Thursday, September 26, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਚੀਮਾ ਵਿਖੇ ਸਹਿਕਾਰੀ ਖੇਤੀਬਾੜੀ ਸਭਾ ਦੀ 11 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਚੀਮਾ ਵਿਖੇ ਸਹਿਕਾਰੀ ਖੇਤੀਬਾੜੀ ਸਭਾ ਦੀ 11 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਹੋਈ ਚੋਣ

ਕਾਗਜ ਰੱਦ ਹੋਣ ਵਾਲੇ ਉਮੀਦਵਾਰਾਂ ਨੇ ਧੱਕੇਸ਼ਾਹੀ ਦਾ ਲਾਇਆ ਦੋਸ਼

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦੀ ਚੀਮਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚੀਮਾ ਦੀ ਪ੍ਰਬੰਧਕ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਸੰਪੰਨ ਹੋ ਗਈ ਹੈ। ਜਾਣਕਾਰੀ ਦਿੰਦਿਆਂ ਸਭਾ ਦੇ ਸਕੱਤਰ ਸਤਿਗੁਰ ਸਿੰਘ ਨੇ ਦੱਸਿਆ ਕਿ ਇਹ ਚੋਣ ਰਿਟਰਨਿੰਗ ਅਫਸਰ ਤੇਜਿੰਦਰ ਸਿੰਘ ਅਤੇ ਫਕੀਰ ਚੰਦ ਦੀ ਨਿਗਰਾਨੀ ਹੇਠ ਹੋਈ ਹੈ। ਉਹਨਾਂ ਦੱਸਿਆ ਕਿ ਚੁਣੀ ਗਈ 11 ਮੈਂਬਰੀ ਕਮੇਟੀ ਵਿੱਚ ਕਈ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਵਿੱਚ ਤਰੁਟੀਆਂ ਹੋਣ ਕਾਰਨ ਰੱਦ ਹੋ ਗਏ ਹਨ ਜਿਸ ਕਰਕੇ 11 ਮੈਂਬਰ ਬਿਨ੍ਹਾ ਮੁਕਾਬਲਾ ਚੁਣੇ ਗਏ ਹਨ।ਉਹਨਾਂ ਦੱਸਿਆ ਕਿ ਇਹਨਾਂ ਮੈਂਬਰਾਂ ਵਿੱਚ ਜਗਤਾਰ ਸਿੰਘ ਬਾਬੇ ਕਾ,ਬਹਾਦਰ ਸਿੰਘ ਚਹਿਲ,ਬੀਰਬਲ ਸਿੰਘ,ਪਰਮਜੀਤ ਸਿੰਘ ਨਿੱਕਾ,ਕੁਲਦੀਪ ਸਿੰਘ,ਦਰਸ਼ਨ ਸਿੰਘ,ਗਿਆਨ ਸਿੰਘ,ਜਸਵੀਰ ਸਿੰਘ,ਮੇਜਰ ਸਿੰਘ,ਕਰਮਜੀਤ ਕੌਰ ਤੇ ਗੁਰਮੇਲ ਕੌਰ ਦੇ ਨਾਂ ਸ਼ਾਮਲ ਹਨ। ਇਸ ਮੌਕੇ ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਦਰਸ਼ਨ ਸਿੰਘ (ਗੀਤੀ ਮਾਨ), ਦਰਸ਼ਨ ਸਿੰਘ ਔਲਖ,ਹਰਦੇਵ ਸਿੰਘ ਨਿੱਕਾ,ਸਾਬਕਾ ਐਮਸੀ ਦਰਸ਼ਨ ਸਿੰਘ ਲਾਡੀ ਆਦਿ ਮੌਜੂਦ ਸਨ।ਹਾਜ਼ਰ ਪਤਵੰਤਿਆਂ ਨੇ ਦੱਸਿਆ ਕਿ ਅੱਜ ਦੀ ਇਹ ਚੋਣ ਬਿਨਾਂ ਭੇਦ ਭਾਵ ਤੋਂ ਪਿੰਡ ਪੱਧਰ 'ਤੇ ਕੀਤੀ ਗਈ ਹੈ ਜਿਸ ਵਿੱਚ ਸਾਰੀਆਂ ਹੀ ਸਿਆਸੀ ਪਾਰਟੀਆਂ ਤੇ ਕਿਸਾਨ ਯੂਨੀਅਨ ਦੇ ਨੁਮਾਇੰਦੇ ਵੀ ਸ਼ਾਮਿਲ ਹਨ।ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਧੱਕੇਸ਼ਾਹੀ ਨਹੀਂ ਹੋਈ।ਨਵੇਂ ਚੁਣੇ ਗਏ ਕਮੇਟੀ ਮੈਂਬਰਾਂ ਨੇ ਗੁਰਦੁਆਰਾ ਨਾਨਕਸਰ ਸਾਹਿਬ ਵਿਖੇ ਮੱਥਾ ਟੇਕਿਆ ਜਿੱਥੇ ਕਿ ਗੁਰਦੁਆਰਾ ਸਾਹਿਬ ਦੇ ਰਿਸੀਵਰ ਜਥੇਦਾਰ ਦਲਬਾਰਾ ਸਿੰਘ ਅਤੇ ਮੈਨੇਜਰ ਜਰਨੈਲ ਸਿੰਘ ਵੱਲੋਂ ਕਮੇਟੀ ਮੈਂਬਰਾਂ ਦਾ ਸਨਮਾਨ ਕੀਤਾ ਗਿਆ।
ਦੂਜੇ ਪਾਸੇ ਜਿਹਨਾਂ ਉਮੀਦਵਾਰਾਂ ਦੇ ਕਾਗਜ਼ ਰੱਦ ਹੋਏ ਹਨ,ਉਹਨਾਂ ਸ਼ਿਕਵਾ ਜਾਹਰ ਕਰਦਿਆਂ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਗਈ ਹੈ, ਕਾਗਜ ਰੱਦ ਹੋਣ ਵਾਲੇ ਉਮੀਦਵਾਰਾਂ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਉਮੀਦਵਾਰ ਵੀ ਹਨ,ਜਿਹਨਾਂ ਨੇ ਕੈਬਨਟ ਵਜ਼ੀਰ ਅਮਨ ਅਰੋੜਾ 'ਤੇ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਉਹਨਾਂ ਦੀ ਸ਼ਹਿ 'ਤੇ ਉਹਨਾਂ ਦੇ ਕਾਗਜ਼ ਰੱਦ ਹੋਏ ਹਨ।ਉਹਨਾਂ ਦੇ ਸਮਰਥਕਾਂ ਵੱਲੋਂ ਚੀਮਾ ਮੰਡੀ ਪੁੱਜਣ 'ਤੇ ਕੈਬਨਟ ਵਜ਼ੀਰ ਦੇ ਘਿਰਾਓ ਕਰਨ ਦੀ ਵੀ ਚਿਤਾਵਨੀ ਦਿੱਤੀ ਹੈ।

Wednesday, September 25, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਦਾਰੀਆਂ ਟਰੱਸਟ ਵੱਲੋਂ ਪਖੰਡੀ ਖਿਲਾਫ ਐਸ.ਪੀ. ਐਚ ਜਗਰਾਉਂ ਨੂੰ ਸੌਪਿਆ ਮੰਗ ਪੱਤਰ

ਸਰਦਾਰੀਆਂ ਟਰੱਸਟ ਵੱਲੋਂ ਪਖੰਡੀ ਖਿਲਾਫ ਐਸ.ਪੀ. ਐਚ ਜਗਰਾਉਂ ਨੂੰ ਸੌਪਿਆ ਮੰਗ ਪੱਤਰ

 
ਚਰਨਘਾਟ ਵਾਲੇ ਸਾਧ ਬਲਜਿੰਦਰ ਸਿੰਘ ਤੇ ਸਖਤ ਕਾਰਵਾਈ ਦੀ ਮੰਗ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਦਾਰੀਆਂ ਟਰਸਟ ਪੰਜਾਬ ਦੇ ਆਗੂ ਜਗਰਾਜ ਸਿੰਘ ਢੱਡਰੀਆਂ ਨੇ ਗੱਲਬਾਤ ਦੌਰਾਨ ਦੱਸਿਆ ਕਿ ਪਿਛਲੇ ਦਿਨੀ ਜੋ ਚਰਨ ਘਾਟ ਵਾਲੇ ਪਖੰਡੀ ਸਾਧ ਬਲਜਿੰਦਰ ਸਿੰਘ ਵੱਲੋਂ ਗੁਰੂ ਘਰ ਦੇ ਵਿੱਚ ਗੁਰਸਿੱਖ ਮਰਿਆਦਾ ਦੇ ਉਲਟ ਚਲਦਿਆਂ ਦੁਸ਼ਕਰਮ ਕੀਤੇ ਗਏ ਜਿਸ ਦੀਆਂ ਆਡੀਓ ਤੇ ਵੀਡੀਓ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਸੰਗਤਾਂ ਦੇ ਸਨਮੁੱਖ ਲਿਆਂਦੀਆਂ ਗਈਆਂ ਸਨ ਪਰ ਇੰਨੇ ਸਾਰੇ ਸਬੂਤ ਹੋਣ ਦੇ ਬਾਵਜੂਦ ਪ੍ਰਸ਼ਾਸਨ ਦੇ ਵੱਲੋਂ ਪਖੰਡੀ ਸਾਧ ਦੇ ਉੱਪਰ ਕਾਰਵਾਈ ਤਾਂ ਕੀਤੀ ਗਈ ਪਰ ਕਾਨੂੰਨੀ ਦਾਅ ਪੇਚ ਰਾਹੀਂ ਉਹਨੂੰ ਬਚਾਉਣ ਦੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਅਤੇ ਇਸਦੇ ਉਲਟ ਭਾਈ ਮਹਿਰੋਂ ਦੇ ਖਿਲਾਫ ਹੀ ਝੂਠਾ ਬਿਰਤਾਂਤ ਸਿਰਜ ਕੇ ਉਸ ਨੂੰ ਉਲਝਾਉਣ ਤੇ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਸਰਦਾਰੀਆਂ ਟਰੱਸਟ ਪੰਜਾਬ ਦੀ ਸਮੁੱਚੀ ਟੀਮ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਨਾਲ ਖੜ੍ਹੀ ਹੈ। ਉਹਨਾਂ ਐਸਪੀਐਚ ਜਗਰਾਉਂ ਨੂੰ ਮੰਗ ਪੱਤਰ ਦਿੰਦਿਆਂ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਕੀਤੀ ਕਿ ਬਾਕੀ ਪੀੜ੍ਹਤ ਕੁੜੀਆਂ ਦੇ ਬਿਆਨਾਂ ਦੇ ਆਧਾਰ 'ਤੇ ਅਤੇ ਹੋਈ ਬੇਅਦਬੀ ਤਹਿਤ ਧਾਰਾ 295 ਏ ਲਗਾ ਕੇ ਉਸ ਪਖੰਡੀ ਨੂੰ ਸਖਤ ਤੋਂ ਸਖਤ ਸਜਾ ਦਿਵਾਈ ਜਾਵੇ। ਸ੍ਰ. ਢੱਡਰੀਆਂ ਨੇ ਸਾਰੀਆਂ ਹੀ ਜਥੇਬੰਦੀਆਂ ਅਤੇ ਸੰਗਤਾ ਨੂੰ ਅਪੀਲ ਕੀਤੀ  ਹੈ ਕਿ ਇਸ ਸਮੇਂ ਸਾਡਾ ਸਾਰਿਆਂ ਦਾ ਇਖਲਾਕੀ  ਫਰਜ਼ ਬਣਦਾ ਹੈ ਕਿ ਅਸੀਂ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਦੇ ਹੱਕ ਦੇ ਵਿੱਚ ਡੱਟ ਕੇ ਖੜੀਏ ਤਾਂ ਜੋ ਅੱਗੇ ਵਾਸਤੇ ਇਸ ਤਰ੍ਹਾਂ ਦੇ ਕਿਸੇ ਵੀ ਪਖੰਡੀ ਸਾਧ ਦਾ ਹੀਆ ਨਾ ਪਵੇ ਕਿ ਉਹ ਗੁਰੂ ਘਰ ਦੇ ਵਿੱਚ ਜਾਂ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦਾ ਦੁਸ਼ਕਰਮ ਕਰ ਸਕੇ। ਉਹਨਾਂ ਕਿਹਾ ਸਾਨੂੰ ਸਭ ਨੂੰ ਇਸ ਸਮੇਂ ਭਾਈ ਮਹਿਰੋਂ ਦਾ ਸਾਥ ਦੇਣਾਂ ਚਾਹੀਦਾ ਹੈ। ਮੰਗ ਪੱਤਰ ਦੇਣ ਸਮੇਂ ਟਰੱਸਟ ਦੇ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਸਿੱਧਵਾਂ, ਸੈਕਟਰੀ ਗੁਰਪ੍ਰੀਤ ਸਿੰਘ ਮਹਿਰੋਂ, ਬਲਤੇਜ ਸਿੰਘ ਗਿੱਲ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਵਿਧਾਇਕ ਬੁੱਧ ਰਾਮ ਨੇ ਸਰਕਾਰੀ ਸਕੂਲ ਗੁੜੱਦੀ ਵਿਖੇ ਬਹੁਮੰਤਵੀ ਸ਼ੈਡ ਕੀਤਾ ਦਾ ਉਦਘਾਟਨ

ਵਿਧਾਇਕ ਬੁੱਧ ਰਾਮ ਨੇ ਸਰਕਾਰੀ ਸਕੂਲ ਗੁੜੱਦੀ ਵਿਖੇ ਬਹੁਮੰਤਵੀ ਸ਼ੈਡ ਕੀਤਾ ਦਾ ਉਦਘਾਟਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਹਾਈ ਸਕੂਲ ਗੁੜੱਦੀ ਵਿਖੇ ਹਲਕਾ ਬੁਢਲਾਡਾ ਦੇ ਵਿਧਾਇਕ ਤੇ ਆਪ ਦੇ ਕਾਰਜਕਾਰੀ ਸੂਬਾ ਪ੍ਰਧਾਨ ਬੁੱਧ ਰਾਮ ਨੇ ਬਹੁਮੰਤਵੀ ਸ਼ੈਡ ਦਾ ਉਦਗ਼ਘਾਟਨ ਕੀਤਾ।ਇਸ ਸਮਾਗਮ ਦੌਰਾਨ ਸਕੂਲੀ ਵਿਿਦਆਰਥੀਆਂ ਵੱਲੋਂ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ।ਸਕੂਲ ਮੁਖੀ ਇੰਦਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਸ਼ੈਡ ਨੂੰ ਬਣਾਉਣ ਵਿੱਚ ਆਪ ਦੇ ਜ਼ਿਲ੍ਹਾ ਯੂਥ ਪ੍ਰਧਾਨ ਰਮਨ ਗੁੜੱਦੀ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵਿਧਾਇਕ ਬੁੱਧਰਾਮ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਾ ਪਹਿਲਾ ਕੰਮ ਸਿੱਖਿਆ ਨੂੰ ਤਰਜ਼ੀਹ ਦੇਣਾ ਹੈ ਜਿਸ ਤਹਿਤ ਜਦੋਂ ਸਕੂਲ ਅਧਿਆਪਕਾਂ ਵੱਲੋਂ ਸ਼ੈਡ ਬਣਾਉਣ ਸਬੰਧੀ ਉਹਨਾਂ ਕੋਲ ਰਮਨ ਗੁੜੱਦੀ ਯੂਥ ਆਗੂ ਰਾਹੀਂ ਮੰਗ ਰੱਖੀ ਤਾਂ ਇਸ ਨੂੰ ਪਹਿਲੇ ਆਧਾਰ 'ਤੇ ਪੂਰਾ ਕੀਤਾ ਗਿਆ।ਉਹਨਾਂ ਕਿਹਾ ਕਿ ਧਾਰਮਿਕ ਸੰਸਥਾਵਾਂ ਨੂੰ ਦਾਨ ਦੇਣ ਦੇ ਨਾਲ਼-ਨਾਲ਼ ਸਾਨੂੰ ਸਿੱਖਿਆ ਸੰਸਥਾਵਾਂ ਨੂੰ ਵੀ ਦਿਲ ਖੋਲ੍ਹ ਕੇ ਦਾਨ ਦੇਣਾ ਚਾਹੀਦਾ ਹੈ।ਉਹਨਾਂ ਸਿੱਖਿਆ ਦੇ ਮਹੱਤਵ ਬਾਰੇ ਵਿਸਥਾਰ ਵਿੱਚ ਚਾਨਣਾ ਪਾਇਆ।ਉਹਨਾਂ ਕਿਹਾ ਕਿ ਉਹ ਸਿੱਖਿਆ ਦੀ ਬਦੌਲਤ ਹੀ ਤੁਹਾਡੇ ਰੂਬਰੂ ਹੋ ਸਕੇ ਹਨ।ਸਿੱਖਿਆ ਮਨੱਖ ਨੂੰ ਕਦੇ ਵੀ ਹੀਣ-ਭਾਵਨਾ ਮਹਿਸੂਸ ਨਹੀਂ ਹੋਣ ਦਿੰਦੀ।ਉਹਨਾਂ ਪਿੰਡ ਦੇ ਲੋਕਾਂ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਜੋ ਆਪਣੀ ਵਿਦਿਅਕ ਸੰਸਥਾ ਪ੍ਰਤੀ ਚੇਤੰਨ ਹਨ ਅਤੇ ਸਮੇਂ-ਸਮੇਂ ’ਤੇ ਸਕੂਲ ਦੀਆਂ ਲੋੜਾਂ ਨੂੰ ਪੂਰਾ ਕਰਦੇ ਰਹਿੰਦੇ ਹਨ।ਉਹਨਾਂ ਸਮੁੱਚੇ ਸਟਾਫ ਨੂੰ ਤਨਦੇਹੀ ਨਾਲ ਪੜ੍ਹਾਉਣ ਲਈ ਪ੍ਰੇਰਿਤ ਕੀਤਾ।ਸਮੁੱਚੇ ਸਕੂਲ ਦਾ ਮਾਹੌਲ ਅਤੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਗਈਆਂ ਵੱਖੋ-ਵੱਖ ਵੰਨਗੀਆਂ ਦੀਆਂ ਵਿਧਾਇਕ ਤੇ ਆਏ ਪਤਵੰਤਿਆਂ ਨੇ ਪਸੰਦ ਕੀਤਾ।ਵਿਧਾਇਕ ਨੇ ਬੱਚਿਆਂ ਦੀ ਪ੍ਰਤਿਭਾ ਨੂੰ ਹੋਰ ਪ੍ਰਫੁੱਲਤ ਕਰਨ ਲਈ ਉਹਨਾਂ ਨੂੰ ਪ੍ਰੇਰਿਤ ਕੀਤਾ।ਉਹਨਾਂ ਵਿਸ਼ਵਾਸ਼ ਦਿਵਾਇਆ ਕਿ ਸਕੂਲ ਦਾ ਜੋ ਵੀ ਕੰਮ ਪਿੰਡ ਵਾਸੀ ਜਾਂ ਸਟਾਫ ਵੱਲੋਂ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਉਹਨਾਂ ਨੂੰ ਪਹਿਲੇ ਆਧਾਰ 'ਤੇ ਪੂਰਾ ਕੀਤਾ ਜਾਵੇਗਾ।ਆਮ ਆਦਮੀ ਪਾਰਟੀ ਦੇ ਯੂਥ ਜ਼ਿਲਾ ਆਗੂ ਰਮਨ ਗੁੜੱਦੀ ਨੇ ਧੰਨਵਾਦ ਕੀਤਾ।ਪ੍ਰੋਗਰਾਮ ਦੌਰਾਨ ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ,ਬਿਕਰਮਜੀਤ ਸਿੰਘ ਐਸਐਚਓ ਭੀਖੀ, ਸੁਖਚੈਨ ਸਿੰਘ,ਸਕੂਲ ਡੀ.ਡੀ.ਓ.ਆਰਤੀ ਦੇਵੀ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁੰਮਾਇੰਦੇ,ਬੱਚਿਆਂ ਦੇ ਮਾਪੇ,ਸਰਪੰਚ ਮਹਿੰਦਰ ਸਿੰਘ,ਰਮਨਦੀਪ ਸਿੰਘ  ਗੁੜੱਦੀ,ਹਰਵਿੰਦਰ ਸਿੰਘ ਚੇਅਰਮੈਨ,ਜਗਤਾਰ ਸਿੰਘ,ਕੁਲਵਿੰਦਰ ਸਿੰਘ ਵੱਖ-ਵੱਖ ਸਕੂਲਾਂ ਦੇ ਮੁਖੀ ਅਤੇ ਪਤਵੰਤੇ ਸ਼ਾਮਿਲ ਸਨ।ਸਟੇਜ ਦੀ ਕਾਰਵਾਈ ਅਧਿਆਪਕ ਅਵਤਾਰ ਸਿੰਘ ਦੋਦੜਾ ਨੇ ਬਾਖੂਬੀ ਨਿਭਾਈ।ਸਮਾਗਮ ਦੇ ਅਖੀਰ ਵਿੱਚ ਸਕੂਲ ਸਟਾਫ ਨੇ ਵਿਧਾਇਕ ਬੁੱਧ ਰਾਮ,ਰਮਨ ਗੁੜੱਦੀ ਤੇ ਹੋਰ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਸ਼ਾਨੋ ਸ਼ੋਕਤ ਨਾਲ ਸੰਪੰਨ

 ਜ਼ਿਲ੍ਹਾ ਪੱਧਰੀ ਅਥਲੈਟਿਕ ਮੀਟ ਸ਼ਾਨੋ ਸ਼ੋਕਤ ਨਾਲ ਸੰਪੰਨ 

ਖਿਡਾਰੀਆਂ ਨੇ ਕਰਾਸ ਕੰਟਰੀ ਦੌੜ ’ਚ ਲਿਆ ਹਿੱਸਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈੱ. ਸਿੱ.) ਭੁਪਿੰਦਰ ਕੌਰ ਦੀ ਅਗਵਾਈ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ ਡਾ. ਪਰਮਜੀਤ ਸਿੰਘ ਅਤੇ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਦੇ ਸਹਿਯੋਗ ਨਾਲ ਚੱਲ ਰਹੀ ਅਥਲੈਟਿਕ ਮੀਟ ਦੇ ਤੀਜੇ ਅਤੇ ਆਖ਼ਰੀ ਦਿਨ ਕਰਾਸ ਕੰਟਰੀ ਦੌੜ ਕਰਵਾਈ ਗਈ। ਇਹ ਦੌੜ ਨਹਿਰੂ ਮਮੋਰੀਅਲ ਕਾਲਜ ਦੇ ਬਹੁਮੰਤਵੀ ਸਟੇਡੀਅਮ ਦੇ ਗੇਟ ਤੋਂ ਸ਼ੁਰੂ ਹੋ ਕੇ ਮਾਨਸਾ ਕੈਂਚੀਆਂ ਤੋਂ ਵਾਪਸ ਹੁੰਦੇ ਹੋਏ ਦੁਬਾਰਾ ਬਹੁਮੰਤਵੀ ਖੇਡ ਸਟੇਡੀਅਮ ਦੇ ਗੇਟ ’ਤੇ ਆ ਕੇ ਖਤਮ ਕੀਤੀ ਗਈ। ਇਸ ਦੌੜ ਵਿੱਚ ਵੱਖ-ਵੱਖ ਬਲਾਕਾਂ ਤੋਂ ਬੱਚਿਆਂ ਦੁਆਰਾ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਗਿਆ।ਜ਼ਿਲ੍ਹਾ ਖੇਡ ਕੋਆਰਡੀਨੇਟਰ ਅਮ੍ਰਿਤਪਾਲ ਸਿੰਘ ਨੇ ਖੇਡ ਕਰਾਸ ਕੰਟਰੀ ਦੌੜ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀਆਂ ਸੋਨੀ ਕੌਰ ਸਰਦੂਲਗੜ੍ਹ ਪਹਿਲੇ ਅਤੇ ਊਸ਼ਾ ਰਾਣੀ ਸਰਦੂਲਗੜ ਦੂਜੇ ਸਥਾਨ ’ਤੇ ਰਹੇ। ਇਸੇ ਤਰ੍ਹਾਂ ਕਰਾਸ ਕੰਟਰੀ ਲੜਕਿਆਂ ਵਿੱਚੋਂ ਗੁਰਪਿਆਰ ਸਿੰਘ ਝਨੀਰ ਪਹਿਲੇ ਅਤੇ ਦੀਪ ਸਿੰਘ ਬਰੇਟਾ ਦੂਜੇ ਅਤੇ ਅਜੇ ਸਰਦੂਲਗੜ੍ਹ ਤੀਜੇ ਸਥਾਨ ’ਤੇ ਰਹੇ।ਉਨ੍ਹਾਂ ਦੱਸਿਆ ਕਿ 100 ਮੀਟਰ ਦੌੜ ਅੰਡਰ-19 ਕੁੜੀਆਂ ਵਿੱਚ ਮਨਮੀਤ ਕੌਰ ਪਹਿਲੇ, ਖੁਸ਼ਪ੍ਰੀਤ ਕੌਰ ਦੂਜੇ ਅਤੇ ਮਨਪ੍ਰੀਤ ਕੌਰ ਤੀਜੇ ਸਥਾਨ ’ਤੇ ਰਹੇ। 100 ਮੀਟਰ ਅੰਡਰ-17 ਕੁੜੀਆਂ ਵਿਚ ਗਗਨਦੀਪ ਕੌਰ ਪਹਿਲੇ, ਜਸ਼ਨਪ੍ਰੀਤ ਕੌਰ ਦੂਜੇ ਅਤੇ ਰੀਤੂ ਤੀਜੇ ਸਥਾਨ ’ਤੇ ਰਹੇ। 100 ਮੀਟਰ ਅੰਡਰ-14 ਕੁੜੀਆਂ ਵਿੱਚ ਸਾਈਨਾਂ ਪਹਿਲੇ, ਗੁਰਪ੍ਰੀਤ ਕੌਰ ਦੂਜੇ ਅਤੇ ਸੰਦੀਪ ਕੌਰ ਤੀਜੇ ਸਥਾਨ ’ਤੇ ਰਹੇ। 100 ਮੀਟਰ ਅੰਡਰ-17 ਮੁੰਡੇ ਵਿਚ ਮਨਪ੍ਰੀਤ ਸਿੰਘ ਨੇ ਪਹਿਲਾ, ਨਵਜੋਤ ਸਿੰਘ ਨੇ ਦੂਜਾ ਅਤੇ ਕਰਮਜੀਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ। 100 ਮੀਟਰ ਅੰਡਰ-14 ਮੁੰਡੇ ਵਿੱਚ ਰਾਹੁਲ ਕੁਮਾਰ ਪਹਿਲੇ, ਸਵਰਨਜੀਤ ਸਿੰਘ ਦੂਜੇ ਅਤੇ ਗੋਬਿੰਦ ਸਿੰਘ ਤੀਜੇ ਸਥਾਨ ’ਤੇ ਰਹੇ।ਇਸੇ ਤਰ੍ਹਾਂ ਅੰਡਰ-19, 100 ਮੀਟਰ ਦੌੜ ਲੜਕੇ ਵਿੱਚ ਹਰਜੀਤ ਸਿੰਘ ਪਹਿਲੇ, ਲਵਪ੍ਰੀਤ ਸਿੰਘ ਦੂਜੇ ਅਤੇ ਮਨਜੋਤ ਸਿੰਘ ਤੀਜੇ ਸਥਾਨ ’ਤੇ ਰਹੇ। ਹੈਮਰ ਥਰੋਅ ਲੜਕੇ ਅੰਡਰ-17 ਵਿਚ ਅਰਮਾਨ ਜੋਤ ਸਿੰਘ ਪਹਿਲੇ, ਜਸ਼ਨਦੀਪ ਸਿੰਘ ਦੂਜੇ ਅਤੇ ਪਰਵਿੰਦਰ ਸਿੰਘ ਤੀਜੇ ਸਥਾਨ ’ਤੇ ਰਹੇ। ਹੈਮਰ ਥਰੋਅ ਅੰਡਰ-19 ਮੁੰਡੇ ਵਿਚ ਸਿਮਰਨਜੀਤ ਸਿੰਘ ਪਹਿਲੇ, ਅਰਮਾਨਦੀਪ ਸਿੰਘ ਦੂਜੇ ਅਤੇ ਗੁਰਮੀਤ ਸਿੰਘ ਤੀਜੇ ਸਥਾਨ ’ਤੇ ਰਹੇ। ਹੈਮਰ ਥਰੋਅ ਲੜਕੀਆਂ ਅੰਡਰ-19 ਵਿਚ ਨਿਸ਼ਾ ਕੌਰ ਨੇ ਪਹਿਲਾ, ਜਸ਼ਨਦੀਪ ਕੌਰ ਨੇ ਦੂਜਾ ਅਤੇ ਮਨਵੀਰ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ ਅੰਡਰ 17 ਕੁੜੀਆਂ ਹੈਮਰ ਥਰੋਅ ਵਿਚ ਖੁਸ਼ਦੀਪ ਕੌਰ ਨੇ ਪਹਿਲਾ, ਹਰਮਨਜੋਤ ਕੌਰ ਨੇ ਦੂਜਾ ਅਤੇ ਹਰਲੀਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਤੀਹਰੀ ਛਾਲ ਅੰਡਰ 17 ਮੁੰਡੇ ਵਿੱਚ ਸੌਰਵ ਰਾਮ ਪਹਿਲੇ, ਆਰੀਅਨ ਦੂਜੇ  ਅਤੇ ਰਮਨਵੀਰ ਸਿੰਘ ਤੀਜੇ ਸਥਾਨ ’ਤੇ ਰਿਹਾ। ਤੀਹਰੀ ਛਾਲ ਅੰਡਰ-17 ਲੜਕੀਆਂ ਵਿੱਚ ਅਰਸ਼ਦੀਪ ਕੌਰ ਨੇ ਪਹਿਲਾ ਹਰਮਨਦੀਪ ਕੌਰ ਨੇ ਦੂਜਾ ਅਤੇ ਸਿਮਰਨਜੀਤ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਲੰਬੀ ਛਾਲ ਅੰਡਰ-17 ਮੁੰਡੇ ਵਿਚ ਹਰਮਨਪ੍ਰੀਤ ਸਿੰਘ ਨੇ ਪਹਿਲਾ, ਮੋਹਿਤ ਨੇ ਦੂਜਾ ਅਤੇ ਗੈਵਨੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਲੰਬੀ ਛਾਲ ਲੜਕੀਆਂ ਅੰਡਰ-17 ਵਿੱਚ ਖੁਸ਼ਪ੍ਰੀਤ ਕੌਰ ਨੇ ਪਹਿਲਾ, ਸੋਨੀ ਕੌਰ ਨੇ ਦੂਜਾ, ਅੰਮ੍ਰਿਤ ਪ੍ਰਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।ਹਰਡਲ 100 ਮੀਟਰ ਅੰਡਰ-17 ਕੁੜੀਆਂ ਵਿਚ ਜਸ਼ਨਪ੍ਰੀਤ ਕੌਰ ਨੇ ਪਹਿਲਾ, ਕਮਲਦੀਪ ਕੌਰ ਨੇ ਦੂਜਾ ਅਤੇ ਸੁਖਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀਟਰ ਹਰਡਲ ਅੰਡਰ-19 ਲੜਕੀਆਂ ਵਿੱਚ ਅਨੀਤਾ ਪਹਿਲੇ, ਅੱਕੀ ਕੌਰ ਦੂਜੇ ਸਥਾਨ ’ਤੇ ਰਹੇ। ਹਰਡਲ 110 ਮੀਟਰ ਵਿੱਚ ਮਨਪ੍ਰੀਤ ਸਿੰਘ ਪਹਿਲੇ, ਗੁਰਕੀਰਤ ਸਿੰਘ ਦੂਜੇ ਅਤੇ ਮਾਨਵ ਸ਼ਰਮਾ ਤੀਜੇ ਸਥਾਨ ’ਤੇ ਰਹੇ। 110 ਮੀਟਰ ਹਰਡਲ ਮੁੰਡੇ ਅੰਡਰ-19 ਵਿਚ ਜਗਦੀਪ ਸਿੰਘ ਪਹਿਲੇ, ਪ੍ਰਭਦੀਪ ਸਿੰਘ ਦੂਜੇ ਅਤੇ ਨਵਦੀਪ ਸਿੰਘ ਤੀਜੇ ਸਥਾਨ ’ਤੇ ਰਿਹਾ। 400 ਮੀਟਰ ਦੌੜ ਅੰਡਰ-17 ਲੜਕੇ ਵਿਚ ਪ੍ਰਭਦੀਪ ਸਿੰਘ ਪਹਿਲੇ, ਹਸਨਪ੍ਰੀਤ ਸਿੰਘ ਦੂਜੇ ਅਤੇ ਅਨਮੋਲ ਪ੍ਰੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਅੰਡਰ-19 ਲੜਕੇ ਵਿਚ ਕਮਲਦੀਪ ਸਿੰਘ ਪਹਿਲੇ, ਬਲਰਾਜ ਸਿੰਘ ਦੂਜੇ ਅਤੇ ਅਰਨ ਤੀਜੇ ਸਥਾਨ ’ਤੇ ਰਿਹਾ। 400 ਮੀਟਰ ਦੌੜ ਲੜਕੀਆਂ ਅੰਡਰ 17 ਵਿਚ ਜਗਪ੍ਰੀਤ ਕੌਰ ਨੇ ਪਹਿਲਾ, ਖੁਸ਼ਪ੍ਰੀਤ ਕੌਰ ਨੇ ਦੂਜਾ ਅਤੇ ਜਸਕਰਨ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ।ਇਸ ਮੌਕੇ ਜਗਤਾਰ ਸਿੰਘ, ਭੋਲਾ ਸਿੰਘ , ਨਿਰਮਲ ਸਿੰਘ, ਰਵਨੀਤ ਕੌਰ, ਬੇਅੰਤ ਕੌਰ, ਜੀਆ, ਜਸਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਲਗਾਇਆ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਲਗਾਇਆ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ, ਵਿਖੇ ਧਰਮ ਅਧਿਐਨ ਵਿਭਾਗ ਅਤੇ ਪੰਜਾਬੀ ਵਿਭਾਗ ਵੱਲੋਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਦੇ ਸਹਿਯੋਗ ਨਾਲ ਦੋ ਰੋਜ਼ਾ ਵਿਦਿਆਰਥੀ ਸ਼ਖ਼ਸੀਅਤ ਉਸਾਰੀ ਕੈਂਪ ਲਗਾਇਆ ਗਿਆ। ਇਸ ਕੈਂਪ ਦੀ ਸੁਰੂਆਤ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪੇਸ਼ ਕੀਤੇ ਗਏ ਗੁਰਬਾਣੀ ਦੇ ਸ਼ਬਦ ਨਾਲ ਕੀਤੀ ਗਈ ਅਤੇ ਡਾ. ਰਜਿੰਦਰ ਕੌਰ ਦੁਆਰਾ ਕੈਂਪ ਦੀ ਰੂਪ-ਰੇਖਾ ਬਾਰੇ ਵਿਦਿਆਰਥੀਆਂ ਨੂੰ ਦੱਸਿਆ ਗਿਆ।ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਸ੍ਰੀ ਸਹਿਜ ਪਾਠ ਸੇਵਾ ਉਪਰਾਲਿਆਂ ਦੀ ਸ਼ਲਾਘਾ ਕੀਤੀ ਅਤੇ ਦੱਸਿਆ ਕਿ ਗੁਰੂ ਨਾਨਕ ਕਾਲਜ ਵਿੱਚ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਨਿਰੰਤਰ ਯਤਨ ਕੀਤੇ ਜਾਂਦੇ ਹਨ ਤੇ ਉਨ੍ਹਾਂ ਦੀ ਸ਼ਖ਼ਸੀਅਤ ਉਸਾਰੀ ਲਈ ਸਮੇਂ-ਸਮੇਂ ‘ਤੇ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਹਨ।ਡਾ. ਰਾਜਨਦੀਪ ਕੌਰ ਮੁਖੀ ਪੰਜਾਬੀ ਵਿਭਾਗ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।  ਪਹਿਲੇ  ਦਿਨ ਲੁਧਿਆਣਾ ਤੋਂ ਪਹੁੰਚੇ ਸ ਸਤਨਾਮ ਸਿੰਘ ਸਲ੍ਹੋਪੁਰੀ ਵਲੋਂ ਪਹਿਲੇ ਸੈਸ਼ਨ ਵਿੱਚ "ਸਿੱਖ ਧਰਮ ਵਿੱਚ ਔਰਤ ਦਾ ਸਥਾਨ ਤੇ ਕਰਤੱਵ" ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ।ਦੂਜੇ ਸੈਸ਼ਨ ਵਿੱਚ ਸ. ਸਲ੍ਹੋਪੁਰੀ ਵੱਲੋਂ “ਅਰਦਾਸ ਦੀ ਲੋਅ ਚ ਸਿੱਖ ਇਤਿਹਾਸ, ਸਿਧਾਂਤ, ਪਰੰਪਰਾਵਾਂ ਤੇ ਸਭਿਆਚਾਰ" ਵਿਸ਼ੇ ਤੇ ਲੈਕਚਰ ਦਿੱਤਾ ਗਿਆ। ਬਾਅਦ ਵਿੱਚ  ਵਿਦਿਆਰਥੀਆਂ ਦਾ ਪ੍ਰਸ਼ਨੋਤਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ।ਦੂਸਰੇ ਦਿਨ ਦੀ ਸੁਰੂਆਤ ਮੂਲ ਮੰਤਰ ਦੇ ਪਾਠ ਦੁਆਰਾ ਕੀਤੀ।ਪਹਿਲੇ ਸੈਸ਼ਨ ਦੇ ਮੁੱਖ ਵਕਤਾ ਰਾਜਪਾਲ ਸਿੰਘ (ਅੰਮ੍ਰਿਤਸਰ) ਸਨ ਜਿਨ੍ਹਾਂ ਨੇ “ਸੁਖੀ ਪਰਿਵਾਰਕ ਜੀਵਨ ਦੇ ਨੁਕਤੇ” ਵਿਸੇ ‘ਤੇ ਆਪਣੇ ਵਿਚਾਰ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਅਤੇ ਗੁਰਬਾਣੀ ਦੀ ਰੌਸ਼ਨੀ ਵਿੱਚ ਜੀਵਨ ਨੂੰ ਸੁਖਮਈ ਬਣਾਉਣ ਬਾਰੇ ਦੱਸਿਆ।ਦੂਸਰੇ ਸੈਸ਼ਨ ਵਿੱਚ ਭਾਈ ਅੰਮ੍ਰਿਤਪਾਲ ਸਿੰਘ (ਮਸਤੂਆਣਾ ਸਾਹਿਬ) ਨੇ ਚੋਣਵੀਆਂ ਸਿੱਖ ਸ਼ਖ਼ਸੀਅਤਾਂ ਬਾਰੇ ਵਿਦਿਆਰਥੀਆਂ ਨੂੰ ਦੱਸਿਆ।ਸਮਾਪਤੀ ਸੈਸ਼ਨ ਵਿੱਚ ਵਿਦਿਆਰਥੀਆਂ ਦੁਆਰਾ ਕੈਂਪ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਗਏ ਅਤੇ ਕਵਿਤਾਵਾਂ ਪੇਸ਼ ਕੀਤੀਆਂ ਗਈਆਂ। ਕੈਂਪ ਵਿੱਚ ਬਹੁਤ ਸਾਰੇ ਨਵੇਂ ਵਿਦਿਆਰਥੀ ਸਹਿਜ ਪਾਠ ਕਰਨ ਲਈ ਤਿਆਰ ਹੋਏ।ਤਿੰਨ  ਵਿਦਿਆਰਥੀਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ। ਕੈਂਪ ਦੌਰਾਨ ਵੱਖ ਵੱਖ ਗਤੀਵਿਧੀਆਂ ਵਿੱਚ ਸਾਮਿਲ ਹੋਣ ਵਾਲੇ ਵਿਦਿਆਰਥੀਆਂ ਨੂੰ ਨਿਤਨੇਮ ਸਟੀਕ, ਅਕਾਦਮਿਕ ਐਕਸੀਲੈੰਟ ਪੁਸਤਕਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜੀਵਨ ਬਿਰਤਾਂਤ (ਕਾਮਿਕਸ) ਪੁਸਤਕਾ ਭੇਂਟ ਕਰਕੇ ਸਨਮਾਨਿਤ ਕੀਤਾ।ਜਗਜੀਤ ਸਿੰਘ ਸੁਪਰਵਾਈਜ਼ਰ ਮਾਲਵਾ ਜੋਨ ਨੇ ਅਜਿਹੇ ਕੈਂਪਾਂ ਦੀ ਲੋੜ ਤੇ ਵਿਊਂਤ ਬਾਰੇ ਦੱਸਿਆ।ਡਵਾਇਨ ਵਰਕਰ ਗੁਰਵਿੰਦਰ ਸਿੰਘ ਹੀਰੋ ਕਲਾਂ ਨੇ ਧੰਨਵਾਦ ਦੇ ਸ਼ਬਦ ਸਾਂਝੇ ਕੀਤੇ।ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਦੋਵੇਂ ਦਿਨ ਵਿਸੇਸ਼ ਤੌਰ ਕੈਂਪ ਵਿੱਚ ਪਹੁੰਚੇ ਅਤੇ ਵਿਦਿਆਰਥੀ ਨੂੰ ਅਜਿਹੇ ਪ੍ਰੋਗਰਾਮਾਂ ਵਿੱਚ ਵੱਧ ਚੜਕੇ ਭਾਗ ਲੈਣ ਲਈ ਪ੍ਰੇਰਤ ਕੀਤਾ। ਡਾ. ਰਜਿੰਦਰ ਕੌਰ ਮੁਖੀ ਧਰਮ ਅਧਿਐਨ ਵਿਭਾਗ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਸ੍ਰੀ ਸਹਿਜ ਪਾਠ ਸੇਵਾ ਲਹਿਰ ਕਾਲਜ ਵਿੱਚ ਗੁਰਬਾਣੀ ਪਾਠ ਸੰਬੰਧੀ ਆਪਣੀਆਂ ਸੇਵਾਵਾਂ ਨਿਭਾਅ ਰਹੀ ਹੈ।ਇਸ ਮੌਕੇ ਡਾ. ਮਨਪ੍ਰੀਤ ਸਿੰਘ ਮੁਖੀ ਸੰਗੀਤ ਵਿਭਾਗ, ਪ੍ਰੋਫੈਸਰ ਗੁਰਦੀਪ ਸਿੰਘ, ਡਾ. ਬਲਜਿੰਦਰ ਕੌਰ, ਪ੍ਰੋਫੈਸਰ ਵੀਰਪਾਲ ਕੌਰ, ਡਾ. ਅਵਤਾਰ ਸਿੰਘ , ਡਾ. ਆਨੰਦ ਵਰਧਨ,ਪ੍ਰੋਫੈਸਰ ਮਨਜਿੰਦਰ ਕੌਰ,ਪ੍ਰੋਫੈਸਰ ਅਮਨਿੰਦਰ ਕੌਰ, ਡਾ. ਜਤਿੰਦਰ ਕੌਰ,ਪ੍ਰੋਫੈਸਰ ਗੁਰਪ੍ਰੀਤ ਕੌਰ,ਰਮਨਦੀਪ ਸ਼ਰਮਾ ਅਤੇ ਸਹਿਜ ਪਾਠ ਸੇਵਾ ਦੇ ਸੁਰਿੰਦਰ ਸਿੰਘ ਪਟਿਆਲਾ ਵੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਰੌਇਲ ਕਾਲਜ ਬੋੜਾਵਾਲ ਨੇ ਕਬੱਡੀ 'ਚ ਜਿੱਤਿਆ ਸੋਨ ਤਗਮਾ

ਰੌਇਲ ਕਾਲਜ ਬੋੜਾਵਾਲ ਨੇ ਕਬੱਡੀ 'ਚ ਜਿੱਤਿਆ ਸੋਨ ਤਗਮਾ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਵੱਲੋਂ ਪ੍ਰੋ ਗੁਰਸੇਵਕ ਸਿੰਘ ਸਰਕਾਰੀ ਕਾਲਜ ਆਫ ਫਿਜ਼ੀਕਲ ਐਜ਼ੂਕੇਸ਼ਨ ਪਟਿਆਲ਼ਾ ਵਿਖੇ ਅੰਤਰ-ਕਾਲਜ ਕਬੱਡੀ ਨੈਸ਼ਨਲ ਸਟਾਈਲ ਲੜਕੇ ਮੁਕਾਬਲੇ ਕਰਵਾਏ ਜਿਸ ਵਿੱਚ ਵੱਖ-ਵੱਖ ਫਿਜ਼ੀਕਲ ਐਜੁਕੇਸਨ ਕਾਲਜਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ।ਇਸ ਮੁਕਾਬਲੇ ਨੂੰ ਜਿੱਤ ਕੇ ਦਿ ਰੌਇਲ ਕਾਲਜ ਆਫ ਫਿਜ਼ੀਕਲ ਐਜੁਕੇਸ਼ਨ ਦੇ ਖਿਡਾਰੀਆਂ ਨੇ ਸੋਨ ਤਗਮਾ ਹਾਸਿਲ ਕੀਤਾ।ਕਾਲਜ ਪਹੁੰਚਣ 'ਤੇ ਡਾਇਰੈਕਟਰ-ਪ੍ਰਿੰਸੀਪਲ ਡਾ. ਕੁਲਦੀਪ ਸਿੰਘ ਬੱਲ ਅਤੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਸਰਾਂ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਅੱਗੇ ਤੋਂ ਵੀ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।ਕਾਲਜ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਭਾਗ ਦੇ ਮੁਖੀ ਪ੍ਰੋਫ਼ੈਸਰ ਹਰਵਿੰਦਰ ਸਿੰਘ ਨੂੰ ਵਧਾਈ ਦਿੰਦਿਆਂ ਕਿਹਾ ਕਿ ਖਿਡਾਰੀਆਂ ਨੂੰ ਸਾਰੇ ਹੀ ਅੰਤਰ-ਕਾਲਜ ਮੁਕਾਬਲਿਆਂ 'ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਵੇ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਪੱਧਰੀ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਕਲੱਸਟਰ ਪੱਧਰੀ ਖੇਡਾਂ 'ਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਵਿਦਿਆਰਥੀਆਂ ਨੇ ਗੱਡੇ ਜਿੱਤ ਦੇ ਝੰਡੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਕਲੱਸਟਰ ਕੁਲਾਣਾ ਨਾਲ ਸਬੰਧਿਤ ਪ੍ਰਾਇਮਰੀ ਸਕੂਲ ਖੇਡਾਂ ਜੋ ਕਿ ਸਰਕਾਰੀ ਪ੍ਰਾਇਮਰੀ ਸਕੂਲ ਕਲੀਪੁਰ ਵਿਖ਼ੇ ਕਰਵਾਈਆਂ ਗਈਆਂ, ਵਿੱਚ ਬਹੁਤ ਹੀ ਸਖ਼ਤ ਮੁਕਾਬਲੇ ਹੋਏ ਜਿਸ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਨੇ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ।ਅਧਿਆਪਕ ਜਗਤਾਰ ਸਿੰਘ ਕੁਲਾਣਾ ਨੇ ਦੱਸਿਆ ਕਿ ਇਹਨਾਂ ਖੇਡ ਮੁਕਾਬਲਿਆਂ ਵਿਚ ਸਰਕਾਰੀ ਪ੍ਰਾਇਮਰੀ ਸਕੂਲ ਕੁਲਾਣਾ ਦੇ ਖਿਡਾਰੀਆਂ ਨੇ 28 ਸੋਨ ਅਤੇ 12 ਚਾਂਦੀ ਦੇ ਤਗਮੇ ਜਿੱਤ ਕੇ ਸਕੂਲ ਤੇ ਸਟਾਫ਼ ਦਾ ਨਾਂ ਰੌਸ਼ਨ ਕੀਤਾ।ਉਹਨਾਂ ਦੱਸਿਆ ਕਿ ਦੌੜ 100 ਅਤੇ 400 ਮੀਟਰ, ਕੁਸ਼ਤੀ 30 ਕਿਲੋਗ੍ਰਾਮ ਅਤੇ ਲੰਮੀ ਛਾਲ 'ਚੋ ਪਹਿਲਾ ਸਥਾਨ ਕਰਨ ਵਾਲੇ ਨਵਜੋਤ ਸਿੰਘ ਨੂੰ ਬੈਸਟ ਖਿਡਾਰੀ ਐਲਾਨ ਗਿਆ।ਉਹਨਾਂ ਦੱਸਿਆ ਕਿ ਜਸਪ੍ਰੀਤ ਕੌਰ ਨੇ 100 ਅਤੇ 600 ਮੀਟਰ ਦੌੜ 'ਚੋਂ ਪਹਿਲਾ ਤੇ ਕਬੀਰ ਸਿੰਘ ਨੇ 25 ਕਿਲੋ ਕੁਸ਼ਤੀ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਰੱਸਾਕਸ਼ੀ 'ਚੋ ਪਹਿਲਾ ਅਤੇ ਖੋ-ਖੋ ਕੁੜੀਆਂ 'ਚੋਂ ਦੂਜਾ ਸਥਾਨ ਪ੍ਰਾਪਤ ਕੀਤਾ।ਇਹਨਾਂ ਪ੍ਰਾਪਤੀਆਂ ਸਬੰਧੀ ਸਕੂਲ ਮੁਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਮੂਹ ਅਧਿਆਪਕਾਂ ਦੀ ਮਿਹਨਤ ਅਤੇ ਪਿੰਡ ਵਾਸੀਆ ਦੇ ਸਹਿਯੋਗ ਦਾ ਨਤੀਜਾ ਹੈ।