Friday, September 13, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਗੁਰਮਤਿ ਚੇਤਨਾ ਮਾਰਚ ਕੱਢਿਆ

ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਗੁਰਮਤਿ ਚੇਤਨਾ ਮਾਰਚ ਕੱਢਿਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ  : ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਆਦੇਸ਼ਾਂ ਅਨੁਸਾਰ ਚੱਲ ਰਹੇ ਲੜੀਵਾਰ ਸ਼ਤਾਬਦੀ ਸਮਾਗਮਾਂ ਤਹਿਤ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ-ਜੋਤਿ ਦਿਵਸ ਦੇ 450 ਸਾਲਾ ਅਤੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਨੂੰ ਸਮਰਪਿਤ ਗੁਰਮਤਿ ਚੇਤਨਾ ਮਾਰਚ ਕੱਢਿਆ ਗਿਆ।ਸੰਗਤੀ ਰੂਪ ਵਿਚ ਜਪੁਜੀ ਸਾਹਿਬ ਦੇ ਪਾਠ ਉਪਰੰਤ ਅਰਦਾਸ ਕਰਕੇ ਗੁਰੂ ਨਾਨਕ ਕਾਲਜ ਬੁਢਲਾਡਾ ਵਿੱਚੋਂ ਗੁਰਮਤਿ ਚੇਤਨਾ ਮਾਰਚ ਬਾਬਾ ਬੂਟਾ ਸਿੰਘ ਗੁੜਥੜੀ  ਸਾਬਕਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਗੁਰਪ੍ਰੀਤ ਸਿੰਘ ਝੱਬਰ ਮੈਂਬਰ ਅਤ੍ਰਿੰਗ ਕਮੇਟੀ, ਐਸ.ਡੀ.ਐਮ. ਬੁਢਲਾਡਾ ਗਗਨਦੀਪ ਸਿੰਘ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਅਗਲੇ ਪੜਾਵਾਂ ਲਈ ਰਵਾਨਾ ਹੋਇਆ।ਇਹ ਮਾਰਚ ਗੁਰੂ ਨਾਨਕ ਕਾਲਜ ਤੋਂ ਵੱਖ ਵੱਖ ਪਿੰਡਾਂ ਲਈ ਰਵਾਨਾ ਹੋਇਆ ਅਤੇ ਗੁਰਦੁਆਰਾ ਸਿੰਘ ਸਭਾ ਨਵੀਨ,ਬੁਢਲਾਡਾ,ਮਾਤਾ ਗੁਜਰੀ ਜੀ ਭਲਾਈ ਕੇਂਦਰ, ਗੁਰਦੁਆਰਾ ਸਿੰਘ ਸਭਾ ਇਲਾਕਾ ਬਾਰ੍ਹਾ,ਕਲੀਪੁਰ, ਕੁਲਾਣਾ,ਦਰੀਆਪੁਰ,ਦਾਤੇਵਾਸ,ਰੱਲੀ,ਬੱਛੋਆਣਾ ਤੋਂ ਹੁੰਦਾ ਹੋਇਆ ਵਾਪਿਸ ਆਪਣੇ ਪੜਾਅ 'ਤੇ ਪਹੁੰਚਿਆ। ਪਿੰਡਾਂ ਦੀਆਂ ਸੰਗਤਾਂ ਨੇ ਉਤਸ਼ਾਹ ਅਤੇ ਸੇਵਾ ਭਾਵਨਾ ਨਾਲ ਸੰਗਤਾਂ ਦਾ ਸੁਆਗਤ ਕੀਤਾ।ਸਰੀਰਿਕ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਢਾਡੀਆਂ, ਕਵੀਸਰਾਂ,ਪ੍ਰਚਾਰਕਾਂ ਨੇ ਗੁਰ ਇਤਿਹਾਸ ਨੂੰ ਸਰਵਣ ਕਰਵਾਇਆ।ਬਾਬਾ ਬੂਟਾ ਸਿੰਘ ਗੁੜਥੜੀ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸਾਂ ਅਨੁਸਾਰ ਡਾਇਰੈਕਟੋਰੇਟ ਆਫ਼ ਐਜੂਕੇਸ਼ਨ ਵੱਲੋਂ ਅੱਜ ਵਿਦਿਅਕ ਅਦਾਰਿਆਂ ਵਿਚ ਗੁਰਮਤਿ ਚੇਤਨਾ ਮਾਰਚ ਕੱਢੇ ਗਏ ਹਨ। ਇਲਾਕੇ ਦੀ ਨਾਮਵਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦਾ ਸਮੁੱਚਾ ਸਟਾਫ ਅਤੇ 500 ਤੋਂ ਵੱਧ ਵਿਦਿਆਰਥੀ ਇਸ ਵਿਚ ਸ਼ਾਮਿਲ ਹੋਏ ਹਨ।ਉਨ੍ਹਾਂ ਵੱਖ-ਵੱਖ ਪਿੰਡਾਂ ਵਿਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ  ਇਸ ਦਾ ਮੁੱਖ ਉਦੇਸ਼ ਨਵੀਂ ਪੀੜ੍ਹੀ ਨੂੰ ਗੁਰੂ ਦੇ ਦੱਸੇ ਰਸਤੇ ਉੱਪਰ ਤੋਰਨਾ ਹੈ।ਗੁਰਪ੍ਰੀਤ ਸਿੰਘ ਝੱਬਰ ਨੇ ਕਿਹਾ ਕਿ ਗੁਰੂ ਸਾਹਿਬ ਦੇ ਜੀਵਨ ਤੋਂ ਸੇਧ ਲੈਂਦੇ ਹੋਏ ਸਾਨੂੰ ਸੇਵਾ ਅਤੇ ਸਿੱਖੀ ਸਿਧਾਂਤਾਂ ਤੇ ਚੱਲਣ ਦਾ ਦ੍ਰਿੜ ਸੰਕਲਪ ਕਰਨਾ ਚਾਹੀਦਾ ਹੈ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਦੱਸਿਆ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਇੰਜੀ. ਸੁਖਮਿੰਦਰ ਸਿੰਘ ਸਕੱਤਰ ਵਿਦਿਆ ਦੇ ਆਦੇਸ਼ਾਂ ਅਨੁਸਾਰ ਚੱਲ ਰਹੇ ਇਸ ਗੁਰਮਤਿ ਚੇਤਨਾ ਮਾਰਚ ਦਾ ਉਦੇਸ਼ ਵਿਦਿਆਰਥੀਆਂ ਨੂੰ ਗੁਰਮਤਿ ਅਤੇ ਸਿੱਖ ਇਤਿਹਾਸ ਦੇ ਸੁਨਹਿਰੀ ਸਮਿਆਂ ਤੋਂ ਜਾਣੂ ਕਰਵਾਉਣਾ ਹੈ ਅਤੇ ਲੋਕਾਈ ਨੂੰ ਸ਼ਤਾਬਦੀ ਸਮਾਗਮਾਂ ਰਾਹੀਂ ਸਿੱਖ ਇਤਿਹਾਸ ਪ੍ਰਤੀ ਜਾਗਰੂਕ ਕਰਨਾ ਹੈ।ਗੁਰਮਤਿ ਚੇਤਨਾ ਮਾਰਚ ਵਿੱਚ ਇਤਿਹਾਸ ਵਿਭਾਗ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਝਾਕੀ, ਲਾਇਬ੍ਰੇਰੀ ਸਾਇੰਸ ਅਤੇ ਧਰਮ ਅਧਿਐਨ ਵਿਭਾਗ ਵੱਲੋਂ ਸਿੱਖ ਇਤਿਹਾਸ ਨਾਲ ਸਬੰਧਤ ਸਾਹਿਤ ਵੰਡਿਆ ਗਿਆ ਅਤੇ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਗਿਆ।ਇਸ ਮੌਕੇ ਪਿੰਡਾਂ ਦੇ ਪੰਚ, ਸਰਪੰਚ, ਸ਼੍ਰੋਮਣੀ ਅਕਾਲੀ ਦਲ ਅਤੇ ਵੱਖ ਵੱਖ ਪਾਰਟੀਆਂ ਦੇ ਆਗੂ, ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ, ਪਿੰਡ ਵਾਸੀਆਂ ਵੱਲੋਂ ਥਾਂ ਥਾਂ ਲੰਗਰ ਲਗਾ ਕੇ ਗੁਰਮਤਿ ਚੇਤਨਾ ਮਾਰਚ ਦਾ ਸੁਆਗਤ ਕੀਤਾ ਗਿਆ। ਇਸ ਗੁਰਮਤਿ ਚੇਤਨਾ ਮਾਰਚ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਨਿਸ਼ਾਨਚੀ ਸਿੰਘ,ਭਾਈ ਭੋਲਾ ਸਿੰਘ,ਇੰਚਾਰਜ ਧਰਮ ਪ੍ਰਚਾਰਕ ਕਮੇਟੀ ਦਮਦਮਾ ਸਾਹਿਬ,ਭਾਈ ਹਰਵਿੰਦਰ ਸਿੰਘ ਬੱਗਾ ਢਾਡੀ ਜਥਾ,ਭਾਈ ਗੁਰਮੀਤ ਸਿੰਘ ਅਤੇ ਭਾਈ ਅਮਰਦੀਪ ਸਿੰਘ ਗੁਰਮਤਿ ਪ੍ਰਚਾਰਕ ਦਮਦਮਾ ਸਾਹਿਬ, ਸੁਰਿੰਦਰ ਸਿੰਘ ਮੀਤ ਮੈਨੇਜਰ ਅਤੇ ਬੁੱਧ ਸਿੰਘ ਬਹਾਦਰਪੁਰ ਸ਼ਾਮਲ ਸਨ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜ੍ਹਿੰਗ ਦਾ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵੱਲੋਂ ਸਨਮਾਨ

ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜ੍ਹਿੰਗ ਦਾ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵੱਲੋਂ ਸਨਮਾਨ 

ਦਰਸ਼ਨ ਸਿੰਘ ਚੌਹਾਨ, ਸੁਨਾਮ : ਬਲਾਕ ਕਾਂਗਰਸ ਕਮੇਟੀ ਸੁਨਾਮ ਦੇ ਪ੍ਰਧਾਨ ਅਤੇ ਕੌਂਸਲਰ ਮਨਪ੍ਰੀਤ ਸਿੰਘ ਮਨੀ ਵੜ੍ਹੈਚ ਦੇ ਘਰ ਪਹੁੰਚੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਦਾ ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਵੱਲੋਂ ਸੇਵਾ ਮੁਕਤ ਐਸਪੀ ਪ੍ਰਧਾਨ ਰੁਪਿੰਦਰ ਭਾਰਦਵਾਜ,ਸੈਕਟਰੀ ਮਾਸਟਰ ਭੂਸ਼ਣ ਸ਼ਰਮਾ,ਕੈਸ਼ੀਅਰ ਡਾਕਟਰ ਸੋਮਨਾਥ ਸ਼ਰਮਾ ਸਮੇਤ ਹੋਰ ਮੈਂਬਰਾਂ ਵੱਲੋਂ ਸਨਮਾਨ ਕੀਤਾ ਗਿਆ।ਸ਼੍ਰੀ ਪ੍ਰਗਤੀਸ਼ੀਲ ਬ੍ਰਾਹਮਣ ਸਭਾ ਸੁਨਾਮ ਦੇ ਪ੍ਰਧਾਨ ਰੁਪਿੰਦਰ ਭਾਰਦਵਾਜ ਨੇ ਦੱਸਿਆ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੂੰ ਬ੍ਰਾਹਮਣ ਸਮਾਜ ਦੇ ਇਤਿਹਾਸ ਅਤੇ ਬ੍ਰਾਹਮਣਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਬਾਰੇ ਜਾਣੂੰ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਸਮੇਂ ਬ੍ਰਾਹਮਣ ਭਲਾਈ ਬੋਰਡ ਬਣਾਇਆ ਗਿਆ ਸੀ ਜਿਸ ਦੇ ਚੇਅਰਮੈਨ ਅਤੇ ਮੈਂਬਰ ਨਾਮਜ਼ਦ ਕਰਕੇ ਬ੍ਰਾਹਮਣ ਸਮਾਜ ਨੂੰ ਸਤਿਕਾਰ ਦਿੱਤਾ ਗਿਆ ਸੀ ਲੇਕਿਨ ਮੌਜੂਦਾ ਸਰਕਾਰ ਨੇ ਬ੍ਰਾਹਮਣ ਭਲਾਈ ਬੋਰਡ ਦੀ ਸਾਰ ਨਹੀਂ ਲਈ ਭਾਵੇਂ ਕਿ ਇਸ ਸਰਕਾਰ ਨੂੰ ਕਈ ਵਾਰ ਇਸ ਬਾਰੇ ਜਾਣੂੰ ਕਰਵਾਇਆ ਗਿਆ । ਇਸ ਮੌਕੇ ਭੇਖ ਖੱਟ ਦਰਸ਼ਨ ਸਾਧੂ ਸਮਾਜ ਪੰਜਾਬ ਦੇ ਪ੍ਰਧਾਨ  ਕਾਹਨ ਦਾਸ ਬਾਵਾ ਨੇ ਸਾਧੂ ਸਮਾਜ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਜਾਣੂੰ ਕਰਵਾਇਆ।  ਲੋਕ ਸਭਾ ਮੈਂਬਰ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜ੍ਹਿੰਗ ਨੇ ਕਿਹਾ ਕਿ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਆਉਣ ਤੇ ਬ੍ਰਾਹਮਣ ਸਮਾਜ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ, ਨਰੇਸ਼ ਸ਼ਰਮਾ, ਪ੍ਰਮੋਦ ਅਵਸਥੀ, ਮਹਿਲਾ ਕਾਂਗਰਸ ਦੀਆਂ ਆਗੂ ਸ਼ਸ਼ੀ ਅਗਰਵਾਲ ਅਤੇ ਕਰਮਜੀਤ ਕੌਰ ਮਾਡਲ ਟਾਊਨ ਆਦਿ ਹਾਜ਼ਰ ਸਨ।

Thursday, September 12, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਇਕ ਬੂਟਾ ਮਾਂ ਦੇ ਨਾਂ ਲਗਾ,ਵੱਡਾ ਹੋਣ ਤੱਕ ਕਰੋ ਸਾਂਭ ਸੰਭਾਲ - ਹਰਦਿਆਲ ਸਿੰਘ

ਇਕ ਬੂਟਾ ਮਾਂ ਦੇ ਨਾਂ ਲਗਾ,ਵੱਡਾ ਹੋਣ ਤੱਕ ਕਰੋ ਸਾਂਭ ਸੰਭਾਲ : ਹਰਦਿਆਲ ਸਿੰਘ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਂ ਦਿਵਸ ਮੌਕੇ ਪਿੰਡ ਚੱਕ ਭਾਈਕੇ ਨਰਸਰੀ ਵਿਚ ਇਕ ਪੌਦਾ ਮਾਂ ਦੇ ਨਾਮ ਮੁਹਿੰਮ ਤਹਿਤ ਬਲਾਕ ਵਣ ਰੇਂਜ ਅਫਸਰ ਹਰਦਿਆਲ ਸਿੰਘ ਵੱਲੋਂ ਲਗਾਇਆ ਗਿਆ। ਉਨ੍ਹਾਂ ਕਿਹਾ ਕਿ ਸਾਨੂੰ ਇੱਕ ਪੌਦਾ ਆਪਣੀ ਮਾਂ ਦੇ ਨਾਮ ਤੇ ਲਗਾ ਕੇ ਇਸ ਦੀ ਪੂਰੀ ਸਾਂਭ ਸੰਭਾਲ ਕਰਨੀ ਹੈ ਜਦੋਂ ਤੱਕ ਇਹ ਇੱਕ ਦਰੱਖਤ ਦਾ ਰੂਪ ਧਾਰਨ ਨਹੀਂ ਕਰ ਲੈਂਦਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਵਾਤਾਵਰਣ ਦੀ ਸੁਰੱਖਿਆ ਅਤੇ ਆਉਣ ਵਾਲੀ ਪੀੜ੍ਹੀ ਨੂੰ ਚੰਗਾ ਵਾਤਾਵਰਣ ਦੇਣ ਲਈ ਹਰਿਆਲੀ ਵੱਲ ਧਿਆਨ ਦਿੰਦਿਆਂ ਹਰ ਸਾਲ ਪੌਦੇ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਣੀ ਚਾਹੀਦੀ ਹੈ ਤਾਂ ਜੋ ਸਾਨੂੰ ਆਕਸੀਜਨ ਦੀ ਕਮੀ ਨਾ ਆ ਸਕੇ। ਮਨੁੱਖ ਨੇ ਆਪਣੇ ਸਵਾਰਥ ਲਈ ਦਰੱਖਤਾਂ ਨੂੰ ਕੱਟ ਕੇ ਵਧੇਰੇ ਤਰੱਕੀ ਕਰ ਲਈ, ਜਿਸ ਕਾਰਨ ਅੱਜ ਤਾਪਮਾਨ ਵੱਧ ਚੁੱਕਾ ਹੈ ਅਤੇ ਕੁਦਰਤੀ ਆਫਤਾਂ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਪ੍ਰਣ ਲੈਂਦਿਆਂ ਕਿਹਾ ਕਿ ਆਓ ਅਸੀਂ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਵੱਧ ਤੋਂ ਵੱਧ ਪੌਦੇ ਲਗਾਈਏ। ਉਨ੍ਹਾਂ ਨੇ ਵਾਤਾਵਰਨ ਦੀ ਸ਼ੁੱਧਤਾ ਅਤੇ ਕੁਦਰਤੀ ਸੋਮਿਆਂ ਨੂੰ ਬਚਾਉਣ ਲਈ ਪਤਵੰਤਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਤੇ ਸਮੇਂ ਸਮੇਂ ਤੇ ਉਹਨਾਂ ਦੀ ਸਾਂਭ ਸੰਭਾਲ ਨੂੰ ਯਕੀਨੀ ਬਣਾਉਣ ਲਈ ਬਹੁਤ ਡੂੰਘਾਈ ਵਿੱਚ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਰਾਜਿੰਦਰ ਸਿੰਘ ਗੁਰਨੇ ਕਲਾਂ ਉੱਘੇ ਸਮਾਜ ਸੇਵੀ ਵੱਲੋਂ ਵੀ ਪੌਦੇ ਲਗਾਏ ਗਏ ਤੇ ਸਾਂਭ ਸੰਭਾਲ ਲਈ ਵਚਨਬੱਧਤਾ ਪ੍ਰਗਟਾਈ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਸ‌.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਅਧਿਆਪਕ ਦਿਵਸ ਮਨਾਇਆ

ਐਸ‌.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਅਧਿਆਪਕ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਐਸ‌.ਏ.ਐਸ. ਇੰਟਰਨੈਸ਼ਨਲ ਸਕੂਲ ਚੀਮਾ ਵਿਖੇ ਅਧਿਆਪਕ ਦਿਵਸ ਮਨਾਇਆ ਗਿਆ।ਅਧਿਆਪਕ ਦਿਵਸ ਨੂੰ ਅਧਿਆਪਕ ਵਿਦਿਆਰਥੀ ਦਿਵਸ ਦੇ ਤੋਰ 'ਤੇ ਮਨਾਉਦੇ ਹੋਏ ਅਧਿਆਪਕਾ ਦੇ ਨਾਲ-ਨਾਲ ਉਹਨਾ ਵਿਦਿਆਰਥੀਆ ਨੂੰ ਸਨਮਾਨਿਤ ਕੀਤਾ ਗਿਆ ਜਿਹਨਾ ਨੇ ਇਸ ਸੈਸ਼ਨ ਦੋਰਾਨ ਹੋਈ 10ਵੀਂ ਤੇ 12ਵੀਂ ਦੀ ਸੀ.ਬੀ.ਐਸ.ਈ. ਬੋਰਡ ਦੀ ਪ੍ਰੀਖਿਆ ਵਿੱਚ ਅਵਲ ਰਹਿ ਕੇ ਵਧੀਆ ਅੰਕ ਪ੍ਰਪਤ ਕੀਤੇ।ਸਕੂਲ ਦੇ ਵਾਈਸ ਪ੍ਰਿੰਸੀਪਲ ਬਲਵਿੰਦਰ ਸਿੰਘ ਨੇ ਡਾ. ਰਾਧਾ ਕ੍ਰਿਸ਼ਨਨ ਜੀ ਦੇ ਜੀਵਨ 'ਤੇ ਚਾਨਣਾ ਪਾਉਦੇ ਹੋਏ ਕਿਹਾ ਕਿ ਅਧਿਆਪਕ ਵਿਦਿਆਰਥੀਆਂ ਨੂੰ ਇੱਕ ਚੰਗਾ ਰੋਲ ਮਾਡਲ ਬਣਨ ਲਈ ਪ੍ਰੇਰਿਤ ਕਰਦੇ ਹਨ ਅਤੇ ਉਹਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰਦੇ ਹਨ।ਇੱਕ ਚੰਗੇ ਅਧਿਆਪਕ ਨੂੰ ਆਪਣੇ ਵਿਸ਼ੇ ਵਿੱਚ ਮਾਹਿਰ ਹੋਣਾ ਚਾਹੀਦਾ  ਹੈ ਤੇ ਵਿਦਿਆਰਥੀਆਂ ਦੀ ਸਮੇਂ ਸਿਰ ਅਗਵਾਈ ਕਰਨੀ ਚਾਹੀਦੀ ਹੈ।ਅਧਿਆਪਕਾ ਦੇ ਵਿਚਕਾਰ ਮਨੋਰੰਜਨ ਲਈ ਫਨੀ ਗੇਮਸ ਅਤੇ ਕਲਚਰਲ ਗਤੀਵਿਧੀਆਂ ਕਰਵਾਈਆਂ ਗਈਆਂ।ਪ੍ਰਿੰਸੀਪਲ ਵਿਕਰਮ ਸ਼ਰਮਾ ਵਲੋ ਸੰਸਥਾ ਦੇ 25 ਸਾਲ ਪੂਰੇ ਹੋਣ ਤੇ ਸੰਸਥਾ ਨੂੰ ਬੁਲੰਦੀਆ 'ਤੇ ਲੈ ਕੇ ਜਾਣ ਲਈ ਅਧਿਆਪਕਾ ਵਲੋ ਦਿੱਤੇ ਸਹਿਯੋਗ ਦੀ ਚਰਚਾ ਕਰਦੇ ਹੋਏ ਕਿਹਾ ਕਿ ਕੋਈ ਵੀ ਸੰਸਥਾ ਬਿਨਾ ਅਧਿਅਪਕਾ ਦੇ ਸਹਿਯੋਗ ਤੋਂ ਤਰੱਕੀ ਨਹੀ ਕਰ ਸਕਦੀ ।  ਅੱਜ ਸੰਸਥਾ 'ਚੋ ਪੜੇ ਵਿਦਿਆਰਥੀ ਕਈ ਸਰਕਾਰੀ ਅਹੁਦਿਆ ਅਤੇ ਵਿਦੇਸ਼ਾ ਵਿੱਚ ਨਾਮਣਾ ਖੱਟ ਰਹੇ ਹਨ,ਜੋ ਸਭ ਅਧਿਆਪਕਾ ਦੀ ਸਖਤ ਮਿਹਨਤ ਦਾ ਨਤੀਜਾ ਹੈ।ਅੰਤ ਵਿੱਚ ਸਕੂਲ ਮੈਨੇਜਮੈਂਟ ਵਲੋਂ ਅਧਿਆਪਕਾਂ ਨੂੰ ਉਨ੍ਹਾਂ ਦੇ  ਦਿੱਤੇ ਵਡਮੁੱਲੇ ਯੋਗਦਾਨ ਲਈ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੋਕੇ ਵਿਭਾਗ ਮੁਖੀ ਜਸਪ੍ਰੀਤ  ਕੌਰ ,ਹਰਭਵਨ ਕੌਰ,ਮੈਨੇਜਰ ਸ਼ਿਵ ਕੁਮਾਰ,ਸ਼ਸ਼ੀ ਕਾਂਤ ਮਿੱਤਲ,ਸੰਜੀਤ  ਕੌਰ ,ਮਨਜੀਤ ਕੌਰ,ਬੁਟਾ ਸਿੰਘ,ਰਾਜ ਸਿੰਘ,ਅਨੀਤਾ ਆਦਿ ਸਕੂਲ ਸਟਾਫ ਹਾਜਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਨੇਕੀ ਫਾਉਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਇਆ ਦਿਵਿਆਂਗ ਅਤੇ ਬਜ਼ੁਰਗਾਂ ਲਈ ਅਸੈੱਸਮੈਂਟ ਕੈਂਪ

ਨੇਕੀ ਫਾਉਂਡੇਸ਼ਨ ਨੇ ਜ਼ਿਲ੍ਹਾ ਪ੍ਰਸ਼ਾਸਨ ਦੀ ਮਦਦ ਨਾਲ ਲਗਾਇਆ ਦਿਵਿਆਂਗ ਅਤੇ ਬਜ਼ੁਰਗਾਂ ਲਈ ਅਸੈੱਸਮੈਂਟ ਕੈਂਪ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ :  ਜ਼ਿਲ੍ਹੇ ਦੀ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਬੁਢਲਾਡਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ, ਸਮਾਜਿਕ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਮਾਨਸਾ ਦੇ ਸਹਿਯੋਗ ਨਾਲ ਅਲਿਮਕੋ ਮੋਹਾਲੀ ਦਾ ਐਡਿਪ ਅਤੇ ਆਰ ਵੀ ਬਾਈ ਯੋਜਨਾ ਦੇ ਅਧੀਨ ਦਿਵਿਆਂਗਜਨਾਂ ਅਤੇ ਬਜ਼ੁਰਗਾਂ ਨੂੰ ਮੁਫ਼ਤ ਸਹਾਇਕ ਉਪਕਰਨ ਵੰਡ ਲਈ ਅਸੈੱਸਮੈਂਟ  ਕੈਂਪ   ਨੇਕੀ ਆਸ਼ਰਮ ਬੁਢਲਾਡਾ ਵਿਖੇ ਲਗਾਇਆ ਗਿਆ ਜਿੱਥੇ 140 ਤੋਂ ਵੱਧ ਦਿਵਿਅੰਗ ਲੋਕ ਸਹਾਇਤਾ ਲਈ ਪਹੁੰਚੇ। ਇਸ ਦੌਰਾਨ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਅਤੇ ਐਸਡੀਐਮ ਬੁਢਲਾਡਾ ਗਗਨਦੀਪ ਸਿੰਘ  ਕੈਂਪ  ਦਾ ਜਾਇਜ਼ਾ ਲੈਣ ਉਚੇਚੇ ਤੌਰ 'ਤੇ ਪਹੁੰਚੇ। ਅਲਿਮਕੋ ਟੀਮ ਦੇ ਡਾ. ਕੁਸਮ ਦੇਵੀ ਅਤੇ ਡਾ. ਅਨਿਲ ਕੁਮਾਰ ਨੇ ਦੱਸਿਆ ਕਿ ਸਾਰੇ ਲਾਭਪਾਤਰੀਆਂ ਦੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਨਾਲ ਨਾਲ ਨਕਲੀ ਅੰਗਾਂ ਲਈ ਮਾਪ ਅਤੇ ਸਰੀਰਕ ਜਾਂਚ ਕੀਤੀ ਗਈ ਹੈ ਅਤੇ ਯੋਗ ਵਿਅਕਤੀਆ ਨੂੰ ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਸਮਾਨ ਲਈ ਆਨਲਾਈਨ ਫਾਰਮ ਭਰੇ ਗਏ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੈਡਮ ਲਵਲੀਨ ਕੌਰ ਨੇ ਕਿਹਾ ਕਿ ਨੇਕੀ ਫਾਉਂਡੇਸ਼ਨ ਵੱਲੋਂ ਰਜਿਸਟਰੇਸ਼ਨ ਤੋਂ ਲੈਕੇ ਲੰਗਰ ਪਾਣੀ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਜਿਸ ਸਦਕਾ ਕਿਸੇ ਵੀ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਨੇਕੀ ਟੀਮ ਨੇ ਦੱਸਿਆ ਕਿ ਕੁਝ ਦਿਨਾਂ ਬਾਅਦ ਸਾਰੇ ਲਾਭਪਾਤਰੀਆਂ ਨੂੰ ਮੁਫ਼ਤ ਮੋਟਰ ਟਰਾਈ ਸਾਈਕਲ, ਟਰਾਈ ਸਾਈਕਲ, ਵ੍ਹੀਲ ਚੇਅਰ, ਸਮਾਰਟ ਫ਼ੋਨ ਕੰਨਾਂ ਦੀਆਂ ਮਸ਼ੀਨਾਂ, ਨਕਲੀ ਅੰਗ, ਕੈਲੀਪਰ ਅਤੇ ਹੋਰ ਉਪਕਰਨ ਵੰਡੇ ਜਾਣਗੇ। ਉਹਨਾਂ ਦੱਸਿਆ ਕਿ ਸੰਸਥਾ ਦਾ ਅਗਲਾ  ਕੈਂਪ  14 ਸਤੰਬਰ ਨੂੰ ਸਰਦੂਲਗੜ੍ਹ ਸਰੋਵਰ ਸਾਹਿਬ ਗੁਰਦੁਆਰਾ ਵਿੱਚ ਹੈ।



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਵਿਖੇ ਅੰਤਰ ਰਾਸ਼ਟਰੀ ਸਾਖਰਤਾ ਦਿਵਸ ਮਨਾਇਆ

ਮਾਡਰਨ ਕਾਲਜ ਬੀਰ ਕਲਾਂ ਵਿਖੇ ਅੰਤਰ ਰਾਸ਼ਟਰੀ ਸਾਖਰਤਾ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਕਾਲਜ ਬੀਰ ਕਲਾਂ ਵਿਖੇ ਅੰਤਰ ਰਾਸ਼ਟਰੀ ਸਾਖਰਤਾ ਦਿਵਸ ਮਨਾਇਆ।ਇਸ ਮੌਕੇ ਵਿਦਿਆਰਥੀਆਂ ਦੇ ਭਾਸ਼ਣ ਅਤੇ ਰੰਗੋਲੀ ਬਣਾਉਣ ਦੇ ਮੁਕਾਬਲੇ ਕਰਵਾਏ।ਅਧਿਆਪਿਕਾ ਹਰਦੀਪ ਕੌਰ ਨੇ ਦੱਸਿਆ ਕਿ ਰੰਗੋਲੀ ਮੁਕਾਬਲਿਆਂ 'ਚੋਂ ਹਰਮਨਦੀਪ ਕੌਰ,ਗਗਨਦੀਪ ਕੌਰ,ਅਮਨਦੀਪ ਕੌਰ,ਦੀਕਸ਼ਾ ਅਤੇ ਸਿਮਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।ਰਮਨਦੀਪ ਕੌਰ,ਸਰਬਜੀਤ ਕੌਰ ਅਤੇ ਧਰਮਪ੍ਰੀਤ ਸਿੰਘ ਨੇ ਦੂਸਰਾ ਸਥਾਨ ਹਾਸਿਲ ਕੀਤਾ।ਪ੍ਰਦੀਪ ਸਿੰਘ,ਹਰਵਿੰਦਰ ਸਿੰਘ,ਨਵਜੋਤ ਕੌਰ ਅਤੇ ਮਨਪ੍ਰੀਤ ਕੌਰ ਨੇ ਤੀਸਰਾ ਸਥਾਨ  ਹਾਸਲ ਕੀਤਾ।ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਚੇਅਰਮੈਨ ਡਾ. ਰਵਿੰਦਰ ਬਾਂਸਲ ਅਤੇ ਪ੍ਰਿੰਸੀਪਲ ਡਾ. ਵੀ.ਕੇ. ਰਾਏ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ।ਇਸ ਮੌਕੇ ਰਜਿੰਦਰ ਕੌਰ ਡਾ. ਨਵਜੋਤ ਕੌਰ, ਅਮਨਦੀਪ ਕੌਰ ,ਵੀਰਪਾਲ ਕੌਰ, ਚਰਨਜੀਤ ਕੌਰ,ਗੁਰਸੇਵਕ ਸਿੰਘ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸੂਬਾ ਸਰਕਾਰ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਨੂੰ ਤੁਰੰਤ ਅਮਲ ਵਿੱਚ ਲਿਆਵੇ : ਮੱਖਣ ਬੀਰ

ਸੂਬਾ ਸਰਕਾਰ ਮਾਨਯੋਗ ਹਾਈਕੋਰਟ ਦੇ ਆਦੇਸ਼ਾਂ ਨੂੰ ਤੁਰੰਤ ਅਮਲ ਵਿੱਚ ਲਿਆਵੇ : ਮੱਖਣ ਬੀਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਆਦਰਸ਼ ਸਕੂਲ ਮੁਲਾਜ਼ਮ ਯੂਨੀਅਨ ਪੰਜਾਬ ( ਪੀਪੀਪੀ ਤਰਜ਼) ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ,ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਗਲੋਟੀ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲਗਪਗ ਪਿਛਲੇ ਅੱਠ ਸਾਲਾਂ ਤੋਂ ਚੱਲਦੇ ਆਦਰਸ਼ ਸਕੂਲਾਂ ਦੇ ਕੇਸ ਵਿੱਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ 2 ਸਤੰਬਰ ਨੂੰ ਫੈਸਲਾ ਦਿੰਦੇ ਹੋਏ ਕਿਹਾ ਹੈ ਕਿ ਸੂਬੇ ਦੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਗਰੇਡ ਪੇਅ ਮੁਤਾਬਕ ਤਨਖਾਹਾਂ ਜਾਰੀ ਕਰਨ, ਅਤੇ ਸਕੂਲਾਂ ਨੂੰ ਸਟੇਟ ਅਧੀਨ ਲੈਕੇ ਚਲਾਉਣ ਦੇ ਜਾਰੀ ਕੀਤੇ ਹੁਕਮਾਂ ਨੂੰ ਤੁਰੰਤ ਅਮਲ ਵਿੱਚ ਲੈ ਕੇ ਆਵੇ।ਉਕਤ ਪ੍ਰਮੁੱਖ ਮੰਗਾਂ ਨੂੰ ਲੈਕੇ ਯੂਨੀਅਨ ਸਰਕਾਰ ਨਾਲ ਦਰਜਨਾਂ ਮੀਟਿੰਗਾਂ ਵੀ ਕਰ ਚੁੱਕੀ ਹੈ।ਪਰ ਮੰਗਾਂ ਅਜੇ ਪੂਰੀਆਂ ਨਹੀਂ ਹੋਈਆਂ ਹਨ। ਸ੍ਰੀ ਬੀਰ ਨੇ ਕਿਹਾ ਹੈ ਕਿ ਹੁਣ ਤਾਂ ਮਾਨਯੋਗ ਅਦਾਲਤ ਨੇ ਵੀ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੇ ਹੱਕ ਵਿੱਚ ਫੈਸਲਾ ਕਰਕੇ ਨਿਆਂ ਕੀਤਾ ਹੈ।ਜਿਸ ਨੂੰ ਸਰਕਾਰ ਵੱਲੋਂ ਤੁਰੰਤ ਲਾਗੂ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਹੈ ਕਿ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਿੱਖਿਆ ਵਿਕਾਸ ਬੋਰਡ ਕਮੇਟੀ ਨਾਲ ਮੀਟਿੰਗ ਤੈਅ ਕਰਕੇ ਕਈ ਵਾਰ ਮੁਲਤਵੀ ਕਰ ਚੁੱਕੇ ਹਨ।ਜਿਸ ਵਿੱਚ ਆਦਰਸ਼ ਸਕੂਲਾਂ ਦੀਆਂ ਮੰਗਾਂ ਪੂਰੀਆਂ ਹੋਣ ਤੇ ਮੋਹਰ ਲੱਗਣੀ ਹੈ। ਮੀਟਿੰਗ ਦੇ ਲਗਾਤਾਰ ਮੁਲਤਵੀ ਹੋਣ ਕਾਰਨ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਦੇ ਮਨਾਂ ਵਿੱਚ ਭਾਰੀ ਨਿਰਾਸ਼ਤਾ ਪਾਈ ਜਾ ਰਹੀ ਹੈ। ਉਨ੍ਹਾਂ ਕਿਹਾ ਹੈ ਕਿ ਹੁਣ ਪੰਜਾਬ ਸਰਕਾਰ ਨੂੰ ਮਾਨਯੋਗ ਹਾਈਕੋਰਟ ਦੇ ਫੈਸਲੇ ਨੂੰ ਤੁਰੰਤ ਲਾਗੂ ਕਰਕੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਗਰੇਡ ਪੇਅ ਮੁਤਾਬਕ ਤਨਖਾਹਾਂ ਅਤੇ ਸਕੂਲਾਂ ਨੂੰ ਸਰਕਾਰ ਆਪਣੇ ਅਧੀਨ ਲੈਕੇ ਸੁਹਿਰਦਤਾ ਨਾਲ ਚਲਾਉਣ ਦਾ ਕਦਮ ਚੁੱਕੇ। ਉਨ੍ਹਾਂ ਕਿਹਾ ਕਿ ਸਮੁੱਚੇ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੇ ਮਾਨਯੋਗ ਹਾਈਕੋਰਟ ਦੇ ਫੈਸਲੇ ਦਾ ਭਰਵਾਂ ਸਵਾਗਤ ਕੀਤਾ ਹੈ।ਜਿਸ ਕਰਕੇ ਲੰਬੇ ਸਮੇਂ ਤੋਂ ਸ਼ੋਸ਼ਣ ਦਾ ਸ਼ਿਕਾਰ ਕਰਮੀਆਂ ਨੂੰ ਮੰਗਾਂ ਪੂਰੀਆਂ ਹੋਣ ਪੂਰੀ ਆਸ ਬੱਝੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਫੈਸਲੇ ਨੂੰ ਲਾਗੂ ਕਰਨ ਵਿੱਚ ਹੋਰ ਦੇਰੀ ਕਰਕੇ ਮਾਨਸਿਕ ਨਿਰਾਸ਼ਤਾ ਵੱਲ ਨਾ ਧੱਕੇ। ਉਨ੍ਹਾਂ ਕਿਹਾ ਕਿ ਬਦਲਾਅ ਦੇ ਨਾਅਰੇ ਅਧੀਨ ਸੱਤਾ ਚ ਆਈ ਸਰਕਾਰ ਤੋਂ ਆਦਰਸ਼ ਸਕੂਲਾਂ ਦੇ ਕਰਮਚਾਰੀਆਂ ਨੂੰ ਭਾਰੀ ਆਸਾਂ ਉਮੀਦਾਂ ਹਨ।ਜਿਨ੍ਹਾਂ ਨੂੰ ਜਲਦੀ ਪੂਰੀਆਂ ਕਰਨਾ ਸਰਕਾਰ ਦੀ ਪਹਿਲਕਦਮੀ ਹੋਣੀ ਚਾਹੀਦੀ ਹੈ। ਛੇਤੀ ਅਜਿਹਾ ਨਾ ਹੋਣ ਕਰਕੇ ਯੂਨੀਅਨ ਆਪਣੇ ਵਿੱਢੇ ਸਘੰਰਸ਼ ਨੂੰ ਹੋਰ ਤਿੱਖਾ ਕਰਨ ਲਈ ਮਜ਼ਬੂਰ ਹੋਵੇਗੀ।