Wednesday, June 18, 2025

ਖਾਡੂਰ ਸਾਹਿਬ, ਖੁਸ਼ਪ੍ਰੀਤ ਸਿੰਘ ਚਹਿਲ : ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ 'ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ : ਡਿਪਟੀ ਕਮਿਸ਼ਨਰ ਤਰਨਤਾਰਨ

ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ 'ਚ 6ਵੀਂ ਜਮਾਤ ਦੇ ਦਾਖ਼ਲੇ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ : ਡਿਪਟੀ ਕਮਿਸ਼ਨਰ ਤਰਨਤਾਰਨ

ਫਾਰਮ ਭਰਨ ਦੀ ਆਖਰੀ ਮਿਤੀ 29 ਜੁਲਾਈ ਅਤੇ ਪ੍ਰੀਖਿਆ 13 ਦਸੰਬਰ ਨੂੰ ਹੋਵੇਗੀ 

ਖਾਡੂਰ ਸਾਹਿਬ (ਖੁਸ਼ਪ੍ਰੀਤ ਸਿੰਘ ਚਹਿਲ) : ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਵਿਖੇ ਛੇਵੀਂ ਜਮਾਤ ਲਈ ਸ਼ੈਸ਼ਨ 2026-27 ਦੀ ਚੋਣ ਪ੍ਰੀਖਿਆ 13 ਦਸੰਬਰ 2025 ਨੂੰ ਹੋਣੀ ਹੈ ਜਿਸ ਦੇ ਲਈ ਚਾਹਵਾਨ ਅਤੇ ਯੋਗ ਉਮੀਦਵਾਰਾਂ ਤੋਂ ਬਿਨੈਪੱਤਰ ਆਨਲਾਈਨ ਮੰਗੇ ਗਏ ਹਨ।ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਿਨੈ ਕਰਨ ਦੀ ਆਖ਼ਰੀ ਮਿਤੀ 29 ਜੁਲਾਈ 2025 ਹੈ।ਉਨ੍ਹਾਂ ਦੱਸਿਆ ਕਿ ਚਾਹਵਾਨ ਵਿਦਿਆਰਥੀ ਆਪਣੀ ਮੁਫ਼ਤ ਰਜਿਸਟ੍ਰੇਸ਼ਨ ਪੋਰਟਲ 'ਤੇ ਕਰ ਸਕਦੇ ਹਨ। ਡੀ.ਸੀ.  ਨੇ ਦੱਸਿਆ ਕਿ ਪ੍ਰੀਖਿਆ ਲਈ ਕੇਵਲ ਓਹੀ ਵਿਦਿਆਰਥੀ ਯੋਗ ਹੋਣਗੇ, ਜੋ ਜ਼ਿਲ੍ਹਾ ਤਰਨ ਤਾਰਨ ਦੇ ਸਥਾਈ ਨਿਵਾਸੀ ਹਨ। ਵਿਦਿਆਰਥੀ ਨੂੰ ਆਪਣੀ ਤਾਜ਼ਾ ਫੋਟੋ,ਹਸਤਾਖ਼ਰ,ਮਾਤਾ-ਪਿਤਾ ਦੇ ਹਸਤਾਖ਼ਰ ਅਤੇ ਆਧਾਰ ਕਾਰਡ ਦਾ ਵੇਰਵਾ ਰਿਹਾਇਸ਼ੀ ਪ੍ਰਮਾਣ ਪੱਤਰ ਪੋਰਟਲ 'ਤੇ ਅਪਲੋਡ ਕਰਨਾ ਹੋਵੇਗਾ। ਉਨ੍ਹਾਂ ਦੱਸਿਆ ਕਿ ਵਿਦਿਆਰਥੀ ਮੌਜੂਦਾ ਸਮੇਂ (2025-26) ਵਿਚ 5ਵੀਂ ਕਲਾਸ ਵਿਚ ਜ਼ਿਲ੍ਹਾ ਤਰਨ ਤਾਰਨ ਵਿਚ ਪੜ੍ਹ ਰਿਹਾ ਹੋਵੇ ਅਤੇ ਜ਼ਿਲ੍ਹੇ ਦਾ ਸਥਾਈ ਨਿਵਾਸੀ ਹੋਵੇ। ਉਸ ਨੇ ਪਿਛਲੇ ਸਾਲਾਂ ਵਿਚ ਤੀਜੀ ਅਤੇ ਚੌਥੀ ਜਮਾਤ ਲਗਾਤਾਰ ਪੂਰੀ ਤਰ੍ਹਾਂ ਵਿੱਦਿਅਕ ਪੱਧਰ ਵਿਚ ਸਰਕਾਰੀ ਅਤੇ ਮਾਨਤਾ ਪ੍ਰਾਪਤ ਸਕੂਲ,ਨੈਸ਼ਨਲ ਓਪਨ ਸਕੂਲਿੰਗ ਜਾਂ ਸਰਵ ਸਿੱਖਿਆ ਅਭਿਆਨ ਤਹਿਤ ਪਾਸ ਕੀਤੀ ਹੋਵੇ। ਉਨ੍ਹਾਂ ਦੱਸਿਆ ਕਿ ਜਿਸ ਵਿਦਿਆਰਥੀ ਨੇ ਪਹਿਲਾਂ ਇਹ ਪ੍ਰੀਖਿਆ ਦਿੱਤੀ ਹੈ, ਉਹ ਪ੍ਰੀਖਿਆ ਵਿਚ ਦੂਜੀ ਵਾਰੀ ਬੈਠਣਯੋਗ ਨਹੀਂ ਹੋਵੇਗਾ। ਵਿਦਿਆਰਥੀ ਦਾ ਜਨਮ 01.05 2014 ਤੋਂ 31.07 2016 (ਦੋਵੇਂ ਮਿਤੀਆਂ ਸ਼ਾਮਿਲ) ਦਰਮਿਆਨ ਹੋਇਆ ਹੋਵੇ। ਜੇਕਰ ਕਿਸੇ ਬਿਨੇਕਾਰ ਨੂੰ ਦਾਖ਼ਲਾ ਫਾਰਮ ਭਰਨ 'ਚ ਮੁਸ਼ਕਿਲ ਆਉਂਦੀ ਹੈ ਤਾਂ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਮਾਪਿਆਂ ਨੂੰ ਆਪਣੇ ਬੱਚਿਆਂ ਲਈ ਇਸ ਮੌਕੇ ਦਾ ਵੱਧ ਤੋਂ ਵੱਧ ਪਿੰਡ ਉਠਾਉਣਾ ਚਾਹੀਦਾ ਹੈ ਕਿਉਂਕਿ ਜਵਾਹਰ ਨਵੋਦਿਆ ਵਿਦਿਆਲਿਆ ਗੋਇੰਦਵਾਲ ਸਾਹਿਬ ਆਧੁਨਿਕ ਅਤੇ ਮਿਆਰੀ ਸਿਖਿਆ ਪ੍ਰਦਾਨ ਕਰ ਰਿਹਾ ਹੈ,ਉਥੇ ਹੋਸਟਲ ਦੀ ਸਹੂਲਤ ਵੀ ਉਪਲੱਬਧ ਹੈ।


Friday, June 6, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੋਇਲ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਬੋੜਾਵਾਲ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਦਿ ਰੋਇਲ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਬੋੜਾਵਾਲ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੋਇਲ ਕਾਲਜ ਆਫ ਫ਼ਿਜ਼ੀਕਲ ਐਜੂਕੇਸ਼ਨ ਬੋੜਾਵਾਲ ਵਿਖੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਗਿਆ। ਇਸ ਦੌਰਾਨ ਕਾਲਜ ਡਾਇਰੈਕਟਰ ਡਾ. ਕੁਲਦੀਪ ਸਿੰਘ ਬੱਲ,ਡਾ. ਸਰਬਜੀਤ ਕੌਰ ਸੋਹਲ, ਵਿਭਾਗ ਮੁਖੀ ਸਹਾਇਕ.ਪ੍ਰੋ ਹਰਵਿੰਦਰ ਸਿੰਘ  ਨੇ ਕਾਲਜ ਕੈਂਪਸ ਵਿੱਚ ਵੱਡੀ ਗਿਣਤੀ ਵਿੱਚ ਬੂਟੇ ਲਗਾਏ। ਇਸ ਮੌਕੇ ਡਾ. ਸਰਬਜੀਤ ਕੌਰ ਸੋਹਲ ਨੇ ਪਲਾਸਟਿਕ ਦੇ ਹਾਨੀਕਾਰਕ ਪ੍ਰਭਾਵ ਸਬੰਧੀ ਵੀ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਅਤੇ ਦੁਬਾਰਾ ਵਰਤੋਂ ਵਿੱਚ ਆਉਣ ਵਾਲੇ ਪਦਾਰਥਾਂ ਨੂੰ ਵਰਤੋਂ ਵਿੱਚ ਲਿਆਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਵੱਲੋਂ ਪਾਣੀ ਬਚਾਓ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਤੇ ਪ੍ਰੋਜੈਕਟ ਬਣਾਏ ਗਏ। ਟੁੱਟੀਆਂ ਪੁਰਾਣੀਆਂ ਵਸਤੂਆਂ ਨੂੰ ਨਵੇਂ ਤਰੀਕੇ ਅਤੇ ਡਿਜ਼ਾਇਨਾ ਨਾਲ ਮੁੜ ਵਰਤੋਂ ਵਿੱਚ ਲਿਆਉਣ ਦੀ ਪ੍ਰਕਿਰਿਆ ਨੂੰ ਪ੍ਰੋਤਸਾਹਿਤ ਕਰਨ ਲਈ ਵਿਦਿਆਰਥੀਆ ਵੱਲੋਂ ਪੇਸ਼ਕਾਰੀਆਂ ਕੀਤੀਆਂ ਗਈਆਂ। ਇਸ ਮੌਕੇ ਵਿਦਿਆਰਥੀਆਂ ਨੇ ਪੰਛੀਆਂ ਲਈ ਆਲਣੇ ਅਤੇ ਪਾਣੀ ਦਾਣੇ ਲਈ ਫੀਡਰ ਵੀ ਬਣਾਏ ਗਏ ਤਾਂ ਜੋ ਗਰਮੀਆਂ ਵਿੱਚ ਪੰਛੀ ਪਾਣੀ ਅਤੇ ਦਾਣੇ ਤੋਂ ਵਾਂਝੇ ਨਾ ਰਹਿਣ। ਕਾਲਜ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਟੁੱਟੀਆਂ ਬੋਤਲਾਂ ਅਤੇ ਹੋਰ ਪਦਾਰਥਾਂ ਨੂੰ ਮੁੜ ਵਰਤੋਂ ਵਿੱਚ ਲਿਆਉਣ ਲਈ ਬਣਾਈ ਨਵੀਂ ਸਮੱਗਰੀ ਦੀ ਪ੍ਰਸ਼ੰਸਾ ਕੀਤੀ। ਇਸ ਮੌਕੇ ਸਾਰੇ ਵਿਦਿਆਰਥੀਆਂ ਨੇ ਵੱਧ ਚੜ ਕੇ ਗਤੀਵਿਧੀਆਂ ਵਿੱਚ ਹਿੱਸਾ ਲਿਆ ਅਤੇ ਵਾਤਾਵਰਣ ਨੂੰ ਸਾਫ ਰੱਖਣ ਦਾ ਪ੍ਰਣ ਲਿਆ। ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ ਸ਼ਾਮਿਲ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਮਲਕੋਂ ਦੀ ਪੰਜਾਬ 'ਚ ਚੜ੍ਹਤ, ਸਕੂਲ ਨੂੰ ਮਿਲਿਆ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਣ ਐਵਾਰਡ 2025

ਸਰਕਾਰੀ ਹਾਈ ਸਕੂਲ ਮਲਕੋਂ ਦੀ ਪੰਜਾਬ 'ਚ ਚੜ੍ਹਤ, ਸਕੂਲ ਨੂੰ ਮਿਲਿਆ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਣ ਐਵਾਰਡ 2025

ਹਲਕੇ ਦੇ ਸਕੂਲ ਨੂੰ ਵਾਤਾਵਰਨ ਐਵਾਰਡ ਮਿਲਣਾ ਮਾਣ ਵਾਲੀ ਗੱਲ-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਜ਼ਿਲ੍ਹੇ ਦੇ ਪਿੰਡ ਮਲਕੋਂ ਦੇ ਸਰਕਾਰੀ ਹਾਈ ਸਕੂਲ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਰਾਜ ਸਭਾ ਮੈਂਬਰ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਸ਼ਹੀਦ ਭਗਤ ਸਿੰਘ ਪੰਜਾਬ ਰਾਜ ਵਾਤਾਵਰਣ ਐਵਾਰਡ 2025 ਨਾਲ ਨਿਵਾਜਿਆ ਗਿਆ। ਇਸ ਐਵਾਰਡ ਵਿੱਚ ਇਕ ਲੱਖ ਰੁਪਏ ਨਗਦ,ਚਾਂਦੀ ਦੀ ਪਲੇਟ ਅਤੇ ਸਰਟੀਫਿਕੇਟ ਸਨਮਾਨ ਵਜੋਂ ਮਿਲਿਆ ਹੈ। ਸਕੂਲ ਨੂੰ ਇਹ ਐਵਾਰਡ ਸਕੂਲ ਵਿੱਚ 45 ਤਰ੍ਹਾਂ ਦੇ ਵਿਰਾਸਤੀ ਦਰੱਖਤਾਂ ਦਾ ਮਿੰਨੀ ਜੰਗਲ ਲਗਾਉਣ , ਕੈਂਪਸ ਦੀ ਹਰਿਆਲੀ ਅਤੇ ਸਕੂਲ ਵਿੱਚ ਪਲਾਸਟਿਕ ਦੀ ਵਰਤੋਂ ਤੇ ਮਨਾਹੀ ਕਰਕੇ ਮਿਲਿਆ ਹੈ।ਸਕੂਲ ਨੂੰ ਇਹ ਸਨਮਾਨ ਵਿਗਿਆਨ,ਟੈਕਨੋਲੋਜੀ ਅਤੇ ਵਾਤਾਵਰਨ ਵਿਭਾਗ ਪੰਜਾਬ ਵੱਲੋਂ ਵਾਤਾਵਰਨ ਦਿਵਸ ਮੌਕੇ ਇੰਡੀਅਨ ਸਕੂਲ ਆਫ ਬਿਜ਼ਨਸ ਮੋਹਾਲੀ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਦਿੱਤਾ ਗਿਆ। ਸਭ ਤੋਂ ਵਿਲੱਖਣ ਗੱਲ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚੋਂ ਇਹ ਸਨਮਾਨ ਮਾਨਸਾ ਦੇ ਮਲਕੋਂ ਸਕੂਲ ਦੇ ਹਿੱਸੇ ਆਇਆ ਹੈ। ਇਹ ਸਨਮਾਨ ਮਿਲਣ ਤੇ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ ਪਿੰਡ ਮਲਕੋਂ ਦੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ, ਪਿੰਡ ਦੀ ਪੰਚਾਇਤ,ਸਕੂਲ ਦੀ ਪ੍ਰਬੰਧਕ ਕਮੇਟੀ,ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਓਹ ਵਧਾਈ ਦਿੰਦੇ ਹਨ ਜਿਹਨਾਂ ਨੇ ਵਾਤਾਵਰਨ ਦੇ ਖੇਤਰ ਵਿੱਚ ਵਿਲੱਖਣ ਕੰਮ ਕਰਕੇ ਹਲਕੇ ਦਾ ਨਾਮ ਉੱਚਾ ਕੀਤਾ ਹੈ।ਅੱਜ ਸੰਸਾਰ ਪੱਧਰ 'ਤੇ ਵਾਤਾਵਰਨ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ।ਧਰਤੀ 'ਤੇ ਵੱਸਦੇ ਹਰ ਮਨੁੱਖ ਦੀ ਜ਼ਿੰਮੇਵਾਰੀ ਹੈ ਕਿ ਉਹ ਧਰਤੀ,ਹਵਾ ਅਤੇ ਪਾਣੀ ਨੂੰ ਬਚਾਉਣ ਵਿੱਚ ਆਪਣਾ ਹਿੱਸਾ ਪਾਵੇ।ਰੁੱਖ ਧਰਤੀ ਦੇ ਫੇਫੜੇ ਹਨ। ਮਨੁੱਖ ਨੂੰ ਸਾਹ ਰੁੱਖਾਂ ਕਰਕੇ ਆਉਂਦਾ ਹੈ। ਜਸਮੇਲ ਸਿੰਘ ਗਿੱਲ ਅਤੇ ਉਹਦੀ ਪੂਰੀ ਟੀਮ ਨੇ ਵਾਤਾਵਰਨ ਬਚਾਉਣ ਵਿੱਚ ਹੀ ਯੋਗਦਾਨ ਨਹੀਂ ਪਾਇਆ ਸਗੋਂ ਸਾਰੇ ਸਮਾਜ ਅੱਗੇ ਇੱਕ ਉਦਾਹਰਨ ਪੇਸ਼ ਕੀਤੀ ਹੈ।ਇਹ ਉਦਾਹਰਨ ਸਾਰੇ ਸਮਾਜ ਲਈ ਚੇਤਨਾ ਦਾ ਕੰਮ ਕਰੇਗੀ। ਉਹਨਾਂ ਕਿਹਾ ਕਿ ਮਲਕੋਂ ਸਕੂਲ ਨੇ ਸਿਰਫ ਧਰਤੀ 'ਤੇ ਵਿਰਾਸਤੀ ਰੁੱਖ ਹੀ ਨਹੀਂ ਲਗਾਏ ਸਗੋਂ ਪਲਾਸਟਿਕ ਨੂੰ ਸਕੂਲ ਵਿੱਚ ਬੈਨ ਕਰਕੇ ਇੱਕ ਵਿਲੱਖਣ ਕਾਰਜ਼ ਹੈ।ਉਹਨਾਂ ਕਿਹਾ ਕਿ ਵਿਧਾਇਕ ਅਤੇ ਉਸ ਤੋਂ ਪਹਿਲਾਂ ਅਧਿਆਪਕ ਹੋਣ ਦੇ ਨਾਤੇ ਉਹਨਾਂ ਨੂੰ ਹਲਕੇ ਦੇ ਸਕੂਲ ਦੀ ਪ੍ਰਾਪਤੀ 'ਤੇ ਮਾਣ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਇਹ ਸਕੂਲ ਗਰੀਨ ਨੈਸ਼ਨਲ ਸਕੂਲ ਐਵਾਰਡ ਅਤੇ ਉੱਤਮ ਸਕੂਲ ਐਵਾਰਡ ਜਿਸ ਦੀ ਨਗਦ ਰਾਸ਼ੀ ਸਾਢੇ ਸੱਤ ਲੱਖ ਰੁਪਏ ਸੀ ਵੀ ਜਿੱਤ ਚੁੱਕਿਆ ਹੈ।ਇਹ ਸਨਮਾਨ ਮਿਲਣ 'ਤੇ ਡਿਪਟੀ ਕਮਿਸ਼ਨਰ ਮਾਨਸਾ ਕੁਲਵੰਤ ਸਿੰਘ ਧੂਰੀ,ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਪਰਮਜੀਤ ਸਿੰਘ ਭੋਗਲ , ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ, ਪ੍ਰਿੰਸੀਪਲ ਕਮਲਜੀਤ ਕੌਰ, ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ, ਪ੍ਰਿੰਸੀਪਲ ਅਰੁਣ ਕੁਮਾਰ , ਪ੍ਰਿੰਸੀਪਲ ਕਸ਼ਮੀਰ ਸਿੰਘ, ਪ੍ਰਿੰਸੀਪਲ ਦਰਸ਼ਨ ਬਰੇਟਾ, ਮੁੱਖ ਅਧਿਆਪਕ ਮਨਦੀਪ ਸਿੰਘ ਸਰਾਂ, ਜਗਜੀਤ ਸਿੰਘ , ਗੁਰਦਾਸ ਸਿੰਘ ਸੇਖੋਂ , ਮਨਦੀਪ ਕੁਮਾਰ ਜਿੰਦਲ, ਰਜਿੰਦਰ ਸਿੰਘ ਬਿਰਦੀ , ਮਨਜੀਤ ਕੌਰ ਸਰਪੰਚ ਮਲਕੋਂ, ਹਰਪ੍ਰੀਤ ਸਿੰਘ ਜੱਸਲ, ਪਿਆਰਾ ਸਿੰਘ ਗੁਰਨੇ ਕਲਾਂ, ਜਸਕੀਰਤ ਸਿੰਘ ਗਿੱਲ, ਪਰਮਿੰਦਰ ਸਿੰਘ ਦਾਤੇਵਾਸ, ਚੇਅਰਮੈਨ ਬੋਹੜ ਸਿੰਘ, ਪ੍ਰੋਫੈਸਰ ਗੁਰਦੀਪ ਸਿੰਘ ਢਿੱਲੋਂ ਅਤੇ ਨਵਨੀਤ ਕੱਕੜ ਨੇ ਸਕੂਲ ਮੁਖੀ ਜਸਮੇਲ ਸਿੰਘ ਗਿੱਲ ਅਤੇ ਸਾਰੀ ਟੀਮ ਨੂੰ ਵਧਾਈ ਦਿੱਤੀ।

Thursday, June 5, 2025

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਉੱਤਰੀ ਭਾਰਤ ਦੀ ਸਿਰਮੌਰ ਅਤੇ ਖੁਦ ਮੁਖਤਿਆਰ ਸੰਸਥਾ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੌਮੀ ਸੇਵਾ ਯੋਜਨਾ ਵਿਭਾਗ ਵੱਲੋਂ ਸੰਸਥਾ ਅਤੇ ਵੱਖ ਵੱਖ ਥਾਵਾਂ 'ਤੇ ਛਾਂਦਾਰ ਅਤੇ ਫਲਦਾਰ ਬੂਟੇ ਲਗਾ ਕੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਪ੍ਰਿੰਸੀਪਲ ਡਾ. ਨਰਿੰਦਰ ਸਿੰਘ ਨੇ ਕਿਹਾ ਕਿ ਇਸ ਸਮੇਂ ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਬੇਹੱਦ ਜ਼ਰੂਰੀ ਹਨ। ਸੰਸਥਾ ਵੱਲੋਂ ਕੀਤੇ ਜਾਂਦੇ ਅਜਿਹੇ ਯਤਨਾਂ ਨਾਲ ਪਿੰਡਾਂ ਅਤੇ ਸ਼ਹਿਰਾਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ ਆਉਂਦੀ ਹੈ ਅਤੇ ਵਿਦਿਆਰਥੀਆਂ ਨੂੰ ਉਤਸ਼ਾਹ ਮਿਲਦਾ ਹੈ। ਉਹ ਪਿੰਡਾਂ/ਸ਼ਹਿਰਾਂ ਵਿੱਚ ਆਪਣੇ ਹਮ-ਉਮਰ ਵਿਦਿਆਰਥੀਆਂ ਨਾਲ ਰਲ ਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕਰਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵੱਲੋਂ ਫਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦਾ ਟੀਚਾ ਮਿਥਿਆ ਗਿਆ ਸੀ, ਇਸੇ ਤਹਿਤ ਪਿਛਲੇ ਸਮਿਆਂ ਤੋਂ ਸੰਸਥਾ ਦਾ ਕੌਮੀ ਸੇਵਾ ਯੋਜਨਾ ਵਿਭਾਗ ਅਜਿਹੇ ਯਤਨਾਂ ਵਿਚ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਂਦਾ ਹੈ। ਅੱਜ ਸੰਸਥਾ ਵਿੱਚ ਰੁੱਖ ਲਗਾਏ ਗਏ ਅਤੇ ਵਲੰਟੀਅਰਾਂ ਨੂੰ ਵੰਡੇ। ਉਪ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਕਿਹਾ ਕਿ ਸੰਸਥਾ ਵੱਲੋਂ ਇਨ੍ਹਾਂ ਰੁੱਖਾਂ ਦੀ ਸਾਂਭ ਸੰਭਾਲ ਲਈ ਖਾਸ ਵਿਧੀ ਵਿਧਾਨ ਬਣਾਇਆ ਗਿਆ ਹੈ,ਜਿਸ ਤਹਿਤ ਕਾਲਜ ਕੈਂਪਸ ਹਰਿਆ ਭਰਿਆ ਹੈ।ਪ੍ਰੋਗਰਾਮ ਅਫਸਰਾਂ ਨੇ ਸਾਂਝੇ ਰੂਪ ਵਿਚ ਜਾਣਕਾਰੀ ਦਿੰਦਿਆਂ ਕਿਹਾ ਕਿ ਸੰਸਥਾ ਵਿੱਚ ਪੜ੍ਹਦੇ ਹਰ ਵਿਦਿਆਰਥੀਆਂ ਅਤੇ ਵਲੰਟੀਅਰਾਂ ਨੂੰ ਵਾਤਾਵਰਨ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ ਅਤੇ ਉਹ ਆਪਣੇ ਗਲੀ ਗੁਆਂਢ/ਖੇਤ/ਘਰ ਵਿਖੇ ਪੌਦੇ ਲਗਾਉਂਦੇ ਹਨ। ਇਸ ਨਾਲ ਇਨ੍ਹਾਂ ਪੌਦਿਆਂ ਦੀ ਸਾਂਭ ਸੰਭਾਲ ਵੀ ਹੁੰਦੀ ਰਹਿੰਦੀ ਹੈ। ਇਸ ਮੌਕੇ ਡਾ. ਸੰਦੀਪ ਕੌਰ, ਪ੍ਰੋਗਰਾਮ ਅਫਸਰ ਗੁਰਦੀਪ ਸਿੰਘ, ਪ੍ਰੋ. ਰਮਨਦੀਪ ਸਿੰਘ, ਡਾ. ਗੀਤੂ, ਡਾ. ਸੀਤਲ ਬਜਾਜ, ਸ. ਅਮਨਪ੍ਰੀਤ ਸਿੰਘ ਅਤੇ ਵਲੰਟੀਅਰ ਸ਼ਾਮਿਲ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡਾਇਟ ਅਹਿਮਦਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਡਾਇਟ ਅਹਿਮਦਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀ ਸਰਪ੍ਰਸਤੀ ਹੇਠ ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਅਹਿਮਦਪੁਰ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ। ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਅੰਗਰੇਜ ਸਿੰਘ ਵਿਰਕ ਨੇ ਦੱਸਿਆ ਕਿ ਇਸ ਦਿਵਸ ਦੀ ਮਹੱਤਤਾ ਨੂੰ ਉਜਾਗਰ ਕਰਨ ਹਿੱਤ ਇੱਕ ਵਿਸ਼ੇਸ਼ ਸਮਾਗਮ ਕੀਤਾ ਗਿਆ ਜਿਸ ਵਿੱਚ ਸੰਸਥਾ ਦੇ ਸਾਰੇ ਸਿਖਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ। ਸਿਖਿਆਰਥੀ ਜਗਸੀਰ ਸਿੰਘ ਤੇ ਸੁਖਵਿੰਦਰ ਸਿੰਘ ਨੇ ਆਪਣੀ ਡਿਜੀਟਲ ਪੇਸ਼ਕਾਰੀ ਰਾਹੀਂ ਵਾਤਾਵਰਨ ਦੇ ਵੱਖ ਵੱਖ ਘਟਕਾਂ ਵਿੱਚ ਪ੍ਰਦੂਸ਼ਣ ਅਤੇ ਮਨੁੱਖੀ ਲਾਲਚ ਕਾਰਨ ਆ ਰਹੇ ਵਿਗਾੜ ਅਤੇ ਕੁਦਰਤੀ ਸਾਧਨਾਂ ਦੀ ਸੰਭਾਲ ਬਾਰੇ ਵਿਸਥਾਪੂਰਵਕ ਜਾਣਕਾਰੀ ਦਿੱਤੀ ।ਜਸਪ੍ਰੀਤ ਕੌਰ ਨੇ ਵਾਤਾਵਰਨ ਦੀ ਸੰਭਾਲ ਪ੍ਰਤੀ ਇੱਕ ਲੈਕਚਰ ਪੇਸ਼ ਕੀਤਾ।ਸਿਖਿਆਰਥੀ ਗੁਰਪ੍ਰੀਤ ਸਿੰਘ ਉੱਭਾ ਅਤੇ ਸਾਥੀਆਂ ਨੇ ਇੱਕ ਕਵੀਸ਼ਰੀ ਰਾਹੀਂ ਵਾਤਾਵਰਨ ਦੀ ਸੰਭਾਲ ਦਾ ਹੋਕਾ ਦਿੱਤਾ।ਸਰਕਾਰੀ ਪ੍ਰਾਇਮਰੀ ਸਕੂਲ ਬਬਣਪੁਰ ਦੀ ਵਿਦਿਆਰਥਣ ਮਹਿਕਦੀਪ ਕੌਰ ਨੇ ਵਾਤਾਵਰਨ ਚੇਤਨਾ ਨਾਲ ਸਬੰਧਿਤ ਇੱਕ ਕਵਿਤਾ ਬੋਲ ਕੇ ਸਭ ਨੂੰ ਭਾਵੁਕ ਕਰ ਦਿੱਤਾ। ਡਾਇਟ ਫੈਕਲਟੀ ਡਾ. ਕਰਨੈਲ ਸਿੰਘ ਵੈਰਾਗੀ ਨੇ ਬੋਲਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਅੱਜ ਸਭ ਤੋਂ ਗੰਭੀਰ ਮੁੱਦਾ ਹੈ । ਉਹਨਾਂ ਅੰਕੜਿਆਂ ਨਾਲ ਵਾਤਾਵਰਨ ਦੇ ਵਿਗਾੜ ਦੇ ਤੱਥ ਪੇਸ਼ ਕੀਤੇ ਤੇ ਇਸ ਪ੍ਰਤੀ ਸੰਜੀਦਾ ਹੋਣ ਦੀ ਅਪੀਲ ਕੀਤੀ।ਲੈਕਚਰਾਰ ਬਲਵਿੰਦਰ ਸਿੰਘ ਬਾਘਾ ਨੇ ਕਿਹਾ ਕਿ ਸਾਨੂੰ ਨਿੱਜੀ ਜੀਵਨ ਵਿੱਚ ਵਾਤਾਵਰਨ ਪੱਖੀ ਵਿਵਹਾਰ ਰੱਖਣਾ ਚਾਹੀਦਾ ਹੈ ਅਤੇ ਨਿੱਜੀ ਤੌਰ ਤੇ ਅਮਲੀ ਰੂਪ ਵਿੱਚ ਵਾਤਾਵਰਨ ਦੀ ਸੰਭਾਲ ਦੇ ਯਤਨ ਕਰਨੇ ਚਾਹੀਦੇ ਹਨ।ਡਾ. ਗੁਰਪ੍ਰੀਤ ਕੌਰ ਨੇ ਬੋਲਦਿਆਂ ਕਿਹਾ ਕਿ ਦਿਨੋ ਦਿਨ ਵਧ ਰਿਹਾ ਪਲਾਸਟਿਕ ਪ੍ਰਦੂਸ਼ਣ ਸਮੁੱਚੇ ਜੀਵ ਜਗਤ ਲਈ ਸਭ ਤੋਂ ਵੱਡਾ ਖਤਰਾ ਬਣ ਗਿਆ ਹੈ।ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ ਨੇ ਕਿਹਾ ਕਿ ਮਿੱਟੀ,ਪਾਣੀ ਅਤੇ ਹਵਾ ਦਾ ਪ੍ਰਦੂਸ਼ਣ ਸਾਡੇ ਸਭ ਲਈ ਘਾਤਕ ਸਿੱਧ ਹੋ ਰਿਹਾ ਹੈ । ਉਹਨਾਂ ਰੁੱਖਾਂ ਦੀ ਸੰਭਾਲ , ਪਾਣੀ ਦੀ ਸੰਕੋਚਵੀਂ ਵਰਤੋਂ ਤੇ ਪਲਾਸਟਿਕ ਦੀ ਘੱਟ ਤੋਂ ਘੱਟ ਵਰਤੋਂ ਕਰਨ ਦਾ ਸੱਦਾ ਦਿੱਤਾ । ਉਹਨਾਂ ਪੇਸ਼ਕਾਰੀਆਂ ਦੇਣ ਵਾਲੇ ਸਿਖਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਛੋਟੀ ਬੱਚੀ ਮਹਿਕਦੀਪ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ।ਸਿਖਿਆਰਥੀਆਂ ਵਲੋਂ ਤਿਆਰ ਕੀਤੇ ਗਏ ਕਪੜੇ ਦੇ ਥੈਲੇ ਪ੍ਰਦਰਸ਼ਿਤ ਕੀਤੇ ਅਤੇ ਇਨਡੋਰ ਪੌਦੇ ਵੀ ਲਗਾਏ ਗਏ।ਪ੍ਰੋਗਰਾਮ ਦੇ ਅੰਤ ਤੇ ਡਾ. ਅੰਗਰੇਜ ਸਿੰਘ ਵਿਰਕ ਨੇ ਸਭ ਦਾ ਧੰਨਵਾਦ ਕਰਦਿਆਂ ਸਾਰਿਆਂ ਨੂੰ ਵਾਤਾਵਰਨ ਸੰਭਾਲਣ ਦਾ ਅਹਿਦ ਲੈਣ ਲਈ ਪ੍ਰੇਰਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸਿਖਿਆਰਥੀ ਲਛਮਣ ਸਿੰਘ ਅਤੇ ਜਿੰਦਰਪਾਲ ਕੌਰ ਨੇ ਨਿਭਾਈ।ਇਸ ਮੌਕੇ ਲੈਕਚਰਾਰ ਸਰੋਜ ਸਿੰਗਲਾ,ਲੈਕਚਰਾਰ ਨਵਦੀਪ ਕੌਰ, ਬਲਦੇਵ ਪ੍ਰਕਾਸ਼ ਸਿੰਗਲਾ,ਸਤਨਾਮ ਸਿੰਘ,ਧਰਮਪਾਲ ਸ਼ਰਮਾ ,ਡਾ. ਗੁਰਪ੍ਰੀਤ ਕੌਰ,ਜਸਪਾਲ ਕੌਰ,ਹਰਵਿੰਦਰ ਕੌਰ, ਮਗਿੰਦਰਜੀਤ ਸਿੰਘ ਅਤੇ ਹਰਦੀਪ ਸਿੰਘ ਹਾਜ਼ਰ ਸਨ।

Wednesday, June 4, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦ੍ਰਿੜ ਇੱਛਾ ਸ਼ਕਤੀ ਨਾਲ ਨਸ਼ਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

ਦ੍ਰਿੜ ਇੱਛਾ ਸ਼ਕਤੀ ਨਾਲ ਨਸ਼ਿਆਂ ਤੋਂ ਨਿਜਾਤ ਪਾਈ ਜਾ ਸਕਦੀ ਹੈ-ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

ਨਸ਼ਿਆਂ ਦੇ ਖਾਤਮੇ ਵਿੱਚ ਸਰਕਾਰ ਦਾ ਸਾਥ ਦੇਣ ਨੌਜਵਾਨ,ਬੁਢਲਾਡਾ ਹਲਕੇ ਵਿਖੇ 6 ਪਿੰਡਾਂ ਚ ਕੀਤੀਆਂ ਨਸ਼ਾ ਵਿਰੋਧੀ ਜਨ-ਸਭਾਵਾਂ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜੇਕਰ ਨਸ਼ਾ ਕਰਨ ਵਾਲਾ ਹਰ ਵਿਅਕਤੀ ਦ੍ਰਿੜ ਨਿਸ਼ਚਾ ਕਰ ਲਵੇ ਤਾਂ ਉਹ ਆਸਾਨੀ ਨਾਲ ਨਸ਼ਿਆਂ ਦੇ ਚੰਗੁਲ ਵਿੱਚੋਂ ਬਾਹਰ ਨਿਕਲ ਸਕਦਾ ਹੈ। ਇਹ ਵਿਚਾਰ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਲੰਘੇ ਦਿਨੀਂ ਹਲਕੇ ਦੇ 6 ਪਿੰਡਾਂ ਵਿੱਚ ਲੋਕਾਂ ਨਾਲ ਕੀਤੀਆਂ ਜਨਸਭਾਵਾਂ ਦੌਰਾਨ ਸਾਂਝੇ ਕੀਤੇ। ਉਹ ਬੁਢਲਾਡਾ ਹਲਕੇ ਦੇ ਪਿੰਡਾਂ ਖੁਡਾਲ ਕਲਾਂ, ਸ਼ੇਖੂਪੂਰ ਖੁਡਾਲ, ਬਖਸ਼ੀਵਾਲਾ, ਕਾਹਨਗੜ੍ਹ, ਜੁਗਲਾਨ ਅਤੇ ਮੰਡੇਰ ਵਿਖੇ ਨਸ਼ਾ ਰੋਕੂ ਰੱਖਿਆ ਕਮੇਟੀਆਂ ਅਤੇ ਪਿੰਡਾਂ ਦੇ ਲੋਕਾਂ ਨਾਲ ਮੀਟਿੰਗ ਦੌਰਾਨ ਸੰਬੋਧਨ ਕਰ ਰਹੇ ਸਨ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਦੇ ਸਹਿਯੋਗ ਨਾਲ ਨਸ਼ਿਆਂ ਵਿਰੁੱਧ ਜੰਗ ਹੋਰ ਵੀ ਤੇਜ਼ ਕਰ ਦਿੱਤੀ ਹੈ ਅਤੇ ਨਸ਼ਾ ਤਸਕਰਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਨੌਜਵਾਨ ਨਸ਼ਾ ਛੱਡਣਾ ਚਾਹੁੰਦੇ ਹਨ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲ ਕਰਵਾ ਕੇ ਉਨ੍ਹਾਂ ਦਾ ਸੁਚੱਜੇ ਢੰਗ ਨਾਲ ਇਲਾਜ਼ ਕੀਤਾ ਜਾ ਰਿਹਾ ਹੈ।ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦੀ ਆਦਤ ਵਿੱਚੋਂ ਬਾਹਰ ਨਿਕਲਣ ਅਤੇ ਆਪਣੇ ਪੈਰ੍ਹਾਂ ਸਿਰ ਖੜ੍ਹੇ ਹੋ ਕੇ ਖੁਦ ਦਾ ਅਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ। ਉਨ੍ਹਾਂ ਕਿਹਾ ਕਿ ਨਸ਼ਿਆਂ ਦੀ ਆਦਤ ਨਾਲ ਨੌਜਵਾਨ ਗਲਤ ਰਾਹ ਵੱਲ ਤੁਰ ਪੈਂਦੇ ਹਨ ਅਤੇ ਜਾਣੇ-ਅਣਜਾਣੇ ਨਸ਼ਿਆਂ ਦੇ ਨਾਲ-ਨਾਲ ਗੁਨਾਹ ਵੀ ਕਰਨ ਲੱਗ ਪੈਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਉਹ ਆਪਣੀ ਜ਼ਿੰਦਗੀ ਨੂੰ ਬਰਬਾਦੀ ਵੱਲ ਧਕੇਲ ਦਿੰਦੇ ਹਨ।ਉਨ੍ਹਾਂ ਕਿਹਾ ਕਿ ਜੇਕਰ ਪੱਕਾ ਮਨ ਬਣਾ ਲਿਆ ਜਾਵੇ ਤਾਂ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਨਿਕਲਿਆ ਜਾ ਸਕਦਾ ਹੈ ਅਤੇ ਇਸ ਵਿੱਚ ਸਰਕਾਰ ਨਸ਼ੇ ਦੇ ਆਦੀ ਵਿਅਕਤੀ ਦਾ ਪੂਰਾ ਸਹਿਯੋਗ ਕਰੇਗੀ। ਉਨ੍ਹਾਂ ਇਸ ਮੌਕੇ ਲੋਕਾਂ ਨੂੰ ਨਸ਼ੇ ਨਾ ਕਰਨ ਤੇ ਨਸ਼ਿਆਂ ਦੇ ਖਾਤਮੇ ਵਿੱਚ ਆਪਣਾ ਸਹਿਯੋਗ ਦੇਣ ਦੀ ਸਹੁੰ ਵੀ ਚੁਕਾਵਾਈ ।


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਨਰਮੇ ਦੇ ਬੀਜ ’ਤੇ ਸਬਸਿਡੀ ਲਈ ਹੁਣ 15 ਜੂਨ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟ੍ਰੇਸ਼ਨ-ਮੁੱਖ ਖੇਤੀਬਾੜੀ ਅਫ਼ਸਰ

ਨਰਮੇ ਦੇ ਬੀਜ ’ਤੇ ਸਬਸਿਡੀ ਲਈ ਹੁਣ 15 ਜੂਨ ਤੱਕ ਕੀਤੀ ਜਾ ਸਕਦੀ ਹੈ ਆਨਲਾਈਨ ਰਜਿਸਟ੍ਰੇਸ਼ਨ-ਮੁੱਖ ਖੇਤੀਬਾੜੀ ਅਫ਼ਸਰ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮੁੱਖ ਖੇਤੀਬਾੜੀ ਅਫ਼ਸਰ ਮਾਨਸਾ ਡਾ. ਹਰਪ੍ਰੀਤ ਪਾਲ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਫਸਲੀ  ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਨਰਮੇ ਦੀ ਫਸਲ ਹੇਠ ਰਕਬਾ ਵਧਾਉਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸ਼ਿਫਾਰਿਸ਼ ਕੀਤੇ ਬੀ.ਟੀ. ਕਾਟਨ ਹਾਈਬ੍ਰਿਡ ਬੀਜ ’ਤੇ 33 ਫ਼ੀਸਦੀ ਸਬਸਿਡੀ ਲਈ ਆਨਲਾਈਨ ਪੋਰਟਲ ’ਤੇ ਅਪਲਾਈ ਕਰਨ ਦੀ ਮਿਆਦ ਵਿੱਚ ਵਾਧਾ ਕਰ ਦਿੱਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਕਿਸਾਨ 15 ਜੂਨ ਸ਼ਾਮ 5 ਵਜੇ ਤੱਕ ਆਨਲਾਈਨ ਪੋਰਟਲ  ਰਾਹੀਂ ਅਪਲਾਈ ਕਰ ਸਕਦੇ ਹਨ।  ਉਨ੍ਹਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਪਿੰਡਾਂ ਵਿੱਚ ਤਕਨੀਕੀ ਕੈਂਪ ਲਗਾ ਕੇ ਨਰਮੇ ਦੀ ਫਸਲ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਜੋ ਨਰਮੇ ਦੀ ਫਸਲ ਦਾ ਰਕਬਾ ਵਧਾ ਕੇ ਪੰਜਾਬ ਸਰਕਾਰ ਦੀ ਇਸ ਮੁਹਿੰਮ ਨੂੰ ਕਾਮਯਾਬ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਕਿਸਾਨ ਨੂੰ ਆਨਲਾਈਨ ਪੋਰਟਲ ’ਤੇ ਰਜਿਸਟ੍ਰੇਸ਼ਨ/ਅਪਲਾਈ ਕਰਨ ਵਿੱਚ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਆਪਣੇ ਨੇੜਲੇ ਬਲਾਕ ਖੇਤੀਬਾੜੀ ਦਫ਼ਤਰ ਨਾਲ ਰਾਬਤਾ ਕਰ ਸਕਦਾ ਹੈ।