Tuesday, September 24, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਕਲਾ ਉਤਸਵ ਜ਼ਰੂਰੀ : ਡੀ.ਈ.ਓ. ਭੁਪਿੰਦਰ ਕੌਰ

ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਕਲਾ ਉਤਸਵ ਜ਼ਰੂਰੀ : ਡੀ.ਈ.ਓ. ਭੁਪਿੰਦਰ ਕੌਰ

ਯਾਦਗਾਰੀ ਹੋ ਨਿਬੜਿਆ ਜ਼ਿਲ੍ਹਾ ਮਾਨਸਾ ਦਾ ਕਲਾ ਉਤਸਵ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ਼੍ਰੀਮਤੀ ਭੁਪਿੰਦਰ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਪਰਮਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਕਲਾ ਉਤਸਵ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ ਨੇ ਦੱਸਿਆ ਕਿ ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਕਲਾ ਉਤਸਵ 2024-25 ਵਿਚ ਸਮੱਗਰਾ ਸਿੱਖਿਆ ਅਧੀਨ ਸਰਕਾਰੀ, ਏਡਿਡ, ਪ੍ਰਾਈਵੇਟ, ਲੋਕਲ ਬਾਡੀ ਅਤੇ ਕੇਂਦਰ ਸਰਕਾਰ ਦੇ ਸਕੂਲਾਂ ਵਿਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਡਿਪਟੀ ਡਾਇਰੈਕਟਰ ਅਤੇ ਡਾਇਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀਆਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਅੱਜ ਦੇ ਸਮੇਂ ਦੀ ਲੋੜ ਹੈ ਉਨ੍ਹਾਂ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾ ਦੀ ਪਛਾਣ ਕਰਕੇ ਇਸ ਨੂੰ ਉਜਾਗਰ ਕੀਤਾ ਜਾਵੇ। ਕਲਾ ਉਤਸਵ ਵਰਗੇ ਮੁਕਾਬਲੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਹਨਤ ਕਰਵਾ ਕੇ ਇਥੋਂ ਤੱਕ ਲੈ ਕੇ ਆਉਣ ਵਾਲੇ ਉਨ੍ਹਾਂ ਦੇ ਗਾਈਡ ਅਧਿਆਪਕ ਵੀ ਵਧਾਈ ਦੇ ਪਾਤਰ ਹਨ। ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ।ਪ੍ਰੋਗਰਾਮ ਦੇ ਜਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਲਾ ਉਤਸਵ ਵਿੱਚ ਹਰ ਸਕੂਲ ਵਿਚੋਂ ਸਕੂਲ ਪੱਧਰ ਜੇਤੂ ਪਹਿਲਾਂ ਵਿਦਿਆਰਥੀ ਜਾਂ ਟੀਮ ਭਾਗ ਲੈ ਸਕਦੇ ਹਨ। ਜੇਤੂ ਵਿਦਿਆਰਥੀਆਂ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਲਾ ਉਤਸਵ ਲਈ ਛੇ ਖੇਤਰ ਨਿਰਧਾਰਤ ਕੀਤੇ ਗਏ ਹਨ ਜਿਸ ਵਿੱਚ ਸੋਲੋ ਵੋਕਲ ਮਿਊਜ਼ਿਕ, ਇੰਸਟਰੂਮੈਂਟ ਮਿਊਜਿਕ, ਫੋਕ ਡਾਂਸ, ਡਰਾਮਾ ਐਕਟਿੰਗ, ਵਿਜਲ ਆਰਟ ਟੁ ਡੀ ਅਤੇ ਸਟੋਰੀ ਟੈਲਿੰਗ ਹਨ।  

ਉਨ੍ਹਾਂ ਦੱਸਿਆ ਕਿ ਡਰਾਮਾ ਐਕਟਿੰਗ ਵਿੱਚ ਰਾਜਵੀਰ ਸਿੰਘ ਅਤੇ ਪਾਰਟੀ ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਨੇ ਪਹਿਲਾ ਸਥਾਨ, ਸਾਹਿਲ ਜੋਤ ਸਿੰਘ ਅਤੇ ਪਾਰਟੀ ਸਰਕਾਰੀ ਸੈਕਡੰਰੀ ਸਕੂਲ ਕੋਟੜਾ ਕਲਾਂ ਨੇ ਦੂਸਰਾ ਸਥਾਨ, ਮਨਦੀਪ ਕੌਰ ਅਤੇ ਪਾਰਟੀ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਟੋਰੀ ਟੈਲਿੰਗ ਦੇ ਵਿੱਚ ਜੀਵਨ ਸਿੰਘ ਸਰਕਾਰੀ ਸੈਕੰਡਰੀ ਸਕੂਲ ਕੋਟੜਾ ਕਲਾਂ ਨੇ ਪਹਿਲਾ ਸਥਾਨ, ਭਿੰਦਰ ਸਿੰਘ ਸਰਕਾਰੀ ਹਾਈ ਸਕੂਲ ਸਮਾਓ ਨੇ ਦੂਸਰਾ ਸਥਾਨ, ਖੁਸ਼ਦੀਪ ਕੌਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਜ਼ੂਅਲ ਆਰਟ ਟੂ ਡੀ ਵਿੱਚ ਸਰਨਜੀਤ ਕੌਰ ਕਲਾਸ ਗਿਆਰਵੀਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਨੇ ਪਹਿਲਾਂ ਸਥਾਨ, ਹਵੀਨ ਕੌਰ ਸਹੋਤਾ ਜਮਾਤ ਗਿਆਰਵੀਂ ਸਰਕਾਰੀ ਮਾਡਲ ਸੈਕੰਡਰੀ ਸਕੂਲ, ਕੁਲਰੀਆਂ ਨੇ ਦੂਸਰਾ ਸਥਾਨ, ਲਵਪ੍ਰੀਤ ਸਿੰਘ ਜਮਾਤ ਬਾਰ੍ਹਵੀਂ ਗਿਆਰਵੀਂ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੋਕਲ ਮਿਊਜਿਕ ਵਿੱਚ ਆਸ਼ੂ ਸ਼ਰਮਾ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਨੇ ਪਹਿਲਾ ਸਥਾਨ, ਅਰੁਣਦੀਪ ਸਿੰਘ, ਸਰਕਾਰੀ ਸੈਕੰਡਰੀ ਸਕੂਲ ਨੰਗਲ ਕਲਾਂ ਨੇ ਦੂਸਰਾ ਸਥਾਨ, ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਖਡਾਲ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇੰਸਟਰੂਮੈਂਟ ਮਿਊਜਿਕ ਵਿੱਚ ਅਰਸ਼ਦੀਪ ਸਿੰਘ ਜਮਾਤ ਗਿਆਰਵੀਂ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ ਸਥਾਨ, ਜਸ਼ਨਦੀਪ ਜਮਾਤ ਗਿਆਰਵੀਂ ਆਰੀਆ ਸਕੂਲ ਮਾਨਸਾ ਨੇ ਦੂਸਰਾ ਸਥਾਨ, ਦਿਲਜਾਨ ਖਾਨ ਜਮਾਤ ਨੌਵੀਂ ਸਰਕਾਰੀ ਹਾਈ ਸਕੂਲ ਖਡਾਲ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਫੋਕ ਡਾਂਸ ਵਿੱਚ ਜਸ਼ਨਪ੍ਰੀਤ ਕੌਰ ਅਤੇ ਪਾਰਟੀ ਸਰਕਾਰੀ ਮਾਡਲ ਸੈਕੰਡਰੀ ਸਕੂਲ ਕੁਲਰੀਆਂ ਨੇ ਪਹਿਲਾ ਸਥਾਨ, ਪਵਿੱਤ ਕੌਰ ਅਤੇ ਪਾਰਟੀ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ ਨੇ ਦੂਸਰਾ ਸਥਾਨ ਅਤੇ ਖੁਸਦੀਪ ਕੌਰ, ਪਾਰਟੀ ਸਰਕਾਰੀ ਹਾਈ ਸਕੂਲ ਦੋਦੜਾਂ ਨੇ ਤੀਸਰਾ ਸਥਾਨ ਅਤੇ ਜਸਪ੍ਰੀਤ ਕੌਰ ਅਤੇ ਪਾਰਟੀ ਸਰਕਾਰੀ ਸੈਕੰਡਰੀ ਸਕੂਲ ਮੂਸਾ ਨੇ ਤੀਸਰਾ ਸਥਾਨ ਹਾਸਲ ਕੀਤਾ।ਜਜਮੈਂਟ ਦੀ ਭੂਮਿਕਾ ਹਰਪ੍ਰੀਤ ਸਿੰਘ, ਸਟੇਜ ਸਕੱਤਰ ਦੀ ਭੂਮਿਕਾ ਊਧਮ ਆਲਮ ਨੇ ਨਿਭਾਈ। ਇਸ ਮੌਕੇ ਸ਼ਿੰਗਾਰਾ ਸਿੰਘ, ਜਸਵੀਰ ਕੌਰ, ਜਗਸੀਰ ਸਿੰਘ, ਬਾਲ ਕ੍ਰਿਸ਼ਨ, ਗਗਨਦੀਪ ਕੌਰ, ਗੁਲਾਬ ਸਿੰਘ, ਰਜੀਵ ਕੁਮਾਰ,ਹਰਵਿੰਦਰ ਸਿੰਘ, ਨਤਾਸ਼ ਗੋਇਲ, ਪਲਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਸਮੂਹ ਬੀਐਨਓ, ਪ੍ਰਿੰਸੀਪਲ ਕੁਲਦੀਪ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ, ਅਮਰਜੀਤ ਸਿੰਘ ਰੱਲੀ, ਸੁਖਬੀਰ ਸਿੰਘ, ਸੁਮਿਤ ਕੁਮਾਰ, ਸ਼ਸ਼ੀ ਕਾਠ, ਕਪਿਲ ਕੁਮਾਰ, ਲਖਵਿੰਦਰ ਸਿੰਘ, ਉਧਮ ਸਿੰਘ, ਮੈਡਮ ਮਮਤਾ, ਨਿਤੇਸ਼ ਕੁਮਾਰ, ਗਾਈਡ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ। 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਰਵਾਇਤੀ ਲੋਕ ਗੀਤ ਮੁਕਾਬਲੇ 'ਚ ਸਰਕਾਰੀ ਸਕੂਲ ਨੰਗਲ ਕਲਾਂ ਦੇ ਅਰੁਨਦੀਪ ਸਿੰਘ ਨੇ ਮੋਹਰੀ ਸਥਾਨ ਪ੍ਰਾਪਤ ਕੀਤਾ

ਰਵਾਇਤੀ ਲੋਕ ਗੀਤ ਮੁਕਾਬਲੇ 'ਚ ਸਰਕਾਰੀ ਸਕੂਲ ਨੰਗਲ ਕਲਾਂ ਦੇ ਅਰੁਨਦੀਪ ਸਿੰਘ ਨੇ ਮੋਹਰੀ ਸਥਾਨ ਪ੍ਰਾਪਤ ਕੀਤਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਮੱਗਰਾ ਸਿੱਖਿਆ ਅਭਿਆਨ ਅਧੀਨ  ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਮਾਨਸਾ ਵੱਲੋਂ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਜਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲੇ ਪਰਵਿੰਦਰ ਸਿੰਘ ਜ਼ਿਲ੍ਹਾ ਨੋਡਲ ਅਫ਼ਸਰ ਦੀ ਯੋਗ ਅਗਵਾਈ  ਹੇਠ ਡੀ ਟੂ ਐਮ ਹੋਟਲ ਮਾਨਸਾ ਵਿਖੇ ਕਰਵਾਏ ਗਏ। ਕੁੱਲ ਛੇ ਵੰਨਗੀਆਂ ਦੇ ਮੁਕਾਬਲਿਆਂ ਵਿੱਚ ਮਾਨਸਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਪੂਰੀ ਤਿਆਰੀ ਨਾਲ ਭਾਗ ਲਿਆ।ਜਿਸ ਵਿੱਚ ਸੋਲੋ ਵੋਕਲ ਰਵਾਇਤੀ ਗੀਤ ਮੁਕਾਬਲੇ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨੰਗਲ ਕਲਾਂ ਦੇ ਵਿਦਿਆਰਥੀ ਅਰੁਨਦੀਪ ਸਿੰਘ ਨੇ ਜ਼ਿਲ੍ਹਾ ਮਾਨਸਾ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਵੱਖ-ਵੱਖ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਤੇ ਟੀਮਾਂ  ਨੂੰ ਭੁਪਿੰਦਰ ਕੌਰ ਜਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਸੈਕੰਡਰੀ ਸਿੱਖਿਆ ਵੱਲੋਂ  ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਪ੍ਰਿੰਸੀਪਲ ਸੁਨੀਲ ਕੁਮਾਰ ਕੱਕੜ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਾਡੇ ਸਕੂਲ ਦੇ ਵਿਦਿਆਰਥੀ ਲਗਾਤਾਰ ਵਿਦਿਅਕ ਤੇ ਸਹਿ-ਵਿਦਿਅਕ ਮੁਕਾਬਲਿਆਂ ਵਿੱਚ ਮੋਹਰੀ ਸਥਾਨ ਪ੍ਰਾਪਤ ਕਰਦੇ ਆ ਰਹੇ ਹਨ । ਉਹਨਾਂ ਜੇਤੂ  ਵਿਦਿਆਰਥੀ ਤੇ ਉਸ ਦੇ ਗਾਈਡ ਅਧਿਆਪਕ ਕੁਲਵਿੰਦਰ ਸਿੰਘ ਪੰਜਾਬੀ ਮਾਸਟਰ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।ਸਕੂਲ ਪਹੁੰਚਣ 'ਤੇ ਸਮੂਹ ਸਟਾਫ ਦੁਆਰਾ ਜੇਤੂ ਵਿਦਿਆਰਥੀ ਤੇ ਉਸ ਦੇ ਗਾਈਡ ਅਧਿਆਪਕਾਂ ਨੂੰ ਸਵੇਰ ਦੀ ਸਭਾ ਵਿੱਚ ਸਨਮਾਨਿਤ ਕੀਤਾ ਗਿਆ।ਇਸ ਮੌਕੇ ਹਰੀਸ਼ ਕੁਮਾਰ ਲੈਕਚਰਾਰ, ਅਧਿਆਪਕ ਰਾਜੇਸ਼ ਕੁਮਾਰ,ਜਫਰੂਦੀਨ ਖਾਨ,ਜਸਵਿੰਦਰ ਸਿੰਘ,ਉਮੇਸ਼ ਸ਼ਰਮਾ,ਹਰਜੀਤ ਸਿੰਘ,ਅਵਤਾਰ ਸਿੰਘ,ਕਮਲੇਸ਼ ਰਾਣੀ,ਭਗਵਤੀ ਦੇਵੀ,ਰਾਜਵਿੰਦਰ ਕੌਰ,ਖੁਸ਼ਦੀਪ ਕੌਰ, ਮਨਪ੍ਰੀਤ ਕੌਰ,ਰੀਤੂ,ਬਲਜੀਤ ਕੌਰ ਆਦਿ ਮੌਜੂਦ ਸਨ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਪੈਨਸ਼ਨਰਾਂ ਵੱਲੋਂ ਮਾਲੀ ਦੀ ਗ੍ਰਿਫਤਾਰੀ ਤਾਨਾਸ਼ਾਹੀ ਕ਼ਰਾਰ

ਪੈਨਸ਼ਨਰਾਂ ਵੱਲੋਂ ਮਾਲੀ ਦੀ ਗ੍ਰਿਫਤਾਰੀ ਤਾਨਾਸ਼ਾਹੀ ਕ਼ਰਾਰ  

ਕਿਹਾ,ਝੂਠੇ ਕੇਸ ਦਰਜ਼ ਕਰਕੇ ਨਹੀਂ ਦਬਾਈ ਜਾ ਸਕਦੀ ਆਵਾਜ਼

ਦਰਸ਼ਨ ਸਿੰਘ ਚੌਹਾਨ,ਸੁਨਾਮ : ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਲਈ ਸੰਘਰਸ਼ਸ਼ੀਲ ਬਿਜਲੀ ਮੁਲਾਜ਼ਮਾਂ ਦੀ ਜਥੇਬੰਦੀ ਪੈਨਸ਼ਨਰ ਯੂਨੀਅਨ ਨੇ ਸਾਬਕਾ ਵਿਦਿਆਰਥੀ ਆਗੂ ਅਤੇ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਨੂੰ ਸਰਕਾਰ ਦੀ ਤਾਨਾਸ਼ਾਹੀ ਕ਼ਰਾਰ ਦਿੱਤਾ ਹੈ। ਸੇਵਾ ਮੁਕਤ ਕਰਮਚਾਰੀਆਂ ਨੇ ਮਾਲੀ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ। ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨ ਯੂਨੀਅਨ ਸਰਕਲ ਸੰਗਰੂਰ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹਰਮੇਲ ਸਿੰਘ ਮਹਿਰੋਕ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਨਿਖੇਧੀ ਮਤਾ ਪਾਸ ਕਰਕੇ ਮਾਲਵਿੰਦਰ ਸਿੰਘ ਮਾਲੀ ਦੀ ਨਜਾਇਜ਼ ਹਿਰਾਸਤ ਦੀ ਨਿਖੇਧੀ ਕਰਦਿਆਂ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਦੀ ਬੌਖਲਾਹਟ ਦੱਸਿਆ। ਪੈਨਸ਼ਨ ਯੂਨੀਅਨ ਦੇ ਆਗੂਆਂ ਜਗਦੇਵ ਸਿੰਘ ਬਾਹੀਆ, ਸੁਰਿੰਦਰ ਸਿੰਘ ਸੁਨਾਮ , ਅਮਰੀਕ ਸਿੰਘ ਉਗਰਾਹਾਂ, ਗਮਦੂਰ ਸਿੰਘ ਜਵੰਧਾ , ਗੁਰਮੇਲ ਸਿੰਘ ਲਹਿਰਾ, ਮਨਜੀਤ ਕੁਮਾਰ, ਜਗਜੀਤ ਸਿੰਘ, ਬਲਬੀਰ ਸਿੰਘ ਅਤੇ ਅਮਰੀਕ ਸਿੰਘ ਚੀਮਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਸਿੰਘ ਮਾਲੀ ਵਰਗੇ ਬੁੱਧੀਜੀਵੀਆਂ ਦੁਆਰਾ ਸਰਕਾਰ ਦੀਆਂ ਮਾਰੂ ਨੀਤੀਆਂ ਅਤੇ ਨਾਅਹਿਲੀਅਤ ਦੀ ਕੀਤੀ ਰਹੀ ਨੁਕਤਾ ਚੀਨੀ ਸਹਿਣ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਸਰਕਾਰ ਨੇ ਝੂਠਾ ਕੇਸ ਦਰਜ਼ ਕਰਕੇ ਮਾਲੀ ਦੀ ਅਵਾਜ਼ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਕਤ ਆਗੂਆਂ ਨੇ ਕਿਹਾ ਕਿ ਸਟੇਟ ਕਮੇਟੀ ਵੱਲੋਂ ਸੂਬੇ ਦੀ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਦਿੱਤੇ ਸ਼ੰਘਰਸ਼ ਨੂੰ ਪੂਰੇ ਜੋਸ਼ੋ ਖਰੋਸ਼ ਨਾਲ ਲਾਗੂ ਕੀਤਾ ਜਾਵੇਗਾ, 2 ਅਕਤੂਬਰ ਨੂੰ ਅੰਬਾਲਾ ਸ਼ਹਿਰ ਵਿੱਚ ਆਮ ਆਦਮੀ ਪਾਰਟੀ ਦੇ ਝੂਠੇ ਪ੍ਰਚਾਰ ਦਾ ਭਾਂਡਾ ਚੌਰਾਹੇ ਵਿੱਚ ਭੰਨਿਆ ਜਾਵੇਗਾ।

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸੈਂਟਰਲ ਪਾਰਕ ਦਾ ਦੌਰਾ

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਕੀਤਾ ਸੈਂਟਰਲ ਪਾਰਕ ਦਾ ਦੌਰਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੋਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਕਿੰਡਰਗਾਰਟਨ ਦੇ ਵਿਦਿਆਰਥੀਆਂ ਨੂੰ ਸੈਂਟਰਲ ਪਾਰਕ ਮਾਨਸਾ ਦਾ ਦੌਰਾ ਕਰਵਾਇਆ। ਛਿਮਾਹੀ ਪੇਪਰਾਂ ਦੇ ਖਤਮ ਹੋਣ ਤੋਂ ਬਾਅਦ ਵਿਦਿਆਰਥੀਆਂ ਦੇ ਦਿਮਾਗ ਨੂੰ ਤਰੋ-ਤਾਜ਼ਾ ਕਰਨ ਲਈ ਸੈਂਟਰ ਪਾਰਕ ਦਾ ਦੌਰਾ ਕਰਵਾਇਆ।ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਾਲ ਬਹੁਤ ਸਾਰੀਆਂ ਗੇਮਾਂ ਖੇਡੀਆਂ ਤੇ ਡਾਂਸ ਕੀਤਾ।ਇਸ ਦੌਰਾਨ ਵਿਦਿਆਰਥੀ ਬਹੁਤ ਖੁਸ਼ ਨਜ਼ਰ ਆ ਰਹੇ ਸਨ, ਵਿਦਿਆਰਥੀਆਂ ਨੇ ਇਕੱਠੇ ਬੈਠ ਕੇ ਖਾਣਾ ਖਾਧਾ।ਸਕੂਲ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਪੇਪਰਾਂ ਤੋਂ ਬਾਅਦ ਮਾਨਸਿਕ ਥਕਾਵਟ ਨੂੰ ਦੂਰ ਕਰਨ ਲਈ ਇਹੋ ਜਿਹੇ ਛੋਟੇ ਛੋਟੇ ਟ੍ਰਿਪ ਜਰੂਰੀ ਹੁੰਦੇ ਹਨ ਜਿਸ ਨਾਲ ਵਿਦਿਆਰਥੀ ਤਾਜ਼ਗੀ ਮਹਿਸੂਸ ਕਰਦੇ ਹਨ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਵਿਦਿਆਰਥੀ ਸਕੂਲ ਦੀ ਚਾਰ ਦੀਵਾਰੀ ਤੋਂ ਬਾਹਰ ਦੇ ਕੁਦਰਤੀ ਵਾਤਾਵਰਨ ਵਿੱਚ ਵੀ ਕੁਝ ਨਾ ਕੁਝ ਸਿੱਖਣ।ਇਸ ਨਾਲ ਵਿਦਿਆਰਥੀ ਦੇ ਅੰਦਰ ਕੁਦਰਤੀ ਕਦਰਾਂ ਕੀਮਤਾਂ ਦਾ ਵਿਕਾਸ ਹੁੰਦਾ ਹੈ।ਇਸ ਸਮੇਂ ਵਿਦਿਆਰਥੀਆਂ ਦੇ ਨਾਲ ਰਿੰਕੀ,ਮਨਪ੍ਰੀਤ,ਮਿਸ ਟਿਸ਼ਾ ਅਤੇ ਸੁਮਨਦੀਪ ਕੌਰ ਹਾਜ਼ਰ ਸਨ।ਉਹਨਾਂ ਦੱਸਿਆ ਕਿ ਵਿਦਿਆਰਥੀਆਂ ਨੇ ਬਹੁਤ ਆਨੰਦ ਮਾਣਿਆ।

Monday, September 23, 2024

ਦਲਜੀਤ ਕੌਰ, ਐਸ ਏ ਐੱਸ ਨਗਰ ਮੋਹਾਲੀ : 2364 ਈਟੀਟੀ ਭਰਤੀ ਵਿੱਚ ਕਈ ਕੈਟੇਗਰੀਆਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣ ਦੀ ਸਖ਼ਤ ਨਿਖੇਧੀ

2364 ਈਟੀਟੀ ਭਰਤੀ ਵਿੱਚ ਕਈ ਕੈਟੇਗਰੀਆਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣ ਦੀ ਸਖ਼ਤ ਨਿਖੇਧੀ

2364 ਈਟੀਟੀ ਭਰਤੀ ਨੂੰ ਮੁਕੰਮਲ ਕਰਨ ਵਿੱਚ ਸਿੱਖਿਆ ਵਿਭਾਗ ਨਹੀਂ ਸੁਹਿਰਦ: ਡੀਟੀਐੱਫ

ਦਲਜੀਤ ਕੌਰ, ਐਸ ਏ ਐੱਸ ਨਗਰ ਮੋਹਾਲੀ : ਇੱਕ ਮਹੀਨੇ ਤੋਂ ਵੀ ਜਿਆਦਾ ਸਮੇਂ ਤੋਂ ਸਿੱਖਿਆ ਵਿਭਾਗ ਪੰਜਾਬ ਦੇ ਦਫਤਰ ਮੋਹਾਲੀ ਅੱਗੇ ਧਰਨੇ 'ਤੇ ਡਟੇ 2364 ਈਟੀਟੀ ਸਿਲੈਕਟਡ ਅਧਿਆਪਕਾਂ ਦੀ ਰੁਜ਼ਗਾਰ ਪ੍ਰਾਪਤੀ ਦਾ ਮਾਮਲਾ ਸਕੂਲ ਸਿੱਖਿਆ ਵਿਭਾਗ ਵੱਲੋਂ ਖੜੇ ਕੀਤੇ ਜਾਂਦੇ ਗੈਰ ਵਾਜਿਬ ਅੜਿੱਕਿਆਂ ਕਾਰਨ ਲਗਾਤਾਰ ਲਟਕਦਾ ਆ ਰਿਹਾ ਹੈ। ਦਰਅਸਲ ਬੀਤੀ 20 ਸਤੰਬਰ ਨੂੰ ਦਫ਼ਤਰ ਡਾਇਰੈਕਟਰ ਸਕੂਲ ਸਿੱਖਿਆ (ਐਲੀਮੈਂਟਰੀ) ਵੱਲੋਂ 21 ਤੋਂ 24 ਸਤੰਬਰ ਦਰਮਿਆਨ ਆਨ ਲਾਇਨ ਸਟੇਸ਼ਨ ਚੋਣ ਕਰਵਾਉਣ ਦਾ ਪੱਤਰ ਜਾਰੀ ਕੀਤਾ ਗਿਆ ਸੀ, ਪ੍ਰੰਤੂ ਇਸ ਪ੍ਰਕਿਰਿਆ ਵਿੱਚ ਕੇਵਲ ਓਪਨ ਅਤੇ ਐੱਸ.ਸੀ. (ਐੱਮ ਐਂਡ ਓ) ਵਰਗਾਂ ਦੇ ਉਮੀਦਵਾਰਾਂ ਨੂੰ ਹੀ ਸਟੇਸ਼ਨ ਚੋਣ ਦਾ ਮੌਕਾ ਦਿੱਤਾ ਜਾ ਰਿਹਾ ਹੈ, ਜਦ ਕਿ ਐੱਸ.ਸੀ. (ਆਰ ਐਂਡ ਓ), ਬੀ.ਸੀ., ਈ.ਡਬਲਯੂ.ਐੱਸ., ਹੈਂਡੀਕੈਪਟ ਅਤੇ ਹੋਰ ਵਰਗਾਂ ਦੇ ਸਿਲੈਕਟਡ ਅਧਿਆਪਕਾਂ ਨੂੰ ਛੱਡ ਦਿੱਤਾ ਗਿਆ ਹੈ। ਅਧਿਆਪਕ ਜਥੇਬੰਦੀ ਡੀ.ਟੀ.ਐੱਫ. ਨੇ ਇਸ ਸਭ ਨੂੰ ਲੈ ਕੇ ਸਕੂਲ ਸਿੱਖਿਆ ਵਿਭਾਗ ਦੀ ਸਖ਼ਤ ਨਿਖੇਧੀ ਕੀਤੀ ਹੈ।ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮਹਿੰਦਰ ਕੌੜਿਆਂਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ ਨੇ ਸਿੱਖਿਆ ਵਿਭਾਗ ਦੀ ਮਾੜੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਕਰਦਿਆਂ 2364 ਈ.ਟੀ.ਟੀ. ਭਰਤੀ ਵਿੱਚੋਂ ਰਹਿੰਦੇ ਅਧਿਆਪਕਾਂ ਨੂੰ ਵੀ ਫੌਰੀ ਸਟੇਸ਼ਨ ਚੋਣ ਲਈ ਜਾਰੀ ਕੀਤੀ ਸਮਾਂ ਸਾਰਨੀ ਅਨੁਸਾਰ ਹੀ ਵਿਚਾਰਨ ਅਤੇ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਹੀ ਸਟੇਸ਼ਨ ਚੋਣ ਲਈ ਖੋਲ੍ਹਣ ਦੀ ਮੰਗ ਵੀ ਕੀਤੀ ਹੈ। ਆਗੂਆਂ ਨੇ ਦੱਸਿਆ ਕਿ ਸਾਲ 2020 ਦੇ ਵਿੱਚ ਨਿਕਲੀ ਇਸ ਭਰਤੀ ਨੂੰ ਪਿਛਲੀ ਸਰਕਾਰ ਦੇ ਨਾਲ ਨਾਲ ਹੁਣ 'ਬਦਲਾਅ' ਦਾ ਨਾਅਰਾ ਦੇ ਕੇ ਆਈ ਸਰਕਾਰ ਵੱਲੋਂ ਵੀ ਲਗਾਤਾਰ ਲਟਕਾਇਆ ਗਿਆ ਹੈ। ਹੁਣ ਵੀ ਸਿੱਖਿਆ ਵਿਭਾਗ ਵੱਲੋਂ ਪਿਛਲੇ ਦਿਨੀ ਇਸ ਭਰਤੀ ਦੇ ਚੁਣੇ ਹੋਏ ਅਧਿਆਪਕਾਂ ਲਈ ਪਹਿਲਾਂ 17 ਸਤੰਬਰ ਤੋਂ ਸਟੇਸ਼ਨ ਚੋਣ ਕਰਵਾਉਣ ਦੀ ਸਮਾਂ ਸਾਰਨੀ ਜਾਰੀ ਕੀਤੀ ਗਈ ਸੀ, ਜੋ ਕਿ ਬਾਅਦ ਵਿੱਚ ਰੱਦ ਕਰ ਦਿੱਤੀ ਗਈ ਸੀ। ਹੁਣ ਸ਼ੁਰੂ ਕੀਤੀ ਸਟੇਸ਼ਨ ਚੋਣ ਦੀ ਪ੍ਰਕਿਰਿਆ ਵਿੱਚੋਂ ਵੀ ਬਹੁਤ ਸਾਰੇ ਵਰਗਾਂ ਨਾਲ ਸਬੰਧਿਤ ਸਿਲੈਕਟਡ ਅਧਿਆਪਕਾਂ ਨੂੰ ਭਰਤੀ ਲਟਕਾਉਣ ਦੀ ਗੰਭੀਰ ਸਾਜ਼ਿਸ਼ ਤਹਿਤ ਛੱਡ ਦਿੱਤਾ ਗਿਆ ਹੈ। ਡੀ ਟੀ ਐੱਫ ਆਗੂਆਂ ਨੇ ਦੋਸ਼ ਲਾਇਆ ਕਿ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਹੋਣ ਦੇ ਬਾਵਜੂਦ ਭਰਤੀ ਨੂੰ ਲਟਕਾਉਣਾ ਵਿਦਿਆਰਥੀਆਂ ਨਾਲ ਧ੍ਰੋਹ ਕਮਾਉਣ ਦੇ ਬਰਾਬਰ ਹੈ। ਭਰਤੀ ਵੇਲੇ ਕੁਝ ਕੁ ਜ਼ਿਲ੍ਹਿਆਂ ਦੇ ਸਟੇਸ਼ਨ ਦਿਖਾਉਣਾ ਅਤੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਸਟੇਸ਼ਨ ਚੋਣ ਤੋਂ ਵਾਂਝੇ ਰੱਖਣਾ ਵੀ ਵਿਤਕਰੇ ਵਾਲੀ ਸਥਿਤੀ ਪੈਦਾ ਕਰਨ ਦੇ ਸਮਾਨ ਹੈ। ਉਨ੍ਹਾਂ ਕਿਹਾ ਕਿ ਲੋੜ ਇਸ ਗੱਲ ਦੀ ਹੈ ਕਿ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਹੀ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਸਾਰੇ ਸਕੂਲਾਂ ਦੇ ਬੱਚਿਆਂ ਨੂੰ ਹੀ ਅਧਿਆਪਕ ਮਿਲਣ ਸਕਣ ਅਤੇ ਇਹਨਾਂ ਅਧਿਆਪਕਾਂ ਦੀ ਵੀ ਰੁਜ਼ਗਾਰ ਪ੍ਰਾਪਤੀ ਦੀ ਆਸ ਪੂਰੀ ਹੋ ਸਕੇ।ਡੀ.ਟੀ.ਐੱਫ. ਦੇ ਸੂਬਾ ਮੀਤ ਪ੍ਰਧਾਨ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਸਿੰਘ ਫੁੱਲੇਵਾਲਾ, ਜਗਪਾਲ ਬੰਗੀ, ਹਰਜਿੰਦਰ ਵਡਾਲਾ ਬਾਂਗਰ ਅਤੇ ਰਘਵੀਰ ਭਵਾਨੀਗੜ੍ਹ, ਸੂਬਾਈ ਆਗੂ ਮੁਕੇਸ਼ ਕੁਮਾਰ, ਪਵਨ ਕੁਮਾਰ, ਸੁਖਵਿੰਦਰ ਗਿਰ, ਰੁਪਿੰਦਰ ਪਾਲ ਗਿੱਲ, ਰਜਿੰਦਰ ਗੁਰੂ, ਕੁਲਜੀਤ ਡੰਗਰ ਖੇੜਾ, ਜਸਵੀਰ ਸਿੰਘ ਸੰਧੂ, ਉਪਕਾਰ ਸਿੰਘ, ਲਖਵਿੰਦਰ ਸਿੰਘ, ਜਸਵੀਰ ਭੰਮਾ ਅਤੇ ਅਮਰਦੀਪ ਸਿੰਘ ਤਰਨਤਾਰਨ, ਦਲਜੀਤ ਸਫੀਪੁਰ ਨੇ ਦੱਸਿਆ ਕਿ ਪਿਛਲੇ ਇੱਕ ਮਹੀਨੇ ਤੋਂ ਮੋਹਾਲੀ ਵਿਖੇ ਚੱਲ ਰਹੇ ਇਸ ਮੋਰਚੇ ਦੌਰਾਨ ਅਧਿਆਪਕਾਂ ਵੱਲੋਂ ਆਪਣੀ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਸੰਘਰਸ਼ ਕੀਤਾ ਜਾ ਰਿਹਾ ਹੈ, ਪ੍ਰੰਤੂ ਭਰਤੀ ਮੁਕੰਮਲ ਕਰਨ ਦੀ ਥਾਂ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਵੱਲੋਂ ਗੈਰ ਸੰਵੇਦਨਸ਼ੀਲ ਰਵੱਈਆ ਅਪਣਾਉਂਦੇ ਹੋਏ ਭਰਤੀ ਨੂੰ ਲਗਾਤਾਰ ਲਟਕਾਇਆ ਜਾ ਰਿਹਾ ਹੈ। ਆਗੂਆਂ ਨੇ ਮੰਗ ਕੀਤੀ ਕਿ ਵਿਭਾਗ ਅਜਿਹਾ ਵਤੀਰਾ ਛੱਡਦੇ ਹੋਏ ਭਰਤੀ ਨੂੰ ਮੁਕੰਮਲ ਕਰੇ ਅਤੇ ਵਿਦਿਆਰਥੀਆਂ ਲਈ ਗੁਣਵੱਤਾ ਭਰਪੂਰ ਸਿੱਖਿਆ ਦਾ ਪ੍ਰਬੰਧ ਕਰੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਦੀ ਹੋਈ ਜ਼ਿਲ੍ਹਾ ਪੱਧਰ ਲਈ ਚੋਣ

ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਦੀ ਹੋਈ ਜ਼ਿਲ੍ਹਾ ਪੱਧਰ ਲਈ ਚੋਣ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅਧੀਨ ਚੱਲ ਰਹੀ ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿਦਿਆਰਥੀਆਂ ਨੇ ਪੰਜਾਬ ਰਾਜ ਦੀਆਂ 68ਵੀਆਂ ਐਥਲੈਟਿਕਸ ਜੋਨ-ਪੱਧਰੀ ਸਕੂਲ ਖੇਡਾਂ ਵਿੱਚ ਭਾਗ ਲਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੀਮਾ ਵਿਖੇ ਜੋਨ-ਪੱਧਰੀ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਚੀਮਾ ਦੇ ਹੋਰ ਵੱਖ-ਵੱਖ ਸਕੂਲਾਂ ਨੇ ਵੀ  ਭਾਗ ਲਿਆ। ਅਕਾਲ ਅਕੈਡਮੀ ਚੀਮਾ (ਪੀ.ਐਸ.ਈ.ਬੀ.) ਦੇ ਵਿੱਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ, ਉਮਰ ਵਰਗ-14 ਅਨਮੋਲਪ੍ਰੀਤ ਸਿੰਘ ਨੇ ਲੰਮੀ ਛਾਲ ਤੇ 100 ਮੀਟਰ ਰੇਸ ਵਿੱਚ ਪਹਿਲਾ ਸਥਾਨ,ਉਮਰ ਵਰਗ-19 ਜਸ਼ਨ ਸਿੰਘ ਨੇ ਉੱਚੀ ਛਾਲ ਵਿੱਚ ਪਹਿਲਾਂ ਸਥਾਨ ਤੇ 100 ਮੀਟਰ ਰੇਸ ਵਿੱਚ ਤੀਸਰਾ ਸਥਾਨ ਅਤੇ ਉਮਰ ਵਰਗ-19 ਪ੍ਰਭਜੋਤ ਸਿੰਘ ਨੇ ਉੱਚੀ ਛਾਲ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਇਹਨਾਂ ਵਿਦਿਆਰਥੀਆਂ ਵਿੱਚੋਂ ਅਨਮੋਲਪ੍ਰੀਤ ਸਿੰਘ ਉਮਰ ਵਰਗ-14,ਜਸ਼ਨ ਸਿੰਘ ਦੀ ਉਮਰ ਵਰਗ-19 ਐਥਲੈਟਿਕਸ ਵਿੱਚ ਜ਼ਿਲ੍ਹਾ-ਪੱਧਰੀ ਖੇਡਾਂ ਲਈ ਚੋਣ ਕੀਤੀ ਗਈ।ਵਿਦਿਆਰਥੀਆਂ ਦੀ ਜ਼ੋਨ 'ਚੋਂ ਸ਼ਾਨਦਾਰ ਪ੍ਰਾਪਤੀ 'ਤੇ ਬੱਚਿਆ ਦੇ ਮਾਤਾ-ਪਿਤਾ ਨੂੰ ਮੁਬਾਰਕਵਾਦ ਦਿੰਦਿਆਂ ਅਕੈਡਮੀ ਦੇੇ ਪ੍ਰਿੰਸੀਪਲ ਗੁਰਪ੍ਰੀਤ ਕੌਰ ਅਤੇ ਪ੍ਰਗਟ ਸਿੰਘ ਡੀਪੀ ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀ ਨੇ ਅੰਤਰ ਜ਼ਿਲ੍ਹਾ ਮੁਕਾਬਲਿਆਂ ਵਿੱਚ ਗੱਡੇ ਜਿੱਤ ਦੇ ਝੰਡੇ

ਆਸ਼ੀਰਵਾਦ ਸਕੂਲ ਝਾੜੋਂ ਦੇ ਵਿਦਿਆਰਥੀ ਨੇ ਅੰਤਰ ਜ਼ਿਲ੍ਹਾ ਮੁਕਾਬਲਿਆਂ ਵਿੱਚ ਗੱਡੇ ਜਿੱਤ ਦੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋ ਦੇ ਵਿਦਿਆਰਥੀ ਅਰਪਨਦੀਪ ਸਿੰਘ ਜੋ ਕਿ 11ਵੀਂ ਕਲਾਸ ਦਾ ਵਿਦਿਆਰਥੀ ਹੈ,ਨੇ ਅੰਤਰ ਜ਼ਿਲ੍ਹਾ ਹੋਏ ਵਾਲੀਬਾਲ ਦੇ ਮੁਕਾਬਲਿਆਂ ਵਿੱਚ ਅੰਡਰ 19 ਸਾਲ ਗਰੁੱਪ ਵਿੱਚ ਭਾਗ ਲਿਆ ਅਤੇ ਪਹਿਲਾ ਸਥਾਨ ਹਾਸਲ ਕਰਕੇ ਆਪਣਾ, ਆਪਣੇ ਮਾਤਾ ਪਿਤਾ ਅਤੇ ਆਪਣੇ ਸਕੂਲ ਦਾ ਨਾਮ ਰੌਸ਼ਨ ਕੀਤਾ । ਇਹ ਮੁਕਾਬਲੇ ਸੰਗਰੂਰ ਜ਼ਿਲ੍ਹੇ ਵਿੱਚ ਸਰਕਾਰੀ ਹਾਈ ਸਕੂਲ ਸਾਹੋਕੇ ਵਿਖੇ ਕਰਵਾਏ ਗਏ।ਜਿਸ ਵਿੱਚ ਅਰਪਨਦੀਪ ਸਿੰਘ ਨੇ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਵਾਲੀਵਾਲ ਦੇ ਵਿੰਗ ਵੱਲੋਂ ਭਾਗ ਲਿਆ ਜਿਸ ਦੌਰਾਨ ਵਿੰਗ ਦੀ ਟੀਮ ਨੇ ਸਟੇਟ ਵਿੱਚੋਂ ਪਹਿਲਾਂ ਸਥਾਨ ਪ੍ਰਾਪਤ ਕੀਤਾ । ਅਰਪਨਦੀਪ ਸਿੰਘ ਨੇ ਸਕੂਲ ਪੱਧਰ 'ਤੇ ਆਪਣੀ ਵਾਲੀਬਾਲ ਦੀ ਤਿਆਰੀ ਸ਼ੁਰੂ ਕਰਕੇ ਪਹਿਲਾਂ ਵਿੰਗ ਵਿੱਚ ਆਪਣੀ ਚੋਣ ਕਰਵਾਈ ਅਤੇ ਹੁਣ ਲਗਾਤਾਰ ਮਸਤੂਆਣਾ ਸਾਹਿਬ ਵਿਖੇ ਚੱਲ ਰਹੇ ਵਿੰਗ ਵਿੱਚ ਲਗਾਤਾਰ ਤਿਆਰੀ ਕਰਕੇ ਆਪਣੀ ਜਗ੍ਹਾ ਵਿੰਗ ਦੀ ਟੀਮ ਵਿੱਚ ਬਣਾਈ।ਅਰਪਨਦੀਪ ਸਿੰਘ ਦੇ ਪਿਤਾ ਜਗਸੀਰ ਸਿੰਘ ਹੀਰੋ ਕਲਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਤੋਗਾਵਾਲ ਵਿਖੇ ਬਤੌਰ ਹੈੱਡ ਟੀਚਰ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ,ਨੇ ਆਪਣੀਆਂ ਸੇਵਾਵਾਂ ਦੇ ਨਾਲ ਨਾਲ ਆਪਣੇ ਬੱਚੇ ਨੂੰ ਸਹੀ ਸੇਧ ਦੇ ਕੇ ਖੇਡਾਂ ਨਾਲ ਜੋੜਦੇ ਹੋਏ ਅਰਪਨਦੀਪ ਸਿੰਘ ਨੂੰ ਵਾਲੀਬਾਲ ਦੀ ਤਿਆਰੀ ਲਈ ਆਪਣਾ ਯੋਗਦਾਨ ਦਿੱਤਾ । ਜਿਸ ਦੇ ਨਤੀਜੇ ਵਜੋਂ ਅੱਜ ਉਹਨਾਂ ਦਾ ਬੇਟਾ ਇਸ ਮੁਕਾਮ ਨੂੰ ਹਾਸਲ ਕਰ ਸਕਿਆ ਹੈ।ਸਕੂਲ ਵਿੱਚ ਪਹੁੰਚਣ 'ਤੇ ਸਕੂਲ ਦੇ ਪ੍ਰਿੰਸੀਪਲ ਜਗਸੀਰ ਸਿੰਘ,ਵਾਈਸ ਪ੍ਰਿੰਸੀਪਲ ਗੁਰਮੀਤ ਕੌਰ ਅਤੇ ਬੱਚਿਆਂ ਵੱਲੋਂ ਅਰਪਨਦੀਪ ਸਿੰਘ ਦਾ ਭਰਵਾਂ ਸਵਾਗਤ ਕੀਤਾ ਅਤੇ ਸਨਮਾਨਿਤ ਕੀਤਾ।ਇਸ ਸਮੇਂ 11ਵੀਂ ਕਲਾਸ ਦੇ ਇੰਚਾਰਜ ਰਵਨੀਤ ਕੌਰ, ਡੀਪੀਈ ਹਰਦੀਪ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।