਆ , ਭਲਾ ਹੋਵੇ ਬੋਹਾ ਵਾਲ਼ੇ ਡਾਕਟਰ ਦਵਿੰਦਰ ਸਿੰਘ ਦਾ ਜੀਹਨੇ ਜ਼ਿੰਦਗੀ ਦਾ ਵਾਸਤਾ ਦੇ ਕੇ ਸਹੀ ਸਲਾਮਤ ਲਾਹ ਲਿਆ ਨਹੀ ਇਹ ਜਨੂੰਨੀ ਤਾਂ ਜੀਵਨ ਲੀਲ੍ਹਾ ਕਦੇ ਦਾ ਖਤਮ ਕਰ ਗਿਆ ਹੁੰਦਾ ।

ਸਮਾਂ ਸਦਾ ਇੱਕੋ ਜਿਹਾ ਵੀ ਨਹੀ ਰਹਿੰਦਾ, ਕਦੀ ਤਾਂ ਗੁਣਾਂ ਦਾ ਮੁੱਲ ਪੈਂਦੈ । ਚੰਗੇ ਭਾਗਾਂ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਵੀ ਇਹਦੀ ਮਿਹਨਤ ਨੂੰ ਹੀ ਹੋਇਆ, ਨਹੀਂ ਮਹਿੰਗਿਆਂ ਦੀ ਮੰਡੀ ਵਿੱਚ ਕੌਣ ਪੁੱਛਦੈ ਇਹੋ ਜੇ ਦਿਹਾੜੀ ਦਾਰਾਂ ਨੂੰ । ਇਹਦੇ ਘਰ ਵਾਲ਼ੀ ਬੀਬਾ ਨੂੰ ਹਿੰਦੀ ਅਧਿਆਪਕਾ ਵਜੋਂ ਨੌਕਰੀ ਮਿਲ ਗਈ ਤੇ ਪਹਿਲੀ ਪੋਸਟਿੰਗ ਲੁਧਿਆਣੇ ਦੇ ਪਿੰਡ ਲੰਮੇ ਜੱਟ ਪੁਰੇ ਦੀ ਹੋ ਗਈ । ਇਹ ਪਿੰਡ ਭਜਨੇ ਅਮਲੀ ਦਾ ਰੋਲ ਕਰਨ ਵਾਲ਼ੇ ਗੁਰਦੇਵ ਢਿੱਲੋਂ ਦਾ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਭੂਮੀ ਹੈ । ਨਾਲ਼ ਲਗਦੇ ਪਿੰਡ ਕਮਾਲਪੁਰੇ ਮੈਂ ਕਈ ਸਾਲ ਕੁਮੈਂਟਰੀ ਕਰਨ ਜਾਂਦਾ ਰਿਹਾਂ । ਦੋਵਾਂ ਵਿੱਚ ਦੂਰੀਆਂ ਆਉਣ ਕਰਕੇ ਪੱਕੀ ਪਕਾਈ ਮਿਲਣ ਦਾ ਖ਼ਤਰਾ ਮੰਡਰਾਉਣ ਲੱਗਿਆ । ਫੇਰ ਜਾ ਫ਼ਰਿਆਦੀ ਹੋਇਆ ਆਪਣੇ ਗਰਾਂਈ ਡਾਕਟਰ ਦਵਿੰਦਰ ਸਿੰਘ ਬੋਹਾ ਕੋਲ਼, ਓਹਨੇ ਇਹਦਾ ਗੁਤਨੀ ਨਾਲ਼ ਪਰਾਂਦੇ ਵਾਲ਼ਾ ਜੁਗਾੜ ਵੀ ਲਾ ਦਿੱਤਾ।

ਬੰਦੇ ਦੀ ਮਿਹਨਤ ਓਹਦੇ ਹਰ ਔਗੁਣ ਨੂੰ ਹੱਟ ਪਿੱਛੇ ਕਹਿ ਦਿੰਦੀ ਐ । ਇਹਦੀ ਮਿਹਨਤ ਦੀਆਂ ਪਿੰਡ ਵਿੱਚ ਗੱਲਾਂ ਤੁਰ ਪਈਆਂ । ਕਿਰਪਾ ਰੱਬ ਦੀ ਤੇ ਮਿਹਨਤ ਇਹਦੀ, ਇੱਕ ਐਨ ਆਰ ਆਈ ਪਰਿਵਾਰ ਮਿਲ ਗਿਆ ਆਸਰਾ ਦੇਣ ਵਾਲ਼ਾ ।<br>“ਮੁੱਲ ਸਦਾ ਮਿਹਨਤਾਂ ਦੇ ਪੈਂਦੇ, ਨਾਂ ਪੈਦੇ ਵੇਖੇ ਚਿੱਟੇ ਚੰਮ ਦੇ” ਵਾਲ਼ੀ ਕਹਾਵਤ ਸਹੀ ਸਾਬਤ ਹੋ ਗਈ । ਉਸ ਪਰਿਵਾਰ ਨੇ ਆਪਣੇ ਨਾਲ਼ ਹੀ ਰੱਖ ਲਿਆ । ਜਿੰਨਾਂ ਚਿਰ ਓਥੇ ਰਿਹਾ ਰੋਟੀ ਇੱਕੋ ਚੁੱਲ੍ਹੇ ਤੇ ਪੱਕਦੀ ਰਹੀ । ਸਾਰਾ ਪਿੰਡ ਇਸ ਦਿਹਾੜੀਦਾਰ ਕਾਮੇ ਦਾ ਦੀਵਾਨਾ ਹੋ ਗਿਆ ਤੇ ਮੋਟੀਆਂ ਤਨਖਾਹਾਂ ਲੈਣ ਵਾਲ਼ਾ ਲਾਣਾ ਸੜਦਾ ਰਿਹਾ । ਮਹਿੰਗਾਈ ਦੇ ਜ਼ਮਾਨੇ ਵਿੱਚ ਘਰ ਤੋਂ ਬਾਹਰ ਰਹਿਣਾ ਤੇ ਓਹ ਵੀ ਪੰਦਰਾਂ ਕੁ ਹਜ਼ਾਰ ਵਿੱਚ, ਗੱਲ ਫੇਰ ਉੱਠ ਦੇ ਲੱਦਾ ਖਾਣ ਵਾਲ਼ੀ ਸੀ । ਪਰ ਇਹਦਾ ਜਨੂੰਨ ਫੇਰ ਤੋਂ ਇਹਦਾ ਸੰਗੀ ਬਣਕੇ ਬੋਹੜਿਆ । ਅੱਜ ਵੀ ਓਹ ਪਰਿਵਾਰ ਤੇ ਓਸ ਸਕੂਲ ਦੇ ਬੱਚੇ ਇਹਨੂੰ ਸਤਿਕਾਰ ਨਾਲ਼ ਮਿਲਦੇ ਨੇ ।ਹੁਣ ਇਹ ਮਲਕੋਂ ਦੇ ਸਕੂਲ ਵਿੱਚ ਆਪਣਾ ਖੇਡ ਇਸ਼ਕ ਕਮਾ ਰਿਹੈ । ਬੋਹਾ ਵਾਲ਼ਾ ਢਹਿ ਢੇਰੀ ਹੋ ਚੁੱਕਿਆ ਠਾਹਰਾ ਵੇਚਕੇ ਮਾਨਸਾ ‘ਚ ਗੁਜ਼ਾਰੇ ਜੋਗਾ ਖੜਾ ਕਰ ਲਿਆ । ਜੂਨ ਦੀਆਂ ਛੁੱਟੀਆਂ ਬੱਚਿਆਂ ਦੇ ਲੇਖੇ ਲਾਉਣ ਲਈ ਹਰ ਰੋਜ ਮਾਨਸਾ ਤੋਂ ਆਉਣ ਕਰਕੇ, ਮਿਲਣ ਵਾਲ਼ਾ ਮਿਹਨਤਾਨਾ ਛੇ ਦਾ ਛੇ ਹਜ਼ਾਰ ਪੂਜ ਕੇ ਘਰ ਮੁੜਦਾ ਤੇ ਊਠ ਦੇ ਆਪਣਾ ਲੱਦਾ ਆਪ ਖਾਣ ਦੀ ਕਹਾਵਤ ਨੇ ਪਿੱਛਾ ਨੀ ਛੱਡਿਆ । ਬੱਚਿਆਂ ਨਾਲ਼ ਬੱਚਾ ਬਣਕੇ ਜਨੂੰਨ ਦੀਆਂ ਹੱਦਾਂ ਬੰਨੇ ਟੱਪ ਕੇ ਓਹਨਾ ਤੋਂ ਜਿਮਨਾਸਟਿਕ ਦੇ ਕਰਤੱਬ ਕਰਵਾਉਂਦਾ ਰਿਹਾ । ਇਹ ਤਾਂ ਆਪਣੀ ਜਥੇਬੰਦੀ ਦੇ ਸੱਦੇ ਤੇ ਪੁਲੀਸ ਤੋਂ ਮੌਰ ਕੁਟਵਾਉਣ ‘ਚ ਵੀ ਮੋਹਰੀ ਰਹਿੰਦੈ ਤੇ ਵੱਧ ਤਨਖਾਹ ਲੈਣ ਵਾਲ਼ਿਆਂ ਦੇ ਤਾਹਨੇ ਮਿਹਣੇ ਵੀ ਖਿੜੇ ਮੱਥੇ ਸਹੀਂ ਜਾਂਦੈ ।

ਹਰ ਰੋਜ ਵਟਸਐਪ ਅਤੇ ਫੇਸਬੁੱਕ ਤੇ ਬੱਚਿਆਂ ਦੇ ਕਰਤੱਬ ਵਿਖਾਉਂਦਾ ਵਿਖਾਉਂਦਾ ਆਪਣੀ ਮਜਦੂਰ ਨਾਲ਼ੌਂ ਘੱਟ ਦਿਹਾੜੀ ਦੀ ਕੁਮੈਂਟਰੀ ਵੀ ਕਰੀਂ ਜਾਂਦੈ । ਇਹਦੀ ਜ਼ਿੰਦਗੀ ਦੇ ਲੰਮੇ ਤੇ ਲਮਕਵੇਂ ਯੁੱਧ ਨੂੰ ਵੇਖਦਿਆਂ ਮੈਨੂੰ ਗੁਰਦਾਸ ਮਾਨ ਦੇ ਗੀਤ ਦੇ ਬੋਲ ਯਾਦ ਆਉਂਦੇ ਨੇ….

“ ਅਸੀ ਰੂੜੀਆਂ ਤੇ ਉੱਘੇ ਹੋਏ ਫੁੱਲ ਹੀ ਸਹੀ,

ਤੁਸੀਂ ਖਿੜੀ ਹੋਈ ਕੱਤੇ ਦੀ ਕਪਾਹ ਵਰਗੇ" 

ਸੱਚ ਮੁੱਚ ਇਹ ਰੂੜੀਆਂ ਤੇ ਉੱਘਿਆ ਫੁੱਲ ਵੱਡੇ ਵੱਡੇ ਗੁਲਦਸਤਿਆਂ ਨੂੰ ਵੀ ਮਾਤ ਪਾਈਂ ਜਾਂਦੈ ।<br>ਹੁਣ ਵਾਲ਼ੀ ਸਰਕਾਰ ਨੇ ਅਠਾਰਾਂ ਕੁ ਹਜ਼ਾਰ ਦਾ ਵਾਅਦਾ ਤਾਂ ਕੀਤੈ, ਪਰ ਲਾਰਾ ਪੱਕੇ ਹੋਣ ਦਾ ਲਾਇਐ, ਵੇਖਦੇ ਆਂ ਵਾਅਦੇ ਕਦੋ ਵਫ਼ਾ ਹੁੰਦੇ ਨੇ ।


Monday, August 26, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਫ਼ਿਲਮ ਬੀਬੀ ਰਜਨੀ ਦੀ ਪ੍ਰਮੋਸ਼ਨ ਲਈ ਵੱਖ ਵੱਖ ਪਿੰਡਾਂ 'ਚ ਪੁੱਜੇ ਕਲਾਕਾਰ

ਫ਼ਿਲਮ ਬੀਬੀ ਰਜਨੀ ਦੀ ਪ੍ਰਮੋਸ਼ਨ ਲਈ ਵੱਖ ਵੱਖ ਪਿੰਡਾਂ 'ਚ ਪੁੱਜੇ ਕਲਾਕਾਰ

ਸਾਰਥਕ ਫਿਲਮਾਂ ਨੂੰ ਵੱਡੇ ਹੁੰਗਾਰੇ ਦੀ ਲੋੜ- ਮਨਪ੍ਰੀਤ ਟਿਵਾਣਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਖੇਤਰ ਦੇ ਪਿੰਡ ਅਕਲੀਆ,ਰੜ੍ਹ,ਬੁਰਜ ਝੱਬਰ ਅਤੇ ਬੁਰਜ ਢਿੱਲਵਾਂ ਵਿਖੇ ਬੀਬੀ ਰਜਨੀ ਪੰਜਾਬੀ ਫ਼ਿਲਮ ਦੀ ਪ੍ਰਮੋਸ਼ਨ ਕਰਨ ਲਈ ਟੀਮ ਪੁੱਜੀ । ਇਨ੍ਹਾਂ ਪਿੰਡਾਂ ਵਿਚ ਕਰਮਜੀਤ ਸਿੰਘ ਬੁਰਜ ਢਿੱਲਵਾਂ ਦੀ ਅਗਵਾਈ ਹੇਠ ਪ੍ਰੰਬਧਕਾਂ ਵੱਲੋਂ ਇਕੱਤਰ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਉੱਘੇ ਗੀਤਕਾਰ ਮਨਪ੍ਰੀਤ ਟਿਵਾਣਾ ਵਲੋਂ ਦੱਸਿਆ ਕਿ ਫ਼ਿਲਮ ਵਿਚ ਬੀਬੀ ਰਜਨੀ ਦੀ ਇਤਿਹਾਸਕ ਕਹਾਣੀ ਨੂੰ ਪੇਸ਼ ਕੀਤਾ ਗਿਆ ਹੈ । ਨਿਰਮਾਤਾ ਪਿੰਕੀ ਧਾਲੀਵਾਲ ਅਤੇ ਨਿਤਿਨ ਤਲਵਾੜ ਵੱਲੋਂ ਲੇਖਕ ਅਤੇ ਨਿਰਦੇਸ਼ਕ ਅਮਰ ਹੁੰਦਲ ਦੁਆਰਾ ਤਿਆਰ ਕੀਤੀ ਇਸ ਫਿਲਮ ਵਿਚ ਰੂਪੀ ਗਿੱਲ, ਯੋਗਰਾਜ ਸਿੰਘ, ਗੁਰਪ੍ਰੀਤ ਘੁੱਗੀ, ਜਸ ਬਾਜਵਾ, ਜਰਨੈਲ ਸਿੰਘ, ਧੀਰਜ ਕੁਮਾਰ, ਪ੍ਰਦੀਪ ਚੀਮਾ ਨੇ ਕਿਰਦਾਰ ਨਿਭਾਏ ਹਨ । ਉਨ੍ਹਾਂ ਕਿਹਾ ਕਿ ਮਾਰਧਾੜ, ਦੋਹਰੀ ਸ਼ਬਦਾਵਲੀ ਅਤੇ ਨੰਗੇਜ਼ਬਾਦ ਵਾਲੀਆਂ ਬਣ ਰਹੀਆਂ ਫਿਲਮਾਂ ਨੂੰ ਕੋਸਣ ਵਾਲੇ ਲੋਕਾਂ ਲਈ ਇਹ ਵੱਖਰੇ ਖਾਸੇ ਦੀ ਫਿਲਮ ਦਾ ਸਾਥ ਦੇਣਾ ਬਣਦਾ ਹੈ  ਅਤੇ ਸਾਰਥਕ ਫਿਲਮਾਂ ਬਣਾਉਣ ਲਈ ਉਤਸ਼ਾਹਿਤ ਕਰਨ ਲਈ 30 ਅਗਸਤ 2024 ਨੂੰ ਸਿਨੇਮਾ ਘਰਾਂ 'ਚ ਲੱਗ ਰਹੀ  ਬੀਬੀ ਰਜਨੀ ਫਿਲਮ ਦੀ ਟੀਮ ਨੂੰ ਵੱਡੇ ਹੁੰਗਾਰੇ ਦੀ ਲੋੜ ਹੈ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੀਆਂ ਸਾਰਥਕ ਫਿਲਮਾਂ ਦਾ ਫਿਲਮਾਂਕਣ ਹੋ ਸਕੇ। ਫਿਲਮੀ ਪੱਤਰਕਾਰ ਬੱਲੀ ਬਾਠ, ਗਾਇਕ ਜਸ ਸੰਧੂ, ਸਮਾਜ ਸੇਵੀ ਕਰਮਜੀਤ ਸਿੰਘ ਬੁਰਜ ਢਿੱਲਵਾਂ, ਭਗਵਾਨ ਸਿੰਘ ਅਕਲੀਆ, ਬਲਜੀਤ ਸਿੰਘ ਅਕਲੀਆ, ਬਲਦੇਵ ਸਿੰਘ ਰੜ੍ਹ ਅਤੇ ਸਤਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ । ਇਸ ਮੌਕੇ ਉਮੀਦ ਸੇਵਾ ਸੁਸਾਇਟੀ ਅਕਲੀਆ ਦੇ ਚੇਅਰਮੈਨ ਗੋਪਾਲ ਅਕਲੀਆ ਅਤੇ ਪ੍ਰਧਾਨ ਗੁਰਦੀਪ ਸਿੰਘ, ਗੁਰੂਘਰ ਪਿੱਪਲਸਰ ਦੀ ਕਮੇਟੀ, ਦਾ ਗ੍ਰੇਟ ਥਿੰਕਰਜ ਕਲੱਬ ਬੁਰਜ ਢਿੱਲਵਾਂ ਦੇ ਪ੍ਰਧਾਨ ਪਰਵਿੰਦਰ ਸਿੰਘ, ਅਹੁਦੇਦਾਰ ਅਤੇ ਮੈਂਬਰਾਂ ਤੋਂ ਇਲਾਵਾ ਮੇਲਾ ਸਿੰਘ ਝੱਬਰ, ਗੁਰਵੀਰ ਸਿੰਘ ਝੱਬਰ, ਮਾਸਟਰ ਸਿਕੰਦਰ ਸਿੰਘ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੈਰਾਮਾਊਂਟ ਸਕੂਲ ਲਹਿਰਾ ਵਿਖੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਪੈਰਾਮਾਊਂਟ ਸਕੂਲ ਲਹਿਰਾ ਵਿਖੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਨਮ ਅਸ਼ਟਮੀ ਦਾ ਤਿਉਹਾਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ :  ਪੈਰਾਮਾਊਂਟ ਪਬਲਿਕ ਸਕੂਲ ਲਹਿਰਾ ਵਿਖੇ ਸ਼੍ਰੀ ਕ੍ਰਿਸ਼ਨ ਅਸ਼ਟਮੀ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ।ਸਕੂਲ ਵਿੱਚ ਛੋਟੇ ਬੱਚੇ ਸ਼੍ਰੀ ਕ੍ਰਿਸ਼ਨ, ਰਾਧਾ ਅਤੇ ਸੁਦਾਮਾ ਦੇ ਪਹਿਰਾਵੇ ਪਹਿਨ ਕੇ ਆਏ।ਪ੍ਰੋਗਰਾਮ ਦੀ ਸ਼ੁਰੂਆਤ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਝੂਲਾ ਝੁਲਾਉਣ ਦੀ ਰਸਮ ਅਦਾ ਕਰਕੇ ਕੀਤੀ ਗਈ।ਬੱਚਿਆਂ ਵੱਲੋਂ ਸ਼੍ਰੀ ਕ੍ਰਿਸ਼ਨ ਜੀ ਦੇ ਜਨਮ ਤੇ ਅਧਾਰਿਤ ਨਾਟਕ ਅਤੇ ਡਾਂਸ ਦੀ ਪੇਸ਼ਕਾਰੀ ਕੀਤੀ ਗਈ।ਇਸ ਮੌਕੇ ਬੱਚਿਆਂ ਨੂੰ ਜਨਮ ਅਸ਼ਟਮੀ ਦੇ ਤਿਉਹਾਰ ਦੀ ਅਹਿਮੀਅਤ ਅਤੇ ਇਸਨੂੰ ਮਨਾਉਣ ਦੇ ਕਾਰਨ ਬਾਰੇ ਜਾਣੰੂ ਕਰਵਾਇਆ ਗਿਆ।ਸਕੂਲ ਦੇ ਮੈਨੇਜਿੰਗ ਡਾਇਰੈਕਟਰ  ਜਸਵੀਰ ਸਿੰਘ ਚੀਮਾ ਅਤੇ ਕਿਰਨਪਾਲ ਕੌਰ ਵੱਲੋਂ ਬੱਚਿਆਂ ਨੂੰ ਜਨਮ ਅਸ਼ਟਮੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੱਤੀ ਗਈ।ਇਸ ਮੌਕੇ ਸਕੂਲ ਦੇ ਪ੍ਰਿੰ. ਯਸਪਾਲ ਸਿੰਘ, ਵਾਇਸ ਪਿੰ੍ਰ. ਅੰਕਿਤ ਕਾਲੜਾ, ਪੁਸ਼ਪਿੰਦਰ ਕੌਰ, ਨੈਬ ਸਿੰਘ, ਗੁਰਵਿੰਦਰ ਸਿੰਘ, ਗੁਰਪ੍ਰੀਤ ਕੌਰ ਤੋਂ ਇਲਾਵਾ ਸਮੂਹ ਸਟਾਫ ਹਾਜ਼ਰ ਰਿਹਾ।

ਗੁਰਵਿੰਦਰ ਸਿੰਘ ਚਹਿਲ ਹੀਰੋਂ ਖੁਰਦ : ਪੰਜਾਬੀ ਸਾਹਿਤ ਕਲਾ ਮੰਚ ਵੱਲੋਂ 5 ਸਤੰਬਰ ਨੂੰ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਲਿਸਟ ਜਾਰੀ

ਪੰਜਾਬੀ ਸਾਹਿਤ ਕਲਾ ਮੰਚ ਵੱਲੋਂ 5 ਸਤੰਬਰ  ਨੂੰ ਸਨਮਾਨਿਤ ਹੋਣ ਵਾਲੇ ਅਧਿਆਪਕਾਂ ਦੀ ਲਿਸਟ ਜਾਰੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬੀ ਸਾਹਿਤਕ ਕਲਾ ਮੰਚ ਰਜਿ ਮਾਨਸਾ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਆਧਿਆਪਕ ਦਿਵਸ ਮੌਕੇ 11 ਆਧਿਆਪਕਾ ਨੂੰ ਸਨਮਾਨਿਤ ਕੀਤਾ ਜਾਵੇਗਾ। ਲਿਸਟ ਜਾਰੀ ਕਰਦਿਆ ਮੰਚ ਦੇ ਪ੍ਰਧਾਨ ਅਮਨਦੀਪ ਸ਼ਰਮਾ ਤੇ ਉਪ ਪ੍ਰਧਾਨ ਰਜਿੰਦਰ ਵਰਮਾ ਨੇ ਇਹ 11 ਆਧਿਆਪਕਾ ਦਾ ਸਨਮਾਨ ਗੁਰਚਰਨ ਸਿੰਘ ਸੈਂਟਰ ਹੈਡ ਟੀਚਰ ਫੱਤਾ ਮਾਲੋਕਾ ਸਰਦੂਲਗੜ੍ਹ,ਭੁਪਿੰਦਰ ਸਿੰਘ ਹੈਡ ਟੀਚਰ ਖੈਰਾ ਖੁਰਦ ਸਰਦੂਲਗੜ੍ਹ,ਕਮਲ ਕਿਰਨ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਸਰਦੂਲਗੜ੍ਹ,ਅਭਿਤਾ ਭੱਟੀ ਈ ਟੀ ਟੀ ਅਧਿਆਪਕਾ ਸਰਕਾਰੀ ਪ੍ਰਾਇਮਰੀ ਸਕੂਲ ਖਿਆਲਾ ਕਲਾ,ਸੁਰਿੰਦਰ ਕੁਮਾਰ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਮਿਡਲ ਸਕੂਲ ਰਾਮਨਗ ਭੱਠਲਾ,ਪਰਮਜੀਤ ਕੌਰ ਹਿੰਦੀ ਅਧਿਆਪਕਾ ਸਰਕਾਰੀ ਹਾਈ ਸਕੂਲ ਮਲਕਾਣਾ ਬਠਿੰਡਾ,ਹਰਿੰਦਰ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਮੌੜ ਬਠਿੰਡਾ,ਹਰਜੀਤ ਕੌਰ ਈਟੀਟੀ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲੀ,ਜਗਦੀਪ ਕੌਰ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਖੁੜਾਲ ਕਲਾਂ,ਹਰਪ੍ਰੀਤ ਕੌਰ ਈਟੀਟੀ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ,ਕਮਲਦੀਪ ਕੌਰ ਸਮਾਜਿਕ ਸਿੱਖਿਆ ਅਧਿਆਪਕ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਸਹਿਣਾ ਜਿਲਾ ਬਰਨਾਲਾ ਦਾ ਸਨਮਾਨ ਬੁਢਲਾਡੇ ਵਿਖੇ ਕੀਤਾ ਜਾਵੇਗਾ ਇਸ ਮੌਕੇ ਗੁਰਜੰਟ ਸਿੰਘ ਬੱਛੂਆਣਾ,ਪਰਵੀਨ ਕੁਮਾਰ ,ਬਿੱਟੂ ਬੁਢਲਾਡਾ, ਹਰਨੇਕ ਸਿੰਘ ਮੱਲੀ ਆਦਿ ਹਾਜਰ  ਸਨ।

ਗੁਰਵਿੰਦਰ ਸਿੰਘ ਚਹਿਲ ,ਚੰਡੀਗੜ੍ਹ : ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਰਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਨੂੰ

ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਜਨਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਨੂੰ

ਤਿੱਖੇ ਸੰਘਰਸ਼ ਦੀ ਰੂਪ ਰੇਖਾ ਕੀਤੀ ਜਾਵੇਗੀ ਤਿਆਰ - ਹਰਗੋਬਿੰਦ ਕੌਰ 

ਗੁਰਵਿੰਦਰ ਸਿੰਘ ਚਹਿਲ,ਚੰਡੀਗੜ੍ਹ  : ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਜਨਰਲ ਕੌਂਸਲ ਦੀ ਮੀਟਿੰਗ ਮੋਗਾ ਵਿਖੇ 29 ਅਗਸਤ ਦਿਨ ਵੀਰਵਾਰ ਨੂੰ ਰੱਖੀ ਗਈ ਹੈ । ਉਪਰੋਕਤ ਜਾਣਕਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ।ਉਹਨਾਂ ਦੱਸਿਆ ਕਿ ਇਸ ਮੀਟਿੰਗ ਵਿੱਚ ਆਂਗਣਵਾੜੀ ਸੈਂਟਰਾਂ ਵਿੱਚ ਆ ਰਿਹਾ ਖਰਾਬ ਰਾਸ਼ਨ , ਆਂਗਣਵਾੜੀ ਕੇਂਦਰਾਂ ਦੇ ਸਕੂਲਾਂ ਵਿੱਚ ਦਾਖਲ ਕੀਤੇ ਗਏ 3 ਤੋਂ 6 ਸਾਲ ਦੇ ਬੱਚੇ ਵਾਪਸ ਲੈਣ,ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿਵਾਉਣ ਅਤੇ ਆਂਗਣਵਾੜੀ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀਆਂ ਪੰਜਾਬ ਸਰਕਾਰ ਵੱਲੋਂ ਖਤਮ ਕੀਤੀਆਂ ਗਈਆਂ ਸੇਵਾਵਾਂ ਨੂੰ ਬਹਾਲ ਕਰਵਾਉਣ ਲਈ ਅਤੇ ਹੋਰ ਮੰਗਾਂ ਨੂੰ ਲੈ ਕੇ ਸੰਘਰਸ਼ ਦੀ ਰੂਪ ਰੇਖਾ ਉਲੀਕੀ ਜਾਵੇਗੀ।‌ਉਹਨਾਂ ਕਿਹਾ ਕਿ ਇਸ ਮੀਟਿੰਗ ਵਿੱਚ ਸੂਬਾ ਕਮੇਟੀ ਦੇ ਅਹੁਦੇਦਾਰ,ਜ਼ਿਲਾ ਪ੍ਰਧਾਨ,ਬਲਾਕ ਪ੍ਰਧਾਨ ਅਤੇ ਸਰਕਲ ਪ੍ਰਧਾਨ ਸ਼ਮੂਲੀਅਤ ਕਰਨਗੀਆਂ।‌

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : 873 ਡੀ ਪੀ ਈ ਯੂਨੀਅਨ ਬਠਿੰਡਾ ਦੇ ਪ੍ਰਧਾਨ ਬਣੇ ਇਸ਼ਟ ਪਾਲ ਸਿੰਘ

873 ਡੀ ਪੀ ਈ ਯੂਨੀਅਨ ਬਠਿੰਡਾ ਦੇ ਇਸ਼ਟਪਾਲ ਸਿੰਘ ਬਣੇ ਪ੍ਰਧਾਨ 

ਗੁਰਵਿੰਦਰ ਸਿੰਘ ਚਹਿਲ,ਬਠਿੰਡਾ : 873 ਡੀ ਪੀ ਈ ਅਧਿਆਪਕ ਯੂਨੀਅਨ ਦੀ ਇੱਕ ਅਹਿਮ ਬਠਿੰਡਾ ਵਿਖੇ ਹੋਈ। ਮੀਟਿੰਗ ਵਿੱਚ ਜ਼ਿਲ੍ਹਾ ਬਠਿੰਡਾ ਦੀ ਇਕਾਈ ਦਾ ਗਠਨ ਕੀਤਾ ਗਿਆ।ਮੀਟਿੰਗ ਵਿੱਚ ਇਸ਼ਟ ਪਾਲ ਸਿੰਘ ਨੂੰ ਪ੍ਰਧਾਨ, ਰਹਿੰਦਰ ਸਿੰਘ ਜਨਰਲ ਸਕੱਤਰ, ਮਨਪ੍ਰੀਤ ਸਿੰਘ ਘੰਡਾ ਬੰਨਾ ਨੂੰ ਸਹਾਇਕ ਸਕੱਤਰ ਅਤੇ ਸੁਖਪ੍ਰੀਤ ਸਿੰਘ ਨੂੰ ਖ਼ਜ਼ਾਨਚੀ ਚੁਣਿਆ ਗਿਆ।ਇਸ ਮੌਕੇ ਯੂਨੀਅਨ ਆਗੂਆਂ ਨੇ ਘਰਾ ਤੋਂ ਦੂਰ ਬੈਠੇ ਅਧਿਆਪਕਾ ਦੀਆਂ ਬਦਲੀਆਂ ਨੇੜੇ ਕਰਨ,ਜੋ ਖਾਲੀ ਸਟੇਸ਼ਨ ਨੂੰ ਨਹੀ ਦਿਖਾਇਆ ਉਹਨਾਂ ਨੂੰ ਪੋਟਰਲ ਵਿੱਚ ਦਿਖਾਉਂਣ, ਪੁਰਾਣੀ ਪੈਨਸ਼ਨ ਬਹਾਲ ਕਰਨ, ਸਰੀਰਕ ਸਿੱਖਿਆ ਅਤੇ ਖੇਡਾਂ ਦਾ ਵਿਸ਼ਾ ਪਹਿਲੀ ਜਮਾਤ ਤੋਂ ਲਾਜ਼ਮੀ ਕਰਨ ਸੰਬੰਧੀ,2000 ਪੀ ਟੀ ਆਈ ਦੀ ਭਰਤੀ ਜਲਦੀ ਕਰਨ ਦੀ ਮੰਗ ਪੰਜਾਬ ਸਰਕਾਰ ਤੋਂ ਕੀਤੀ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੀਪ ਸਿੰਘ ਬੁਰਜ ਹਰੀ,ਗੁਰਜੀਤ ਸਿੰਘ ਝੱਬਰ,ਗਗਨਦੀਪ ਸਿੰਘ,ਕੁਲਵਿੰਦਰ ਸਿੰਘ,ਅਮਨਦੀਪ ਸਿੰਘ ਅਤੇ ਅਨਮੋਲ ਹਾਜ਼ਰ ਸਨ।