Saturday, February 1, 2025

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਨੇ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਵਿੱਚ ਪ੍ਰਾਪਤ ਕੀਤਾ ਤੀਜਾ ਸਥਾਨ

ਸਖ਼ਤ ਮਿਹਨਤ, ਇਮਾਨਦਾਰੀ ਤੇ ਸਮਾਜ ਦੀ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਅੱਗੇ ਆਉਣ ਵਿਦਿਆਰਥੀ : ਡਾ. ਨਿਰਮਲ ਓਸੇਪਚਨ

ਹੀਰੋਂ ਖ਼ੁਰਦ,01 ਫ਼ਰਵਰੀ (ਗੁਰਵਿੰਦਰ ਸਿੰਘ ਚਹਿਲ) : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਬਾਲ ਭਲਾਈ ਕੌਂਸਲ ਮਾਨਸਾ ਵੱਲੋਂ ਕਰਵਾਏ ਗਏ ਇੱਕ ਗਿਆਨਮਈ ਸਮਾਗਮ ਵਿੱਚ ਭਾਗ ਲਿਆ। ਇਹ ਕੁਇਜ਼ ਮੁਕਾਬਲਾ ਮਹਾਤਮਾ ਗਾਂਧੀ ਦੇ ਜੀਵਨ,ਕਦਰਾਂ-ਕੀਮਤਾਂ ਅਤੇ ਯੋਗਦਾਨ 'ਤੇ ਕਰਵਾਇਆ ਗਿਆ। ਸਕੂਲ ਦੀ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।ਦਿਵਜੋਤ ਸਿੰਘ (7ਵੀਂ) ਅਤੇ ਅਵਨੀਤ ਕੌਰ (8ਵੀਂ) ਨੇ ਕਿਹਾ ਕਿ ਉਨ੍ਹਾਂ ਕੋਲ ਬੇਮਿਸਾਲ ਤਜ਼ਰਬਾ ਹੈ ਅਤੇ ਉਨ੍ਹਾਂ ਨੂੰ ਮਹਾਤਮਾ ਦੇ ਆਦਰਸ਼ਾਂ ਦੀ ਡੂੰਘੀ ਸਮਝ ਹੈ।ਇਸ ਸਮਾਗਮ 'ਚ ਵਧੀਕ ਡਿਪਟੀ ਕਮਿਸ਼ਨਰ (ਜਨਰਲ ਤੇ ਸ਼ਹਿਰੀ ਵਿਕਾਸ) ਮਾਨਸਾ ਡਾ. ਨਿਰਮਲ ਓਸੇਪਚਨ ਨਾਲ ਇੱਕ ਪ੍ਰੇਰਨਾਦਾਇਕ ਗੱਲਬਾਤ ਦਿਖਾਈ ਗਈ। ਮਾਨਸਾ ਵਿੱਚ ਇੱਕ ਲਾਇਬ੍ਰੇਰੀ ਦੇ ਵਿਕਾਸ 'ਚ ਅਹਿਮ ਯੋਗਦਾਨ ਪਾਉਣ ਵਾਲੇ ਡਾ. ਓਸੇਪਚਨ ਨੇ ਵਿਦਿਆਰਥੀਆਂ ਨੂੰ ਅਕਾਦਮਿਕਤਾ ਤੋਂ ਪਰੇ ਸੋਚਣ ਅਤੇ ਆਪਣੇ ਭਾਈਚਾਰਿਆਂ ਵਿੱਚ ਯੋਗਦਾਨ ਪਾਉਣ ਵੱਲ ਧਿਆਨ ਦੇਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੂੰ ਸਰਟੀਫਿਕੇਟ, ਟਰਾਫੀਆਂ ਅਤੇ ਮਹਾਤਮਾ ਗਾਂਧੀ ਦੀ ਇੱਕ ਪ੍ਰੇਰਨਾਦਾਇਕ ਸਵੈ-ਜੀਵਨੀ ਦਿੱਤੀ ਗਈ, ਜਿਸ ਨੇ ਉਨ੍ਹਾਂ ਨੂੰ ਸਖ਼ਤ ਮਿਹਨਤ, ਇਮਾਨਦਾਰੀ ਅਤੇ ਸਮਾਜ ਦੀ ਸੇਵਾ ਦੇ ਮੁੱਲਾਂ ਨੂੰ ਅਪਣਾਉਣ ਲਈ ਅੱਗੇ ਵਧਾਇਆ।ਸਕੂਲ ਦੀ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਇਹ ਸਾਰੇ ਸ਼ਾਮਲ ਲੋਕਾਂ ਲਈ ਇੱਕ ਦਿਲਚਸਪ ਅਤੇ ਪ੍ਰੇਰਣਾਦਾਇਕ ਅਨੁਭਵ ਸੀ, ਜਿਸ ਨਾਲ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਕੀਮਤੀ ਸਬਕ ਮਿਲੇ।ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਨੂੰ ਉਨ੍ਹਾਂ ਦੇ ਲਗਾਤਾਰ ਉਪਰਾਲੇ ਲਈ ਵਧਾਈ ਦਿੱਤੀ।

Wednesday, January 29, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ

ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਵਿੱਚ ਗੁਰਮਤਿ ਸਮਾਗਮ ਕਰਵਾਇਆ 


ਗੁਰਦੁਆਰਾ ਬੜੂ ਸਾਹਿਬ ਵਿਖੇ ਹੋਇਆ ਸਮਾਗ਼ਮ,ਵੱਡੀ ਗਿਣਤੀ ਵਿੱਚ ਸੰਗਤ ਨੇ ਭਰੀ ਹਾਜ਼ਰੀ 

ਚੀਮਾ ਮੰਡੀ 29 ਜਨਵਰੀ (ਗੁਰਵਿੰਦਰ ਸਿੰਘ ਚਹਿਲ) : 20ਵੀਂ ਸਦੀ ਦੇ ਮਹਾਨ ਤਪੱਸਵੀ,ਰਾਜਯੋਗੀ,ਪੂਰਨ ਬ੍ਰਹਮਗਿਆਨੀ, ਵਿੱਦਿਆਦਾਨੀ ਸ੍ਰੀਮਾਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੇ ਤੇ ਗੁਰਮੁਖ ਪਿਆਰੇ ਸੰਤ ਤੇਜਾ ਸਿੰਘ ਜੀ ਦੇ ਅਨਿਨ ਸੇਵਕ,ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਾਬਕਾ ਪ੍ਰਧਾਨ ਸੱਚਖੰਡ ਵਾਸੀ ਪਦਮ ਸ਼੍ਰੀ,ਵਿੱਦਿਆ ਮਾਰਤੰਡ, ਸ਼੍ਰੋਮਣੀ ਪੰਥ ਰਤਨ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਨਿੱਘੀ ਯਾਦ ਨੂੰ ਸਮਰਪਿਤ ਤੀਸਰਾ ਸਾਲਾਨਾ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਬੜੂ ਸਾਹਿਬ ਵਿਖੇ ਕਰਵਾਇਆ ਗਿਆ।ਇਸ ਮਹਾਨ ਸਮਾਗਮ ਵਿੱਚ ਸੰਤ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਦੀ ਮਿੱਠੀ ਅਤੇ ਨਿੱਘੀ ਯਾਦ ਵਿੱਚ 2300 ਅਖੰਡ ਪਾਠਾਂ ਦੇ ਭੋਗ ਬਹੁਤ ਹੀ ਸਤਿਕਾਰ ਅਤੇ ਸ਼ਰਧਾ ਨਾਲ ਪਾਏ ਗਏ। ਇਸ ਮਹਾਨ ਗੁਰਮਤਿ ਸਮਾਗਮ ਵਿੱਚ ਪੰਥ-ਪ੍ਰਸਿੱਧ ਕੀਰਤਨੀ ਜਥਿਆਂ ਨੇ ਹਾਜ਼ਰੀ ਭਰੀ। ਇਸ ਸਮਾਗਮ ਮੌਕੇ ਅਕਾਲ ਅਕੈਡਮੀ ਬੜੂ ਸਾਹਿਬ ਦੇ ਵਿੱਦਿਆਰਥੀਆਂ, ਅਕਾਲ ਗੁਰਮਤਿ ਸੰਗੀਤ ਵਿੱਦਿਆਲੇ ਦੇ ਵਿਦਿਆਰਥੀ, ਅਨਾਹਦ ਬਾਣੀ ਤੰਤੀ ਸਾਜ ਜਥਾ (ਇਟਰਨਲ ਯੂਨੀਵਰਸਿਟੀ),ਬਾਬਾ ਜਗਤਾਰ ਸਿੰਘ ਕਾਨ੍ਹਗੜ੍ਹ ਵਾਲੇ ਅਤੇ ਭਾਈ ਸਰਬਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਵੱਲੋਂ ਹਾਜ਼ਰੀ ਭਰੀ ਗਈ। ਕਲਗੀਧਰ ਟਰਸਟ ਬੜੂ ਸਾਹਿਬ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਨੇ ਸੰਗਤਾਂ ਨਾਲ ਗੁਰਮਤਿ ਬਚਨਾਂ ਦੀ ਸਾਂਝ ਪਾਈ ਅਤੇ ਉਨ੍ਹਾਂ ਕਿਹਾ ਕਿ ਇਹ ਸਮਾਗਮ ਵਿਸ਼ੇਸ਼ ਤੋਰ 'ਤੇ ਸਰਬ ਸਾਂਝੀਵਾਲਤਾ ਨੂੰ ਸਮਰਪਿਤ ਰਿਹਾ ਜਿਸ ਵਿੱਚ ਹਰ ਧਰਮ ਦੇ ਸੰਤ ਮਹਾਪੁਰਖਾਂ ਨੇ ਸੰਗਤ ਦੇ ਦਰਸ਼ਨ ਕੀਤੇ ਅਤੇ ਸਮੂਹ ਸੰਗਤ ਨੂੰ ਆਪਣੇ ਬਚਨਾਂ ਨਾਲ ਨਿਹਾਲ ਕੀਤਾ। ਡਾ. ਦਵਿੰਦਰ ਸਿੰਘ ਅਤੇ ਉਪ ਪ੍ਰਧਾਨ ਭਾਈ ਜਗਜੀਤ ਸਿੰਘ ਨੇ ਸਮਾਗਮ 'ਤੇ ਪਹੁੰਚੇ ਸਿੰਘ ਸਾਹਿਬਾਨ ਅਤੇ ਕੀਰਤਨੀਏ, ਕਥਾਵਾਚਕਾਂ ਦਾ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਸੰਗਤ ਵੱਲੋਂ ਹਾਜ਼ਰੀ ਭਰਨ 'ਤੇ ਧੰਨਵਾਦ ਕੀਤਾ।

Tuesday, January 28, 2025

ਮਾਨਸਾ,ਗੁਰਵਿੰਦਰ ਸਿੰਘ ਚਹਿਲ : ਸਕਾਊਟਿੰਗ 'ਚ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਵਕਾਰੀ ਸਨਮਾਨ

ਸਕਾਊਟਿੰਗ 'ਚ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਵਕਾਰੀ ਸਨਮਾਨ

ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੀ ਟੀਮ ਦੀ ਪ੍ਰਸ਼ੰਸਾ
ਮਾਨਸਾ,28 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਵੱਲੋਂ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਉੱਚ ਪੱਧਰੀ ਸਲਾਨਾ ਮੀਟਿੰਗ ਰਾਜਸਥਾਨ ਦੇ ਜੈਸਲਮੇਰ ਵਿਖੇ ਕੀਤੀ ਗਈ। ਇਸ ਵਿੱਚ ਪੂਰੇ ਸਾਲ ਦੀਆਂ ਯੁਨਿਟ, ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੀ ਭਾਗੀਦਾਰੀ ਨੂੰ ਅਧਾਰ ਬਣਾ ਕੇ ਭਾਰਤ ਸਕਾਊਟ ਐਂਡ ਗਾਈਡ ਦੀ 75ਵੀਂ ਵਰ੍ਹੇਗੰਢ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਉਟਸ ਤੇ ਗਾਈਡਜ਼, ਪੰਜਾਬ ਸ੍ਰ ਓਨਕਾਰ ਸਿੰਘ ਅਤੇ ਹੋਰ ਸਟੇਟ ਆਹੁਦੇਦਾਰਾਂ ਵੱਲੋਂ ਰੋਲਿੰਗ ਟਰਾਫੀਆਂ ਦੀ ਵੰਡ ਕੀਤੀ ਗਈ। ਮਾਨਸਾ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਨੂੰ ਸਟੇਟ ਚੀਫ਼ ਕਮਿਸ਼ਨਰ ਰੋਲਿੰਗ ਟਰਾਫੀ ਜ਼ਿਲ੍ਹਾ ਭਾਗੀਦਾਰੀ 2025 ਲਈ ਦੂਜਾ ਸਥਾਨ ਅਤੇ ਬਾਬਾ ਹਰਦਿਆਲ ਸਿੰਘ ਰੋਲਿੰਗ ਟਰਾਫੀ ਸਟੇਟ ਭਾਗੀਦਾਰੀ ਵਿੱਚ ਤੀਜਾ ਸਥਾਨ ਪ੍ਰਾਪਤ ਹੋਇਆ ਹੈ।ਇਨ੍ਹਾਂ ਵਿਸ਼ੇਸ਼ ਪ੍ਰਾਪਤੀਆਂ ’ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਜ਼ਿਲ੍ਹੇ ਦੀ ਟੀਮ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਨੇ ਹਮੇਸ਼ਾ ਹੀ ਸਕਾਊਟ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਬਹੁਤ ਸਾਰੇ ਸਕਾਉਟਸ ਤੇ ਗਾਈਡਜ਼ ਨੇ ਰਾਸ਼ਟਰਪਤੀ ਅਤੇ ਗਵਰਨਰ ਐਵਾਰਡ ਪ੍ਰਾਪਤ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕਾਊਟਿੰਗ ਟੀਮ ਨੂੰ ਹਰ ਸਹਿਯੋਗ ਦਿੱਤਾ ਜਾਵੇਗਾ।ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟਸ ਦਰਸ਼ਨ ਸਿੰਘ ਬਰੇਟਾ ਨੇ ਇਸ ਮੌਕੇ ਜ਼ਿਲ੍ਹੇ ਦੀਆਂ ਸਕਾਊਟਿੰਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਅਤੇ ਸਲਾਨਾ ਗਤੀਵਿਧੀਆਂ ਦੇ ਕੈਲੰਡਰ ਬਾਰੇ ਵੀ ਚਰਚਾ ਕੀਤੀ।ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਕਮ ਜ਼ਿਲ੍ਹਾ ਚੀਫ਼ ਕਮਿਸ਼ਨਰ ਸਕਾਊਟਸ ਮਾਨਸਾ ਭੁਪਿੰਦਰ ਕੌਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੀ ਸਕਾਊਟਿੰਗ ਟੀਮ ਚੰਗਾ ਕਾਰਜ ਕਰਕੇ ਲਗਾਤਾਰ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰ ਰਹੀ ਹੈ। ਉਨ੍ਹਾਂ ਪੂਰੀ ਟੀਮ ਨੂੰ ਪੰਜਾਬ ਪੱਧਰੀ ਪ੍ਰਾਪਤੀਆਂ ਲਈ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਬਣਦਾ ਹਰ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਟੀਮ ਨੂੰ ਹੋਰ ਤਕੜੇ ਹੋ ਕੇ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ।ਜ਼ਿਲ੍ਹਾ ਐਸ਼ੋਸ਼ੀਏਸ਼ਨ ਦੇ ਮੈਂਬਰ ਡਾ. ਪਰਮਜੀਤ ਸਿੰਘ ਭੋਗਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮਦਨ ਲਾਲ ਕਟਾਰੀਆ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਸਕਾਊਟਿੰਗ ਗਤੀਵਿਧੀਆਂ ਨੂੰ ਬਾਕੀ ਰਹਿੰਦੇ ਸਕੂਲਾਂ ਵਿੱਚ ਵੀ ਚਲਾਉਣ ਦੀ ਯੋਜਨਾ ਬਣਾਏ ਜਾਣ ਦੀ ਗੱਲ ਕਹੀ।ਇਸ ਮੌਕੇ ਪ੍ਰਿੰਸੀਪਲ ਕਸ਼ਮੀਰ ਸਿੰਘ, ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਗਾਈਡ ਨਿਰਲੇਪ ਕੌਰ,ਸਹਾਇਕ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ (ਕੱਬ) ਰਾਜੇਸ਼ ਕੁਮਾਰ ਬੁਢਲਾਡਾ,ਸਹਾਇਕ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ (ਸਕਾਊਟ) ਅਜੇ ਸ਼ਰਮਾਂ, ਦੇਸਰਾਜ ਸਿੰਘ, ਡੀਐਸਐਮ ਹਰਪ੍ਰੀਤ ਸਿੰਘ,ਹਰਪ੍ਰੀਤ ਮੂਸਾ, ਨਵੀਨ ਕੁਮਾਰ, ਲੀਲਾ ਰਾਮ ਸ਼ਰਮਾ,ਕੇਵਲ ਸਿੰਘ,ਗਾਈਡ ਕੈਪਟਨ ਜਗਦੀਪ ਕੌਰ, ਗੁਰਸ਼ਰਨ ਕੌਰ, ਬਿੰਦੀਆ ਰਾਣੀ, ਡੀਲਿੰਗ ਰਾਮ ਕੁਮਾਰ ਸੀਨੀਅਰ ਸਹਾਇਕ,ਜ਼ਿਲ੍ਹਾ ਰਿਸੋਰਸ ਪਰਸਨ ਨਵਨੀਤ ਕੱਕੜ ਹਾਜ਼ਰ ਸਨ।

Friday, January 24, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ: ਪਹਿਲੀ ਜੁਲਾਈ 2024 ਤੋਂ ਤਨਖ਼ਾਹ ਵਿੱਚ 5 ਫੀਸਦ ਵਾਧਾ ਦੇਣ ਲਈ ਡੀਈਓ ਐਲੀਮੈਂਟਰੀ ਸਿੱਖਿਆ ਨੂੰ ਦਿੱਤਾ ਮੰਗ ਪੱਤਰ

ਪਹਿਲੀ ਜੁਲਾਈ 2024 ਤੋਂ ਤਨਖ਼ਾਹ ਵਿੱਚ 5 ਫੀਸਦ ਵਾਧਾ ਦੇਣ ਲਈ ਡੀਈਓ ਐਲੀਮੈਂਟਰੀ ਸਿੱਖਿਆ ਨੂੰ ਦਿੱਤਾ ਮੰਗ ਪੱਤਰ 

ਹੀਰੋਂ ਖ਼ੁਰਦ,24 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਨੈਸ਼ਨਲ ਬਿਲਡਰਜ਼ ਸਕੀਮ ਤਹਿਤ 29 ਜੁਲਾਈ 2023 ਨੂੰ ਭਰਤੀ ਕੀਤੇ ਗਏ ਐਸੋਸੀਏਟ ਅਧਿਆਪਕ ਅਤੇ ਪ੍ਰੀ ਪ੍ਰਾਇਮਰੀ ਐਸੋਸੀਏਟ ਅਧਿਆਪਕਾਂ ਸੂਬਾ ਸਰਕਾਰ ਵੱਲੋਂ ਹਰ ਵਰ੍ਹੇ ਇਹਨਾਂ ਦੀ ਤਨਖ਼ਾਹ ਵਿੱਚ 5 ਫ਼ੀਸਦ ਵਾਧਾ ਦਰਜ਼ ਕਰਨਾ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਕਈ ਜਿਲਿਆਂ ਦੇ ਅਧਿਆਪਕਾਂ ਨੂੰ ਸਿਰਫ ਜੁਲਾਈ 2024 ਵਿੱਚ ਸਿਰਫ 29,30 ਅਤੇ 31 ਜੁਲਾਈ ਤਿੰਨ ਦਿਨਾਂ ਅਨੁਸਾਰ ਤਨਖ਼ਾਹ ਵਿੱਚ ਪੰਜ ਫੀਸਦ ਵਾਧਾ ਕੀਤਾ ਗਿਆ ਸੀ,ਜਿਸ ਨੂੰ ਲੈ ਕੇ ਪ੍ਰੀ ਪ੍ਰਾਇਮਰੀ ਐਸੋਸੀਏਟ ਯੂਨੀਅਨ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਮੇਜਰ ਸਿੰਘ ਭਾਦੜਾ,ਰਾਜਪਾਲ ਸਿੰਘ ਰਾਮਾਨੰਦੀ,ਚਰਨਪਾਲ ਸਿੰਘ ਦਸਾਉਂਧੀਆ, ਜਸਵਿੰਦਰ ਸਿੰਘ ਕਾਮਰੇਡ ਮਾਨਸਾ, ਅਮਰਿੰਦਰ ਸਿੰਘ ਭੰਮੇ,ਗੁਰਪ੍ਰੀਤ ਸਿੰਘ ਭੀਖੀ ਅਤੇ ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਦੀ ਅਗਵਾਈ ਹੇਠ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਭੁਪਿੰਦਰ ਕੌਰ ਨੂੰ ਮਿਲਿਆ। ਉਕਤ ਆਗੂਆਂ ਨੇ ਮੰਗ ਪੱਤਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਤਨਖਾਹ ਵਿੱਚ ਪੰਜ ਫੀਸਦ ਵਾਧਾ ਪਹਿਲੀ ਜੁਲਾਈ 2024 ਤੋਂ ਦਿੱਤਾ ਜਾਵੇ।

Thursday, January 23, 2025

ਗੁਰਵਿੰਦਰ ਸਿੰਘ ਚਹਿਲ, ਮਾਨਸਾ :ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਸਰਵੋਤਮ ਇਲੈਕਸ਼ਨ ਪ੍ਰੈਕਟਿਸ ਪੁਰਸਕਾਰʼ ਲਈ ਚੋਣ

ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦੀ ਸਰਵੋਤਮ ਇਲੈਕਸ਼ਨ ਪ੍ਰੈਕਟਿਸ ਪੁਰਸਕਾਰʼ ਲਈ ਚੋਣ

ਮੁੱਖ ਚੋਣ ਅਫ਼ਸਰ ਪੰਜਾਬ ਵਲੋਂ 25 ਜਨਵਰੀ ਨੂੰ ਮਨਾਏ ਜਾ ਰਹੇ ਰਾਸ਼ਟਰੀ ਵੋਟਰ ਦਿਵਸ ਉਪਰ ਕੀਤਾ ਜਾਵੇਗਾ ਸਨਮਾਨਿਤ

ਮਾਨਸਾ, 23 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਦਫ਼ਤਰ ਮੁੱਖ ਚੋਣ ਅਫਸਰ ਪੰਜਾਬ ਵਲੋਂ ਅੱਜ ਜਾਰੀ ਪੱਤਰ ਅਨੁਸਾਰ ਮਾਨਸਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਆਈ.ਏ.ਐਸ. ਦੀ ਸਰਵੋਤਮ ਇਲੈਕਸ਼ਨ ਪ੍ਰੈਕਟਿਸ ਪੁਰਸਕਾਰʼʼ ਲਈ ਚੋਣ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਰਾਸ਼ਟਰੀ ਵੋਟਰ ਦਿਵਸ ਸਬੰਧੀ ਲੁਧਿਆਣਾ ਵਿਖੇ 25 ਜਨਵਰੀ, 2025 ਨੂੰ ਹੋਣ ਵਾਲੇ ਰਾਜ ਪੱਧਰੀ ਸਮਾਗਮ ਦੋਰਾਨ ਇਹ ਸਨਮਾਨ ਕੁਲਵੰਤ ਸਿੰਘ ਆਈ.ਏ.ਐਸ.ਨੂੰ ਭੇਂਟ ਕੀਤਾ ਜਾਵੇਗਾ।ਕੁਲਵੰਤ ਸਿੰਘ ਆਈ.ਏ.ਐਸ.ਨੂੰ ਇਹ ਸਨਮਾਨ ਜ਼ਿਲ੍ਹਾ ਮੋਗਾ ਵਿਖੇ ਬਤੌਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਨਿਭਾਈਆਂ ਮਿਸਾਲੀ ਸੇਵਾਵਾਂ ਲਈ ਦਿੱਤਾ ਜਾ ਰਿਹਾ ਹੈ।ਕੁਲਵੰਤ ਸਿੰਘ ਆਈ.ਏ.ਐਸ. ਨੇ ਮੋਗਾ ਵਿਖੇ ਆਪਣੇ ਕਾਰਜ਼ਕਾਲ ਦੌਰਾਨ ਵੋਟਰਾਂ ਨੂੰ ਜਾਗਰੂਕ ਕਰਨ ਅਤੇ ਇਲੈਕਟੋਰਲ ਭਾਗੀਦਾਰੀ ਨੂੰ ਵਧਾਉਣ ਲਈ ਕਈ ਉਪਰਾਲੇ ਕੀਤੇ ਸਨ । ਉਨ੍ਹਾਂ ਵਲੋਂ ਕੀਤੇ ਗਏ ਗਏ ਉਪਰਾਲਿਆਂ ਵਿਚ ਵੋਟ ਫੀਸਦੀ ਵਧਾਉਣ, ਟਰਾਂਸਜੈਂਡਰ ਵੋਟਰਾਂ ਦੀ ਵੋਟਿੰਗ ਵਿੱਚ ਭਾਗੀਦਾਰੀ ਵਧਾਉਣ, ਡੇਰਿਆਂ ਵਿੱਚ ਵਸਦੇ ਵੋਟਰਾਂ ਤੱਕ ਪਹੁੰਚ, ਦਿਵਿਆਂਗਜਨ, ਸੀਨੀਅਰ ਸਿਟੀਜ਼ਨਾਂ, ਪੱਤਰਕਾਰਾਂ, ਵੋਮੈਨ ਵੋਟਰਾਂ ਦੀ ਵੋਟਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਕਈ ਉਪਰਾਲੇ ਕੀਤੇ ਸਨ ਜਿਸ ਦੇ ਸਾਰਥਿਕ ਸਿੱਟੇ ਨਿਕਲੇ ਸਨ।ਇਸ ਤੋਂ ਇਲਾਵਾ ਉਨ੍ਹਾਂ ਨੇ "ਯੂਥ ਚੱਲਿਆ ਬੂਥ" ਦੇ ਬੈਨਰ ਹੇਠ ਵੋਟਰ ਜਾਗਰੂਕਤਾ ਰੈਲੀਆਂ ਰਾਹੀਂ ਵੀ ਨਵੇਂ ਵੋਟਰਾਂ ਨੂੰ ਵੋਟ ਦੇ ਅਧਿਕਾਰ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਸੀ। ਇਸੇ ਤਰ੍ਹਾਂ ਉਨ੍ਹਾਂ ਨੇ ਆਂਗਣਵਾੜੀ ਵਰਕਰਾਂ ਦੀ ਸਹਾਇਤਾ ਨਾਲ 5 ਲੱਖ ਤੋਂ ਵਧੇਰੇ ਵੋਟਰਾਂ ਨਾਲ ਰਾਬਤਾ ਕਰਕੇ ਵੋਟਰਾਂ ਨੂੰ ਜਾਗਰੂਕਤਾ ਕੀਤਾ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਆਉਣ ਵਾਲੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਨ ਲਈ ਸਵੀਪ ਕੰਧ ਵੀ ਤਿਆਰ ਕਰਵਾਈ ਗਈ।ਉਨ੍ਹਾਂ ਨੇ ਖੁਦ ਬੱਸਾਂ ਵਿੱਚ ਸਵਾਰ ਹੋ, ਸਵਾਰੀਆਂ ਨੂੰ ਵੋਟ ਪਾਉਣ ਪ੍ਰਤੀ ਵੀ ਪ੍ਰੇਰਿਤ ਕੀਤਾ ਗਿਆ ਸੀ ਜਿਸ ਨਾਲ ਮੋਗਾ ਜ਼ਿਲ੍ਹੇ ਵਿੱਚ ਵੋਟ ਪ੍ਰਤੀਸ਼ਤ ਵਧੀ ਸੀ।

Sunday, January 19, 2025

ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਰਾਸ਼ਟਰੀ ਸਰਵੇ 'ਚ ਮਾਨਸਾ ਜ਼ਿਲੵੇ ਦੇ 26 ਸਰਕਾਰੀ ਸਕੂਲਾਂ ਨੇ ਗਰੀਨ ਸਕੂਲ ਐਵਾਰਡ ਜਿੱਤਿਆ

ਰਾਸ਼ਟਰੀ ਸਰਵੇ 'ਚ ਮਾਨਸਾ ਜ਼ਿਲੵੇ ਦੇ 26 ਸਰਕਾਰੀ ਸਕੂਲਾਂ ਨੇ ਗਰੀਨ ਸਕੂਲ ਐਵਾਰਡ ਜਿੱਤਿਆ




ਮਾਨਸਾ ਨੇ ਪੰਜਾਬ ਭਰ 'ਚੋਂ ਹਾਸਿਲ ਕੀਤਾ ਪਹਿਲਾ ਸਥਾਨ,4 ਫਰਵਰੀ ਨੂੰ ਦਿੱਲੀ ਵਿਖੇ ਹੋਵੇਗਾ ਸਨਮਾਨ

ਮਾਨਸਾ ਜ਼ਿਲੵਾ ਸਿੱਖਿਆ ਦੇ ਨਾਲ਼ ਵਾਤਾਵਰਨ ਸੰਭਾਲ ਪ੍ਰਤੀ ਵੀ ਮੋਹਰੀ : ਡੀ.ਈ.ਓ. ਭੁਪਿੰਦਰ ਕੌਰ 

ਹੀਰੋਂ ਖੁਰਦ,19 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਚੰਡੀਗੜ੍ਹ ਅਤੇ ਸੈਂਟਰ ਫਾਰ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਦੇ ਸਾਂਝੇ ਉਦਮਾ ਸਦਕਾ ਸਮੇਤ ਭਾਰਤ ਦੇ ਸਾਰੇ ਸਕੂਲਾਂ ਵਿੱਚ ਗ੍ਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ। ਗ੍ਰੀਨ ਸਕੂਲ ਪ੍ਰੋਗਰਾਮ ਦੇ ਜਿਲ੍ਹਾ ਕੁਆਡੀਨੇਟਰ ਜਸਕੀਰਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਕਰਵਾਏ ਗਏ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦੇ ਨਤੀਜੇ ਆ ਗਏ ਹਨ। ਮਾਨਸਾ ਜਿਲਾ ਪੰਜਾਬ ਭਰ ਵਿੱਚੋਂ ਸਭ ਤੋਂ ਵੱਧ ਗ੍ਰੀਨ ਸਕੂਲ ਨਾਲ ਪਹਿਲੇ ਸਥਾਨ 'ਤੇ ਆਇਆ।ਗਰੀਨ ਸਕੂਲ ਪ੍ਰੋਗਰਾਮ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ ਫਾਰ ਲਾਈਫ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ,ਪਾਣੀ, ਧਰਤੀ, ਭੋਜਨ ਅਤੇ ਊਰਜਾ ਦੀ ਬੱਚਤ ਅਨੁਸਾਰ ਸਰਵੇ ਕੀਤਾ ਗਿਆ। ਇਸ ਵਾਰ ਪੂਰੇ ਭਾਰਤ ਦੇ 345 ਸਕੂਲਾਂ ਵਿੱਚੋਂ ਪੰਜਾਬ ਦੇ 196 ਸਕੂਲਾਂ ਨੂੰ ਗ੍ਰੀਨ ਸਕੂਲ ਘੋਸ਼ਿਤ ਕੀਤਾ ਗਿਆ। ਜਿਲਾ ਸਿੱਖਿਆ ਅਫਸਰ ਮਾਨਸਾ ਸ੍ਰੀਮਤੀ ਭੁਪਿੰਦਰ ਕੌਰ ਜੀ ਨੇ ਖੁਸ਼ੀ ਜਾਹਿਰ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ ਦੀ ਰੇਟਿੰਗ ਵਿੱਚ ਸੁਧਾਰ ਕਰਦੇ ਹੋਏ ਮਾਨਸਾ ਜ਼ਿਲ੍ਹੇ ਦੇ 26 ਸਕੂਲ ਨੈਸ਼ਨਲ ਪੱਧਰ 'ਤੇ ਗ੍ਰੀਨ ਸਕੂਲ ਘੋਸ਼ਿਤ ਕੀਤੇ ਗਏ ਹਨ। ਜਿਹਨਾਂ ਵਿੱਚ ਸਰਕਾਰੀ ਹਾਈ ਸਕੂਲ ਮੰਢਾਲੀ ,ਸਰਕਾਰੀ ਹਾਈ ਸਕੂਲ ਟਾਂਡੀਆਂ,ਸਰਕਾਰੀ ਮਿਡਲ ਸਕੂਲ ਜੀਤਗੜ੍ਹ ਉਰਫ ਬੀਰੋਕੇ ਖੁਰਦ,ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਸਰਕਾਰੀ ਹਾਈ ਸਕੂਲ ਮਲਕੋ,ਸਰਕਾਰੀ ਸੈਕੰਡਰੀ ਸਕੂਲ ਖਾਰਾ, ਸਰਕਾਰੀ ਸੈਕੰਡਰੀ ਸਕੂਲ ਜੋੜਕੀਆ,ਸਰਕਾਰੀ ਮਿਡਲ ਸਕੂਲ ਗੋਰਖਨਾਥ, ਸਰਕਾਰੀ ਪ੍ਰਾਇਮਰੀ ਸਕੂਲ ਮੂਸਾ, ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ, ਸਰਕਾਰੀ ਪ੍ਰਾਇਮਰੀ ਸਕੂਲ ਦਲੇਲ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਫੂਸ ਮੰਡੀ, ਸਰਕਾਰੀ ਪ੍ਰਾਇਮਰੀ ਸਕੂਲ ਕੱਲੋਂ,ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੁਰਦ ,ਸਰਕਾਰੀ ਪ੍ਰਾਇਮਰੀ ਸਕੂਲ ਖੜਕ ਸਿੰਘ ਵਾਲਾ,ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਕਲਾਂ,ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਖੁਰਦ,ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ,ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਸ਼ੀ ਵਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਹਰੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਿਓਦ ਕਲਾਂ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲਾ, ਸਰਕਾਰੀ ਸੈਕੰਡਰੀ ਸਮਾਰਟ ਸਕੂਲ ਰੱਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਣਾ ਵਾਲੀ ਦੇ ਨਾਮ ਸ਼ਾਮਿਲ ਹਨ। ਮਾਨਸਾ ਜ਼ਿਲ੍ਹੇ ਦੇ ਵਿੱਚ 11 ਪ੍ਰਾਈਮਰੀ, 2 ਮਿਡਲ,4 ਹਾਈ ਅਤੇ 9 ਸੀਨੀਅਰ ਸੈਕਡਰੀ ਸਕੂਲਾਂ ਨੂੰ ਇਹ ਐਵਾਰਡ ਮਿਲਿਆ ਹੈ। ਜ਼ਿਲ੍ਹਾ ਮਾਨਸਾ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਭੁਪਿੰਦਰ ਕੌਰ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਡਾ. ਪਰਮਜੀਤ ਸਿੰਘ ਭੋਗਲ ਅਤੇ ਉੱਪ ਜ਼ਿਲੵਾ ਸਿੱਖਿਆ ਅਫਸਰ ਐਲੀਮੈਂਟਰੀ ਮਦਨ ਲਾਲ ਕਟਾਰੀਆ ਦੁਆਰਾ ਜ਼ਿਲ੍ਹਾ ਮਾਨਸਾ ਦੀ ਗਰੀਨ ਸਕੂਲ ਪ੍ਰੋਗਰਾਮ ਟੀਮ ਦੀ ਸ਼ਲਾਘਾ ਕਰਦੇ ਹੋਏ ਚੁਣੇ ਗਏ ਗ੍ਰੀਨ ਸਕੂਲਾਂ ਦੇ ਮਿਹਨਤੀ ਗਰੀਨ ਸਕੂਲ ਨੋਡਲ ਅਧਿਆਪਕਾਂ ਨੂੰ ਵਧਾਈ ਦਿੱਤੀ ਗਈ ।ਉਹਨਾਂ ਨੇ ਦੱਸਿਆ ਚੁਣੇ ਹੋਏ ਸਕੂਲਾਂ ਨੂੰ ਭਾਰਤ ਸਰਕਾਰ ਦੁਆਰਾ ਗਰੀਨ ਸਕੂਲ ਪ੍ਰੋਗਰਾਮ ਕਾਰਨੀਵਾਲ ਅਤੇ ਇਨਾਮ ਵੰਡ ਸਮਾਰੋਹ ਵਿੱਚ 4 ਫਰਵਰੀ ਨੂੰ ਨਵੀਂ ਦਿੱਲੀ ਵਿਖੇ ਸਨਮਾਨਿਤ ਕੀਤਾ ਜਾ ਰਿਹਾ ਹੈ । ਭੁਪਿੰਦਰ ਕੌਰ ਜ਼ਿਲੵਾ ਸਿੱਖਿਆ ਅਫ਼ਸਰ ਨੇ ਕਿਹਾ ਕਿ ਬਹੁਤ ਮਾਣ ਵਾਲ਼ੀ ਗੱਲ ਹੈ ਕਿ ਜ਼ਿਲੵਾ ਮਾਨਸਾ ਸਿੱਖਿਆ, ਸਾਹਿਤ ਤੇ ਖੇਡਾਂ ਦੇ ਨਾਲ਼ ਹੁਣ ਵਾਤਾਵਰਨ ਦੀ ਸੰਭਾਲ ਪ੍ਤੀ ਵੀ ਮੋਹਰੀ ਹੋ ਗਿਆ ਹੈ । ਇਸ ਸਮੇਂ ਵਾਤਾਵਰਨ ਸਿੱਖਿਆ ਪ੍ਰੋਗਰਾਮ ਮਾਨਸਾ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਜਸਕੀਰਤ ਸਿੰਘ, ਜ਼ਿਲ੍ਹਾ ਰਿਸੋਰਸ ਪਰਸਨ ਜਗਵਿੰਦਰ ਕੌਰ,ਆਈਸੀਟੀ ਕੋਆਰਡੀਨੇਟਰ ਪਰਵਿੰਦਰ ਸਿੰਘ,ਇੰਦਰਪਾਲ ਸਿੰਘ, ਵਿਸ਼ਾਲ ਬਾਂਸਲ,ਨਵਨੀਤ ਬਾਂਸਲ,ਵਿਜੇ ਕੁਮਾਰ ,ਦਿਲਬਾਗ ਸਿੰਘ ਲਖਵਿੰਦਰ ਸਿੰਘ ਅਤੇ ਸਤੀਸ਼ ਕੁਮਾਰ ਬਲਾਕ ਨੋਡਲ ਅਫਸਰ ਗ੍ਰੀਨ ਪ੍ਰੋਗਰਾਮ ਹਾਜ਼ਰ ਸਨ।


Saturday, January 18, 2025

ਹੀਰੋਂ ਖ਼ੁਰਦ,18 ਜਨਵਰੀ (ਗੁਰਵਿੰਦਰ ਸਿੰਘ ਚਹਿਲ) : ਸਰਕਾਰੀ ਹਾਈ ਸਕੂਲ ਦੋਦੜਾ ਨੇ ਜ਼ਿਲੵਾ ਵਿਗਿਆਨ ਪ੍ਦਰਸ਼ਨੀ ਚ ਕੀਤਾ ਪਹਿਲਾ ਸਥਾਨ ਹਾਸਿਲ

ਸਰਕਾਰੀ ਹਾਈ ਸਕੂਲ ਦੋਦੜਾ ਨੇ ਜ਼ਿਲੵਾ ਵਿਗਿਆਨ ਪ੍ਦਰਸ਼ਨੀ ਚ ਕੀਤਾ ਪਹਿਲਾ ਸਥਾਨ ਹਾਸਿਲ

ਹੀਰੋਂ ਖ਼ੁਰਦ,18 ਜਨਵਰੀ (ਗੁਰਵਿੰਦਰ ਸਿੰਘ ਚਹਿਲ) :  ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਦਫ਼ਤਰ ਮਾਨਸਾ ਦੀ ਯੋਗ ਅਗਵਾਈ ਹੇਠ ਰਾਸ਼ਟਰੀ ਆਵਿਸ਼ਕਾਰ ਅਭਿਆਨ ਤਹਿਤ ਬਲਾਕ ਤੇ ਜ਼ਿਲੵਾ ਪੱਧਰੀ ਸਾਇੰਸ ਪ੍ਦਰਸ਼ਨੀ ਕਰਵਾਈ।ਇਸ ਪ੍ਦਰਸ਼ਨੀ ਵਿੱਚ ਸਰਕਾਰੀ ਹਾਈ ਸਕੂਲ ਦੋਦੜਾ ਨੇ ਸ਼ਾਨਦਾਰ ਕਾਰਗੁਜ਼ਾਰੀ ਪੇਸ਼ ਕਰਦਿਆਂ ਬਲਾਕ ਪੱਧਰ 'ਤੇ ਪਹਿਲਾ ਅਤੇ ਦੂਜਾ ਸਥਾਨ ਅਤੇ ਜ਼ਿਲੵਾ ਪੱਧਰ 'ਤੇ ਪਹਿਲਾ ਸਥਾਨ ਹਾਸਿਲ ਕੀਤਾ।ਸਕੂਲ ਦੀਆਂ ਹੋਣਹਾਰ ਵਿਦਿਆਰਥਣਾਂ ਕਮਲਜੋਤ ਕੌਰ ਤੇ ਰਮਨਦੀਪ ਕੌਰ ਨੇ ਬਲਾਕ ਤੇ ਜ਼ਿਲੵਾ ਪੱਧਰ 'ਤੇ ਥੀਮ 'ਜ਼ੀਰੋ ਬਜਟ ਦੀ ਕੁਦਰਤੀ ਖੇਤੀ ' ਉੱਪਰ ਬਾਕਮਾਲ ਮਾਡਲ ਬਣਾ ਕੇ ਜੱਜਾਂ ਅੱਗੇ ਜਾਣਕਾਰੀ ਭਰਪੂਰ ਡੈਮੋ ਪੇਸ਼ ਕੀਤਾ ਤੇ ਜੱਜਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਜਵਾਬ ਪ੍ਭਾਵਸ਼ਾਲੀ ਰੂਪ ਨਾਲ ਦਿੱਤੇ।ਹੈੱਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਇਸ ਸ਼ਾਨਦਾਰ ਪ੍ਦਰਸ਼ਨ ਲਈ ਮਿਹਨਤੀ ਤੇ ਸਮਰਪਿਤ ਗਾਈਡ ਅਧਿਆਪਕਾ ਵੀਨਾ ਰਾਣੀ ਵਿਗਿਆਨ ਅਧਿਆਪਿਕਾ,ਜੇਤੂ ਵਿਦਿਆਰਥਣਾਂ ,ਸਮੂਹ ਸਟਾਫ਼ ਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ।ਇਸ ਪ੍ਦਰਸ਼ਨੀ ਵਿੱਚ ਅੱਵਲ ਸਥਾਨ ਹਾਸਲ ਕਰਨ ਵਾਲ਼ੇ ਬੱਚਿਆਂ ਨੂੰ ਭੁਪਿੰਦਰ ਕੌਰ ਡੀ.ਈ.ਓ.,ਡਾ.ਪਰਮਜੀਤ ਸਿੰਘ ਭੋਗਲ ਡਿਪਟੀ ਡੀਈਓ,ਮਦਨ ਲਾਲ ਕਟਾਰੀਆ ਡਿਪਟੀ ਡੀਈਓ, ਪਿ੍ੰਸੀਪਲ ਵਿਜੇ ਮਿੱਢਾ,ਪਿ੍ੰਸੀਪਲ ਅਵਤਾਰ ਸਿੰਘ ਬੀਐਨਓ,ਆਰ.ਏ.ਏ. ਕੋਆਰਡੀਨੇਟਰ ਇੰਦਰਪਾਲ ਸਿੰਘ, ਬੀ.ਆਰ.ਸੀ.ਸੋਨੀ ਸਿੰਗਲਾ,ਵਿਜੇ ਚਰਾਇਆ,ਰੋਹਿਤ ਬਾਂਸਲ,ਮਹਿੰਦਰ ਸਿੰਘ,ਨਵਨੀਤ ਬਾਂਸਲ,ਜਸਕੀਰਤ ਸਿੰਘ ,ਮੈਡਮ ਰੇਨੂੰ,ਸ਼ਿਵਾਨੀ ਆਦਿ ਦੁਆਰਾ ਸਨਮਾਨਿਤ ਕੀਤਾ ਗਿਆ।