Monday, February 10, 2025

ਮਾਨਸਾ, (ਪੱਤਰ ਪ੍ਰੇਰਕ) : ਹੈਡਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਦਾ ਵਾਅਦਾ ਪੂਰਾ ਕਰੇ ਸਰਕਾਰ : ਹਰਪ੍ਰੀਤ ਸਿੰਘ ਜੱਸਲ

ਹੈਡਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਦਾ ਵਾਅਦਾ ਪੂਰਾ ਕਰੇ ਸਰਕਾਰ : ਹਰਪ੍ਰੀਤ ਸਿੰਘ ਜੱਸਲ

ਸਕੂਲ ਉਡੀਕਦੇ ਪ੍ਰਿੰਸੀਪਲਾਂ ਨੂੰ,ਹੈਡਮਾਸਟਰ ਉਡੀਕਦੇ ਤਰੱਕੀ ਨੂੰ

ਮਾਨਸਾ,10 ਫਰਵਰੀ (ਪੱਤਰ ਪ੍ਰੇਰਕ) : ਸਿੱਖਿਆ ਵਿਭਾਗ ਪੰਜਾਬ ਦੇ ਸਰਕਾਰੀ ਹਾਈ ਸਕੂਲਾਂ ਵਿੱਚ ਕੰਮ ਕਰਦੇ ਹੈੱਡਮਾਸਟਰ ਕੇਡਰ (ਪੀ.ਈ.ਐੱਸ.-II) ਨੇ ਪੂਰਨ ਸਮਰਪਣ ਨਾਲ਼ ਸੇਵਾ ਨਿਭਾਉਂਦੇ ਹੋਏ ਹਾਈ ਸਕੂਲਾਂ ਦੀ ਨੁਹਾਰ ਬਦਲ ਦਿੱਤੀ ਹੈ ਜਿਸ ਨਾਲ਼ ਪੰਜਾਬ ਦੀ ਸਕੂਲੀ ਸਿੱਖਿਆ ਦੇ ਗੁਣਾਤਮਕ ਮਿਆਰ ਵਿੱਚ ਚੰਗਾ ਸੁਧਾਰ ਹੋਇਆ ਹੈ, ਪਰੰਤੂ ਹੈੱਡਮਾਸਟਰ ਕੇਡਰ ਦੀ ਪ੍ਰਿੰਸੀਪਲ ਵਜੋਂ ਤਰੱਕੀ ਦੀ ਉਡੀਕ ਲੰਮੀ ਹੁੰਦੀ ਜਾ ਰਹੀ ਹੈ ਜਿਸ ਕਰਕੇ ਸਮੁੱਚਾ ਹੈੱਡਮਾਸਟਰ ਕੇਡਰ ਨਿਰਾਸ਼ਾ ਦੇ ਆਲਮ ਵਿੱਚ ਹੈ ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹੈੱਡਮਾਸਟਰਜ਼ ਐਸੋਸੀਏਸ਼ਨ, ਪੰਜਾਬ ਦੀ ਮਾਨਸਾ ਇਕਾਈ ਦੇ ਜ਼ਿਲ੍ਹਾ ਪ੍ਰਧਾਨ ਹਰਪ੍ਰੀਤ ਸਿੰਘ ਜੱਸਲ ਵੱਲੋਂ ਸਮੁੱਚੀ ਜ਼ਿਲ੍ਹਾ ਕਮੇਟੀ ਨਾਲ਼ ਮਾਨਸਾ ਵਿਖੇ ਕੀਤੀ ਮੀਟਿੰਗ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਦੇ 1927 ਸੈਕੰਡਰੀ ਸਕੂਲਾਂ ਵਿੱਚੋਂ 856 ਸਕੂਲਾਂ ਵਿੱਚ ਪ੍ਰਿੰਸੀਪਲ ਦੀ ਅਸਾਮੀ ਖਾਲੀ ਹੈ, ਭਾਵ ਕਿ ਇਹ 45 ਫੀਸਦੀ ਸੈਕੰਡਰੀ ਸਕੂਲ ਪ੍ਰਿੰਸੀਪਲ ਤੋਂ ਬਿਨਾਂ ਚੱਲ ਰਹੇ ਹਨ ਜਿਸ ਕਾਰਨ ਇਹਨਾਂ 856 ਸੈਕੰਡਰੀ ਸਕੂਲਾਂ ਵਿੱਚ ਪੜ੍ਹ ਰਹੇ ਲੱਖਾਂ ਵਿਦਿਆਰਥੀਆਂ ਦਾ ਵਿੱਦਿਅਕ ਪੱਧਰ ਨਿਘਾਰ ਵੱਲ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੈਡਮਾਸਟਰ ਕੇਡਰ ਨਿਯਮਾਂ ਮੁਤਾਬਿਕ ਬਣਦਾ 4 ਸਾਲ ਦਾ ਸਮਾਂ ਪੂਰਾ ਕਰ ਕੇ ਆਪਣੀ ਤਰੱਕੀ ਦੀ ਉਡੀਕ ਕਰ ਰਿਹਾ ਹੈ ਪਰ ਵਿਭਾਗ ਵੱਲੋਂ ਇਸ ਕੇਡਰ ਦੀ ਤਰੱਕੀ ਨੂੰ ਅਣਗੌਲਿਆ ਕਰਦੇ ਹੋਏ ਕੋਈ ਵੀ ਗੰਭੀਰਤਾ ਨਹੀਂ ਵਿਖਾਈ ਜਾ ਰਹੀ । ਇਸ ਮੌਕੇ ਸਟੇਟ ਕਮੇਟੀ ਮੈਂਬਰ ਹੈਡਮਾਸਟਰ ਮਨਦੀਪ ਸਿੰਘ ਸਰਾਂ ਅਤੇ ਹੈਡਮਾਸਟਰ ਗੁਰਦਾਸ ਸਿੰਘ ਸੇਖੋਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਉਨ੍ਹਾਂ ਦੀ ਤਰੱਕੀ ਦਾ ਬੈਕਲੌਗ ਵੀ ਵੱਡੀ ਗਿਣਤੀ ਵਿੱਚ ਪੈਂਡਿੰਗ ਹੈ ਅਤੇ ਨਿਯਮਾਂ ਮੁਤਾਬਿਕ 4 ਸਾਲ ਤੋਂ ਬਾਅਦ ਹੈਡਮਾਸਟਰ ਨੂੰ ਬਤੌਰ ਪ੍ਰਿੰਸੀਪਲ ਤਰੱਕੀ ਦੇਣੀ ਬਣਦੀ ਹੈ । ਜ਼ਿਲਾ ਸਕੱਤਰ ਮੁਨੀਸ਼ ਕੁਮਾਰ ਨੇ ਕਿਹਾ ਕਿ ਅੱਜ ਦੀ ਐਸੋਸੀਏਸ਼ਨ ਵੱਲੋਂ ਕੀਤੀ ਗਈ ਮੀਟਿੰਗ ਦੌਰਾਨ ਸਮੂਹ ਮੈਂਬਰਾਂ ਨੇ ਵਿਭਾਗ ਤੋਂ ਪੁਰਜ਼ੋਰ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਵਿਭਾਗ ਵੱਲੋਂ ਹੈੱਡਮਾਸਟਰ ਕੇਡਰ ਤੋਂ ਪ੍ਰਿੰਸੀਪਲ ਕੇਡਰ ਦੀਆਂ ਤਰੱਕੀਆਂ ਕੀਤੀਆਂ ਜਾਣ ਤਾਂ ਜੋ ਮੁੱਖ ਮੰਤਰੀ ਦਾ ਰੰਗਲੇ ਪੰਜਾਬ ਦਾ ਸੁਪਨਾ ਸਾਕਾਰ ਹੋ ਸਕੇ ਅਤੇ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਸਿੱਖਿਆ ਦਾ ਮਿਆਰ ਉੱਚਾ ਕੀਤਾ ਜਾ ਸਕੇ । ਜ਼ਿਲੵਾ ਪੈ੍ੱਸ ਸਕੱਤਰ ਗੁਰਜੰਟ ਸਿੰਘ ਨੇ ਕਿਹਾ ਕਿ ਹੈੱਡਮਾਸਟਰ ਕੇਡਰ ਪ੍ਰਿੰਸੀਪਲ ਦੀ ਪੋਸਟ ਲਈ ਵਧੇਰੇ ਤਜ਼ਰਬੇਕਾਰ,ਕੁਸ਼ਲ ਅਤੇ ਯੋਗ ਹੈ ,ਇਸ ਲਈ ਹੈੱਡਮਾਸਟਰ ਕਾਡਰ ਦੀ ਪਿ੍ੰਸੀਪਲ ਕੇਡਰ ਵਜੋਂ ਤਰੱਕੀ ਕਰਕੇ ਸੈਕੰਡਰੀ ਸਕੂਲਾਂ ਦੀ ਵਾਗਡੋਰ ਦਿੱਤੀ ਜਾਵੇ । ਜ਼ਿਲ੍ਹਾ ਮੀਤ ਪ੍ਰਧਾਨ ਜਗਜੀਤ ਸਿੰਘ ਨੇ ਕਿਹਾ ਕਿ ਹੈਡਮਾਸਟਰ ਕੇਡਰ ਦੀਆਂ ਵੀ 1723 ਵਿੱਚੋਂ 810 ਪੋਸਟਾਂ ਹਨ । ਇਸ ਲਈ ਮਾਸਟਰ ਕੇਡਰ ਨੂੰ ਹੈੱਡਮਾਸਟਰ ਕੇਡਰ ਵਜੋਂ ਅਤੇ ਹੈੱਡਮਾਸਟਰ ਕੇਡਰ ਨੂੰ ਪ੍ਰਿੰਸੀਪਲ ਕੇਡਰ ਵਜੋਂ ਤਰੱਕੀ ਦੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਕਾਸ ਵਿੱਚ ਕ੍ਰਾਂਤੀ ਲਿਆਂਦੀ ਜਾਵੇ।ਇਸ ਮੌਕੇ ਹੈਡਮਾਸਟਰ ਐਸੋਸੀਏਸ਼ਨ ਪੰਜਾਬ ਦੀ ਇਕਾਈ ਮਾਨਸਾ ਦੇ ਅਹੁਦੇਦਾਰ ਮੈਂਬਰਾਂ ਵਿੱਚੋਂ ਹੈੱਡਮਾਸਟਰ ਭਾਵੇਸ਼ ਗੋਇਲ,ਜਸਵਿੰਦਰ ਸਿੰਘ, ਮਨਦੀਪ ਕੁਮਾਰ, ਹਰਜੀਤ ਸਿੰਘ, ਜਗਜੀਤ ਸਿੰਘ, ਹਰਜਿੰਦਰ ਸਿੰਘ, ਉਮੇਸ਼ ਸ਼ਰਮਾ, ਰਾਕੇਸ਼ ਕੁਮਾਰ, ਭੁਪਿੰਦਰ ਸਿੰਘ, ਸੁਖਦੀਪ ਸਿੰਘ,ਰਵਿੰਦਰ ਕੁਮਾਰ, ਜਗਚਾਨਣ ਸਿੰਘ, ਰਾਧਾ ਰਾਣੀ,ਪੰਕਜ ਰਾਣੀ, ਆਰਤੀ ਦੇਵੀ ,ਸੁਮਨਦੀਪ ਕੌਰ, ਅਨੀਤਾ ਰਾਣੀ, ਨੀਰਜ, ਸਵਾਤੀ ਜਿੰਦਲ, ਪ੍ਰਵੀਨ ਰਾਣੀ, , ਅਮਨਦੀਪ ਕੌਰ ਆਦਿ ਹਾਜ਼ਰ ਸਨ।

Saturday, February 8, 2025

ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਸਕੂਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ

ਸਕੂਲ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ 

ਹੀਰੋਂ ਖੁਰਦ,ਗੁਰਵਿੰਦਰ ਸਿੰਘ ਚਹਿਲ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪ੍ਰਬੰਧਾਂ ਹੇਠ ਸਫਲਤਾ ਪੂਰਵਕ ਚੱਲ ਰਹੀ ਵਿੱਦਿਅਕ ਸੰਸਥਾ ਭਾਈ ਬਹਿਲੋ ਪਬਲਿਕ ਸਕੂਲ ਫਫੜੇ ਭਾਈ ਕੇ ਵਿਖ਼ੇ ਸਕੂਲ ਦੇ 29ਵਾਂ ਸਥਾਪਨਾ ਦਿਵਸ ਨੂੰ ਸਮਰਪਿਤ ਸਕੂਲ ਵਿੱਚ ਪ੍ਰਿੰਸੀਪਲ, ਸਮੂਹ ਸਟਾਫ ਅਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਅਖੰਡਪਾਠ ਪ੍ਰਕਾਸ਼ ਕਰਵਾ ਕੇ ਭੋਗ ਪਾਏ ਗਏ।ਭੋਗ ਉਪਰੰਤ ਵਿਦਿਆਰਥੀਆਂ ਵੱਲੋਂ ਧਾਰਮਿਕ ਸਮਾਗਮ ਕੀਤੇ ਜਿਸ 'ਚ ਗੁਰਬਾਣੀ ਸ਼ਬਦ ਕੀਰਤਨ,ਕਵਿਤਾਵਾਂ,ਕਵੀਸ਼ਰੀਆਂ ਗਾਇਨ ਕੀਤੀਆਂ ਇਹਨਾਂ ਸਮਾਗਮਾਂ ਦੌਰਾਨ ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਬਰ੍ਹੇ ਵੱਲੋਂ ਸਕੂਲ ਪ੍ਰਾਪਤੀਆਂ ਬਾਰੇ ਸਮੂਹ ਸੰਗਤ ਨੂੰ ਦੱਸਿਆ ਗਿਆ ਨਾਲ ਹੀ ਉਹਨਾਂ ਕਿਹਾ ਕਿ ਇਸ ਸਕੂਲ ਵਿੱਚ ਸਿਰਫ ਕਿਤਾਬੀ ਪੜ੍ਹਾਈ ਹੀ ਨਹੀਂ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕੀਤਾ ਜਾਂਦਾ ਹੈ ਜਿਸ ਵਿੱਚ ਬੱਚਿਆਂ ਨੂੰ ਸਹੀ ਦਿਸ਼ਾ,ਵਾਧਾ ਅਤੇ ਜ਼ਿੰਦਗੀ ਦੇ ਰਸਤੇ ਉਲੀਕਦਿਆਂ ਗਿਆਨ ਦੀ ਰੌਸ਼ਨੀ ਵੰਡ ਕੇ ਉੱਜਵਲ ਭਵਿੱਖ ਅਖਤਿਆਰ ਕੀਤੇ ਜਾਂਦੇ ਹਨ।ਉਹਨਾਂ ਵੱਲੋਂ ਇਸ ਸਮਾਗਮ ਵਿੱਚ ਪਹੁੰਚੀ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਸਮੇਂ ਸਟੇਜ ਸਕੱਤਰ ਦੀਆਂ ਸੇਵਾਵਾਂ ਸੁਖਪ੍ਰੀਤ ਕੌਰ ਅਤੇ ਧਾਰਮਿਕ ਅਧਿਆਪਕ ਗੁਰਪ੍ਰੀਤ ਸਿੰਘ ਵੱਲੋਂ ਨਿਭਾਈ ਗਈ। ਸਮੂਹ ਸਟਾਫ ਵੱਲੋਂ ਇਹਨਾਂ ਸਮਾਗਮ ਵਿੱਚ ਵੱਧ ਚੜ੍ਹ ਕੇ ਸੇਵਾ ਕਰਕੇ ਲਾਹੇ ਪ੍ਰਾਪਤ ਕੀਤਾ ਗਏ। ਸਮਾਪਤੀ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤੇ।ਸਕੂਲ ਸਟਾਫ ਦੀਆਂ ਵੱਖ-ਵੱਖ ਕਮੇਟੀਆਂ ਵੱਲੋਂ ਪੂਰਨ ਸਹਿਯੋਗ ਦੇ ਕੇ ਇਸ ਮਹਾਨ ਕਾਰਜ ਨੂੰ ਨੇਪਰੇ ਚੜ੍ਹਾਇਆ।ਸਕੂਲ ਪ੍ਰਿੰਸੀਪਲ ਵੱਲੋਂ ਸਮੂਹ ਸਟਾਫ ਦਾ ਜਿੱਥੇ ਧੰਨਵਾਦ ਕੀਤਾ, ਉੱਥੇ ਸਭ ਦਾ ਸਨਮਾਨ ਵੀ ਕੀਤਾ ਗਿਆ

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਖੀਵਾ ਕਲਾਂ ਵਿਖੇ ਆਯੁਰਵੈਦਿਕ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ

ਖੀਵਾ ਕਲਾਂ ਵਿਖੇ ਆਯੁਰਵੈਦਿਕ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਡਾਕਟਰ ਨਿਮਿਤਾ ਗਰਗ ਦੇ ਦੇਸ਼ਾਂ ਨਿਰਦੇਸ਼ਾਂ ਅਨੁਸਾਰ ਪਿੰਡ ਖੀਵਾ ਕਲਾਂ ਵਿਖੇ ਡੇਰਾ ਬਾਬਾ ਗਿਆਨ ਦਾਸ ਵਿਖੇ ਡਾ. ਗੁਰਪ੍ਰੀਤ ਕੌਰ ਏਐਮਓ ਪੀਐਚਸੀ ਢੈਪਈ ਵੱਲੋਂ ਆਯੁਰਵੈਦਿਕ ਦਵਾਈਆਂ ਦਾ ਮੁਫ਼ਤ ਕੈਂਪ ਲਗਾਇਆ ਗਿਆ,ਜਿਸ ਵਿੱਚ 179 ਮਰੀਜ਼ਾਂ ਦਾ ਚੈੱਕ ਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਡਾਕਟਰਾਂ ਦੀ ਟੀਮ ਵੱਲੋਂ ਲੋਕਾਂ ਨੂੰ ਅਯੁਰਵੈਦਿਕ ਦਵਾਈ ਵਰਤਣ ਦੀ ਸਲਾਹ ਵੀ ਦਿੱਤੀ ਗਈ ਤਾਂ ਕਿ ਉਹ ਸਿਹਤਮੰਦ ਜੀਵਨ ਬਤੀਤ ਕਰ ਸਕਣ।ਇਸ ਮੌਕੇ ਉਪ ਵੈਦ ਲਖਮਿੰਦਰ ਕੁਮਾਰ,ਸੀਐਚਓ ਅੰਤਰਪ੍ਰੀਤ ਕੌਰ ਅਤੇ ਸਿਹਤ ਸੁਪਰਵਾਈਜ਼ਰ ਲੀਲਾ ਰਾਮ ਵੀ ਮੌਜੂਦ ਸਨ।

ਹੀਰੋਂ ਖ਼ੁਰਦ,ਗੁਰਵਿੰਦਰ ਸਿੰਘ ਚਹਿਲ : 26 ਸਰਕਾਰੀ ਸਕੂਲਾਂ ਨੇ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂ ਕੀਤਾ ਰੋਸ਼ਨ

26 ਸਰਕਾਰੀ ਸਕੂਲਾਂ ਨੇ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂ ਕੀਤਾ ਰੋਸ਼ਨ

ਐਵਾਰਡ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਜ਼ਿਲ੍ਹਾ ਪੱਧਰ 'ਤੇ ਜਲਦ ਕੀਤਾ ਜਾਵੇਗਾ ਸਨਮਾਨਿਤ : ਜ਼ਿਲ੍ਹਾ ਸਿੱਖਿਆ ਅਧਿਕਾਰੀ 

ਹੀਰੋਂ ਖ਼ੁਰਦ,(ਗੁਰਵਿੰਦਰ ਸਿੰਘ ਚਹਿਲ) : ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਕਰਵਾਏ ਗਰੀਨ ਸਕੂਲ ਪ੍ਰੋਗਰਾਮ ਜੀ.ਐਸ.ਪੀ ਆਡਿਟ ਵਿੱਚ ਜ਼ਿਲ੍ਹਾ ਮਾਨਸਾ ਦੇ 26 ਸਕੂਲਾਂ ਨੇ ਗਰੀਨ ਸਕੂਲ ਐਵਾਰਡ ਪ੍ਰਾਪਤ ਕਰਕੇ ਮਾਨਸਾ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ।ਜੀਐਸਈ ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਵਾਤਾਵਰਣ ਸਿੱਖਿਆ ਅਤੇ ਸਥਿਰਤਾ ਦੇ ਖੇਤਰ ਵਿੱਚ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਇਨਵਾਇਰਮੈਂਟ ਦੇ ਮਾਰਗ ਦਰਸ਼ਨ ਵਿੱਚ ਪੰਜਾਬ ਦੇ ਕੁੱਲ 7406 ਸਕੂਲਾਂ ਨੇ ਵਾਤਾਵਰਨ ਆਡਿਟ ਪੂਰਾ ਕੀਤਾ।ਜ਼ਿਲ੍ਹਾ ਮਾਨਸਾ ਦੇ 26 ਸਕੂਲਾਂ ਨੇ ਗ੍ਰੀਨ ਸਕੂਲ ਐਵਾਰਡ ਜਿੱਤਿਆ ਅਤੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਪੰਜਾਬ ਸਟੇਟ ਕੌਂਸਲ ਫੋਰ ਸਾਇੰਸ ਐਂਡ ਟੈਕਨੋਲਜੀ ਦੇ ਕਾਰਜਕਾਰੀ ਡਾਇਰੈਕਟਰ ਇੰਜੀਨੀਅਰ ਪ੍ਰਿਤਪਾਲ ਸਿੰਘ,ਜੁਆਇੰਟ ਡਾਇਰੈਕਟਰ ਡਾਕਟਰ ਕੁਲਬੀਰ ਸਿੰਘ ਬਾਠ ਅਤੇ ਪ੍ਰੋਜੈਕਟ ਸਾਇੰਟਿਸਟ ਮਦਾਕਨੀ ਠਾਕੁਰ ਵੱਲੋਂ ਇਨਾਂ ਸਕੂਲਾਂ ਨੂੰ ਗਰੀਨ ਸਕੂਲ ਬਣਨ ਤੇ ਵਧਾਈ ਦਿੱਤੀ। ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਭੁਪਿੰਦਰ ਕੌਰ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਡਾ. ਪਰਮਜੀਤ ਸਿੰਘ ਭੋਗਲ,ਉਪ ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ ਸਿੱਖਿਆ) ਮਦਨ ਲਾਲ ਕਟਾਰੀਆ ਅਤੇ ਜ਼ਿਲ੍ਹਾ ਮਾਨਸਾ ਦੇ ਨੋਡਲ ਅਫਸਰ ਜਸਕੀਰਤ ਸਿੰਘ ਦੇ ਮਾਰਗ ਦਰਸ਼ਨ ਵਿੱਚ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਹਾਈ ਸਕੂਲ ਮੰਢਾਲੀ ,ਸਰਕਾਰੀ ਹਾਈ ਸਕੂਲ ਟਾਂਡੀਆਂ, ਸਰਕਾਰੀ ਮਿਡਲ ਸਕੂਲ ਜੀਤਗੜ੍ਹ ਉਰਫ ਬੀਰੋਕੇ ਖੁਰਦ ,ਸਰਕਾਰੀ ਹਾਈ ਸਕੂਲ ਮੱਲ ਸਿੰਘ ਵਾਲਾ ਸਰਕਾਰੀ ਹਾਈ ਸਕੂਲ ਮਲਕੋ ,ਸਰਕਾਰੀ ਸੈਕੰਡਰੀ ਸਕੂਲ ਖਾਰਾ, ਸਰਕਾਰੀ ਸੈਕੰਡਰੀ ਸਕੂਲ ਜੌੜਕੀਆ,ਸਰਕਾਰੀ ਮਿਡਲ ਸਕੂਲ ਗੋਰਖਨਾਥ, ਸਰਕਾਰੀ ਪ੍ਰਾਇਮਰੀ ਸਕੂਲ ਮੂਸਾ, ਸਰਕਾਰੀ ਸੈਕੰਡਰੀ ਸਮਾਰਟ ਸਕੂਲ ਕੁਲਰੀਆਂ,ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ, ਸਰਕਾਰੀ ਪ੍ਰਾਇਮਰੀ ਸਕੂਲ ਦਲੇਲਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਫੂਸ ਮੰਡੀ, ਸਰਕਾਰੀ ਪ੍ਰਾਇਮਰੀ ਸਕੂਲ ਕੱਲ੍ਹੋ , ਸਰਕਾਰੀ ਪ੍ਰਾਇਮਰੀ ਸਕੂਲ ਖੈਰਾ ਖੁਰਦ ,ਸਰਕਾਰੀ ਪ੍ਰਾਇਮਰੀ ਸਕੂਲ ਖੜਕ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਕਲਾਂ ,ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਖੁਰਦ, ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ ,ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਖਸ਼ੀ ਵਾਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜ ਹਰੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਿਓਦ ਕਲਾਂ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲਾ, ਸਰਕਾਰੀ ਸੈਕੰਡਰੀ ਸਮਾਰਟ ਸਕੂਲ ਰੱਲੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਬਣਾਂਵਾਲੀ ਨੇ ਗਰੀਨ ਸਕੂਲ ਪ੍ਰੋਗਰਾਮ ਆਡਿਟ ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹੋਏ ਗ੍ਰੀਨ ਸਕੂਲ ਅਵਾਰਡ ਪ੍ਰਾਪਤ ਕੀਤਾ।ਗਰੀਨ ਸਕੂਲ ਪ੍ਰੋਗਰਾਮ ਆਡਿਟ ਸਕੂਲਾਂ ਵਿੱਚ ਹਵਾ, ਊਰਜਾ ਭੋਜਨ ਪਾਣੀ ਅਤੇ ਰਹਿੰਦ ਖੂੰਦ ਵਰਗੇ ਛੇ ਮੁੱਖ ਖੇਤਰਾਂ ਵਿੱਚ ਜਰੂਰੀ ਮਾਪਦੰਡਾਂ ਲਈ ਆਡਿਟ ਕਰਵਾ ਕੇ ਸਰੋਤ ਪ੍ਰਬੰਧਨ ਦੇ ਅਨੁਕੂਲਣ ਬਣਾਉਣ ਵਿੱਚ ਉਤਸਾਹਿਤ ਕਰਦਾ ਹੈ ਜਿਲਾ ਮਾਨਸਾ ਦੇ ਜਿਲਾ ਸਿੱਖਿਆ ਅਫਸਰ ਭੁਪਿੰਦਰ ਕੌਰ ਵੱਲੋਂ ਇਹਨਾਂ ਸਕੂਲਾਂ ਨੂੰ ਵਧਾਈ ਦਿੱਤੀ ਅਤੇ ਹੋਰ ਵੀ ਸਕੂਲਾਂ ਨੂੰ ਆਉਣ ਵਾਲੇ ਸਮੇਂ ਵਿੱਚ ਗ੍ਰੀਨ ਸਕੂਲ ਅਵਾਰਡ ਪ੍ਰਾਪਤ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ।ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ. ਪਰਮਜੀਤ ਸਿੰਘ ਭੋਗਲ ਅਤੇ ਮਦਨ ਲਾਲ ਕਟਾਰੀਆ ਨੇ ਕਿਹਾ ਕਿ ਜਲਦੀ ਇਹਨਾਂ ਗ੍ਰੀਨ ਸਕੂਲ ਪ੍ਰੋਗਰਾਮ ਅਧੀਨ ਐਵਾਰਡ ਪ੍ਰਾਪਤ ਕਰਨ ਵਾਲੇ ਸਕੂਲਾਂ ਨੂੰ ਜ਼ਿਲ੍ਹਾ ਪੱਧਰ 'ਤੇ ਬੁਲਾ ਕੇ ਵੀ ਸਨਮਾਨਿਤ ਕੀਤਾ ਜਾਵੇਗਾ।

Friday, February 7, 2025

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਮਾਮਲਾ ਗੈਸਟ ਪ੍ਰੋਫੈਸਰਾਂ ਦੀ ਨੌਕਰੀ ਨੂੰ ਪੱਕੇ ਕਰਨ ਦਾ

ਮਾਮਲਾ ਗੈਸਟ ਪ੍ਰੋਫੈਸਰਾਂ ਦੀ ਨੌਕਰੀ ਨੂੰ ਪੱਕੇ ਕਰਨ ਦਾ 


ਸਰਕਾਰੀ ਕਾਲਜਾਂ ਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਵੱਲੋਂ ਗੰਭੀਰਪੁਰ ਵਿੱਚ ਚੱਕਾ ਜਾਮ  8 ਫਰਵਰੀ ਨੂੰ,ਉਚੇਰੀ ਸਿਖਿਆ ਮੰਤਰੀ ਤੇ ਵਾਅਦਾ ਖਿਲਾਫ਼ੀ ਦਾ ਦੋਸ਼ 

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਸਰਕਾਰੀ ਕਾਲਜਾਂ ਨੂੰ ਖੂਨ ਪਸੀਨੇ ਨਾਲ ਸਿੰਜਣ ਵਾਲੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਦਾਅ 'ਤੇ ਲੱਗੀ ਹੋਈ ਹੈ। ਦੱਸ ਦਈਏ ਕਿ ਵਿੱਚ ਲੰਬੇ ਸਮੇਂ ਤੋਂ ਸਰਕਾਰੀ ਕਾਲਜਾ ਵਿੱਚ ਸੇਵਾਵਾਂ ਨਿਭਾਅ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਪੰਜਾਬ ਸਰਕਾਰ ਸਾਰ ਨਹੀਂ ਲੈ ਰਹੀ ਜਿਸ ਕਰਕੇ ਗੈਸਟ ਪ੍ਰੋਫੈਸਰ ਤਿੱਖਾ ਸੰਘਰਸ਼ ਕਰਨ ਦੇ ਰੋਅ ਵਿੱਚ ਹਨ। ਗੈਸਟ ਫੈਕਲਟੀ ਸੰਯੁਕਤ ਫਰੰਟ ਸਰਕਾਰੀ ਕਾਲਜ ਪੰਜਾਬ ਦੇ ਆਗੂ ਡਾ. ਰਾਵਿੰਦਰ ਸਿੰਘ, ਪ੍ਰੋਫੈਸਰ ਗੁਰਸੇਵ ਸਿੰਘ, ਪ੍ਰੋਫੈਸਰ ਗੁਰਜੀਤ ਸਿੰਘ, ਡਾ. ਪਰਮਜੀਤ ਸਿੰਘ ਅਤੇ ਪ੍ਰੋਫ਼ੈਸਰ ਮੁਹੰਮਦ ਤਨਵੀਰ ਨੇ ਦੱਸਿਆ ਕਿ ਉਚੇਰੀ ਸਿਖਿਆ ਵਿਭਾਗ ਵੱਲੋਂ ਉਨ੍ਹਾਂ ਦੀਆਂ ਅਸਾਮੀਆਂ ਨੂੰ ਖਾਲੀ ਦਿਖਾ ਦਿੱਤਾ ਗਿਆ ਹੈ ਜਦੋਂ ਕਿ ਉਹ ਕਈ ਸਾਲਾਂ ਤੋਂ ਮਨਜੂਰ-ਸ਼ੁਦਾ ਅਸਾਮੀਆਂ 'ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਨਾਲ-ਨਾਲ ਅਨੇਕਾਂ ਹੋਰ ਅਕਾਦਮਿਕ ਅਤੇ ਪ੍ਰਸ਼ਾਸ਼ਨਿਕ ਡਿਊਟੀਆਂ ਤਨਦੇਹੀ ਨਾਲ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਉਸ ਸਮੇਂ ਤੋਂ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਨਿਭਾਅ ਰਹੇ ਹਨ ਜਦੋਂ ਨਿਗੂਣੀਆਂ ਤਨਖਾਹਾਂ ਕਾਰਨ ਇਨ੍ਹਾਂ ਕਾਲਜਾਂ ਵੱਲ ਕੋਈ ਮੂੰਹ ਨਹੀਂ ਸੀ ਕਰਦਾ। ਉਨ੍ਹਾਂ ਦੱਸਿਆ ਕਿ ਬੁਹਤ ਸਾਰੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਰਕਾਰੀ ਨੌਕਰੀ ਲੱਗਣ ਦੀ ਉਮਰ ਹੱਦ ਵੀ ਲੰਘਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਢੇ ਤਿੰਨ ਮਹੀਨੇ ਪਹਿਲਾਂ ਫਰੰਟ ਦੇ ਵਫਦ ਨਾਲ ਮੁਖ ਸਕੱਤਰੇਤ ਚੰਡੀਗੜ੍ਹ ਵਿਖੇ ਹਰਜੋਤ ਸਿੰਘ ਬੈਂਸ ਸਿਖਿਆ ਮੰਤਰੀ ਪੰਜਾਬ ਨਾਲ ਹੋਈ ਇਕੱਤਰਤਾ ਵਿੱਚ ਉਨ੍ਹਾਂ ਵੱਲੋਂ ਵਾਅਦਾ ਕੀਤਾ ਗਿਆ ਸੀ ਕਿ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਨੂੰ ਨਿਯਮਤ ਕਰਨ ਸਬੰਧੀ ਜਲਦ ਕੋਈ ਪਾਲਿਸੀ ਬਣਾਈ ਜਾਵੇਗੀ ਪਰ ਹਾਲੇ ਤੱਕ ਇਹ ਵਫਾ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 25 ਜਨਵਰੀ ਨੂੰ ਗੰਭੀਰਪੁਰ ਵਿਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪਹਿਲਾ 4 ਅਤੇ ਫਿਰ 7 ਫਰਵਰੀ ਦੀ ਪੈਨਲ ਮੀਟਿੰਗ ਦਿੱਤੀ ਗਈ ਸੀ ਅਤੇ ਹੁਣ ਇਹ ਕਹਿ ਦਿੱਤਾ ਗਿਆ ਹੈ ਕਿ ਮੰਤਰੀ ਹਾਲੇ ਵੀ ਦਿੱਲੀ ਬਿਰਾਜਮਾਨ ਹਨ।ਆਗੂਆਂ ਨੇ ਉਚੇਰੀ ਸਿਖਿਆ ਮੰਤਰੀ ਤੇ ਵਾਅਦਾ ਖਿਲਾਫ਼ੀ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਉਚੇਰੀ ਸਿਖਿਆ ਵਿਭਾਗ ਉਨ੍ਹਾਂ ਦੀਆਂ ਨੌਕਰੀਆਂ ਤੇ ਦਾਤੀ ਫੇਰ ਰਿਹਾ ਹੈ ਅਤੇ ਸਾਰੀ ਪੰਜਾਬ ਸਰਕਾਰ ਆਪਣਾ ਸੂਬਾ ਛੱਡ ਕੇ ਦਿੱਲੀ ਵਿਖੇ ਆਪ ਸਰਕਾਰ ਨੂੰ ਲਿਆਉਣ ਲਈ ਪੱਬਾਂ ਭਾਰ ਹੋਈ ਬੈਠੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਿਮਨੀ ਚੌਣਾ ਵਿੱਚ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਰੋਡ ਸ਼ੋਅ ਦੌਰਾਨ ਕਈ ਵਾਰ ਮੁਲਾਕਾਤ ਹੋਈ ਅਤੇ ਉਨਾਂ ਇਹ ਵਾਅਦਾ ਵੀ ਕੀਤਾ ਸੀ ਕਿ ਜਲਦ ਉਨ੍ਹਾਂ ਦੀ ਪੈਲਨ ਮੀਟਿੰਗ ਸੱਦੀ ਜਾਵੇਗੀ ਪਰ ਕਾਫੀ ਸਮਾਂ ਬੀਤਣ ਦੇ ਬਾਵਜੂਦ ਕੋਈ ਮੀਟਿੰਗ ਦਾ ਸੱਦਾ ਨਹੀਂ ਮਿਲਿਆ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਅਵਾ ਕੀਤਾ ਗਿਆ ਕਿ ਉਹ ਕਿਸੇ ਦਾ “ਚੁੱਲ੍ਹਾ ਬੁਝਣ ਨਹੀਂ ਦੇਣਗੇ” ਨੂੰ ਅਮਲੀ ਜਾਮਾ ਪਹਿਨਾ ਕੇ ਉਨ੍ਹਾਂ ਦੀ ਨੌਕਰੀ ਨੂੰ ਸੁਰੱਖਿਅਤ ਕਰਕੇ ਸਰਕਾਰੀ ਖਜਾਨੇ ਵਿੱਚੋਂ ਨਵੇਂ ਪੇਅ ਗਰੇਡ ਦਿੱਤੇ ਜਾਣ। ਉਨ੍ਹਾਂ ਦੱਸਿਆ ਕਿ 795 ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰ ਨਿਰਾਸ਼ਾ ਦੇ ਆਲਮ ਵਿੱਚ ਹਨ ਜਿਸ ਕਰਕੇ ਮਜਬੂਰੀਬੱਸ 8 ਫਰਵਰੀ ਨੂੰ ਉਚੇਰੀ ਸਿਖਿਆ ਮੰਤਰੀ ਦੇ ਪਿੰਡ ਗੰਭੀਰਪੁਰ ਵਿੱਖੇ ਚੱਕਾ ਜਾਮ ਕਰਨਾ ਪੈ ਰਿਹਾ ਹੈ ਤਾਂ ਜੋ ਸਾਡੀ ਆਵਾਜ ਸਰਕਾਰ ਕੋਲ ਪਹੁੰਚ ਸਕੇ।

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਪੰਜਵੀਂ ਦੀਆਂ ਪ੍ਰੀਖਿਆ ਲਈ ਇੰਟਰ ਬਲਾਕ ਡਿਊਟੀਆਂ ਬੇਲੋੜੀ ਪਰੇਸ਼ਾਨੀ- ਅਮਨਦੀਪ ਸ਼ਰਮਾ

ਪੰਜਵੀਂ ਦੀਆਂ ਪ੍ਰੀਖਿਆ ਲਈ ਇੰਟਰ ਬਲਾਕ ਡਿਊਟੀਆਂ ਬੇਲੋੜੀ ਪਰੇਸ਼ਾਨੀ- ਅਮਨਦੀਪ ਸ਼ਰਮਾ

ਦੂਰ-ਦੂਰ ਤੱਕ ਫੈਲੇ ਹੋਏ ਹਨ ਬਲਾਕ -ਰਾਜਵਿੰਦਰ ਸਿੰਘ ਖੱਤਰੀਵਾਲਾ    

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਸਿੱਖਿਆ ਵਿਭਾਗ ਵੱਲੋਂ ਪੰਜਵੀਂ ਕਲਾਸ ਦੀ ਪ੍ਰੀਖਿਆ ਕਰਵਾਉਣ ਦੇ ਲਈ ਜੋ ਪ੍ਰਕਿਰਿਆ ਬਣਾਈ ਗਈ ਹੈ ਉਹਦੇ ਤਹਿਤ ਡਿਊਟੀਆਂ ਅੰਤਰ ਬਲਾਕ ਲਗਾਉਣ ਸਬੰਧੀ ਲਿਖਿਆ ਗਿਆ ਹੈ ਜੋ ਕਿ ਗੈਰ ਵਾਜਬ ਹੈ।ਕਿਉਂਕਿ ਕਈ ਸਕੂਲ ਸਿੰਗਲ-ਸਿੰਗਲ  ਅਧਿਆਪਕ ਹਨ ਜਾਂ ਦੋ-ਦੋ ਅਧਿਆਪਕ ਹਨ ,ਇਸ ਦੇ ਨਾਲ ਹੀ ਦੂਸਰੇ ਬਲਾਕ ਵਿੱਚ ਡਿਊਟੀ ਕਰਨ ਤੇ ਅਧਿਆਪਕ ਨੂੰ ਵੀ ਪਰੇਸ਼ਾਨੀ ਆਵੇਗੀ , ਸੋ ਜਥੇਬੰਦੀ ਇਸ ਗੱਲ ਦਾ ਵਿਰੋਧ ਕਰਦੀ ਹੈ ਤੇ ਇਸ ਨੂੰ ਸਕੂਲ ਪੱਧਰ ਤੇ ਹੀ ਜਾਂ ਸੈਂਟਰ ਪੱਧਰ ਤੇ ਹੀ ਡਿਊਟੀਆਂ ਲਗਾ ਕੇ ਪੇਪਰ ਲਏ ਜਾਣ ਅਤੇ ਅੰਤਰ ਬਲਾਕ ਡਿਊਟੀਆਂ ਸਬੰਧੀ ਜੋ ਵੀ ਹੁਕਮ ਜਾਰੀ ਕੀਤੇ ਗਏ ਹਨ ਉਹਨਾਂ ਨੂੰ ਤੁਰੰਤ ਵਾਪਸ ਲਿਆ ਜਾਵੇ।ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਸੂਬਾ ਸਰਪ੍ਰਸਤ ਰਾਜਵਿੰਦਰ ਸਿੰਘ ਖੱਤਰੀਵਾਲਾ ਨੇ ਕਿਹਾ ਕਿ ਕਈ ਜਿਲ੍ਹਿਆਂ ਵਿੱਚ ਤਾਂ ਬਲਾਕ 100 -100 ਕਿਲੋਮੀਟਰ ਦੀ ਦੂਰੀ ਤੱਕ ਫੈਲੇ ਹੋਏ ਹਨ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੂਰ ਦੁਰਾਡੇ ਅਧਿਆਪਕਾਂ ਨੂੰ ਡਿਊਟੀਆਂ ਤੇ ਭੇਜਣਾ ਕੋਈ ਵਧੀਆ ਗੱਲ ਨਹੀਂ ਹੈ। ਉਹਨਾਂ ਮੰਗ ਕੀਤੀ ਕਿ ਇੰਟਰ ਬਲਾਕ ਦੀ ਜਗ੍ਹਾ ਸੈਂਟਰ ਅਧੀਨ ਸਕੂਲ ਅਧਿਆਪਕਾਂ ਦੀਆਂ ਡਿਊਟੀਆਂ ਲਾਈਆਂ ਜਾਣ।

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਪੰਜਵੀਂ ਕਲਾਸ ਦੀਆਂ ਡਿਊਟੀਆਂ ਇੰਟਰ ਕਲੱਸਟਰ ਲੱਗਣ-ਹੀਰਾ ਬੋਹਾ

ਪੰਜਵੀਂ ਕਲਾਸ ਦੀਆਂ ਡਿਊਟੀਆਂ ਇੰਟਰ ਕਲੱਸਟਰ ਲੱਗਣ-ਹੀਰਾ ਬੋਹਾ

ਦੂਰ ਦੁਰਾਡੇ ਲੱਗੀਆਂ ਡਿਊਟੀਆਂ ਨਾਲ ਅਧਿਆਪਕਾਂ ਨੂੰ ਹੋਵੇਗੀ ਪਰੇਸ਼ਾਨੀ-ਬੱਛੋਆਣਾ

ਮਾਨਸਾ 07 ਫਰਵਰੀ (ਪੱਤਰ ਪ੍ਰੇਰਕ) : ਇੰਟਰ ਬਲਾਕ ਪੰਜਵੀਂ ਕਲਾਸ ਦੀਆਂ ਪ੍ਰੀਖਿਆਵਾਂ ਵਿੱਚ ਲੱਗਣ ਵਾਲੀਆਂ ਡਿਊਟੀਆਂ ਨਾਲ ਇੱਕ ਵਾਰ ਫਿਰ ਅਧਿਆਪਕਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਮੁੱਖ ਅਧਿਆਪਕ ਜਥੇਬੰਦੀ ਜ਼ਿਲ੍ਹਾ ਮਾਨਸਾ ਦੇ ਸੀਨੀਅਰ ਮੀਤ ਪ੍ਰਧਾਨ ਹੀਰਾ ਬੋਹਾ ਨੇ ਕਿਹਾ ਕਿ ਪ੍ਰਾਇਮਰੀ ਅਧਿਆਪਕਾਂ ਦੀਆਂ ਡਿਊਟੀਆਂ ਬਲਾਕ ਵਾਈਜ਼ ਲੱਗਣ ਦੀ ਬਜਾਏ ਕਲੱਸਟਰ ਵਿੱਚ ਲੱਗਣ ਤਾਂ ਜੋ ਉਹਨਾਂ ਨੂੰ ਦੂਰ ਦੁਰਾਡੇ ਜਾਣਾ ਨਾ ਪਵੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਬਹੁਤੇ ਜ਼ਿਲ੍ਹਿਆਂ ਵਿੱਚ ਬਲਾਕ 100-100 ਕਿਲੋਮੀਟਰ ਦੂਰ ਤੱਕ ਫੈਲੇ ਹੋਏ ਹਨ ਜਿੱਥੇ ਅਧਿਆਪਕਾਂ ਦਾ ਜਾਣਾ ਅਸੰਭਵ ਹੈ।ਉਹਨਾਂ ਕਿਹਾ ਕਿ ਅਧਿਆਪਕਾਂ ਦੀਆਂ ਡਿਊਟੀਆਂ ਇੰਟਰ ਕਲਸਟਰ ਲਗਾਈਆਂ ਜਾਣ ਤਾਂ ਜੋ ਅਧਿਆਪਕਾਂ ਨੂੰ ਜਾਣ ਆਉਣ ਵਿੱਚ ਕੋਈ ਸਮੱਸਿਆ ਨਾ ਆਵੇ।ਜਥੇਬੰਦੀ ਪੰਜਾਬ ਦੇ ਸੂਬਾ ਪ੍ਰੈਸ ਸਕੱਤਰ ਜਸਵੀਰ ਸਿੰਘ ਹੁਸ਼ਿਆਰਪੁਰ ਨੇ ਮੰਗ ਕੀਤੀ ਕਿ ਇਹ ਫੈਸਲਾ ਤੁਰੰਤ ਵਾਪਸ ਲਿਆ ਜਾਵੇ। ਉਹਨਾਂ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਡਿਊਟੀਆਂ ਸਕੂਲਾਂ ਦੇ ਨੇੜੇ ਹੀ ਲਗਾਈਆਂ ਜਾਣ।