Wednesday, October 2, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਮੁਕਾਬਲਿਆਂ ਵਿੱਚ ਬਹਿਲੋ ਪਬਲਿਕ ਸਕੂਲ ਦੇ ਵਿਦਿਆਰਥੀ ਜੇਤੂ

ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਮੁਕਾਬਲਿਆਂ ਵਿੱਚ ਬਹਿਲੋ ਪਬਲਿਕ ਸਕੂਲ ਦੇ ਵਿਦਿਆਰਥੀ ਜੇਤੂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਪ੍ਰਬੰਧ ਅਧੀਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਬਰ੍ਹੇ ਵਿਖੇ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ 450 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ 450 ਸਾਲਾ ਜੋਤੀ-ਜੋਤ ਦਿਵਸ ਸ਼ਤਾਬਦੀ ਨੂੰ ਸਮਰਪਿਤ ਜਥੇਦਾਰ ਬਾਬਾ ਬੂਟਾ ਸਿੰਘ ਗੁੜਥੜੀ ਵਾਲਿਆਂ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਕਰਵਾਏ ਗਏ ਜਿਸ ਵਿੱਚ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਪਹਿਲਾਂ ਸਿਲੇਬਸ ਦੇ ਕੇ ਧਾਰਮਿਕ ਪ੍ਰੀਖਿਆ ਲਈ ਗਈ ਜਿਸ ਵਿੱਚ ਤਕਰੀਬਨ 400 ਵਿਦਿਆਰਥੀਆਂ ਨੇ ਭਾਗ ਲਿਆ।ਇਸ ਪ੍ਰੀਖਿਆ ਵਿੱਚ ਭਾਈ ਬਹਿਲੋ ਪਬਲਿਕ ਸਕੂਲ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਨੇ ਪਹਿਲਾ ਅਤੇ ਹਰਮੀਤ ਕੌਰ ਨੇ ਦੂਜਾ ਸਥਾਨ ਹਾਸਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਸਾਇਕਲ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ,ਜਥੇਦਾਰ ਬਾਬਾ ਬੂਟਾ ਸਿੰਘ,ਮਨਜੀਤ ਸਿੰਘ ਬੱਪੀਆਣਾ,ਪਰਮਜੀਤ ਸਿੰਘ ਖਾਲਸਾ,ਬਾਬਾ ਟੇਕ ਸਿੰਘ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਬਰ੍ਹੇ ਆਦਿ ਸਖਸ਼ੀਅਤਾਂ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ ਗਿਆ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਗੁਰਦੁਆਰਾ ਪਾਤਸ਼ਾਹੀ ਨੌਵੀਂ ਬਰ੍ਹੇ ਵਿਖ਼ੇ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਗੁਰਦੁਆਰਾ ਪਾਤਸ਼ਾਹੀ ਨੌਵੀਂ ਬਰ੍ਹੇ ਵਿਖ਼ੇ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ

ਐਸਜੀਪੀਸੀ ਪ੍ਰਧਾਨ ਸ੍ਰੀ ਅੰਮ੍ਰਿਤਸਰ ਹਰਜਿੰਦਰ ਸਿੰਘ ਧਾਮੀ ਨੇ ਉਚੇਚੇ ਤੌਰ 'ਤੇ ਭਰੀ ਹਾਜ਼ਰੀ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਗੁਰਦੁਆਰਾ ਪਾਤਸ਼ਾਹੀ ਨੌਵੀਂ ਪਿੰਡ ਬਰ੍ਹੇ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਿਆਈ ਦਿਵਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤ ਦਿਵਸ ਸ਼ਤਾਬਦੀ ਨੂੰ ਸਮਰਪਿਤ ਜਥੇਦਾਰ ਬਾਬਾ ਬੂਟਾ ਸਿੰਘ ਗੁੜਥੜੀ ਵਾਲਿਆਂ ਦੀ ਅਗਵਾਈ ਵਿੱਚ ਗੁਰਮਤਿ ਸਮਾਗਮ ਕਰਵਾਏ,ਜਿਸ ਵਿੱਚ 29,30 ਸਤੰਬਰ ਅਤੇ 1 ਅਕਤੂਬਰ ਤਿੰਨ ਦਿਨਾਂ ਦੀਵਾਨ ਸਜਾਏ ਜਿਸ ਵਿੱਚ ਸੰਗਤਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ। ਮਿਤੀ 29 ਸਤੰਬਰ ਨੂੰ ਵੱਖ-ਵੱਖ ਸਕੂਲੀ ਦੇ ਬੱਚਿਆਂ ਨੂੰ ਪਹਿਲਾਂ ਸਿਲੇਬਸ ਦੇ ਕੇ ਧਾਰਮਿਕ ਪ੍ਰੀਖਿਆ ਲਈ ਜਿਸ ਵਿੱਚ ਤਕਰੀਬਨ 400 ਵਿਦਿਆਰਥੀਆਂ ਨੇ ਭਾਗ ਲਿਆ। 1 ਅਕਤੂਬਰ ਨੂੰ ਇਸ ਦਾ ਨਤੀਜੇ ਐਲਾਨ ਤੋਂ ਜੇਤੂ ਬੱਚਿਆਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਵੱਲੋਂ ਬੱਚਿਆਂ ਨੂੰ ਸਾਇਕਲਾਂ ਦੇ ਸਨਮਾਨ ਕੀਤਾ।ਵਿਚਕਾਰਲੇ ਦਿਨ ਭਾਈ ਸੁਰਜੀਤ ਸਿੰਘ ਸਭਰਾ ਮੁੱਖ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਸਾਹਿਬ ਨੇ ਗੁਰੂ ਸਾਹਿਬ ਦੀਆਂ ਵਡਿਆਈਆਂ ਸੰਬੰਧੀ ਕਥਾ ਵਿਚਾਰ ਪੇਸ਼ ਕੀਤੇ। ਪ੍ਰੀਖਿਆ ਵਿੱਚ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈਕੇ ਦੀ ਵਿਦਿਆਰਥਣ ਰਮਨਪ੍ਰੀਤ ਕੌਰ ਬੀਰੋਕੇ ਕਲਾਂ ਨੇ ਪਹਿਲਾ ਅਤੇ ਹਰਮੀਤ ਕੌਰ ਫਫੜੇ ਭਾਈ ਕੇ ਨੇ ਦੂਜਾ ਸਥਾਨ ਹਾਸਲ ਕੀਤਾ।ਜੇਤੂ ਵਿਦਿਆਰਥੀਆਂ ਨੂੰ ਸਾਇਕਲ ਦੇ ਕੇ ਸਨਮਾਨਿਤ ਕੀਤਾ। ਇਸ ਸਮੇਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ,ਜਥੇਦਾਰ ਬਾਬਾ ਬੂਟਾ ਸਿੰਘ ,ਮਨਜੀਤ ਸਿੰਘ ਬੱਪੀਆਣਾ,ਪਰਮਜੀਤ ਸਿੰਘ ਖਾਲਸਾ,ਬਾਬਾ ਟੇਕ ਸਿੰਘ ,ਭੋਲਾ ਸਿੰਘ ਇੰਚਾਰਜ਼ ਸਬ ਆਫਿ਼ ਤਖ਼ਤ ਸ੍ਰੀ ਦਮਦਮਾ ਸਾਹਿਬ ਅਤੇ ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਪਿੰਡ ਬਰ੍ਹੇ ਦੇ ਪ੍ਰਧਾਨ ਸੁਖਪਾਲ ਸਿੰਘ,ਮੈਂਬਰ ਸਰਬਣ ਸਿੰਘ,ਮੈਂਬਰ ਭੋਲਾ ਸਿੰਘ,ਦਰਸ਼ਨ ਸਿੰਘ ਨੰਬਰਦਾਰ,ਸਾਧੂ ਸਿੰਘ,ਗੁਰਜੰਟ ਸਿੰਘ,ਪ੍ਰਿੰਸੀਪਲ ਨਰਿੰਦਰ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ,ਅਨੂਪ ਸਿੰਘ ਗੁਰੂ ਨਾਨਕ ਕਾਲਜ ਬੁਢਲਾਡਾ ਆਦਿ ਸਖਸ਼ੀਅਤਾਂ ਵੱਲੋਂ ਬੱਚਿਆਂ ਦਾ ਸਨਮਾਨ ਕੀਤਾ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਕਿਯੂ ਏਕਤਾ (ਉਗਰਾਹਾਂ) ਨੇ ਪੰਚਾਇਤ ਚੋਣਾਂ ਤੋਂ ਬਣਾਈ ਦੂਰੀ

ਭਾਕਿਯੂ ਏਕਤਾ (ਉਗਰਾਹਾਂ) ਨੇ ਪੰਚਾਇਤ ਚੋਣਾਂ ਤੋਂ ਬਣਾਈ ਦੂਰੀ 

ਕਿਹਾ ਵੋਟ ਸਿਸਟਮ ਭਾਈਚਾਰਕ ਸਾਂਝ ਲਈ ਬਣ ਰਿਹੈ ਖ਼ਤਰਾ 

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੂਬੇ ਅੰਦਰ 15 ਅਕਤੂਬਰ ਨੂੰ ਹੋਣ ਵਾਲੀਆਂ ਪੰਚਾਇਤ ਚੋਣਾਂ ਤੋਂ ਦੂਰ ਰਹਿਣ ਦਾ ਐਲਾਨ ਕੀਤਾ ਹੈ। ਜਥੇਬੰਦੀ ਦਾ ਤਰਕ ਹੈ ਕਿ ਚੋਣ ਸਿਸਟਮ ਭਾਈਚਾਰਕ ਸਾਂਝ ਲਈ ਖਤਰਾ ਬਣਦਾ ਜਾ ਰਿਹਾ ਹੈ। ਪੰਚਾਇਤੀ ਵੋਟਾਂ ਨੂੰ ਲੈਕੇ ਸੂਬੇ ਅੰਦਰ ਨਿੱਤ ਦਿਨ ਖੂਨ ਖ਼ਰਾਬਾ ਹੋਣ ਦੀਆਂ ਘਟਨਾਵਾਂ ਮੀਡੀਆ ਵਿੱਚ ਆ ਰਹੀਆਂ ਹਨ। ਬੁੱਧਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਪਿੰਡ ਉਗਰਾਹਾਂ ਵਿਖੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ , ਸੂਬਾਈ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਸੂਬੇ ਅੰਦਰ ਹੋ ਰਹੀਆਂ ਪੰਚਾਇਤ ਚੋਣਾਂ ਵਿੱਚ ਹਿੱਸਾ ਨਹੀਂ ਲਵੇਗੀ , ਜਥੇਬੰਦੀ ਨੇ ਵੋਟਾਂ ਪਾਉਣ ਤੋਂ ਵੀ ਗੁਰੇਜ਼ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵੋਟ ਪ੍ਰਣਾਲੀ ਭਾਈਚਾਰਕ ਸਾਂਝ ਲਈ ਖ਼ਤਰਾ ਬਣਦਾ ਜਾ ਰਿਹਾ ਹੈ। ਕਿਸਾਨ ਆਗੂਆਂ ਨੇ ਸਮੂਹ ਕਿਰਤੀਆਂ ਅਤੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਆਪਸੀ ਭਾਈਚਾਰੇ ਲਈ ਖਤਰਾ ਬਣਦੀਆਂ ਜਾ ਰਹੀਆਂ ਚੋਣਾਂ ਤੋਂ ਦੂਰੀ ਬਣਾਕੇ ਰੱਖਣ। ਪੰਚਾਇਤੀ ਚੋਣਾਂ ਆਪਸੀ ਭਾਈਚਾਰੇ ਚ , ਪਾੜਾ ਪਾਉਂਦੀਆਂ ਹਨ, ਚੋਣਾਂ ਸਮੇਂ ਸ਼ਰੇਆਮ ਧੱਕਾ ਕੀਤਾ ਜਾਂਦਾ ਹੈ , ਨਸ਼ਿਆਂ ਦੀ ਵਰਤੋਂ ਸ਼ਰੇਆਮ ਕੀਤੀ ਜਾਂਦੀ ਹੈ। ਪੰਚਾਇਤੀ ਚੋਣਾਂ ਦੇ ਚੱਲ ਰਹੇ ਅਮਲ ਦੌਰਾਨ ਪੰਜਾਬ ਅੰਦਰ  ਬਹੁਤ ਸਾਰੀਆਂ ਥਾਵਾਂ ਤੇ ਗੋਲੀ ਚੱਲਣ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ, ਅਜਿਹੇ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਚਾਇਤ ਚੋਣਾਂ ਤੋਂ ਦੂਰੀ ਬਣਾਕੇ ਰੱਖਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਜਥੇਬੰਦੀ ਦੇ ਆਗੂਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਚਾਇਤ ਚੋਣਾਂ ਵਿੱਚ ਕੋਈ ਸਰਗਰਮੀ ਨਾ ਕਰਨ, ਜੇਕਰ ਕੋਈ ਵੋਟਾਂ ਵਿੱਚ ਹਿੱਸਾ ਲਵੇਗਾ ਤਾਂ ਉਸਦੇ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਆਗੂ ਬਹਾਲ ਸਿੰਘ ਢੀਡਸਾ,  ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ,ਮੂਨਕ ਪ੍ਰਧਾਨ ਸੁਖਦੇਵ ਸਿੰਘ ਕੁੜੈਲ , ਦਿੜ੍ਹਬਾ ਬਲਾਕ ਦੇ ਪ੍ਰਧਾਨ ਭਰਪੂਰ ਸਿੰਘ, ਲਹਿਰਾ ਬਲਾਕ ਦੇ ਪ੍ਰਧਾਨ ਬਹਾਦਰ ਸਿੰਘ ਭੁਟਾਲ ਖੁਰਦ,  ਭਵਾਨੀਗੜ੍ਹ ਤੋਂ ਮਨਜੀਤ ਸਿੰਘ ਘਰਾਚੋਂ ਸਮੇਤ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸੂਬਾ ਪੱਧਰੀ ਵਿਗਿਆਨ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਸੂਬਾ ਪੱਧਰੀ ਵਿਗਿਆਨ ਮੇਲੇ ਦਾ ਸ਼ਾਨੋ-ਸ਼ੌਕਤ ਨਾਲ ਹੋਇਆ ਆਗਾਜ਼

ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ : ਮੁੱਖ  ਮਹਿਮਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਸਥਾਨ ਦੁਆਰਾ ਕਰਵਾਏ ਜਾ ਰਹੇ ਤਿੰਨ ਦਿਨਾਂ ਸੂਬਾ ਪੱਧਰੀ ਗਣਿਤ ਤੇ ਵਿਗਿਆਨ ਮੇਲੇ ਦਾ ਉਦਘਾਟਨ ਕੀਤਾ।ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਨੇ ਦੱਸਿਆ ਕਿ ਵਿੱਦਿਆ ਭਾਰਤੀ ਹਮੇਸ਼ਾਂ ਹੀ ਵਿਦਿਆਰਥੀਆਂ  ਦੇ ਸਰਵਪੱਖੀ ਵਿਕਾਸ ਅਤੇ  ਵਿਗਿਆਨਕ ਰੁਚੀ ਨੂੰ ਹੁਲਾਰਾ ਦੇਣ ਲਈ ਵਚਨਬੱਧ ਹੈ ਤਾਂ ਜੋ ਵਿਦਿਆਰਥੀ ਹਰ ਖੇਤਰ ਵਿੱਚ ਆਪਣਾ ਕਰੀਅਰ ਬਣਾ ਕੇ ਭਵਿੱਖ ਰੁਸ਼ਨਾ ਸਕਣ। ਉਨ੍ਹਾਂ ਦੱਸਿਆ ਕਿ ਇਸ  ਤਿੰਨ ਰੋਜ਼ਾ ਵਿੱਗਿਆਨ ਮੇਲੇ ਵਿੱਚ ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਾਨਸਾ (ਸੈਕੰਡਰੀ) ਨੇ ਮੁੱਖ ਮਹਿਮਾਨ ਵਜੋਂ,ਸਹਾਇਕ ਹਰਪ੍ਰੀਤ ਸਿੰਘ ਤੇ ਸਰਵਹਿੱਤਕਾਰੀ ਸਿੱਖਿਆ ਸੰਮਤੀ ਜਲੰਧਰ ਦੇ ਮਹਾਂਮੰਤਰੀ ਨਵਦੀਪ ਸ਼ੇਖਰ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ।ਉਨ੍ਹਾਂ ਦੁਆਰਾ ਦੀਪ ਜਲਾ ਕੇ ਵਿਗਿਆਨ ਮੇਲੇ ਦਾ ਉਦਘਾਟਨ ਕੀਤਾ ਗਿਆ।ਮੁੱਖ ਮਹਿਮਾਨ ਵੱਲੋਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਕਿਸੇ ਵੀ ਦੇਸ਼ ਦੀ ਤਰੱਕੀ ਦਾ ਆਧਾਰ ਹਨ।ਉਨ੍ਹਾਂ ਵਿਗਿਆਨ ਦੇ ਪ੍ਰਸਾਰ ਲਈ ਅਜਿਹੇ ਮੇਲਿਆਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਅਜਿਹੇ ਮੇਲਿਆਂ ਤੋਂ ਵਿਦਿਆਰਥੀ ਬਹੁਤ ਕੁਝ ਸਿੱਖ ਕੇ ਆਪਣੇ ਜੀਵਨ ਵਿਚ ਉੱਚੀਆਂ ਪੁਲਾਘਾਂ ਪੁੱਟ ਸਕਦੇ ਹਨ।ਉਨ੍ਹਾਂ ਵਿੱਦਿਆ ਮੰਦਰ ਦੇ ਸ਼ਾਂਤਮਈ ਵਾਤਾਵਰਨ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਦੀ ਸ਼ਲਾਘਾ ਕਰਦਿਆਂ ਕਿਹਾ ਕਿ  ਵਿੱਦਿਆ ਭਾਰਤੀ ਸੰਸਥਾਨ ਦੇ ਯਤਨਾਂ ਸਦਕਾ  ਸਾਡੇ ਜ਼ਿਲ੍ਹੇ ਵਿੱਚ ਅਜਿਹੇ ਮੇਲਿਆਂ ਦਾ ਹੋਣਾ ਇੱਕ ਚੰਗੀ ਪਹਿਲਕਦਮੀ ਹੈ।ਪ੍ਰਿੰਸੀਪਲ ਡਾ ਗਗਨਦੀਪ ਪਰਾਸ਼ਰ ਵੱਲੋਂ  ਵਿਗਿਆਨ  ਮੇਲੇ ਦੌਰਾਨ ਉਲੀਕੀਆਂ ਗਈਆਂ ਗਤੀਵਿਧੀਆਂ ’ਤੇ ਚਾਨਣਾ ਪਾਉਂਦਿਆਂ ਪ੍ਰੋਗਰਾਮ ਦੀ ਰੂਪ-ਰੇਖਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਬੜੇ ਹੀ ਮਾਣ ਦੀ ਗੱਲ ਹੈ ਕਿ ਇਸ ਮੇਲੇ ਵਿੱਚ ਪੂਰੇ ਪੰਜਾਬ ਦੇ 45 ਸਕੂਲਾਂ ’ਚੋਂ ਵਿਭਾਗ ਪੱਧਰ ’ਤੇ ਜੇਤੂ 800 ਬੱਚੇ ਭਾਗ ਲੈ ਰਹੇ ਹਨ।ਉਦਘਾਟਨੀ ਸਮਾਗਮ ਦੌਰਾਨ ਵਿਦਿਆਰਥੀਆਂ ਵੱਲੋਂ ਸਵਾਗਤੀ ਗੀਤ ਅਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮਹਾਂਮੰਤਰੀ ਨਵਦੀਪ ਸ਼ੇਖਰ ਨੇ ਬੱਚਿਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਅਜਿਹੇ ਮੇਲੇ ਜੀਵਨ ਵਿੱਚ ਖੋਜੀ ਬਿਰਤੀ ਨੂੰ ਉਤਸ਼ਾਹਿਤ ਕਰਦੇ ਹਨ।ਉਨ੍ਹਾਂ ਨੇ ਵਿਗਿਆਨ,ਕੁਦਰਤ ਅਤੇ ਜੀਵਨ ਦੀ ਮਹੱਤਤਾ ਨੂੰ ਸਮਝਣ ਬਾਰੇ ਚਰਚਾ ਕੀਤੀ।ਜ਼ਿਕਰਯੋਗ ਹੈ ਕਿ ਇਸ ਤਿੰਨ ਰੋਜ਼ਾ ਸੂਬਾ-ਪੱਧਰੀ ਵਿਗਿਆਨ ਮੇਲੇ  ਵਿੱਚ ਸ਼ਿਸ਼ੂ,ਬਾਲ,ਕਿਸ਼ੋਰ ਅਤੇ ਤਰੁਣ ਵਰਗ ਦੇ ਗਣਿਤ ਅਤੇ ਵਿਗਿਆਨ ਵਿਸ਼ੇ ਦੇ ਮਾਡਲ,ਪ੍ਰਯੋਗ,ਪ੍ਰਸ਼ਨ ਮੰਚ ਅਤੇ ਪੱਤਰ-ਵਾਚਨ ਆਦਿ ਮੁਕਾਬਲੇ ਕਰਵਾਏ।ਸਕੂਲ ਪ੍ਰਬੰਧਕ ਕਮੇਟੀ,ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ,ਸਮੂਹ ਸਟਾਫ਼ ਵੱਲੋਂ ਮੁੱਖ ਮਹਿਮਾਨ ਪਰਮਜੀਤ ਸਿੰਘ ਭੋਗਲ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਮਾਨਸਾ,ਮਹਾਂਮੰਤਰੀ ਨਵਦੀਪ ਸ਼ੇਖਰ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਤੇ ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਆਖਿਆ।ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਜਿਹੇ ਮੇਲੇ ਬੱਚਿਆਂ ਵਿੱਚ ਸਾਕਾਰਤਮਕ ਊਰਜਾ,ਸਵੈ ਵਿਸ਼ਵਾਸ ਅਤੇ  ਵਿਗਿਆਨਕ ਨਜ਼ਰੀਆ ਪੈਦਾ ਕਰਦੇ ਹਨ।ਸੋ ਇਸ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਭਾਗ ਲੈਣਾ ਚਾਹੀਦਾ ਹੈ। ਉਦਘਾਟਨੀ ਸਮਾਗਮ ਦੌਰਾਨ ਅਨੋਖੀ ਪੇਸ਼ਕਾਰੀ ਚੰਦਰਯਾਨ-3 ਸਾਰਿਆਂ ਦੀ ਖਿੱਚ ਦਾ ਕੇਂਦਰ ਬਣੀ।ਵਿੱਦਿਆ ਮੰਦਰ ਦੇ ਵਿਹੜੇ ਦੀ ਰੌਣਕ ਵਧਾਉਣ ’ਤੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਧੰਨਵਾਦ ਕੀਤਾ ਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤੀਸ਼ ਕੁਮਾਰ,ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ,ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ,ਵਾਈਸ ਪ੍ਰਧਾਨ ਬਿਰਜ ਲਾਲ,ਪ੍ਰਬੰਧਕ ਅੰਮ੍ਰਿਤ ਲਾਲ,ਡਾ. ਮੱਖਣ ਲਾਲ,ਰਜਿੰਦਰ ਕੁਮਾਰ,ਰਕੇਸ਼ ਕੁਮਾਰ ਹਾਜ਼ਰ ਸਨ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਸੁਨਾਮ 'ਚ ਅਗਰਸੈਨ ਜੈਅੰਤੀ ਸਮਾਗਮ ਤਿੰਨ ਨੂੰ

ਸੁਨਾਮ 'ਚ ਅਗਰਸੈਨ ਜੈਅੰਤੀ ਸਮਾਗਮ ਤਿੰਨ ਨੂੰ

ਦਰਸ਼ਨ ਸਿੰਘ ਚੌਹਾਨ,ਸੁਨਾਮ : ਯੁੱਗ ਪਰਵਰਤਿਕ ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਤਿੰਨ ਅਕਤੂਬਰ ਨੂੰ ਸੁਨਾਮ ਵਿਖੇ ਅਗਰਵਾਲ ਸਭਾ ਸੁਨਾਮ ਵੱਲੋਂ ਮਨਾਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਗਰਵਾਲ ਸਭਾ ਸੁਨਾਮ ਦੇ ਪ੍ਰਧਾਨ ਹਕੂਮਤ ਜਿੰਦਲ ਅਤੇ ਜੈਅੰਤੀ ਸਮਾਗਮ ਦੇ ਚੇਅਰਮੈਨ ਅਗਰ ਰਤਨ ਵੇਦ ਪ੍ਰਕਾਸ਼ ਹੋਡਲਾ ਨੇ ਦੱਸਿਆ ਕਿ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿੱਚ ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਸਮਾਗਮ ਆਯੋਜਿਤ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਜੈਅੰਤੀ ਸਮਾਗਮ ਦੌਰਾਨ ਮਹਾਰਾਜਾ ਅਗਰਸੈਨ ਜੀ ਦੀਆਂ ਸਿੱਖਿਆਵਾਂ ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਜੈਅੰਤੀ ਸਮਾਰੋਹ ਵਿੱਚ ਰਾਸ਼ਟਰੀ ਪ੍ਰਧਾਨ ਬਜਰੰਗ ਦਾਸ, ਕੈਬਨਿਟ ਮੰਤਰੀ ਅਮਨ ਅਰੋੜਾ, ਕੈਬਨਿਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਸਾਬਕਾ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ, ਅਸ਼ੋਕ ਸਿੰਗਲਾ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਅਤੇ ਹੋਰ ਪਤਵੰਤੇ ਸੱਜਣ ਪਹੁੰਚ ਰਹੇ ਹਨ । ਇਸ ਮੌਕੇ ਹੋਣਹਾਰ ਵਿਦਿਆਰਥੀਆਂ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਕੀਤੀਆਂ ਪ੍ਰਾਪਤੀਆਂ ਦੇ ਲਈ ਸਨਮਾਨ ਕੀਤਾ ਜਾਵੇਗਾ, ਇਸ ਤੋਂ ਇਲਾਵਾ ਸੰਸਕ੍ਰਿਤ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਜੈਅੰਤੀ ਸਮਾਰੋਹ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ , ਲੋਕਾਂ ਵਿੱਚ ਇਸ ਜੈਅੰਤੀ ਦੇ ਸੰਬੰਧ ਵਿੱਚ ਭਾਰੀ ਉਤਸਾਹ ਹੈ । ਇਸ ਮੌਕੇ ਕ੍ਰਿਸ਼ਨ ਸੰਦੋਹਾ, ਵੇਦ ਪ੍ਰਕਾਸ਼ ਹੋਡਲਾ, ਯਸ਼ਪਾਲ ਮੰਗਲਾ, ਰਾਜ ਕੁਮਾਰ, ਮਾਸਟਰ ਰਾਜੀਵ ਕੁਮਾਰ, ਯੋਗੇਸ਼ ਗਰਗ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।

Tuesday, October 1, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਬੀਰਬਲ ਸਿੰਘ ਬਣੇ ਦੀ ਚੀਮਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ

ਬੀਰਬਲ ਸਿੰਘ ਬਣੇ ਦੀ ਚੀਮਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਪ੍ਰਧਾਨ

ਜਗਤਾਰ ਸਿੰਘ ਬਾਬੇ ਕਾ ਮੀਤ ਪ੍ਰਧਾਨ ਤੇ ਬਹਾਦਰ ਸਿੰਘ ਚਹਿਲ ਬਣੇ ਜੂਨੀਅਰ ਮੀਤ ਪ੍ਰਧਾਨ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦੀ ਚੀਮਾ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਚੀਮਾ ਦੇ ਅਹੁਦੇਦਾਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ ਜਿਸ ਵਿੱਚ ਕਮੇਟੀ ਦਾ ਪ੍ਰਧਾਨ ਬੀਰਬਲ ਸਿੰਘ ਨੂੰ ਚੁਣਿਆ ਗਿਆ ਜਦਕਿ ਮੀਤ ਪ੍ਰਧਾਨ ਜਗਤਾਰ ਸਿੰਘ ਬਾਬੇ ਕਾ ਤੇ ਜੂਨੀਅਰ ਮੀਤ ਪ੍ਰਧਾਨ ਬਹਾਦਰ ਸਿੰਘ ਚਹਿਲ ਚੁਣੇ ਗਏ।ਇਸ ਮੌਕੇ ਕਮੇਟੀ ਮੈਂਬਰ ਜਸਵੀਰ ਸਿੰਘ,ਮੇਜਰ ਸਿੰਘ,ਪਰਮਜੀਤ ਸਿੰਘ ਨਿੱਕਾ,ਦਰਸ਼ਨ ਸਿੰਘ, ਕੁਲਦੀਪ ਸਿੰਘ, ਗਿਆਨ ਸਿੰਘ,ਕਰਮਜੀਤ ਕੌਰ ਤੇ ਗੁਰਮੇਲ ਕੌਰ ਮੌਜੂਦ ਸਨ। ਇਸ ਮੌਕੇ ਸਭਾ ਦੇ ਸਕੱਤਰ ਸਤਿਗੁਰ ਸਿੰਘ, ਦਰਸ਼ਨ ਸਿੰਘ ਔਲਖ,ਹਰਦੇਵ ਸਿੰਘ ਸੋਹਲ,ਗੁਰਜੰਟ ਸਿੰਘ ਨੰਬਰਦਾਰ,ਜਗਰਾਜ ਸਿੰਘ ਨੰਬਰਦਾਰ,ਸਾਬਕਾ ਐਮਸੀ ਦਰਸ਼ਨ ਸਿੰਘ ਲਾਡੀ,ਚਮਕੌਰ ਸਿੰਘ ਜੋਗੇ ਕਾ ਤੇ ਗੱਗੀ ਸੰਧੂ ਵੀ ਮੌਜੂਦ ਸਨ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੱਛੋਆਣਾ ਦੇ ਵਿਦਿਆਰਥੀ ਹੀਰਾ ਦਾਸ ਨੇ ਜਵਾਹਰ ਨਵੋਦਿਆ ਪ੍ਰੀਖਿਆ ਕੀਤੀ ਪਾਸ

ਸਰਕਾਰੀ ਪ੍ਰਾਇਮਰੀ ਸਕੂਲ ਬੱਛੋਆਣਾ ਦੇ ਵਿਦਿਆਰਥੀ ਹੀਰਾ ਦਾਸ ਨੇ ਜਵਾਹਰ ਨਵੋਦਿਆ ਪ੍ਰੀਖਿਆ ਕੀਤੀ ਪਾਸ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੱਛੋਆਣਾ ਦੇ ਵਿਦਿਆਰਥੀ ਹੀਰਾ ਦਾਸ ਪੁੱਤਰ ਲਾਲ ਦਾਸ ਨੇ ਜਵਾਹਰ ਨਵੋਦਿਆ ਪ੍ਰੀਖਿਆ ਪਾਸ ਕਰਕੇ ਸਕੂਲ ਮੁਖੀ ਕੁਲਵਿੰਦਰ ਸਿੰਘ,ਜਮਾਤ ਦੇ ਇੰਚਾਰਜ ਅਧਿਆਪਕ ਗੁਰਮੇਲ ਸਿੰਘ ਮੱਖਣ ਤੇ ਸਮੁੱਚੇ ਸਟਾਫ ਦਾ ਮਾਣ ਵਧਾਇਆ ਹੈ।ਜਾਣਕਾਰੀ ਦਿੰਦਿਆਂ ਸਕੂਲ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਵਿਦਿਆਰਥੀ ਭਵਨਜੋਤ ਸਿੰਘ ਪੁੱਤਰ ਜਸਪਾਲ ਸਿੰਘ ਨੇ ਨਵੋਦਿਆ ਪ੍ਰੀਖਿਆ ਪਾਸ ਕਰਕੇ 6ਵੀਂ ਜਮਾਤ ਵਿੱਚ ਦਾਖਲਾ ਲਿਆ ਸੀ।ਇਸ ਤੋਂ ਬਾਅਦ ਹੁਣ ਉਹਨਾਂ ਦੇ ਸਕੂਲ ਦੇ ਇੱਕ ਹੋਰ ਵਿਦਿਆਰਥੀ ਹੀਰਾ ਦਾਸ ਨੇ ਇਹ ਪ੍ਰੀਖਿਆ ਪਾਸ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ ਹੈ।ਉਹਨਾਂ ਇਸ ਪ੍ਰਾਪਤੀ 'ਤੇ ਜਮਾਤ ਦੇ ਇੰਚਾਰਜ ਅਧਿਆਪਕ ਗੁਰਮੇਲ ਸਿੰਘ ਮੱਖਣ ਅਤੇ ਸਮੁੱਚੇ ਸਟਾਫ ਨੂੰ ਵਧਾਈ ਦਿੱਤੀ।