ਕਬੱਡੀ ਨੈਸ਼ਨਲ ਸਟਾਈਲ ਵਿੱਚ ਜ਼ਿਲ੍ਹਾ ਮਾਨਸਾ ਦੀਆਂ ਧੀਆਂ ਬਣੀਆਂ ਚੈਂਪੀਅਨ
ਕਬੱਡੀ 'ਚ ਪੰਜਾਬ ਜੇਤੂ ਕੁੜੀਆਂ ਦੀ ਟੀਮ ਨੂੰ ਡੀ.ਸੀ., ਡੀ.ਈ.ਓ. ਤੇ ਬੀਪੀਈਓ ਮਾਨਸਾ ਨੇ ਦਿੱਤੀ ਵਧਾਈ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਪ੍ਰਾਇਮਰੀ ਸਕੂਲ ਖੇਡਾਂ ਵਿੱਚ ਜ਼ਿਲ੍ਹਾ ਮਾਨਸਾ ਦੀ ਲੜਕੀਆਂ ਦੀ ਕਬੱਡੀ ਦੀ ਟੀਮ ਨੇ ਪੂਰੇ ਪੰਜਾਬ ਭਰ 'ਚੋਂ ਪਹਿਲਾ ਸਥਾਨ ਲੈ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ।ਡਿਪਟੀ ਕਮਿਸ਼ਨਰ ਨਵਜੋਤ ਕੌਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਬਾਲਾ ਨੇ ਖਿਡਾਰਨਾਂ ਦੀ ਇਸ ਉਪਲੱਬਧੀ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ।ਡਿਪਟੀ ਕਮਿਸ਼ਨਰ ਮਾਨਸਾ ਨਵਜੋਤ ਕੌਰ ਨੇ ਕਿਹਾ ਕਿ ਇਹ ਉਪਲੱਬਧੀ ਖਿਡਾਰਨਾਂ ਦੇ ਆਤਮ ਸਨਮਾਨ ਅਤੇ ਹੌਂਸਲੇ ਲਈ ਕਾਰਗਰ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਜਿੱਤ ਨਾਲ ਪੰਜਾਬ ਭਰ ਵਿਚ ਜ਼ਿਲ੍ਹੇ ਦੇ ਮਾਣ ਵਿਚ ਵਾਧਾ ਹੋਇਆ ਹੈ।ਜ਼ਿਲ੍ਹਾ ਸਿੱਖਿਆ ਅਫ਼ਸਰ ਮੰਜੂ ਬਾਲਾ ਨੇ ਕਿਹਾ ਕਿ ਇਹ ਜਿੱਤ ਜ਼ਿਲ੍ਹੇ ਦੇ ਸਮੂਹ ਅਧਿਆਪਕਾਂ ਅਤੇ ਵਿਦਿਆਰਥਣਾਂ ਦੁਆਰਾ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਇਹ ਜਿੱਤ ਇਸ ਗੱਲ ਦੀ ਗਵਾਹ ਹੈ ਕਿ ਮਾਨਸਾ ਜ਼ਿਲ੍ਹਾ ਨਾ ਸਿਰਫ਼ ਵਿੱਦਿਅਕ ਖੇਤਰ ਸਗੋਂ ਖੇਡਾਂ ਦੇ ਖੇਤਰ ਵਿੱਚ ਵੀ ਪਹਿਲੇ ਸਥਾਨ 'ਤੇ ਉੱਭਰ ਕੇ ਆ ਰਿਹਾ ਹੈ।ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਤਪਾਲ ਸਿੰਘ ਨੇ ਕਿ ਕਿਹਾ ਇਸ ਜਿੱਤ ਨਾਲ ਸਮਾਜ ਵਿੱਚ ਲੜਕੀਆਂ ਦੇ ਸਨਮਾਨ ਵਿੱਚ ਹੋਰ ਵੀ ਵਾਧਾ ਹੋਵੇਗਾ ਅਤੇ ਸਕੂਲਾਂ ਵਿੱਚ ਪੜ੍ਹਦੀਆਂ ਸਭ ਲੜਕੀਆਂ ਦੇ ਹੌਂਸਲੇ ਅਤੇ ਹਿੰਮਤ ਹੋਰ ਮਜ਼ਬੂਤ ਹੋਣਗੇ।ਜ਼ਿਲ੍ਹਾ ਖੇਡ ਅਫ਼ਸਰ (ਪ੍ਰਾਇਮਰੀ ਸਕੂਲੀ ਖੇਡਾਂ) ਰਣਜੀਤ ਸਿੰਘ ਨੇ ਦੱਸਿਆ ਕਿ ਇਸ ਟੀਮ ਵਿੱਚ ਜ਼ਿਲ੍ਹੇ ਵੱਲੋਂ ਪੰਜ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਬਹਿਣੀਵਾਲ, ਸਰਕਾਰੀ ਪ੍ਰਾਇਮਰੀ ਸਕੂਲ, ਰਾਏਪੁਰ, ਸਰਕਾਰੀ ਪ੍ਰਾਇਮਰੀ ਸਕੂਲ, ਜੀਤਸਰ, ਸਰਕਾਰੀ ਪ੍ਰਾਇਮਰੀ ਸਕੂਲ, ਝੰਡੂਕੇ ਈ.ਜੀ.ਐੱਸ. ਅੱਪਗ੍ਰੇਡ ਅਤੇ ਸਰਕਾਰੀ ਪ੍ਰਾਇਮਰੀ ਸਕੂਲ, ਲਖਮੀਰਵਾਲਾ ਦੀਆਂ ਵਿਦਿਆਰਥਣਾਂ ਸ਼ਾਮਲ ਹਨ।ਟੀਮ ਨਾਲ ਗਏ ਅਧਿਆਪਕ ਵਰਿੰਦਰ ਸਿੰਘ ਰਾਏਪੁਰ,ਸਤਪਾਲ ਸਿੰਘ,ਅਮਰਜੀਤ ਕੌਰ,ਤੇਜਿੰਦਰ ਸਿੰਘ,ਸੁਖਦੀਪ ਸਿੰਘ ਝੰਡੂਕੇ ਈ.ਜੀ.ਐੱਸ. ਨੇ ਖੁਸ਼ੀ ਜਾਹਿਰ ਕਰਦਿਆਂ ਉਮੀਦ ਪ੍ਰਗਟਾਈ ਕਿ ਚੱਲ ਰਹੀਆਂ ਪੰਜਾਬ ਪੱਧਰੀ ਖੇਡਾਂ ਵਿੱਚ ਵੀ ਮਾਨਸਾ ਜ਼ਿਲ੍ਹਾ ਜੇਤੂ ਬਣਕੇ ਉੱਭਰੇਗਾ।






