Wednesday, September 25, 2024

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਸੂਬੇ ਭਰ 'ਚੋਂ ਲਗਾਤਾਰ ਤਿੰਨ ਦਿਨ ਮੁਲਾਜ਼ਮ ਸੰਗਰੂਰ ਮੋਰਚੇ 'ਚ ਸ਼ਮੂਲੀਅਤ ਕਰਨਗੇ : ਪੀਪੀਪੀਐਫ

ਸੂਬੇ ਭਰ 'ਚੋਂ ਲਗਾਤਾਰ ਤਿੰਨ ਦਿਨ ਮੁਲਾਜ਼ਮ ਸੰਗਰੂਰ ਮੋਰਚੇ 'ਚ ਸ਼ਮੂਲੀਅਤ ਕਰਨਗੇ : ਪੀਪੀਪੀਐਫ

ਸੰਗਰੂਰ ਮੋਰਚੇ ਨੂੰ ਇੰਨ-ਬਿੰਨ ਲਾਗੂ ਕਰਨ ਲਈ ਜ਼ਿਲ੍ਹਾ ਮਾਨਸਾ ਦੀ ਹੋਈ ਇਕੱਤਰਤਾ

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਪਹਿਲੀ ਅਕਤੂਬਰ ਤੋਂ 3 ਅਕਤੂਬਰ ਤੱਕ ਸੰਗਰੂਰ ਵਿਖ਼ੇ ਉਲੀਕੇ ਪੈਨਸ਼ਨ ਪ੍ਰਾਪਤੀ ਮੋਰਚੇ ਦੀ ਤਿਆਰੀ ਲਈ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਸੂਬਾ ਕਨਵੀਨਰ ਅਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਇਸੜੂ ਭਵਨ ਲੁਧਿਆਣਾ ਵਿਖੇ ਸੂਬਾ ਕਮੇਟੀ ਮੀਟਿੰਗ ਕੀਤੀ ਗਈ।ਫਰੰਟ ਦੀ ਸੂਬਾ ਕਮੇਟੀ ਨੇ ਦਾਅਵਾ ਕੀਤਾ ਕਿ ਦਿਨ ਰਾਤ ਚੱਲਣ ਵਾਲਾ ਸੰਗਰੂਰ ਮੋਰਚਾ ਜਿੱਥੇ ਸੂਬੇ ਵਿੱਚ ਪੁਰਾਣੀ ਪੈਨਸ਼ਨ ਦੇ ਸੰਘਰਸ਼ ਨੂੰ ਵੱਡੀ ਤਾਕਤ ਦੇਵੇਗਾ ਅਤੇ ਉੱਥੇ ਆਪ ਸਰਕਾਰ ਵੱਲੋੰ ਮੁਲਾਜ਼ਮਾਂ ਨਾਲ਼ ਕੀਤੀ ਵਾਅਦਾ-ਖਿਲਾਫੀ ਨੂੰ ਗੰਭੀਰ ਚੁਣੌਤੀ ਪੇਸ਼ ਕਰੇਗਾ। ਜਾਣਕਾਰੀ ਸਾਂਝੀ ਕਰਦਿਆਂ ਜ਼ੋਨ ਕਨਵੀਨਰ ਗੁਰਬਿੰਦਰ ਖਹਿਰਾ,ਇੰਦਰਸੁਖਦੀਪ ਸਿੰਘ,ਦਲਜੀਤ ਸਫੀਪੁਰ ਅਤੇ ਜਸਵੀਰ ਭੰਮਾ ਨੇ ਕਿਹਾ ਕਿ ਤਿੰਨ ਦਿਨਾਂ ਪੈਨਸ਼ਨ ਮੋਰਚੇ ਦੀ ਸ਼ੁਰੂਆਤ,1 ਅਕਤੂਬਰ ਨੂੰ ਹਰੇਕ ਜ਼ਿਲੇ ਵਿੱਚੋਂ ਜੱਥੇਬੰਦਕ ਕਾਡਰ ਦੀ ਬੱਝਵੀਂ ਸ਼ਮੂਲੀਅਤ ਨਾਲ਼, ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਮੋਰਚੇ ਦਾ ਮੁੱਢ ਬੰਨਣ ਨਾਲ਼ ਹੋਵੇਗੀ।ਤਿੰਨ ਦਿਨ ਚੱਲਣ ਵਾਲੇ ਇਸ ਮੋਰਚੇ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦੀ ਮੰਗ ਨੂੰ ਉਭਾਰਨ ਲਈ ਮਸ਼ਾਲ ਮਾਰਚ,ਪੁਤਲਾ ਫੂਕ ਮੁਜ਼ਾਹਰੇ ਆਦਿ ਸਰਗਰਮੀਆਂ ਕਰਨ ਫੈਸਲਾ ਕੀਤਾ ਗਿਆ ਹੈ।ਮੋਰਚੇ ਵਿੱਚ ਰੋਜ਼ਾਨਾ ਸਟੇਜ ਵੀ ਚਲਾਈ ਜਾਵੇਗੀ ਜਿਸ ਵਿੱਚ ਮੁਲਾਜ਼ਮਾਂ ਦੀ ਲਗਾਤਾਰ ਸ਼ਮੂਲੀਅਤ ਕਰਵਾਉਣ ਲਈ ਜ਼ਿਲਾਵਾਰ ਵੰਡ ਕੀਤੀ ਗਈ ਹੈ। ਮੋਰਚੇ ਦੇ ਆਖਰੀ ਦਿਨ ਸੂਬੇ ਭਰ ਚੋਂ ਪਹੁੰਚਣ ਵਾਲੇ ਮੁਲਾਜ਼ਮਾਂ ਨਾਲ਼ ਰੈਲੀ ਕਰਕੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਕੀਤਾ ਜਾਵੇਗਾ।ਉਹਨਾਂ ਕਿਹਾ ਕਿ ਸੰਗਰੂਰ ਪ੍ਰਸ਼ਾਸਨ ਵੱਲੋੰ ਹਰ ਵਾਰ ਮੁੱਖ ਮੰਤਰੀ ਨਾਲ਼ ਮੀਟਿੰਗ ਕਰਵਾਉਣ ਤੋੰ ਪੱਲਾ ਝਾੜ ਦਿੱਤਾ ਜਾਂਦਾ ਹੈ ਪਰ ਫਰੰਟ ਵੱਲੋੰ ਕਿਸੇ ਵੀ ਤਰਾਂ ਦੀ ਡੰਗ ਟਪਾਊ ਮੀਟਿੰਗ ਲੈਣ ਦੀ ਬਜਾਏ ਤਿੱਖੇ ਅਤੇ ਲੰਮੇ ਸੰਘਰਸ਼ ਨੂੰ ਚਲਾਉਣ ਦਾ ਫੈਸਲਾ ਲਿਆ ਗਿਆ ਹੈ।ਪੀਪੀਪੀਐੱਫ ਫਰੰਟ ਦੀ ਇਸ ਸੂਬਾ ਕਮੇਟੀ ਮੀਟਿੰਗ ਵਿੱਚ ਡੈਮੋਕਰੇਟਿਕ ਟੀਚਰਜ਼ ਫਰੰਟ ਦੇ ਸੂਬਾਈ ਆਗੂ ਟੀਮ ਨੇ ਸੂਬਾ ਪ੍ਰਧਾਨ ਤੇ ਸਕੱਤਰ ਵਿਕਰਮ ਦੇਵ ਅਤੇ ਮਹਿੰਦਰ ਕੌੜਿਆਂਵਾਲੀ ਦੀ ਅਗਵਾਈ ਵਿੱਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਅਤੇ ਸੰਗਰੂਰ ਮੋਰਚੇ ਨੂੰ ਪੂਰਨ ਸਮਰਥਨ ਦੇਣ ਦਾ ਵੀ ਫੈਸਲਾ ਕੀਤਾ ਹੈ।ਫਰੰਟ ਦੇ ਆਗੂਆਂ ਰਮਨ ਸਿੰਗਲਾ, ਜਗਦੀਸ਼ ਸੱਪਾਂਵਾਲੀ,ਜਸਵਿੰਦਰ ਔਜਲਾ ਨੇ ਕਿਹਾ ਕਿ ਆਪ ਸਰਕਾਰ 18 ਨਵੰਬਰ 2022 ਦੇ ਆਪਣੇ ਹੀ ਨੋਟੀਫਿਕੇਸ਼ਨ ਨੂੰ ਲਾਗੂ ਕਰਨ ਵਿੱਚ ਅਸਫਲ ਸਾਬਿਤ ਹੋਈ ਹੈ। ਸਰਕਾਰ ਦਾ ਅੱਧਾ ਕਾਰਜਕਾਲ ਬੀਤਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਦਾ ਮੁੱਦਾ ਜਿਉਂ ਦਾ ਤਿਉਂ ਲਟਕਿਆ ਹੋਇਆ ਹੈ।ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਤਜਵੀਜ਼ ਕੀਤੀ ਭੁਲੇਖਾਪਾਊ ਯੂਪੀਐੱਸ ਸਕੀਮ ਉੱਤੇ ਪੰਜਾਬ ਸਰਕਾਰ ਵੱਲੋਂ ਕੋਈ ਪ੍ਰਤੀਕਰਮ ਨਾ ਦੇਣ ਨਾਲ਼ ਪੁਰਾਣੀ ਪੈਨਸ਼ਨ ਦੀ ਇੰਨ ਬਿੰਨ ਬਹਾਲੀ ਉੱਤੇ ਹੋਰ ਸ਼ੰਕੇ ਖੜੇ ਹੋ ਗਏ ਹਨ।ਉਹਨਾਂ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਹੀ ਪੈਨਸ਼ਨ ਦੇ ਮੁੱਦੇ ਦਾ ਅਸਲ ਹੱਲ ਹੈ ਜਿਸ ਦੇ ਲਈ ਐੱਨ.ਪੀ.ਐੱਸ ਮੁਲਾਜ਼ਮ ਸੰਗਰੂਰ ਮੋਰਚੇ ਵਿੱਚ ਪੂਰੇ ਉਤਸ਼ਾਹ ਨਾਲ਼ ਸ਼ਾਮਲ ਹੋਣਗੇ।ਮੀਟਿੰਗ ਵਿੱਚ ਡੀ.ਐੱਮ.ਐੱਫ ਦੇ ਸੂਬਾਈ ਆਗੂਆਂ ਜਰਮਨਜੀਤ ਸਿੰਘ,ਹਰਦੀਪ ਟੋਡਰਪੁਰ ਤੋਂ ਇਲਾਵਾ ਸਤਪਾਲ ਸਮਾਣਵੀ,ਗੁਰਜਿੰਦਰ ਮੰਝਪੁਰ,ਜਸਵਿੰਦਰ ਸਿੰਘ,ਮਨਦੀਪ ਸਿੰਘ, ਲਖਵਿੰਦਰ ਸਿੰਘ,ਅਮਰਦੀਪ ਸਿੰਘ,ਮਨਜੀਤ ਸਿੰਘ,ਗੁਰਵਿੰਦਰ ਸਿੰਘ,ਹਰਵਿੰਦਰ ਰੱਖੜਾ,ਸੁਖਵਿੰਦਰ ਗਿਰ ਆਦਿ ਹਾਜ਼ਰ ਰਹੇ। ਇਸ ਮੋਰਚੇ ਨੂੰ ਕਾਮਯਾਬ ਕਰਨ ਅਤੇ ਪ੍ਰੋਗਰਾਮ ਨੂੰ ਇੰਨ ਬਿੰਨ ਲਾਗੂ ਕਰਨ ਲਈ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਮਾਨਸਾ ਵਿਖੇ ਹੋਈ ਜਿਸ ਵਿੱਚ ਡੀ ਟੀ ਐੱਫ ਦੇ ਜਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ , ਪੀ ਪੀ ਪੀ ਐੱਫ ਦੇ ਮਾਲਵਾ ਜੋਨ ਕਨਵੀਨਰ ਜਸਵੀਰ ਭੰਮਾ ,ਬਲਾਕ ਬੁੱਢਲਾਡਾ ਪ੍ਰਧਾਨ ਗੁਰਦਾਸ ਸਿੰਘ, ਬਲਾਕ ਸਰਦੂਲਗੜ੍ਹ ਪ੍ਰਧਾਨ ਕੌਰ ਸਿੰਘ ਫੱਗੂ, ਬਲਾਕ ਬਰੇਟਾ ਪ੍ਰਧਾਨ ਇਕਬਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ।। ਉਪਰੋਕਤ ਤੋਂ ਇਲਾਵਾ ਜ਼ਿਲਾ ਮੀਟਿੰਗ ਵਿਚ ਚਮਕੌਰ ਸਿੰਘ ਗੁਰਨੇ,ਗੁਰਪ੍ਰੀਤ ਬੀਰੋਕੇ, ਗੁਰਵਿੰਦਰ ਸਿੰਘ ਅੱਕਾਵਾਲੀ,ਗੁਰਲਾਲ ਸਿੰਘ,ਸੰਤੋਖ ਸਿੰਘ,ਹਰਪ੍ਰੀਤ ਸਿੰਘ,ਅਮਰੀਕ ਸਿੰਘ,ਕਾਲਾ ਸਿੰਘ ਰਿਸ਼ੀਪਾਲ,ਸੁਖਵੀਰ ਸਿੰਘ ਜਿਲ੍ਹਾ ਖ਼ਜਾਨਚੀ ਆਦਿ ਹਾਜਰ ਸਨ।

Tuesday, September 24, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ 'ਚ ਪੱਕੇ ਧਰਨੇ ਦਾ ਐਲਾਨ

 

ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸਿੱਖਿਆ ਮੰਤਰੀ ਦੇ ਪਿੰਡ ਗੰਭੀਰਪੁਰ 'ਚ ਪੱਕੇ ਧਰਨੇ ਦਾ ਐਲਾਨ

29 ਸਤੰਬਰ ਨੂੰ ਗੰਭੀਰਪੁਰ ਵਿਖ਼ੇ ਕੱਢੀ ਜਾਵੇਗੀ ਰੋਸ ਰੈਲੀ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਈਟੀਟੀ 6635 ਅਧਿਆਪਕ ਯੂਨੀਅਨ ਪੰਜਾਬ ਵੱਲੋਂ ਬਦਲੀਆਂ ਦਾ ਪੋਰਟਲ ਦੁਬਾਰਾ ਖਲ੍ਹਵਾਉਣ ਲਈ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖ਼ੇ 29 ਸਤੰਬਰ ਨੂੰ ਪੱਕਾ ਧਰਨਾ ਸ਼ੁਰੂ ਕੀਤਾ ਜਾਵੇਗਾ। ਯੂਨੀਅਨ ਦਾ ਕਹਿਣਾ ਹੈ ਕਿ  ਨਵੀਂ ਭਰਤੀ ਤੋਂ ਪਹਿਲਾਂ ਈਟੀਟੀ ਤੋਂ ਮਾਸਟਰ ਕੇਡਰ ਪ੍ਰੋਮੋਸ਼ਨ ਜਲਦੀ ਤੋਂ ਜਲਦੀ ਪੂਰੀ ਕਰਵਾਈ ਜਾਵੇ ਤਾਂ ਕਿ ਉਹਨਾਂ ਖ਼ਾਲੀ ਸੀਟਾਂ ਤੇ ਵੱਧ ਤੋਂ ਵੱਧ ਈਟੀਟੀ 6635 ਅਧਿਆਪਕਾਂ ਦੀਆਂ ਬਦਲੀਆਂ ਹੋ ਸਕਣ। ਉਹਨਾਂ ਕਿਹਾ ਕਿ ਬਦਲੀਆਂ ਦਾ ਪੋਰਟਲ ਖੁਲਵਾਉਣ, 2364 ਭਰਤੀ ਵਿੱਚ ਐਸ.ਸੀ. ਅਤੇ ਬੀ.ਸੀ. ਕੈਟਾਗਰੀ ਦੀਆਂ ਸੀਟਾਂ ਦੀ ਸਟੇਸ਼ਨ ਚੁਆਇਸ ਨਾ ਖੋਲ੍ਹਣ ਦੇ ਵਿਰੋਧ ਵਜੋਂ ਸਿੱਖਿਆ ਮੰਤਰੀ ਪੰਜਾਬ ਦੇ ਪਿੰਡ ਗੰਭੀਰਪੁਰ ਵਿਖੇ 29 ਸਤੰਬਰ ਨੂੰ 6635 ਅਧਿਆਪਕ ਯੂਨੀਅਨ ਵੱਲੋਂ ਰੋਸ ਰੈਲੀ ਕੱਢੀ ਜਾਵੇਗੀ। ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜੋ ਦਿੱਕਤਾਂ ਦਾ ਸਾਹਮਣਾ ਈਟੀਟੀ 6635 ਨੂੰ ਜੋ ਇਸ ਤੋਂ ਪਹਿਲਾਂ ਬਦਲੀ ਦਾ ਚਾਂਸ ਮਿਲਿਆ, ਵਿੱਚ ਕਾਫੀ ਜ਼ਿਆਦਾ ਮੁਸ਼ਕਿਲਾਂ ਆਈਆਂ।ਉਹਨਾਂ ਸਭ ਬਾਰੇ ਵੀ ਵਿਭਾਗ ਨਾਲ ਗੱਲ ਕੀਤੀ ਜਾਵੇਗੀ। ਉਹਨਾਂ ਸਮੂਹ ਈਟੀਟੀ 6635 ਜਿਲ੍ਹਾ ਕਮੇਟੀ ਮੈਂਬਰ,ਬਲਾਕਾਂ ਦੇ ਕਮੇਟੀ ਮੈਂਬਰ ਕੇਡਰ ਨੂੰ 29 ਦੀ ਰੋਸ ਰੈਲੀ ਲਈ ਵੱਧ ਤੋਂ ਵੱਧ ਹਾਜ਼ਰੀ ਦੇਣ ਤਾਂ ਜੋ ਵੱਡੇ ਇਕੱਠ ਦੇ ਨਾਲ ਪ੍ਰਾਇਮਰੀ ਵਿਭਾਗ ਵਿੱਚ ਆ ਰਹੀਆਂ ਮੁਸ਼ਕਿਲਾਂ ਦਾ ਹੱਲ ਕਰਵਾਇਆ ਜਾ ਸਕੇ।


ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪੰਜਾਬ ਦੇ 72 ਸਰਕਾਰੀ ਪ੍ਰਾਇਮਰੀ ਅਧਿਆਪਕ ਟਰੇਨਿੰਗ ਲਈ ਜਾਣਗੇ ਫਿਨਲੈਂਡ

ਪੰਜਾਬ ਦੇ 72 ਸਰਕਾਰੀ ਪ੍ਰਾਇਮਰੀ ਅਧਿਆਪਕ ਟਰੇਨਿੰਗ ਲਈ ਜਾਣਗੇ ਫਿਨਲੈਂਡ

ਇਛੁੱਕ ਅਧਿਆਪਕ ਅੱਜ ਤੋਂ ਕਰ ਸਕਣਗੇ ਆਨਲਾਈਨ ਅਪਲਾਈ

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁੱਹਈਆ ਕਰਵਾਉਣ ਦੇ ਮਕਸਦ ਨਾਲ ਫਿਨਲੈਂਡ ਦੀ ਯੂਨੀਵਰਸਿਟੀ ਆਫ਼ ਤੁਰਕੂ ਵਿਖੇ ਭੇਜਣ ਦਾ ਫ਼ੈਸਲਾ ਕੀਤਾ ਹੈ।ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਟ੍ਰੇਨਿੰਗ ਮੁੱਹਈਆ ਕਰਵਾਉਣ ਦਾ ਫ਼ੈਸਲਾ ਮੁੱਖ ਮੰਤਰੀ ਭਗਵੰਤ ਸਿੰਘ ਜੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਿਆ ਗਿਆ ਹੈ। ਪ੍ਰਾਇਮਰੀ ਅਧਿਆਪਕ ਦੀ ਇਹ ਟ੍ਰੇਨਿੰਗ ਤਿੰਨ ਹਫ਼ਤਿਆਂ ਦੀ ਹੋਵੇਗੀ।ਬੈਂਸ ਨੇ ਦੱਸਿਆ ਕਿ ਫਰਵਰੀ 2023 ਤੋਂ ਕੁੱਲ 198 ਪ੍ਰਿੰਸੀਪਲਾਂ ਅਤੇ ਸਿੱਖਿਆ ਪ੍ਰਸ਼ਾਸਕਾਂ ਨੂੰ ਸਿੰਗਾਪੁਰ ਦੀਆਂ ਦੋ ਸੰਸਥਾਵਾਂ- ਪ੍ਰਿੰਸੀਪਲ ਅਕੈਡਮੀ ਅਤੇ ਨੈਸ਼ਨਲ ਇੰਸਟੀਚਿਊਟ ਆਫ਼ ਸਿੰਗਾਪੁਰ ਇੰਟਰਨੈਸ਼ਨਲ ਵਿੱਚ ਲੀਡਰਸ਼ਿਪ ਵਿਕਾਸ ਪ੍ਰੋਗਰਾਮ ਵਿੱਚ ਆਪਣੀ ਸਿਖਲਾਈ ਦਿਵਾਈ ਜਾ ਚੁੱਕੀ ਹੈ।ਇਸ ਤੋਂ ਇਲਾਵਾ 100 ਹੈੱਡ ਮਾਸਟਰਾਂ ਨੂੰ ਆਈ.ਆਈ.ਐਮ. ਅਹਿਮਦਾਬਾਦ ਵਿਖੇ ਲੀਡਰਸ਼ਿਪ, ਸਕੂਲ ਪ੍ਰਬੰਧਨ, ਸਿੱਖਿਆ ਵਿਭਾਗ ਵਿੱਚ ਏ.ਆਈ. ਅਤੇ ਭਾਈਵਾਲ ਸਬੰਧੀ ਟ੍ਰੇਨਿੰਗ ਦੁਆਈ ਜਾ ਰਹੀ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਟ੍ਰੇਨਿੰਗ ਤੇ ਜਾਣ ਦੇ ਇਛੁੱਕ ਅਧਿਆਪਕਾਂ ਅੱਜ ਮਿਤੀ 24 ਸਤੰਬਰ 2024 ਤੋਂ ਆਨਲਾਈਨ ਅਪਲਾਈ ਕਰ ਸਕਦੇ ਹਨ। ਟ੍ਰੇਨਿੰਗ ਸਬੰਧੀ ਸਮੁਚੀ ਜਾਣਕਾਰੀ ਵਿਭਾਗ ਦੀ ਵੈਬਸਾਈਟ ਈ.ਪੰਜਾਬ ਪੋਰਟਲ ਤੋਂ ਲਈ ਜਾ ਸਕਦੀ ਹੈ।ਸਿੱਖਿਆ ਮੰਤਰੀ ਨੇ ਦੱਸਿਆ ਕਿ ਜਿਹੜੇ ਅਧਿਆਪਕ ਇਸ ਟ੍ਰੇਨਿੰਗ 'ਤੇ ਜਾਣ ਲਈ ਅਪਲਾਈ ਕਰਨਗੇ ਉਨ੍ਹਾਂ ਦੇ ਪੜ੍ਹਾਈ ਕਰਵਾਉਣ ਦੀ ਵਿਧੀ ਸਬੰਧੀ ਉਨ੍ਹਾਂ ਕੋਲੋਂ ਸਿੱਖਿਆ ਹਾਸਲ ਕਰ ਚੁੱਕੇ ਵਿਦਿਆਰਥੀਆਂ ਅਤੇ ਮੌਜੂਦਾ ਸਮੇਂ ਸਿੱਖਿਆ ਹਾਸਲ ਕਰ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਵੀ ਤਸਦੀਕ ਕੀਤਾ ਜਾਵੇਗਾ।



ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮਾਡਰਨ ਗਰੁੱਪ ਆਫ ਇੰਸਟੀਚਿਊਸ਼ਨ ਬੀਰ ਕਲਾਂ ਵਿਖੇ ਐਨ.ਐਸ.ਐਸ. ਦਿਵਸ ਮਨਾਇਆ

ਮਾਡਰਨ ਗਰੁੱਪ ਆਫ ਇੰਸਟੀਚਿਊਸ਼ਨ ਬੀਰ ਕਲਾਂ ਵਿਖੇ ਐਨ.ਐਸ.ਐਸ. ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ :  ਮਾਡਰਨ ਗਰੁੱਪ ਆਫ ਇੰਸਟੀਚਿਊਸ਼ਨਜ ਬੀਰ ਕਲਾਂ ਵਿਖੇ ਐਨਐਸਐਸ ਦਿਵਸ ਚੇਅਰਮੈਨ ਡਾ. ਰਵਿੰਦਰ ਬਾਂਸਲ ਅਤੇ ਪ੍ਰਿੰਸੀਪਲ ਡਾ. ਵੀ ਕੇ ਰਾਏ ਦੀ ਅਗਵਾਈ ਵਿੱਚ ਮਨਾਇਆ ਗਿਆ।ਜਾਣਕਾਰੀ ਦਿੰਦਿਆਂ ਡਾ. ਰਵਿੰਦਰ ਬਾਂਸਲ ਨੇ ਕਿਹਾ ਇਹ ਐਨ.ਐਸ.ਐਸ. ਇੱਕ ਅਜਿਹੀ ਸਕੀਮ ਹੈ ਜੋ ਵਿਦਿਆਰਥੀਆਂ ਅੰਦਰ ਦੇਸ਼ ਭਗਤੀ ਅਤੇ ਸਮਾਜ ਦੀ ਸੇਵਾ ਕਰਨ ਦੀ ਭਾਵਨਾ ਉਤਪੰਨ ਕਰਦੀ ਹੈ।ਕਾਲਜ ਦੇ ਪ੍ਰਿੰਸੀਪਲ ਡਾ. ਵੀ.ਕੇ. ਰਾਏ ਨੇ ਐਨਐਸਐਸ ਦਿਵਸ ਦੀ ਮਹੱਤਤਾ ਤੇ ਇਤਿਹਾਸ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਐਨਐਸਐਸ ਦਿਵਸ ਦੇ ਸਬੰਧ 'ਚ ਪੋਸਟਰ ਮੇਕਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚ ਹਰਮਨ ਕੌਰ, ਮਨਦੀਪ ਕੌਰ ਅਤੇ ਨਵਦੀਪ ਕੌਰ ਨੇ ਪਹਿਲਾ ਸਥਾਨ ਹਾਸਿਲ ਕੀਤਾ।ਮਨਜੋਤ ਕੌਰ,ਮਨਪ੍ਰੀਤ ਕੌਰ ਅਤੇ ਅੱਕੀ ਕੌਰ ਨੇ ਦੂਜਾ,ਹਰਮਨਦੀਪ ਕੌਰ,ਗਗਨਦੀਪ ਕੌਰ ਅਤੇ ਅਰਸ਼ਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਇਸ ਮੌਕੇ ਸਮੂਹ ਵਿਦਿਆਰਥੀ ਅਤੇ ਸਟਾਫ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਸਤੀਕੇ ਨੇ ਲਗਾਤਾਰ ਦੂਜੀ ਵਾਰ ਜਿੱਤੀ ਓਵਰ ਆਲ ਟਰਾਫ਼ੀ

ਸਰਕਾਰੀ ਪ੍ਰਾਇਮਰੀ ਸਕੂਲ ਸਤੀਕੇ ਨੇ ਲਗਾਤਾਰ ਦੂਜੀ ਵਾਰ ਜਿੱਤੀ ਓਵਰ ਆਲ ਟਰਾਫ਼ੀ

ਕਲਸਟਰ ਪੱਧਰੀ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ 'ਤੇ ਬੀਪੀਈਓ ਬੁਢਲਾਡਾ ਅਮਨਦੀਪ ਸਿੰਘ ਤੇ ਸੀਐਚਟੀ ਕੁਲਾਣਾ ਬਲਵਿੰਦਰ ਸਿੰਘ ਨੇ ਦਿੱਤੀ ਵਧਾਈ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਕਲੀਪੁਰ ਵਿਖੇ ਕਰਵਾਈਆਂ ਗਈਆਂ ਕਲੱਸਟਰ ਕੁਲਾਣਾ ਨਾਲ ਸਬੰਧਿਤ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਸਖ਼ਤ ਮੁਕਾਬਲੇ ਹੋਏ ਜਿਸ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸਤੀਕੇ ਨੇ 9 ਵੱਡੀਆਂ ਖੇਡਾਂ ਜਿੱਤਾਂ ਪ੍ਰਾਪਤ ਕੀਤੀਆਂ। ਅਧਿਆਪਕ ਜੁਗਿੰਦਰ ਸਿੰਘ ਬਰੇ ਨੇ ਜਾਣਕਾਰੀ ਦ ਦੱਸਿਆ ਕਿ ਕਬੱਡੀ ਸਰਕਲ ਮੁੰਡਿਆਂ ਨੇ ਪਹਿਲਾ,ਮਿੰਨੀ ਹੈਂਡਬਾਲ ਕੁੜੀਆਂ ਤੇ ਮੁੰਡਿਆਂ ਨੇ ਪਹਿਲਾ, ਫੁਟਬਾਲ ਮੁੰਡੇ ਤੇ ਕੁੜੀਆਂ ਨੇ ਪਹਿਲਾ,ਬੈਡਮਿੰਟਨ ਕੁੜੀਆਂ ਨੇ ਪਹਿਲਾ,ਸ਼ਤਰੰਜ ਮੁੰਡਿਆਂ ਨੇ ਪਹਿਲਾ ਤੇ ਕੁੜੀਆਂ ਨੇ ਦੂਜਾ,ਕਬੱਡੀ ਨੈਸ਼ਨਲ ਕੁੜੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਇਸ ਤੋਂ ਇਲਾਵਾ ਰਿਲੇਅ ਦੌੜ ਮੁੰਡਿਆਂ ਨੇ ਪਹਿਲਾ , ਰਿਲੇਅ ਦੌੜ ਕੁੜੀਆਂ ਨੇ ਤੀਜਾ 200ਮੀ ਰੇਸ ਮੁੰਡਿਆਂ ਨੇ ਪਹਿਲਾ ਅਤੇ ਦੂਜਾ, ਲੰਬੀ ਛਾਲ ਮੁੰਡਿਆਂ ਨੇ ਦੂਜਾ, ਲੰਬੀ ਛਾਲ ਕੁੜੀਆਂ ਨੇ ਪਹਿਲਾ, 600 ਮੀਟਰ ਦੌੜ ਮੁੰਡਿਆਂ ਨੇ ਪਹਿਲਾ ਅਤੇ ਦੂਜਾ, 100 ਮੀਟਰ ਦੌੜ ਕੁੜੀਆਂ ਨੇ ਦੂਜਾ,200 ਮੀਟਰ ਕੁੜੀਆਂ ਨੇ ਦੂਜਾ,600 ਮੀਟਰ ਕੁੜੀਆਂ ਨੇ ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਕੇ    ਜਿਥੇ ਲਗਾਤਾਰ ਦੂਜੀ ਵਾਰ ਕਲੱਸਟਰ ਕੁਲਾਣਾ ਦੀ ਓਵਰ ਆਲ ਟਰਾਫ਼ੀ 'ਤੇ ਜਿੱਤ ਪ੍ਰਾਪਤ ਕੀਤੀ ਅਤੇ ਨਾਲ ਹੀ ਬਲਾਕ ਪੱਧਰੀ ਖੇਡਾਂ ਲਈ ਵੀ ਆਪਣਾ ਰਾਹ ਪੱਧਰਾ ਕੀਤਾ। ਸਕੂਲ ਦੀ ਇਸ ਪ੍ਰਾਪਤੀ ਸਬੰਧੀ ਸਕੂਲ ਮੁਖੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਦਾ ਨਤੀਜਾ ਹੈ।ਸਕੂਲ ਵਿੱਚ ਪਹੁੰਚੇ ਪਿੰਡ ਦੀ ਸਮੂਹ ਪੰਚਾਇਤ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਅਤੇ ਚੇਅਰਮੈਨ ਗੁਰਪ੍ਰੀਤ ਸਿੰਘ,ਸਰਪੰਚ ਪਰਮਜੀਤ ਕੌਰ,ਸਮਾਜ ਸੇਵੀ ਗੁਰਦੀਪ ਸਿੰਘ,ਸਤਨਾਮ ਸਿੰਘ ਪੰਚ,ਭੋਲਾ ਸਿੰਘ ਪੰਚ,ਦਲੀਪ ਸਿੰਘ ਪੰਚ,ਮਿਡ ਡੇ ਮੀਲ ਵਰਕਰ ਗੁਰਮੇਲ ਕੌਰ ਅਤੇ ਵੀਰਾਂ ਕੌਰ,ਗੁਰਵਿੰਦਰ ਸਿੰਘ ਕਿਸਾਨ ਆਗੂ, ਖੁਸ਼ਵੰਤ ਸਿੰਘ ਲਾਇਨਮੈਨ, ਬਾਬਾ ਰਾਮ ਸਿੰਘ, ਬਾਬਾ ਕੋਮਲ ਸਿੰਘ, ਗੁਰਜੰਟ ਸਿੰਘ, ਗੁਰਦੀਪ ਸਿੰਘ ਚਹਿਲ, ਦਰਸ਼ਨ ਦੀਨ, ਗੁਰਪ੍ਰੀਤ ਸਿੰਘ ਵੜੈਚ, ਮਿਸਤਰੀ ਗੁਰਪ੍ਰੀਤ ਸਿੰਘ , ਬਿੱਕਰ ਸਿੰਘ, ਸੁਖਜਿੰਦਰ ਕੌਰ, ਜਸਵਿੰਦਰ ਕੌਰ, ਬਲਜੀਤ ਬੇਗਮ, ਡਾ. ਵੀਰਾਂ ਕੌਰ,ਸਮੇਤ ਪਿੰਡ ਵਾਸੀਆਂ ਨੇ ਸਕੂਲ ਦੇ ਵਿਹੜੇ ਪਹੁੰਚ ਕੇ ਬੱਚਿਆਂ ਦਾ ਹੌਸਲਾ ਵਧਾਇਆ।ਖੇਡ ਇੰਚਾਰਜ ਅਧਿਆਪਕ ਸਿਕੰਦਰ ਸਿੰਘ, ਜੋਗਿੰਦਰ ਸਿੰਘ ਅਤੇ ਪਰਮਜੀਤ ਕੌਰ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ, ਕਲੱਸਟਰ ਸਕੂਲ ਮੁਖੀ ਬਲਵਿੰਦਰ ਸਿੰਘ ਨੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘੱਟ ਹੋਣ ਦੇ ਬਾਵਜੂਦ ਵੱਡੀ ਪ੍ਰਾਪਤੀ ਦੱਸਦਿਆਂ ਬਲਾਕ ਖੇਡਾਂ ਵਿੱਚ ਚੰਗੀ ਪ੍ਰਾਪਤੀ ਦੀ ਉਮੀਦ ਪ੍ਰਗਟਾਈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਇਆ

ਦਿ ਰੌਇਲ ਗਰੁੱਪ ਆਫ਼ ਕਾਲਜਿਜ਼ ਬੋੜਾਵਾਲ ਵਿਖੇ ਰਾਸ਼ਟਰੀ ਸੇਵਾ ਯੋਜਨਾ ਦਿਵਸ ਮਨਾਇਆ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਰੋਇਲ ਗਰੁੱਪ ਆਫ ਕਾਲਜਿਜ ਬੋੜਾਵਾਲ ਵਿਖੇ ਭਾਰਤ ਸਰਕਾਰ ਦੇ ਯੁਵਕ ਸੇਵਾਵਾਂ,ਖੇਡ ਮੰਤਰਾਲੇ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਐਨ.ਐਸ.ਐਸ ਵਿਭਾਗ ਦੇ ਦਿਸ਼ਾ- ਨਿਰਦੇਸ਼ਾਂ ਅਨੁਸਾਰ 'ਰਾਸ਼ਟਰੀ ਸੇਵਾ ਯੋਜਨਾ ਦਿਵਸ' ਮਨਾਇਆ। ਕਾਲਜ ਪ੍ਰੋਗਰਾਮ ਅਫ਼ਸਰ ਡਾ. ਭੁਪਿੰਦਰ ਸਿੰਘ ਨੇ ਇਸ ਦਿਨ ਦੀ ਮਹੱਤਤਾ ਅਤੇ ਲੋੜ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਅੰਦਰ ਸਰੀਰਕ, ਭਾਵਨਾਤਮਕ, ਸਮਾਜਿਕ, ਸਭਿਆਚਾਰਕ ਅਤੇ ਬੌਧਿਕ ਵਿਕਾਸ ਨੂੰ ਮੁੱਖ ਰੱਖਦਿਆਂ, ਇਹ ਪ੍ਰੋਗਰਾਮ ਉਲੀਕਿਆ ਗਿਆ ਹੈ। ਇਸ ਪ੍ਰੋਗਰਾਮ ਤਹਿਤ ਐੱਨ .ਐੱਸ .ਐੱਸ.  ਵਲੰਟੀਅਰਜ਼ ਨੇ ਵਧ ਚੜ੍ਹ ਕੇ ਹਿੱਸਾ ਲਿਆ।ਇਸ ਮੌਕੇ ਐਨ.ਐਸ.ਐਸ. ਵਲੰਟੀਅਰ ਜੋਤੀ ਕੌਰ ਬੀ.ਏ .ਭਾਗ ਪਹਿਲਾ , ਕਰਨ ਸਿੰਘ ਬੀ.ਏ.ਭਾਗ ਪਹਿਲਾ, ਅਮਨਦੀਪ ਕੌਰ ਬੀ.ਏ. ਭਾਗ ਤੀਜਾ , ਸਤਨਾਮ ਸਿੰਘ ਬੀ.ਏ .ਭਾਗ ਤੀਜਾ  ਨੇ,ਇਸ ਦਿਨ ਨੂੰ ਮੁੱਖ ਰੱਖਦਿਆਂ , ਇਸ ਦੀ ਮਹੱਤਤਾ ਅਤੇ ਕਾਲਜ ਵਿੱਚ ਲਗਾਏ ਕੈਂਪਾਂ ਦੇ ਤਜ਼ਰਬੇ ਸਾਂਝੇ ਕੀਤੇ ।ਇਸ ਮੌਕੇ ਕਾਲਜ ਡਾਇਰੈਕਟਰ ਪ੍ਰਿੰਸੀਪਲ ਡਾ . ਕੁਲਦੀਪ ਸਿੰਘ ਬੱਲ ਨੇ ਕਿਹਾ ਕਿ 24 ਸਤੰਬਰ 1969 ਨੂੰ ਭਾਰਤ ਸਰਕਾਰ ਦੇ ਸਿੱਖਿਆ ਅਤੇ ਸਭਿਆਚਾਰ ਮੰਤਰਾਲੇ ਵੱਲੋਂ ਕੇਂਦਰੀ ਸਿੱਖਿਆ ਮੰਤਰੀ ਡਾ.ਬੀ.ਕੇ.ਆਰ.ਵੀ.ਰਾਓ ਨੇ ਮਹਾਤਮਾ ਗਾਂਧੀ ਦੀ ਜਨਮ ਦੇ ਸ਼ਤਾਬਦੀ ਵਰ੍ਹੇ ਦੇ ਤੋਹਫ਼ੇ ਵਜੋਂ, ਦੇਸ਼ ਦੇ ਵੱਖ -ਵੱਖ ਸੂਬਿਆਂ ਵਿੱਚ ਰਾਸ਼ਟਰੀ ਸੇਵਾ ਯੋਜਨਾ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ। ਇਸ ਦੇ ਨਾਲ ਆਮ ਲੋਕਾਂ ਵਿੱਚ ਜਾਗਰੂਕਤਾ ਫੈਲੀ ਅਤੇ ਬਹੁਤ ਸਾਰੀਆਂ ਸੰਸਥਾਵਾਂ ਅਤੇ ਸੰਗਠਨ  ਲੋਕ ਭਲਾਈ ਦੇ ਕੰਮਾਂ ਲਈ ਉੱਭਰ ਕੇ ਸਾਹਮਣੇ ਆਏ। ਉਨ੍ਹਾਂ ਇਹ ਵੀ ਕਿਹਾ ਕਿ ਨੈਸ਼ਨਲ ਸਰਵਿਸ ਸਕੀਮ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਪਹੁੰਚਣ ਲਈ ਬਹੁਤ ਸਾਰੇ ਪੜਾਵਾਂ ਵਿੱਚੋਂ ਲੰਘ ਕੇ ਅੱਜ ਦੇ ਮੁਕਾਮ ਤੱਕ ਪਹੁੰਚਿਆ ਹੈ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ . ਕੁਲਵਿੰਦਰ ਸਿੰਘ ਸਰਾਂ ਨੇ ਕਿਹਾ ਕਿ ਭਾਈ ਘਨ੍ਹੱਈਆ ਜੀ ਮਾਨਵ - ਸੇਵਾ ਭਾਵਨਾ ਦਾ ਸੰਕਲਪ ਸਰਬ-ਸਾਝਾਂ ਤੇ ਇਹਨਾਂ ਸਮਿਆਂ ਵਿੱਚ ਹੋਰ ਵੀ ਲੋੜੀਂਦਾ ਸੰਕਲਪ ਹੈ। ਇਸ ਮੌਕੇ 'ਤੇ ਸਮੂਹ ਸਟਾਫ਼ ਹਾਜ਼ਰ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਕਲਾ ਉਤਸਵ ਜ਼ਰੂਰੀ : ਡੀ.ਈ.ਓ. ਭੁਪਿੰਦਰ ਕੌਰ

ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਉਭਾਰਨ ਲਈ ਕਲਾ ਉਤਸਵ ਜ਼ਰੂਰੀ : ਡੀ.ਈ.ਓ. ਭੁਪਿੰਦਰ ਕੌਰ

ਯਾਦਗਾਰੀ ਹੋ ਨਿਬੜਿਆ ਜ਼ਿਲ੍ਹਾ ਮਾਨਸਾ ਦਾ ਕਲਾ ਉਤਸਵ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਾਇਰੈਕਟਰ ਜਨਰਲ ਸਕੂਲ ਸਿੱਖਿਆ ਕਮ ਸਟੇਟ ਪ੍ਰਾਜੈਕਟ ਡਾਇਰੈਕਟਰ ਸਮੱਗਰਾ ਸਿੱਖਿਆ ਅਭਿਆਨ ਅਥਾਰਟੀ ਪੰਜਾਬ ਦੇ ਆਦੇਸ਼ਾਂ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ਼੍ਰੀਮਤੀ ਭੁਪਿੰਦਰ ਕੌਰ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਸ੍ਰੀ ਪਰਮਜੀਤ ਸਿੰਘ ਦੀ ਅਗਵਾਈ ਵਿਚ ਜ਼ਿਲ੍ਹਾ ਪੱਧਰੀ ਕਲਾ ਉਤਸਵ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ ਨੇ ਦੱਸਿਆ ਕਿ ਕਲਾ ਉਤਸਵ ਦਾ ਮੰਤਵ ਵਿਦਿਆਰਥੀਆਂ ਵਿੱਚ ਛੁਪੀ ਪ੍ਰਤਿਭਾ ਨੂੰ ਉਭਾਰਨਾ ਹੈ। ਉਨ੍ਹਾਂ ਦੱਸਿਆ ਕਿ ਕਲਾ ਉਤਸਵ 2024-25 ਵਿਚ ਸਮੱਗਰਾ ਸਿੱਖਿਆ ਅਧੀਨ ਸਰਕਾਰੀ, ਏਡਿਡ, ਪ੍ਰਾਈਵੇਟ, ਲੋਕਲ ਬਾਡੀ ਅਤੇ ਕੇਂਦਰ ਸਰਕਾਰ ਦੇ ਸਕੂਲਾਂ ਵਿਚ ਪੜ੍ਹਦੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਡਿਪਟੀ ਡਾਇਰੈਕਟਰ ਅਤੇ ਡਾਇਟ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਅੱਜ ਦੇ ਵਿਦਿਆਰਥੀਆਂ ਵਿੱਚ ਹੁਨਰ ਦੀ ਕੋਈ ਕਮੀ ਨਹੀਂ ਹੈ। ਅੱਜ ਦੇ ਸਮੇਂ ਦੀ ਲੋੜ ਹੈ ਉਨ੍ਹਾਂ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾ ਦੀ ਪਛਾਣ ਕਰਕੇ ਇਸ ਨੂੰ ਉਜਾਗਰ ਕੀਤਾ ਜਾਵੇ। ਕਲਾ ਉਤਸਵ ਵਰਗੇ ਮੁਕਾਬਲੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਦੇ ਹਨ। ਉਨ੍ਹਾਂ ਵੱਖ-ਵੱਖ ਮੁਕਾਬਲਿਆਂ ਵਿੱਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਮਿਹਨਤ ਕਰਵਾ ਕੇ ਇਥੋਂ ਤੱਕ ਲੈ ਕੇ ਆਉਣ ਵਾਲੇ ਉਨ੍ਹਾਂ ਦੇ ਗਾਈਡ ਅਧਿਆਪਕ ਵੀ ਵਧਾਈ ਦੇ ਪਾਤਰ ਹਨ। ਪਰਮਜੀਤ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਨੇ ਕਿਹਾ ਕਿ ਇਨ੍ਹਾਂ ਮੁਕਾਬਲਿਆਂ ਰਾਹੀਂ ਜਿੱਥੇ ਵਿਦਿਆਰਥੀਆਂ ਵਿਚ ਕਲਾ ਪ੍ਰਤੀ ਰੁਚੀ ਵਧੇਗੀ, ਉੱਥੇ ਦੇਸ਼ ਦੇ ਵੱਖ-ਵੱਖ ਪ੍ਰਾਂਤਾਂ ਦੀ ਸੰਸਕ੍ਰਿਤੀ ਅਤੇ ਵਿਰਸੇ ਨੂੰ ਜਾਣਨ ਦਾ ਮੌਕਾ ਵੀ ਮਿਲੇਗਾ।ਪ੍ਰੋਗਰਾਮ ਦੇ ਜਿਲ੍ਹਾ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਕਲਾ ਉਤਸਵ ਵਿੱਚ ਹਰ ਸਕੂਲ ਵਿਚੋਂ ਸਕੂਲ ਪੱਧਰ ਜੇਤੂ ਪਹਿਲਾਂ ਵਿਦਿਆਰਥੀ ਜਾਂ ਟੀਮ ਭਾਗ ਲੈ ਸਕਦੇ ਹਨ। ਜੇਤੂ ਵਿਦਿਆਰਥੀਆਂ ਦੇ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ ਅਤੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਵੱਧ ਤੋਂ ਵੱਧ ਭਾਗ ਲੈਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਲਾ ਉਤਸਵ ਲਈ ਛੇ ਖੇਤਰ ਨਿਰਧਾਰਤ ਕੀਤੇ ਗਏ ਹਨ ਜਿਸ ਵਿੱਚ ਸੋਲੋ ਵੋਕਲ ਮਿਊਜ਼ਿਕ, ਇੰਸਟਰੂਮੈਂਟ ਮਿਊਜਿਕ, ਫੋਕ ਡਾਂਸ, ਡਰਾਮਾ ਐਕਟਿੰਗ, ਵਿਜਲ ਆਰਟ ਟੁ ਡੀ ਅਤੇ ਸਟੋਰੀ ਟੈਲਿੰਗ ਹਨ।  

ਉਨ੍ਹਾਂ ਦੱਸਿਆ ਕਿ ਡਰਾਮਾ ਐਕਟਿੰਗ ਵਿੱਚ ਰਾਜਵੀਰ ਸਿੰਘ ਅਤੇ ਪਾਰਟੀ ਸਰਕਾਰੀ ਸੈਕੰਡਰੀ ਸਕੂਲ ਦਾਤੇਵਾਸ ਨੇ ਪਹਿਲਾ ਸਥਾਨ, ਸਾਹਿਲ ਜੋਤ ਸਿੰਘ ਅਤੇ ਪਾਰਟੀ ਸਰਕਾਰੀ ਸੈਕਡੰਰੀ ਸਕੂਲ ਕੋਟੜਾ ਕਲਾਂ ਨੇ ਦੂਸਰਾ ਸਥਾਨ, ਮਨਦੀਪ ਕੌਰ ਅਤੇ ਪਾਰਟੀ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਟੋਰੀ ਟੈਲਿੰਗ ਦੇ ਵਿੱਚ ਜੀਵਨ ਸਿੰਘ ਸਰਕਾਰੀ ਸੈਕੰਡਰੀ ਸਕੂਲ ਕੋਟੜਾ ਕਲਾਂ ਨੇ ਪਹਿਲਾ ਸਥਾਨ, ਭਿੰਦਰ ਸਿੰਘ ਸਰਕਾਰੀ ਹਾਈ ਸਕੂਲ ਸਮਾਓ ਨੇ ਦੂਸਰਾ ਸਥਾਨ, ਖੁਸ਼ਦੀਪ ਕੌਰ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵਿਜ਼ੂਅਲ ਆਰਟ ਟੂ ਡੀ ਵਿੱਚ ਸਰਨਜੀਤ ਕੌਰ ਕਲਾਸ ਗਿਆਰਵੀਂ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਨੇ ਪਹਿਲਾਂ ਸਥਾਨ, ਹਵੀਨ ਕੌਰ ਸਹੋਤਾ ਜਮਾਤ ਗਿਆਰਵੀਂ ਸਰਕਾਰੀ ਮਾਡਲ ਸੈਕੰਡਰੀ ਸਕੂਲ, ਕੁਲਰੀਆਂ ਨੇ ਦੂਸਰਾ ਸਥਾਨ, ਲਵਪ੍ਰੀਤ ਸਿੰਘ ਜਮਾਤ ਬਾਰ੍ਹਵੀਂ ਗਿਆਰਵੀਂ ਸਰਕਾਰੀ ਸੈਕੰਡਰੀ ਸਕੂਲ ਮੀਰਪੁਰ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਵੋਕਲ ਮਿਊਜਿਕ ਵਿੱਚ ਆਸ਼ੂ ਸ਼ਰਮਾ ਸਰਕਾਰੀ ਕੰਨਿਆ ਸੈਕੰਡਰੀ ਸਕੂਲ ਮਾਨਸਾ ਨੇ ਪਹਿਲਾ ਸਥਾਨ, ਅਰੁਣਦੀਪ ਸਿੰਘ, ਸਰਕਾਰੀ ਸੈਕੰਡਰੀ ਸਕੂਲ ਨੰਗਲ ਕਲਾਂ ਨੇ ਦੂਸਰਾ ਸਥਾਨ, ਹਰਮਨਦੀਪ ਕੌਰ ਸਰਕਾਰੀ ਹਾਈ ਸਕੂਲ ਖਡਾਲ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇੰਸਟਰੂਮੈਂਟ ਮਿਊਜਿਕ ਵਿੱਚ ਅਰਸ਼ਦੀਪ ਸਿੰਘ ਜਮਾਤ ਗਿਆਰਵੀਂ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਪਹਿਲਾ ਸਥਾਨ, ਜਸ਼ਨਦੀਪ ਜਮਾਤ ਗਿਆਰਵੀਂ ਆਰੀਆ ਸਕੂਲ ਮਾਨਸਾ ਨੇ ਦੂਸਰਾ ਸਥਾਨ, ਦਿਲਜਾਨ ਖਾਨ ਜਮਾਤ ਨੌਵੀਂ ਸਰਕਾਰੀ ਹਾਈ ਸਕੂਲ ਖਡਾਲ ਕਲਾਂ ਨੇ ਤੀਸਰਾ ਸਥਾਨ ਹਾਸਿਲ ਕੀਤਾ। ਫੋਕ ਡਾਂਸ ਵਿੱਚ ਜਸ਼ਨਪ੍ਰੀਤ ਕੌਰ ਅਤੇ ਪਾਰਟੀ ਸਰਕਾਰੀ ਮਾਡਲ ਸੈਕੰਡਰੀ ਸਕੂਲ ਕੁਲਰੀਆਂ ਨੇ ਪਹਿਲਾ ਸਥਾਨ, ਪਵਿੱਤ ਕੌਰ ਅਤੇ ਪਾਰਟੀ ਸਰਕਾਰੀ ਮਾਡਲ ਸੈਕੰਡਰੀ ਸਕੂਲ ਦਾਤੇਵਾਸ ਨੇ ਦੂਸਰਾ ਸਥਾਨ ਅਤੇ ਖੁਸਦੀਪ ਕੌਰ, ਪਾਰਟੀ ਸਰਕਾਰੀ ਹਾਈ ਸਕੂਲ ਦੋਦੜਾਂ ਨੇ ਤੀਸਰਾ ਸਥਾਨ ਅਤੇ ਜਸਪ੍ਰੀਤ ਕੌਰ ਅਤੇ ਪਾਰਟੀ ਸਰਕਾਰੀ ਸੈਕੰਡਰੀ ਸਕੂਲ ਮੂਸਾ ਨੇ ਤੀਸਰਾ ਸਥਾਨ ਹਾਸਲ ਕੀਤਾ।ਜਜਮੈਂਟ ਦੀ ਭੂਮਿਕਾ ਹਰਪ੍ਰੀਤ ਸਿੰਘ, ਸਟੇਜ ਸਕੱਤਰ ਦੀ ਭੂਮਿਕਾ ਊਧਮ ਆਲਮ ਨੇ ਨਿਭਾਈ। ਇਸ ਮੌਕੇ ਸ਼ਿੰਗਾਰਾ ਸਿੰਘ, ਜਸਵੀਰ ਕੌਰ, ਜਗਸੀਰ ਸਿੰਘ, ਬਾਲ ਕ੍ਰਿਸ਼ਨ, ਗਗਨਦੀਪ ਕੌਰ, ਗੁਲਾਬ ਸਿੰਘ, ਰਜੀਵ ਕੁਮਾਰ,ਹਰਵਿੰਦਰ ਸਿੰਘ, ਨਤਾਸ਼ ਗੋਇਲ, ਪਲਵਿੰਦਰ ਸਿੰਘ ਨੇ ਨਿਭਾਈ। ਇਸ ਮੌਕੇ ਸਮੂਹ ਬੀਐਨਓ, ਪ੍ਰਿੰਸੀਪਲ ਕੁਲਦੀਪ ਸਿੰਘ, ਪ੍ਰਿੰਸੀਪਲ ਅਵਤਾਰ ਸਿੰਘ, ਅਮਰਜੀਤ ਸਿੰਘ ਰੱਲੀ, ਸੁਖਬੀਰ ਸਿੰਘ, ਸੁਮਿਤ ਕੁਮਾਰ, ਸ਼ਸ਼ੀ ਕਾਠ, ਕਪਿਲ ਕੁਮਾਰ, ਲਖਵਿੰਦਰ ਸਿੰਘ, ਉਧਮ ਸਿੰਘ, ਮੈਡਮ ਮਮਤਾ, ਨਿਤੇਸ਼ ਕੁਮਾਰ, ਗਾਈਡ ਅਧਿਆਪਕ ਅਤੇ ਵਿਦਿਆਰਥੀ ਹਾਜ਼ਰ ਸਨ।