Monday, September 9, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫਦ ਡਿਪਟੀਡੀਈਓ ਤੇ ਬੀਪੀਈਓ ਮਾਨਸਾ ਨੂੰ ਮਿਲਿਆ

ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਵਫਦ ਡਿਪਟੀਡੀਈਓ ਤੇ ਬੀਪੀਈਓ ਮਾਨਸਾ ਨੂੰ ਮਿਲਿਆ

ਲੈਪਸ ਗਰਾਂਟਾਂ ਸਬੰਧੀ ਡਾਇਰੈਕਟਰ ਜਨਰਲ ਸਕੂਲ ਐਜੂਕੇਸ਼ਨ ਨੂੰ ਭੇਜਿਆ ਮੰਗ ਪੱਤਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦਾ ਅਹਿਮ ਵਫਦ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਦੀ ਅਗਵਾਈ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਮਦਨ ਲਾਲ ਕਟਾਰੀਆ,ਬਲਾਕ ਸਿੱਖਿਆ ਅਫਸਰ ਮਾਨਸਾ ਸਤਪਾਲ  ਸਿੰਘ ਨੂੰ ਮਿਲਿਆ। ਜਥੇਬੰਦੀ ਵੱਲੋਂ ਲੈਪਸ ਹੋਈਆਂ ਗਰਾਂਟਾਂ ਸਬੰਧੀ ਮੰਗ ਪੱਤਰ ਡਾਇਰੈਕਟਰ ਜਨਰਲ ਆਫ ਸਕੂਲ ਐਜੂਕੇਸ਼ਨ ਪੰਜਾਬ ਨੂੰ ਭੇਜਿਆ।ਗੱਲਬਾਤ ਕਰਦਿਆਂ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਹਾਕਮਵਾਲਾ,ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਨੇ ਕਿਹਾ ਕਿ ਸਕੂਲਾਂ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਗੱਲਬਾਤ ਕੀਤੀ।ਉਹਨਾਂ ਮਿਡ -ਡੇ-ਮੀਲ,ਸਕੂਲਾਂ ਨੂੰ ਜਾਰੀ ਹੋਣ ਵਾਲੀਆਂ ਗਰਾਂਟਾਂ,ਮੈਡੀਕਲ ਬਿਲ ,ਸਰਵਿਸ ਬੁੱਕਾ ਪੂਰੀਆਂ ਕਰਨਾ,ਲੋੜਵੰਦ ਸਕੂਲਾਂ ਨੂੰ ਸਰਵ ਸਿੱਖਿਆ ਅਭਿਆਨ ਦੀਆਂ ਗਰਾਂਟਾਂ ਜਾਰੀ ਕਰਨਾ,ਹਰੇਕ ਸਕੂਲ ਵਿੱਚ ਆਰ ਓ ਦਾ ਪ੍ਰਬੰਧ ਕਰਨਾ,ਸੈਟਰ ਖੇਡਾਂ,ਬੱਚਿਆਂ ਦੇ ਮੈਡੀਕਲ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਗਈ।ਜਥੇਬੰਦੀ ਨੂੰ ਭਰੋਸਾ ਦਵਾਉਦਿਆਂ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਤੇ ਬਲਾਕ ਸਿੱਖਿਆ ਅਫਸਰ ਮਾਨਸਾ ਨੇ ਕਿਹਾ ਕਿ ਅਧਿਆਪਕਾਂ ਦੀਆਂ ਤਨਖਾਹਾਂ ਇੱਕ ਤਰੀਕ ਤੱਕ ਜਾਰੀ ਕਰ ਦਿੱਤੀਆ ਜਾਣਗੀਆਂ।ਉਹਨਾਂ ਕਿਹਾ ਕਿ ਜਿਲਾ ਪੱਧਰ ਅਤੇ ਬਲਾਕ ਦਫਤਰ ਪੱਧਰ ਤੇ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ। ਉਨਾਂ ਬੱਚਿਆਂ ਦੀ ਬੇਹਤਰੀ ਲਈ ਕੰਮ ਕਰਨ ਸਬੰਧੀ ਸਕੂਲ ਮੁਖੀਆਂ ਨੂੰ ਅਪੀਲ ਵੀ ਕੀਤੀ ਤਾਂ ਜੋ ਮਾਨਸਾ ਜ਼ਿਲ੍ਹੇ ਨੂੰ ਪੰਜਾਬ ਭਰ ਦਾ ਪਹਿਲੇ ਨੰਬਰ ਦਾ ਜ਼ਿਲ੍ਹਾ ਬਣਾਇਆ ਜਾ ਸਕੇ। ਇਸ ਸਮੇਂ ਸਟੇਟ ਆਗੂ ਗੁਰਮੇਲ ਸਿੰਘ ਬਰੇ, ਗੁਰਜੰਟ ਸਿੰਘ ਬੱਛੋਆਣਾ,ਸੁਰੇਸ਼ ਗੁਪਤਾ ਭਾਰਤ ਭੂਸ਼ਣ ਸ਼ਰਮਾ,ਬਲਵਿੰਦਰ ਭੀਖੀ,ਬੱਬੀ ਤਮਕੋਟ,ਗੋਰਾ ਤਾਮਕੋਟ ਆਦਿ ਹਾਜਰ ਸਨ।

Sunday, September 8, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਨੇਕੀ ਦੇ ਬੀਰੋਕੇ ਖ਼ੁਰਦ ਕੈਂਪ ਨਾਲ 84 ਬਜ਼ੁਰਗਾਂ ਨੂੰ ਮਿਲੇਗੀ ਅੱਖਾਂ ਦੀ ਰੌਸ਼ਨੀ

ਨੇਕੀ ਦੇ ਬੀਰੋਕੇ ਖ਼ੁਰਦ ਕੈਂਪ ਨਾਲ 84 ਬਜ਼ੁਰਗਾਂ ਨੂੰ ਮਿਲੇਗੀ ਅੱਖਾਂ ਦੀ ਰੌਸ਼ਨੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇਲਾਕੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਪਿੰਡ ਬੀਰੋਕੇ ਖ਼ੁਰਦ (ਜੀਤਗੜ੍ਹ) ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਅਤੇ ਅਪਰੇਸ਼ਨ ਕੈਂਪ ਲਗਾਇਆ ਗਿਆ, ਜਿੱਥੇ ਸ਼ੰਕਰਾ ਅੱਖਾਂ ਦਾ ਹਸਪਤਾਲ ਲੁਧਿਆਣਾ ਤੋਂ ਮਾਹਿਰ ਡਾ. ਦੀਪਿਕਾ ਦੀ ਟੀਮ ਨੇ 325 ਤੋਂ ਵੱਧ ਮਰੀਜਾਂ ਦਾ ਮੁਫ਼ਤ ਚੈੱਕਅਪ ਕੀਤਾ।ਕੈਂਪ ਦੌਰਾਨ ਸਾਰੇ ਮਰੀਜਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ। ਕੈੰਪ ਵਿੱਚ 84 ਲੋੜਵੰਦ ਮਰੀਜਾਂ ਦੀ ਚੋਣ ਚਿੱਟੇ ਮੋਤੀਏ ਦੇ ਮੁਫ਼ਤ ਅਪਰੇਸ਼ਨ ਲਈ ਕੀਤੀ ਗਈ, ਜਿਹਨਾਂ ਦਾ ਅਪ੍ਰੇਸ਼ਨ ਸ਼ੰਕਰਾ ਹਸਪਤਾਲ ਵਿਖੇ ਕੀਤਾ ਜਾਵੇਗਾ।ਨੇਕੀ ਫਾਉਂਡੇਸ਼ਨ ਟੀਮ ਨੇ ਦੱਸਿਆ ਕਿ ਹੁਣ ਤੱਕ ਸੰਸਥਾ ਵੱਲੋਂ 500 ਤੋਂ ਵੱਧ ਮਰੀਜਾਂ ਦੇ ਅਪਰੇਸ਼ਨ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਦਵਾਈਆਂ ਦਿੱਤੀਆਂ ਜਾ ਚੁੱਕੀਆਂ ਹਨ। ਪਿੰਡ ਦੇ ਨੌਜਵਾਨਾਂ ਵੱਲੋਂ ਗੁਰਦੀਪ ਸਿੰਘ,ਗੁਲਾਬ ਸਿੰਘ,ਕੁਲਵਿੰਦਰ ਸਿੰਘ ਅਤੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ ਬੀਰੋਕੇ ਖੁਰਦ (ਜੀਤਗੜ੍ਹ) ਦੇ ਸਹਿਯੋਗ ਲਈ ਧੰਨਵਾਦ ਕੀਤਾ ਗਿਆ ਅਤੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।ਇਸ ਕੈੰਪ ਨੂੰ ਸਫ਼ਲ ਬਣਾਉਣ ਵਿੱਚ ਪਿੰਡ ਦੇ ਨੌਜਵਾਨ ਜਗਸੀਰ ਸਿੰਘ ਸੀਰਾ,ਗੁਰਵਿੰਦਰ ਸਿੰਘ ਗੁਰੀ,ਹਰਮਨ ਸਿੰਘ ਹੈਰੀ,ਬਿੱਟੂ ਸਿੰਘ,ਰਾਜਵਿੰਦਰ ਸਿੰਘ,ਗੱਗੀ ਸਿੰਘ,ਬਲਵਿੰਦਰ ਸਿੰਘ,ਗੁਰਦੀਪ ਸਿੰਘ ਦੀਪਾ,ਅਜੈਬ ਸਿੰਘ,ਕਸਮੀਰਾ ਸਿੰਘ,ਗੁਰਮੇਲ ਸਿੰਘ, ਰਘਵੀਰ ਸਿੰਘ,ਜਗਸੀਰ ਸਿੰਘ ਆਦਿ ਦਾ ਬਹੁਤ ਵੱਡਾ ਯੋਗਦਾਨ ਰਿਹਾ।ਸੰਸਥਾ ਵੱਲੋਂ ਅਗਲਾ ਕੈੰਪ 18 ਅਕਤੂਬਰ ਨੂੰ ਪਿੰਡ ਡਸਕਾ ਵਿਖੇ ਲਗਾਇਆ ਜਾਵੇਗਾ।ਮਰੀਜ਼ ਆਪਣਾ ਨਾਮ 87603-71000 ਹੈਲਪਲਾਈਨ ਉੱਤੇ ਦਰਜ਼ ਕਰਵਾ ਸਕਦੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ਼ ਦੇ ਮਿਹਨਤੀ ਅਧਿਆਪਕ ਨਾਜ਼ਰ ਸਿੰਘ ਤੇ ਸੁਖਪਾਲ ਸਿੰਘ

ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ਼ ਦੇ ਮਿਹਨਤੀ ਅਧਿਆਪਕ ਨਾਜ਼ਰ ਸਿੰਘ ਤੇ ਸੁਖਪਾਲ ਸਿੰਘ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੰਘੜਿਆਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਗਾਮੀਵਾਲਾ ਅਤੇ ਕਲੱਸਟਰ ਮੀਡੀਆ ਇੰਚਾਰਜ਼ ਜਸਵਿੰਦਰ ਸਿੰਘ ਜਨਕ ਨੇ ਦੱਸਿਆ ਕਿ ਨਾਜ਼ਰ ਸਿੰਘ ਬੱਛੋਆਣਾ ਈ.ਟੀ.ਟੀ. ਅਧਿਆਪਕ ਅਤੇ ਸੁਖਪਾਲ ਸਿੰਘ ਐਸੋਸੀਏਟ ਪ੍ਰੀ ਪ੍ਰਾਇਮਰੀ ਟੀਚਰ ਕੰਮ ਰਹੇ ਹਨ।ਇਹ ਬੱਚਿਆਂ ਨੂੰ ਪੜਾਈ ਕਰਵਾਉਣ ਦੇ ਨਾਲ ਨਾਲ ਸਿੱਖਿਆ ਵਿਭਾਗ ਦੀਆਂ ਸਾਰੀਆਂ ਹੀ ਗਤੀਵਿਧੀਆਂ ਜਿਵੇਂ ਖੇਡਾਂ,ਪੇਟਿੰਗ, ਸੁੰਦਰ ਲਿਖਾਈ,ਕੁਇਜ਼ ਮੁਕਾਬਲੇ ਅਤੇ ਹੋਰ ਵੀ ਅਨੇਕਾਂ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਇਹ ਆਪਣੇ ਵਿਤ ਤੋਂ ਵੱਧ ਮਿਹਨਤ ਕਰਦੇ ਹਨ,ਜਿਸ ਨਾਲ ਸਾਡੇ ਸਕੂਲ ਦੇ ਬੱਚੇ ਵੱਖ-ਵੱਖ  ਮੁਕਾਬਲਿਆਂ ਵਿੱਚ ਸਟੇਟ ਪੱਧਰ 'ਤੇ ਆਪਣੇ ਸਕੂਲ ਰੰਘੜਿਆਲ ਦਾ ਨਾਮ ਚਮਕਾ ਰਹੇ ਹਨ।ਉਹਨਾਂ ਦੱਸਿਆ ਕਿ ਸੁਖਪਾਲ ਸਿੰਘ ਲੋਕਲ ਅਧਿਆਪਕ ਹੋਣ ਕਰਕੇ ਵੇਲ਼ੇ ਕੁਵੇਲ਼ੇ ਸਕੂਲ ਦੇ ਅਨੇਕਾਂ ਕੰਮ ਕਾਰ ਕਰਦੇ ਰਹਿੰਦੇ ਹਨ ਅਤੇ ਇਨ੍ਹਾਂ ਦੇ ਪੜਾਏ ਪ੍ਰੀ-ਪ੍ਰਾਇਮਰੀ ਦੇ ਬੱਚੇ ਪੜਾਈ ਵਿੱਚ ਵੱਡੀਆਂ ਜਮਾਤਾਂ ਦਾ ਮੁਕਾਬਲਾ ਕਰਦੇ ਹਨ।ਇਹਨਾਂ ਦਾ ਸਕੂਲ ਵਿੱਚ ਆਉਣ ਵਾਲੇ ਹਰ ਸਖਸ਼ ਨਾਲ ਬਹੁਤ ਹੀ ਪਿਆਰ ਅਤੇ ਸਤਿਕਾਰ ਨਾਲ ਗੱਲ ਕਰਨ ਦਾ ਲਹਿਜਾ ਇਹਨਾਂ ਦੀ ਸਖਸ਼ੀਅਤ ਨੂੰ ਹੋਰ ਵੀ ਚਾਰ ਚੰਨ ਲਾ ਦਿੰਦਾ ਹੈ।ਉਹਨਾਂ ਦੀਆਂ ਜਮਾਤਾਂ ਦੇ ਬੱਚਿਆਂ ਦਾ ਟਾਇਮ ਭਾਵੇਂ ਤਿੰਨ ਘੰਟੇ ਹੀ ਹੁੰਦਾ ਹੈ ਪਰ ਇਹ ਸਾਰਾ ਟਾਇਮ ਸਕੂਲ ਵਿੱਚ ਕਿਸੇ ਨਾ ਕਿਸੇ ਪਾਸੇ ਮਿਹਨਤ ਕਰਦੇ ਰਹਿੰਦੇ ਹਨ।ਇੱਕ ਵਧੀਆ ਅਧਿਆਪਕ ਹੋਣ ਦੇ ਨਾਲ -ਨਾਲ ਉਹ ਰੰਘੜਿਆਲ ਪਿੰਡ ਦੇ ਬੀ ਐਲ ਓ ਵੀ ਹਨ।ਇਹ ਡਿਊਟੀ ਵੀ ਬਾਖੂਬੀ ਢੰਗ ਨਾਲ ਨਿਭਾ ਰਹੇ ਹਨ।ਜਿਸ ਕਾਰਨ ਸਾਰਾ ਪਿੰਡ ਉਨ੍ਹਾਂ ਦੀਆਂ ਸਿਫਤਾਂ ਕਰਦਾ ਨਹੀਂ ਥਕਦਾ। ਨਾਜ਼ਰ ਸਿੰਘ ਨੇ ਭਾਵੇਂ ਇਲੈਕਟਰੀਸ਼ਨ ਦਾ ਕੋਈ ਡਿਪਲੋਮਾ ਜਾ ਡਿਗਰੀ ਨਹੀਂ ਕੀਤਾ ਹੋਇਆ ਪਰ ਉਹ ਫੇਰ ਵੀ ਜੇਕਰ ਕਦੇ ਸਕੂਲ ਦੀ ਲਾਇਟ ਖਰਾਬ ਹੋ ਜਾਵੇ ਤਾਂ ਨਾਜ਼ਰ ਸਿੰਘ ਹੀ ਠੀਕ ਕਰਦੇ ਹਨ,ਬਹੁਤ ਘੱਟ ਵਾਰ ਹੋਇਆ ਕਿ ਸਕੂਲ ਵਿੱਚ ਅਸੀਂ ਬਿਜਲੀ ਮਕੈਨਿਕ ਬੁਲਾਇਆ ਹੋਵੇ। ਸਕੂਲ ਦੇ ਹੋਰ ਵੀ ਨਿੱਕੇ ਨਿੱਕੇ ਕੰਮ ਨਾਜ਼ਰ ਸਿੰਘ ਚੁਟਕੀ ਵਿੱਚ ਕਰ ਦਿੰਦੇ ਹਨ।ਜੇਕਰ ਦਾਖਲਿਆਂ ਦੀ ਗੱਲ ਕਰੀਏ ਤਾਂ ਹਰ ਸੈਸ਼ਨ ਵਿੱਚ ਦਾਖਲਿਆਂ ਵਿੱਚ ਵੀ ਆਪਣਾ ਮੋਹਰੀ ਰੋਲ ਅਦਾ ਕਰਦੇ ਆ ਰਹੇ ਹਨ।ਸਕੂਲ ਦਾ ਸਮਾਂ ਭਾਵੇਂ ਛੇ ਘੰਟੇ ਹੀ ਹੈ,ਪਰ ਨਾਜ਼ਰ ਸਿੰਘ ਇਸ ਵਿੱਚ ਦਸ ਘੰਟਿਆਂ ਦਾ ਕੰਮ ਕਰਕੇ ਹੀ ਘਰ ਜਾਂਦੇ ਹਨ। ਇਹ ਸਕੂਲ ਵਿੱਚ ਅਨੇਕਾਂ ਜਰੂਰਤ ਵਾਲੀਆਂ ਚੀਜ਼ਾਂ ਜਿਵੇਂ, ਪੱਖੇ, ਵੇਟ ਮਸ਼ੀਨ ਬੱਚਿਆਂ ਲਈ ਕਾਪੀਆਂ ਪੈੱਨ,ਅਤੇ ਸਕੂਲ ਦੇ ਸੁੰਦਰੀ ਕਰਨ ਲਈ ਅਨੇਕਾਂ ਵਾਰ ਹਜ਼ਾਰਾਂ ਰੁਪਏ ਦਾਨ ਕਰ ਚੁੱਕੇ ਹਨ।ਜੇਕਰ ਸਕੂਲ ਵਿੱਚ ਕੋਈ ਸਮੱਸਿਆ ਆ ਜਾਵੇ ਤਾਂ ਨਾਜ਼ਰ ਸਿੰਘ ਕੋਲ ਸਕੂਲ ਦੀ ਹਰ ਸਮੱਸਿਆ ਦਾ ਹੱਲ ਹੈ।ਉਹਨਾਂ ਦੱਸਿਆ ਕਿ ਨਾਜ਼ਰ ਸਿੰਘ ਅਤੇ ਸੁਖਪਾਲ ਸਿੰਘ ਬਹੁਤ ਹੀ ਗੁਣਵਾਨ ਹਨ, ਇਹਨਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਓਨੀ ਘੱਟ ਹੈ।ਉਨ੍ਹਾਂ ਦੱਸਿਆ ਕਿ ਇਹਨਾਂ ਦੋਵੇਂ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਪੰਜਾਬ  ਵੱਲੋਂ ਵੀ ਅਨੇਕਾਂ ਵਾਰ ਸਨਮਾਨ ਮਿਲ ਚੁੱਕੇ ਹਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਤਿੰਨ ਦਿਨ ਬਿਜਲੀ ਚੱਲੇਗੀ ਰੱਬ ਆਸਰੇ : ਕਰਮਜੀਤ ਸਿੰਘ ਖੀਵਾ

ਤਿੰਨ ਦਿਨ ਬਿਜਲੀ ਚੱਲੇਗੀ ਰੱਬ ਆਸਰੇ : ਕਰਮਜੀਤ ਸਿੰਘ ਖੀਵਾ

10,11 ਅਤੇ 12 ਸਤੰਬਰ ਨੂੰ ਪਾਵਰਕਾਮ ਦੇ ਸਾਰੇ ਮੁਲਾਜ਼ਮ 3 ਦਿਨਾਂ ਦੀ ਸਮੂਹਿਕ ਛੁੱਟੀ 'ਤੇ  ਜਾਣਗੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਇੰਪਲਾਈਜ ਫੈਡਰੇਸ਼ਨ ਪਹਿਲਵਾਨ ਦੇ ਸਰਕਲ ਪ੍ਰਧਾਨ ਪੀ ਅਤੇ ਐਮ ਬਠਿੰਡਾ ਕਰਮਜੀਤ ਸਿੰਘ ਖੀਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੱਸਿਆ ਕਿ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਹੱਕੀ ਮੰਗਾਂ ਮੰਨਵਾਉਣ ਲਈ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਨਾਲ ਕਈ ਵਾਰ ਮੀਟਿੰਗਾਂ ਕੀਤੀਆਂ ਗਈਆਂ ਪਰ ਹਰ ਵਾਰ ਲਾਰਿਆਂ ਤੋਂ ਸਿਵਾਏ ਕੁਝ ਨਹੀਂ ਦਿੱਤਾ ਗਿਆ।ਇਤਿਹਾਸ ਵਿਚ ਸ਼ਾਇਦ ਭਗਵੰਤ ਮਾਨ ਪਹਿਲਾ ਮੁੱਖ ਮੰਤਰੀ ਹੋਵੇਗਾ ਜੋ ਕਿ ਮੁਲਾਜ਼ਮ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗਾਂ ਦੇ ਕੇ ਮੀਟਿੰਗਾਂ ਕੈਂਸਲ ਕਰ ਦਿੰਦਾ ਹੈ।ਉਹਨਾਂ  ਕਿਹਾ ਕਿ ਹੁਣ ਤੱਕ ਦਾ ਸਭ ਤੋਂ ਵੱਧ ਝੂਠ ਬੋਲਣ ਵਾਲਾ ਮੁੱਖ ਮੰਤਰੀ ਹੋਵੇਗਾ।ਮੁਲਾਜ਼ਮਾਂ ਅਤੇ ਆਮ ਲੋਕਾਂ ਨੇ ਬਹੁਤ ਹੀ ਉਮੀਦਾਂ ਨਾਲ ਆਮ ਆਦਮੀ ਦੀ ਸਰਕਾਰ ਲਿਆਂਦੀ ਸੀ ਪਰ ਇਹ ਸਰਕਾਰ ਵੀ ਦੂਜੀਆਂ ਪਾਰਟੀਆਂ ਵਾਗੂੰ ਵਾਅਦਿਆਂ 'ਤੇ ਖਰਾ ਨਹੀਂ ਉੱਤਰੀ। ਇਸੇ ਤਰ੍ਹਾਂ ਮੈਨੇਜਮੈਂਟ ਵੀ ਆਪਣੇ ਅੜੀਅਲ ਵਤੀਰੇ 'ਤੇ ਅੜੀ ਹੋਈ ਹੈ। ਉਹਨਾਂ ਦੱਸਿਆ ਕਿ 6 ਸਤੰਬਰ ਨੂੰ ਚੰਡੀਗੜ੍ਹ ਵਿਖੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਅਤੇ ਪਾਵਰਕਾਮ ਮੈਨੇਜਮੈਂਟ ਨਾਲ ਜੋਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਨਾਲ ਮੀਟਿੰਗ ਹੋਈ ਜਿਸ ਵਿੱਚ ਇੱਕ ਵਾਰ ਫਿਰ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਮੁੱਕਰ ਗਈ।ਹੁਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਵਲੋਂ ਸੰਘਰਸ਼ ਨੂੰ ਹੋਰ ਮਜ਼ਬੂਤ ਕਰਨ ਲਈ ਪਿਛਲੇ ਸਮੇਂ ਤੋਂ ਚਲਦੇ ਵਰਕ ਟੂ ਰੂਲ ਨੂੰ ਸਮੂਹਿਕ ਛੁੱਟੀ ਵਿੱਚ ਤਬਦੀਲ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ 10,11 ਅਤੇ 12 ਸਤੰਬਰ ਨੂੰ ਪਾਵਰਕਾਮ ਦੇ ਸਾਰੇ ਮੁਲਾਜ਼ਮ ਤਿੰਨ ਦਿਨਾਂ ਦੀ ਸਮੂਹਿਕ ਛੁੱਟੀ 'ਤੇ ਜਾ ਰਹੇ ਹਨ। ਜਿਸ ਦੇ ਨਿਕਲਣ ਵਾਲੇ ਸਿੱਟਿਆਂ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਹੋਵੇਗੀ।

Saturday, September 7, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਗੁਰਮਤਿ ਸਮਾਗਮ ਕਰਵਾਇਆ

 

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਗੁਰਮਤਿ ਸਮਾਗਮ ਕਰਵਾਇਆ

ਚੌਥੇ ਪਤਸ਼ਾਹ ਦੇ 450 ਸਾਲਾ ਗੁਰਿਆਈ ਦਿਵਸ ਅਤੇ ਤੀਜੇ ਪਾਤਸ਼ਾਹ ਦੇ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਕਰਵਾਇਆ ਧਾਰਮਿਕ ਸਮਾਗਮ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੇ 450 ਸਾਲਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਇੱਕ ਹਫਤੇ ਤੋਂ ਲੜੀਵਾਰ ਪ੍ਰੋਗਰਾਮ ਚੱਲ ਰਹੇ ਹਨ।ਇਨ੍ਹਾਂ ਪ੍ਰੋਗਰਾਮਾਂ ਵਿੱਚ ਵੱਖ-ਵੱਖ ਵਿਭਾਗਾਂ ਵੱਲੋਂ ਲੇਖ, ਕਵਿਤਾ ਉਚਾਰਨ,ਕੁਇਜ਼,ਗੱਤਕਾ, ਚਿੱਤਰਕਾਰੀ ਅਤੇ ਕਵੀਸ਼ਰੀ ਮੁਕਾਬਲੇ ਕਰਵਾਏ ਗਏ।ਗੁਰਮਤਿ ਸਮਾਗਮ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਸੰਗੀਤ ਵਿਭਾਗ ਦੇ ਵਿਿਦਆਰਥੀਆਂ ਵੱਲੋਂ ਸ਼ਬਦ ਗਾਇਨ ਕੀਤੇ ਗਏ।ਵਿਸ਼ੇਸ਼ ਤੌਰ ’ਤੇ ਪਹੁੰਚੇ ਗੁਰਮਤਿ ਪ੍ਰਚਾਰਕ ਭਾਈ ਅਮਰਦੀਪ ਸਿੰਘ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਇਤਿਹਾਸ ਤੋਂ ਸੰਗਤ ਨੂੰ ਜਾਣੂ ਕਰਵਾਇਆ ਗਿਆ।ਵਿਿਦਆਰਥੀਆਂ ਨੇ ਗੁਰ ਇਤਿਹਾਸ ਨਾਲ ਸਬੰਧਿਤ ਵਾਰਾਂ ਅਤੇ ਕਵੀਸ਼ਰੀ ਪੇਸ਼ ਕਰਕੇੇ ਗੁਰ ਇਤਿਹਾਸ ਦੀ ਮਹਿਮਾ ਦਾ ਗਾਇਨ ਕੀਤਾ।ਇਸ ਮੌਕੇ ਬੋਲਦਿਆਂ ਗੁਰਪ੍ਰੀਤ ਸਿੰਘ ਝੱਬਰ,ਮੈਂਬਰ ਅਤ੍ਰਿੰਗ ਕਮੇਟੀ ਐਸ.ਜੀ.ਪੀ.ਸੀ. ਨੇ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਸਾਨੂੰ ਸੇਵਾ ਅਤੇ ਸਿੱਖੀ ਸਿਧਾਂਤਾਂ ਤੇ ਚੱਲਣ ਦਾ ਦ੍ਰਿੜ ਸੰਕਲਪ ਕਰਨਾ ਚਾਹੀਦਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਆਗੂ ਦਿਲਰਾਜ ਸਿੰਘ ਭੂੰਦੜ ਨੇ ਕਿਹਾ ਕਿ ਗੁਰੂ ਨਾਨਕ ਕਾਲਜ ਬੁਢਲਾਡਾ ਵਿਿਦਆਰਥੀਆਂ ਨੂੰ ਸਿੱਖ ਇਤਿਹਾਸ ਨਾਲ ਜੋੜਨ ਲਈ ਵੱਡੇ ਉਪਰਾਲੇ ਕਰ ਰਿਹਾ ਹੈ।ਅਜਿਹੇ ਕਾਰਜ ਚੰਗਾ ਜੀਵਨ ਜਿਊਣ ਲਈ ਸਹਾਈ ਹੁੰਦੇ ਹਨ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਆਪਣੀਆਂ ਸੰਸਥਾਵਾਂ ਰਾਹੀਂ ਅਕਾਦਮਿਕ ਵਿੱਦਿਆ ਦੇ ਨਾਲ-ਨਾਲ ਵਿਿਦਆਰਥੀਆਂ ਨੂੰ ਸਿੱਖ ਵਿਰਾਸਤ ਨਾਲ ਜੋੜਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ।ਪਿਛਲੇ ਹਫਤੇ ਤੋਂ ਲੜੀਵਾਰ ਚੱਲ ਰਹੇ ਮੁਕਾਬਲਿਆਂ ਵਿੱਚ 550 ਦੇ ਲੱਗਭੱਗ ਵਿਿਦਆਰਥੀਆਂ ਨੇ ਹਿੱਸਾ ਲਿਆ ਹੈ। ਧਰਮ ਅਧਿਐਨ ਵਿਭਾਗ ਵੱਲੋਂ ਗੁਰਬਾਣੀ ਕੰਠ ਅਤੇ ਗੁਰਬਾਣੀ ਸ਼ੁੱਧ ਉਚਾਰਨ ਮੁਕਾਬਲੇ ਕਰਵਾਏ ਗਏ। ਗੁਰਬਾਣੀ ਕੰਠ ਮੁਕਾਬਲੇ ਵਿਚ ਹਰਮਨਪ੍ਰੀਤ ਸਿੰਘ ਅਤੇ ਗੁਰਜੀਤ ਸਿੰਘ,ਨੀਰੂ ਕੌਰ,ਕ੍ਰਿਸ਼ਨ ਸਿੰਘ,ਗੁਰਬਾਣੀ ਸ਼ੁੱਧ ਉਚਾਰਨ ਵਿੱਚ ਸਤਨਾਮ ਸਿੰਘ,ਗੁਰਜੀਤ ਸਿੰਘ ਅਤੇ ਗੁਰਵਿੰਦਰ ਕੌਰ ਨੇ ਕ੍ਰਮਵਾਰ ਪਹਿਲਾ,ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਇਤਿਹਾਸ ਵਿਭਾਗ ਵੱਲੋਂ ਕਰਵਾਏ ਗਏ ਕੁਇਜ਼ ਮੁਕਾਬਲੇ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹੀਰੋਂ ਖੁਰਦ ਦੇ ਵਿਿਦਆਰਥੀਆਂ ਨੇ ਪਹਿਲਾ, ਫਫੜੇ ਭਾਈਕੇ ਦੇ ਵਿਿਦਆਰਥੀਆਂ ਨੇ ਦੂਜਾ ਅਤੇ ਦਾਤੇਵਾਸ ਦੇ ਵਿਿਦਆਰਥੀਆਂ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ਅੰਤਰ ਵਿਭਾਗੀ ਕਵਿਤਾ ਮੁਕਾਬਲੇ ਵਿਚ ਗਗਨਦੀਪ ਕੌਰ ਨੇ ਪਹਿਲਾ,ਨੀਰੂ ਕੌਰ ਨੇ ਦੂਜਾ ਅਤੇ ਕਮਲਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਲੇਖ ਲਿਖਣ ਮੁਕਾਬਲੇ ਵਿੱਚ ਗ੍ਰੈਜੂਏਸ਼ਨ ਪੱਧਰ ’ਤੇ ਦਵਿੰਦਰ ਕੌਰ ਨੇ ਪਹਿਲਾ, ਸਿਮਰਨਜੀਤ ਕੌਰ ਨੇ ਦੂਜਾ ਤੇ ਅਮਨਦੀਪ ਕੌਰ ਨੇ ਤੀਜਾ ਸਥਾਨ ਅਤੇ ਪੋਸਟ ਗ੍ਰੈਜੂਏਸ਼ਨ ਪੱਧਰ ਦੇ ਮੁਕਾਬਲਿਆਂ ’ਚ ਸੁਖਜੀਤ ਸਿੰਘ ਨੇ ਪਹਿਲਾ,ਕਰਨੈਲ ਸਿੰਘ ਨੇ ਦੂਜਾ ਅਤੇ ਗੁਰਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਚਿੱਤਰਕਾਰੀ ਮੁਕਾਬਲੇ ਵਿੱਚ ਨਵਪ੍ਰੀਤ ਸਿੰਘ ਨੇ ਪਹਿਲਾ,ਕਰਮਵੀਰ ਸਿੰਘ ਨੇ ਦੂਜਾ ਅਤੇ ਨੂਰਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ਅਤੇ ਗੱਤਕਾ ਮੁਕਾਬਲੇ ਕਰਵਾਏ ਗਏ।ਇਸ ਸਮਾਗਮ ਵਿੱਚ ਡਾ. ਨਿਸ਼ਾਨ ਸਿੰਘ ਹਲਕਾ ਇੰਚਾਰਜ ਬੁਢਲਾਡਾ,ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ ਮਾਨਸਾ,ਗੁਰਦੀਪ ਸਿੰਘ ਟੋਡਰਪੁਰ,ਜੋਗਾ ਸਿੰਘ ਬੋਹਾ, ਅਮਰਜੀਤ ਸਿੰਘ ਕੁਲਾਣਾ,ਹਰਮੇਲ ਸਿੰਘ ਕਲੀਪੁਰ,ਗੁਰਮੇਲ ਸਿੰਘ ਠੇਕੇਦਾਰ,ਕੁਲਵੰਤ ਸਿੰਘ ਪ੍ਰਧਾਨ ਮਾਤਾ ਗੁਜਰੀ ਭਲਾਈ ਕੇਂਦਰ,ਰੂਬਲ ਭੀਖੀ,ਦਰਸ਼ਨ ਸਿੰਘ ਮੰਡੇਰ,ਸ਼ਾਮ ਲਾਲ ਧਲੇਵਾਂ,ਰਮਨਦੀਪ ਸਿੰਘ ਗੁੜੱਦੀ,ਬਿੱਕਰ ਸਿੰਘ ਬੋੜਾਵਾਲ,ਤਨਜੋਤ ਸਿੰਘ ਸਾਹਨੀ ਸਮੁੱਚੇ ਇਲਾਕੇ ਦੇ ਪਤਵੰਤੇ ਅਤੇ ਸਮੁੱਚੀ ਯੂਥ ਲੀਡਰਸ਼ਿਪ ਹਾਜ਼ਰ ਰਹੀ।

Friday, September 6, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਪੰਜਾਬ ਰਾਜ ਨਿਪੁੰਨਤਾ ਖੋਜ ਇਮਤਿਹਾਨ ਪਾਸ ਕਰਨ ਵਾਲ਼ੇ ਬੱਚੇ ਕੀਤੇ ਸਨਮਾਨਿਤ

ਪੰਜਾਬ ਰਾਜ ਨਿਪੁੰਨਤਾ ਖੋਜ ਇਮਤਿਹਾਨ ਪਾਸ ਕਰਨ ਵਾਲ਼ੇ ਬੱਚੇ ਕੀਤੇ ਸਨਮਾਨਿਤ

ਵਜ਼ੀਫ਼ਾ ਇਮਤਿਹਾਨ ਭਵਿੱਖ ਦੇ ਮੁਕਾਬਲਾ ਇਮਤਿਹਾਨ ਦੀ ਬੁਨਿਆਦ ਤਿਆਰ ਕਰਦੇ ਹਨ : ਹੈੱਡਮਾਸਟਰ ਸੇਖੋਂ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਹਾਈ ਸਕੂਲ ਬੋੜਾਵਾਲ ਦੀ ਹੋਣਹਾਰ ਵਿਦਿਆਰਥਣ ਵੀਰਾਂ ਕੌਰ ਸਪੁੱਤਰੀ ਪਰਗਟ ਸਿੰਘ ਜਮਾਤ ਅੱਠਵੀਂ ਅਤੇ ਲਵਪਰੀਤ ਸਿੰਘ ਸਪੁੱਤਰ ਸਤਵੰਤ ਸਿੰਘ ਜਮਾਤ ਦਸਵੀਂ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਨੇ ਸਕੂਲ ਸਿੱਖਿਆ ਵਿਭਾਗ ਵੱਲੋਂ ਕਰਵਾਏ ਪੰਜਾਬ ਰਾਜ ਨਿਪੁੰਨਤਾ ਖੋਜ ਇਮਤਿਹਾਨ 2023-24 ਪਾਸ ਕਰਕੇ ਆਪਣੇ ਪਿੰਡ ਬੋੜਾਵਾਲ਼,ਸਕੂਲ,ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ ।ਵੀਰਾਂ ਕੌਰ ਨੇ ਮਾਨਸਾ ਜ਼ਿਲੵੇ ਵਿੱਚੋਂ ਦਸਵਾਂ ਸਥਾਨ ਹਾਸਲ ਕੀਤਾ ਹੈ ਅਤੇ ਲਵਪਰੀਤ ਸਿੰਘ ਨੇ ਜ਼ਿਲੵੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਕੇ ਨਾਮਣਾ ਖੱਟਿਆ ਹੈ।ਇਹਨਾਂ ਬੱਚਿਆਂ ਨੂੰ ਸਰਕਾਰੀ ਹਾਈ ਸਕੂਲ ਬੋੜਾਵਾਲ ਵਿਖੇ ਸਨਮਾਨਿਤ ਕੀਤਾ ਗਿਆ।ਸਕੂਲ ਡੀ.ਡੀ.ਓ. ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਬੱਚਿਆਂ ਤੇ ਮਾਪਿਆਂ ਨੂੰ ਵਧਾਈ ਦਿੱਤੀ।ਉਹਨਾਂ ਕਿਹਾ ਕਿ ਇਸ ਵਜ਼ੀਫ਼ਾ ਇਮਤਿਹਾਨ ਭਵਿੱਖ ਦੇ ਮੁਕਾਬਲਾ ਇਮਤਿਹਾਨਾਂ ਦੀ ਬੁਨਿਆਦ ਤਿਆਰ ਕਰਦੇ ਹਨ।ਇਸ ਨਤੀਜ਼ੇ ਨਾਲ਼ ਹੋਰ ਬੱਚਿਆਂ ਵਿੱਚ ਪੇ੍ਰਨਾ ਪੈਦਾ ਹੋਵੇਗੀ।ਉਹਨਾਂ ਬੱਚਿਆਂ ਤੇ ਅਧਿਆਪਕਾਂ ਨੂੰ ਹੋਰ ਤਨਦੇਹੀ ਨਾਲ਼ ਮਿਹਨਤ ਕਰਨ ਲਈ ਕਿਹਾ ਤਾਂ ਜੋ ਸਕੂਲ ਦਾ ਗੁਣਾਤਮਕ ਪੱਧਰ ਹੋਰ ਉਚੇਰਾ ਹੋਵੇ ਅਤੇ ਸੈਸ਼ਨ 2024-25 ਦੌਰਾਨ ਵਜ਼ੀਫ਼ਾ ਇਮਤਿਹਾਨ ਅਤੇ ਬੋਰਡ ਇਮਤਿਹਾਨ ਦੇ ਨਤੀਜ਼ੇ ਹੋਰ ਵਧੇਰੇ ਸ਼ਾਨਦਾਰ ਹੋਣ।ਉਹਨਾਂ ਵਜ਼ੀਫ਼ਾ ਇਮਤਿਹਾਨ ਦੀ ਤਿਆਰੀ ਲਈ ਵਾਧੂ ਸਮਾਂ ਕਲਾਸਾਂ ਲਗਾਉਣ ਵਾਲ਼ੇ ਸਕੂਲ ਇੰਚਾਰਜ ਹਰਮੀਤ ਕੌਰ ਅਤੇ ਸਕੂਲ ਸਮੇਂ ਦੌਰਾਨ ਪੜਾਉਣ ਵਾਲ਼ੇ ਸਬੰਧਿਤ ਵਿਸ਼ਾ ਅਧਿਆਪਕਾਂ ਨੂੰ ਮੁਬਾਰਕਬਾਦ ਦਿੱਤੀ।ਸਕੂਲ ਇੰਚਾਰਜ ਹਰਮੀਤ ਕੌਰ ਦੁਆਰਾ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਇਸ ਸੈਸ਼ਨ ਦੇ ਬੱਚਿਆਂ ਨੂੰ ਹੋਰ ਤਨਦੇਹੀ ਨਾਲ਼ ਪੜੵਨ ਲਈ ਪੇ੍ਰਿਤ ਕੀਤਾ।ਇਸ ਮੌਕੇ ਦਰਸ਼ਨ ਸਿੰਘ ਬਲਾਕ ਸੰਮਤੀ ਮੈਂਬਰ,ਚੇਅਰਮੈਨ ਧਨੱਤਰ ਵੈਦ,ਸਕੂਲ ਮੈਨੇਜਮੈਂਟ ਕਮੇਟੀ ਮੈਂਬਰ ਲੈਕਚਰਾਰ ਗੁਰਦਿਆਲ ਸਿੰਘ ਸੇਖੋਂ,ਸੇਵਕ ਸਿੰਘ,ਭੋਲਾ ਸਿੰਘ,ਪਰਗਟ ਸਿੰਘ,ਸਕੂਲ ਇੰਚਾਰਜ ਹਰਮੀਤ ਕੌਰ ਸੇਖੋਂ,ਅਧਿਆਪਕ ਮਨਪਰੀਤ ਸਿੰਘ,ਸੁਖਚੈਨ ਸਿੰਘ,ਨਿਤਿਨ ਕੁਮਾਰ,ਨੀਤੂ ਰਾਣੀ,ਸਿਮਰਨ,ਗੁਰਪਰੀਤ ਕੌਰ ਆਦਿ ਸਟਾਫ਼ ਮੈਂਬਰ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ ,ਚੀਮਾ ਮੰਡੀ : ਐਮ.ਐਲ.ਜੀ. ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਐਮ.ਐਲ.ਜੀ. ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਐਮ ਐਲ ਜੀ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ। ਸਕੂਲ ਦੇ ਬੱਚਿਆ ਨੇ ਅਧਿਆਪਕਾਂ ਨੂੰ ਗ੍ਰੀਟਿੰਗ ਕਾਰਡ ਦਿੱਤੇ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਦੱਸਿਆ ਕਿ  ਨੇ ਦੱਸਿਆ ਕਿ 5 ਸਤੰਬਰ ਨੂੰ ਸਰਵਪੱਲੀ ਡਾ. ਰਾਧਾ ਕ੍ਰਿਸ਼ਨਣ ਜੋ ਕਿ ਭਾਰਤ ਦੇ ਦੂਸਰੇ ਰਾਸ਼ਟਰਪਤੀ ਰਹੇ ਹਨ, ਉਹਨਾਂ  ਦੇ ਜਨਮ ਦਿਵਸ ਉੱਪਰ, ਉਹਨਾਂ ਨੂੰ ਸਨਮਾਨ ਦਿੰਦੇ ਹੋਏ ਪੂਰੇ ਦੇਸ਼ ਵਿੱਚ ਮਨਾਇਆ ਜਾਂਦਾ ਹੈ।ਬੱਚਿਆ ਵੱਲੋ ਅਸੈਂਬਲੀ ਵਿੱਚ ਅਧਿਆਪਕ ਦਿਵਸ ਉੱਪਰ ਭਾਸ਼ਣ ਦਿੱਤਾ ਅਤੇ ਉਸ ਉਪਰੰਤ ਬੱਚਿਆ ਨੂੰ ਸਰਟੀਫੀਕੇਟ ਦਿੱਤੇ ਗਏ।ਬੱਚਿਆ ਨੇ ਸਾਰੇ ਅਧਿਆਪਕਾਂ ਨੂੰ ਵਾਰੀ-ਵਾਰੀ ਮੰਚ 'ਤੇ ਸੱਦ ਕੇ ਉਨ੍ਹਾਂ ਨੂੰ ਤੋਹਫੇ ਭੇਟ ਕੀਤੇ ਤੇ ਵੱਖ-ਵੱਖ ਟੈਗ ਦਿੱਤੇ।ਸਾਰੇ ਅਧਿਆਪਕਾਂ ਨੇ ਪੋ੍ਗਰਾਮ ਦਾ ਖੂਬ ਆਨੰਦ ਮਾਣਿਆ। ਬਾਅਦ ਵਿੱਚ ਸਭ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।ਪ੍ਰਿੰਸੀਪਲ ਡਾ. ਸੂਦ ਨੇ ਦੱਸਿਆ ਕਿ  ਅਧਿਆਪਕ ਦਾ ਦਰਜਾ ਰੱਬ ਤੋਂ ਵੀ ਉੱਪਰ ਹੁੰਦਾ ਹੈ।ਪਹਿਲਾ ਅਧਿਆਪਕ ਮਾਂ ਹੁੰਦੀ ਹੈ ਅਤੇ ਜੀਵਣ ਵਿੱਚ ਵਿਅਕਤੀ ਅਤੇ ਪਰਮਾਤਮਾ ਤੋਂ ਬਣੀ ਹੋਈ ਹਰ ਚੀਜ ਤੋਂ ਜੀਵਣ ਭਰ ਸਿਖਣ ਲਈ ਮਿਲਦਾ ਹੈ।  ਸਿੱਖਿਆ ਅਤੇ  ਅਧਿਆਪਕ ਦਾ ਮਹੱਤਵ ਅਨਮੋਲ ਹੈ।ਅਧਿਆਪਕ ਬੱਚਿਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਚ ਵਡਮੁੱਲਾ ਯੋਗਦਾਨ ਪਾਉਂਦੇ ਹਨ।ਉਹਨਾਂ ਨੇ ਅਧਿਆਪਕਾਂ ਨੂੰ ਚੰਗੇ ਅਧਿਆਪਕ  ਦੇ ਗੁਣਾਂ ਅਤੇ ਫਰਜ ਬਾਰੇ ਦੱਸਿਆ।ਇਸ ਮੌਕੇ ਸਕੂਲ ਮੈਨੇਜਮੈਂਟ ਮੈਬਰ ਸੋਨੀਆ ਰਾਣੀ,ਮਧੂ ਰਾਣੀ,ਰਜਿੰਦਰ ਕੁਮਾਰ,ਹੈਪੀ ਕੁਮਾਰ, ਪ੍ਰਿੰਸੀਪਲ ਅਤੇ ਸਮੂਹ ਸਟਾਫ ਮੌਜੂਦ ਸਨ।