Friday, December 26, 2025

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮਾਨਸਾ ਜ਼ਿਲ੍ਹੇ ਦੇ 31 ਸਕੂਲਾਂ ਨੂੰ ਗਰੀਨ ਸਕੂਲ ਐਵਾਰਡ ਲਈ ਚੁਣਿਆ

ਮਾਨਸਾ ਜ਼ਿਲ੍ਹੇ ਦੇ 31 ਸਕੂਲਾਂ ਨੂੰ ਗਰੀਨ ਸਕੂਲ ਐਵਾਰਡ ਲਈ ਚੁਣਿਆ

30 ਜਨਵਰੀ 2026 ਨੂੰ ਇਹਨਾ ਸਕੂਲਾਂ ਨੂੰ ਨਵੀਂ ਦਿੱਲੀ ਵਿਖੇ ਕੀਤਾ ਜਾਵੇਗਾ ਸਨਮਾਨਿਤ

ਜ਼ਿਲ੍ਹਾ ਮਾਨਸਾ ਨੇ ਪੰਜਾਬ ਭਰ 'ਚ ਸਭ ਤੋਂ ਵੱਧ ਗ੍ਰੀਨ ਸਕੂਲ ਨਾਲ ਪਹਿਲਾ ਸਥਾਨ ਕੀਤਾ ਪ੍ਰਾਪਤ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਭਾਰਤ ਸਰਕਾਰ ਦੀ ਮਿਨਿਸਟਰੀ ਆਫ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਅਧੀਨ ਚੱਲ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਦੁਆਰਾ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨੋਲਜੀ ਚੰਡੀਗੜ੍ਹ ਤੇ ਸੈਂਟਰ ਫਾਰ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਦੇ ਸਾਂਝੇ ਉਦਮਾ ਸਦਕਾ ਭਾਰਤ ਦੇ ਸਾਰੇ ਸਕੂਲਾਂ ਚ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ। ਗ੍ਰੀਨ ਸਕੂਲ ਪ੍ਰੋਗਰਾਮ ਦੇ ਜ਼ਿਲ੍ਹਾ ਕੋਆਰਡੀਨੇਟਰ ਜਸਕੀਰਤ ਸਿੰਘ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਕਰਾਏ ਗਏ ਇਸ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦਾ ਨਤੀਜਾ ਆ ਗਿਆ ਹੈ ਜਿਸ ਵਿੱਚ ਮਾਨਸਾ ਜਿਲ੍ਹੇ ਨੇ ਪੂਰੇ ਪੰਜਾਬ ਭਰ 'ਚ ਸਭ ਤੋਂ ਵੱਧ ਗ੍ਰੀਨ ਸਕੂਲ ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਗ੍ਰੀਨ ਸਕੂਲ ਪ੍ਰੋਗਰਾਮ ਆਡਿਟ ਦੌਰਾਨ ਸਕੂਲ ਬਿਲਡਿੰਗ ਨੂੰ ਮਿਸ਼ਨ ਲਾਈਫ ਫਾਰ ਲਾਈਫ ਸਟਾਈਲ ਇਨਵਾਇਰਮੈਂਟ ਦੇ ਥੀਮ ਹਵਾ ਪਾਣੀ ਧਰਤੀ ਭੋਜਨ ਤੇ ਊਰਜਾ ਦੀ ਬੱਚਤ ਅਨੁਸਾਰ ਸਰਵੇ ਕੀਤਾ ਗਿਆ ਇਸ ਵਾਰ ਪੂਰੇ ਪੰਜਾਬ ਦੇ 6263 ਸਕੂਲਾਂ ਚੋਂ ਮਾਨਸਾ ਦੇ 31 ਸਕੂਲਾਂ ਨੂੰ ਗਰੀਨ ਐਲਾਨਿਆ ਗਿਆ ਹੈ ਜ਼ਿਲਾ ਸਿੱਖਿਆ ਅਫਸਰ ਮਾਨਸਾ (ਸੈਕੰਡਰੀ ਸਿੱਖਿਆ) ਨੀਲਮ ਰਾਣੀ ਅਤੇ ਜ਼ਿਲਾ ਸਿੱਖਿਆ ਅਫਸਰ ਮਾਨਸਾ (ਪ੍ਰਾਇਮਰੀ ਸਿੱਖਿਆ) ਮੰਜੂ ਰਾਣੀ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਦੱਸਿਆ ਕਿ ਪਿਛਲੇ ਸਾਲ ਦੀ ਰੇਟਿੰਗ ਵਿੱਚ ਸੁਧਾਰ ਕਰਦੇ ਮਾਨਸਾ ਜ਼ਿਲ੍ਹੇ ਦੇ 31 ਸਕੂਲ ਨੈਸ਼ਨਲ ਪੱਧਰ ਤੇ ਗ੍ਰੀਨ ਸਕੂਲ ਐਲਾਨੇ ਗਏ ਹਨ ਜਿਹਨਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ,ਸਰਕਾਰੀ ਪ੍ਰਾਇਮਰੀ ਸਕੂਲ ਦੋਦੜਾ,ਸਰਕਾਰੀ ਪ੍ਰਾਇਮਰੀ ਸਕੂਲ ਖੀਵਾ ਖੁਰਦ,ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਰੱਲੀ ,ਸਰਕਾਰੀ ਪ੍ਰਾਇਮਰੀ ਸਕੂਲ ਬੱਪੀਆਣਾ, ਸਰਕਾਰੀ ਪ੍ਰਾਇਮਰੀ ਸਕੂਲ ਬੁਰਜ ਹਰੀ,ਸਰਕਾਰੀ ਪ੍ਰਾਇਮਰੀ ਸਕੂਲ ਕੱਲੋ, ਸਰਕਾਰੀ ਪ੍ਰਾਇਮਰੀ ਸਕੂਲ ਖੜਕ ਸਿੰਘ ਵਾਲਾ,ਸਰਕਾਰੀ ਪ੍ਰਾਇਮਰੀ ਸਕੂਲ ਰਾਏਪੁਰ,ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ, ਸਰਕਾਰੀ ਪ੍ਰਾਇਮਰੀ ਸਕੂਲ ਰੜ, ਸਰਕਾਰੀ ਹਾਈ ਸਕੂਲ ਬਹਾਦਰਪੁਰ,ਸਰਕਾਰੀ ਹਾਈ ਸਕੂਲ ਹੀਰੋਂ ਕਲਾਂ, ਸਰਕਾਰੀ ਹਾਈ ਸਕੂਲ ਮੰਢਾਲੀ ,ਸਰਕਾਰੀ ਹਾਈ ਸਕੂਲ ਮਲਕੋਂ, ਸਰਕਾਰੀ ਹਾਈ ਸਕੂਲ ਦਲੇਲ ਵਾਲਾ,ਸਰਕਾਰੀ ਹਾਈ ਸਕੂਲ ਕੁਲਾਣਾ,ਸਰਕਾਰੀ ਹਾਈ ਸਕੂਲ ਅਹਿਮਦਪੁਰ, ਸਰਕਾਰੀ ਸੈਕੰਡਰੀ ਸਕੂਲ ਭੀਖੀ ਕੰਨਿਆ, ਸਰਕਾਰੀ ਮਾਡਲ ਸੈਕੰਡਰੀ ਸਕੂਲ ਜਟਾਣਾ ਕਲਾਂ,ਸਰਕਾਰੀ ਸੈਕੰਡਰੀ ਸਕੂਲ ਖਾਰਾ, ਸਰਕਾਰੀ ਸੈਕੰਡਰੀ ਸਕੂਲ ਬਰੇ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੋੜਕੀਆਂ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਹਨਗੜ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੰਘੜਿਆਲ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਰਜਹਰੀ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਪੁਰਾ,ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰਿਉਂਦ ਕਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੈਦੇਵਾਲਾ ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਲੀ ਨੂੰ ਇਹ ਅਵਾਰਡ ਮਿਲਿਆ ਹੈ ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾਕਟਰ ਪਰਮਜੀਤ ਸਿੰਘ ਭੋਗਲ ਨੇ ਇਹ ਅਵਾਰਡ ਜਿੱਤਣ ਵਾਲੇ ਸਾਰੇ ਸਕੂਲਾਂ ਨੂੰ ਵਧਾਈ ਦਿੱਤੀ। ਡਾਕਟਰ ਪਰਮਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਵੱਲੋਂ ਗ੍ਰੀਨ ਸਕੂਲ ਪ੍ਰੋਗਰਾਮ ਕਾਰਨੀਵਾਲ 'ਤੇ 30 ਜਨਵਰੀ 2026 ਨੂੰ ਇਹਨਾ ਸਕੂਲਾਂ ਨੂੰ ਨਵੀਂ ਦਿੱਲੀ ਵਿਖੇ ਸਨਮਾਨਿਤ ਵੀ ਕੀਤਾ ਜਾਵੇਗਾ।ਇਸ ਮੌਕੇ ਵਾਤਾਵਰਨ ਸਿੱਖਿਆ ਪ੍ਰੋਗਰਾਮ ਮਾਨਸਾ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਜਸਕੀਰਤ ਸਿੰਘ ਗਿੱਲ,ਜਿਲ੍ਹਾ ਰਿਸੋਰਸ ਪਰਸਨ ਜਗਵਿੰਦਰ ਕੌਰ,ਵਿਜੇ ਕੁਮਾਰ ਇੰਦਰਪਾਲ ਸਿੰਘ,ਆਈਸੀਟੀ ਕੋਆਰਡੀਨੇਟਰ ਪਰਵਿੰਦਰ ਸਿੰਘ ,ਵਿਸ਼ਾਲ ਬਾਂਸਲ, ਨਵਨੀਤ ਬਾਂਸਲ , ਦਿਲਬਾਗ ਸਿੰਘ,ਲਖਵਿੰਦਰ ਸਿੰਘ,ਸਤੀਸ਼ ਕੁਮਾਰ ਅਤੇ ਅਮਰਜੀਤ ਸਿੰਘ ਬਲਾਕ ਨੋਡਲ ਅਫਸਰ ਗਰੀਨ ਸਕੂਲ ਪ੍ਰੋਗਰਾਮ ਹਾਜ਼ਰ ਸਨ।

Monday, December 22, 2025

ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਿਟ

ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਦੀ ਐਕਸਪੋਜ਼ਰ ਵਿਜ਼ਿਟ

ਸਫ਼ਲ ਹੋਣ ਲਈ ਪੂਰੀ ਰੂਹ ਅਤੇ ਖੁਸ਼ੀ ਨਾਲ ਕੰਮ ਕਰੋ : ਡੀ ਸੀ ਮਾਨਸਾ ਨਵਜੋਤ ਕੌਰ

ਖੁਸ਼ਪ੍ਰੀਤ ਸਿੰਘ ਚਹਿਲ ਚੀਮਾ ਮੰਡੀ : ਸਕੂਲੀ ਵਿਦਿਆਰਥੀਆਂ ਦੇ ਵਿਦਿਅਕ ਅਨੁਭਵ ਵਿੱਚ ਵਾਧਾ ਕਰਨ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣੂ ਕਰਾਉਣ ਲਈ ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਵਿਦਿਆਰਥੀਆਂ ਦੀ ਡਿਪਟੀ ਕਮਿਸ਼ਨਰ ਦਫ਼ਤਰ ਮਾਨਸਾ ਦੀ ਐਕਸਪੋਜ਼ਰ ਵਿਜ਼ਟ ਕਰਵਾਈ ਗਈ ਜਿਸ ਤਹਿਤ ਵਿਦਿਆਰਥੀਆਂ ਨੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਆਈ ਏ ਐੱਸ ਨਾਲ ਸਿੱਧੀਆਂ ਗੱਲਾਂ ਕੀਤੀਆਂ ਅਤੇ ਪ੍ਰਸ਼ਾਸਨਿਕ ਕਾਰਜ ਪ੍ਰਣਾਲੀ ਬਾਰੇ ਜਾਣਕਾਰੀ ਹਾਸਲ ਕਰਨ ਦੇ ਨਾਲ ਨਾਲ ਜ਼ਿੰਦਗੀ ਵਿਚ ਸਫ਼ਲ ਹੋਣ ਦੇ ਗੁਰ ਹਾਸਲ ਕੀਤੇ।ਸਰਵਹਿੱਤਕਾਰੀ ਵਿੱਦਿਆ ਮੰਦਿਰ ਭੀਖੀ ਦੇ ਦਰਜਨ ਨੇ ਕਰੀਬ ਵਿਦਿਆਰਥੀਆਂ ਨੇ ਅੱਜ ਆਪਣੇ ਅਧਿਆਪਕਾਂ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮਾਨਸਾ ਦਾ ਦੌਰਾ ਕੀਤਾ ਅਤੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨਾਲ ਮੁਲਾਕਾਤ ਕੀਤੀ।ਡਿਪਟੀ ਕਮਿਸ਼ਨਰ ਨੇ ਵਿਦਿਆਰਥੀਆਂ ਨੂੰ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ, ਵਿਕਾਸ ਪ੍ਰੋਜੈਕਟਾਂ, ਆਉਣ ਵਾਲੇ ਸਮੇਂ ਲਈ ਰੂਪ ਰੇਖਾ ਤੋਂ ਜਾਣੂੰ ਕਰਵਾਇਆ,ਓਥੇ ਓਨ੍ਹਾਂ ਨੂੰ ਦਿਲੋਂ ਮਿਹਨਤ ਕਰਨ ਅਤੇ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਆ।ਓਨ੍ਹਾਂ ਕਿਹਾ, "ਕੋਈ ਵੀ ਕੰਮ ਹੋਵੇ, ਪੂਰੀ ਰੂਹ ਨਾਲ ਅਤੇ ਖੁਸ਼ੀ ਨਾਲ ਕਰੋ ਤਾਂ ਹੀ ਤੁਸੀ ਸਫ਼ਲਤਾ ਹਾਸਲ ਕਰ ਸਕੋਗੇ। ਭਾਵੇਂ ਮਾਪੇ, ਅਧਿਆਪਕ, ਸਮਾਜ, ਕਿਤਾਬਾਂ ਸਾਡੀ ਪ੍ਰੇਰਨਾ ਬਣਦੇ ਹਨ ਪਰ ਸਭ ਤੋਂ ਵੱਡੀ ਪ੍ਰੇਰਨਾ ਤੁਹਾਡੀ ਆਪਣੀ ਅੰਦਰਲੀ ਆਵਾਜ਼ ਹੈ। ਤੁਸੀ ਖੁਦ ਨੂੰ ਲਗਾਤਾਰ ਮਿਹਨਤ ਕਰਨ ਅਤੇ ਖੁਸ਼ ਰਹਿਣ ਲਈ ਪ੍ਰੇਰਿਤ ਕਰੋ। ਚਾਹੇ ਇਨਸਾਨ ਗਲਤੀਆਂ ਵੀ ਕਰਦਾ ਹੈ ਪਰ ਗਲਤੀ ਤੋਂ ਸਬਕ ਜ਼ਰੂਰ ਲਓ ਅਤੇ ਅੱਗੇ ਵਧਦੇ ਜਾਓ।" ਡਿਪਟੀ ਕਮਿਸ਼ਨਰ ਨੇ ਪ੍ਰਸ਼ਾਸਨਿਕ ਸੇਵਾਵਾਂ ਦੇ ਤਜ਼ਰਬੇ ਸਾਂਝੇ ਕੀਤੇ ਤੇ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਕੋਈ ਵੀ ਖੇਤਰ ਹੋਵੇ, ਲਗਾਤਾਰ ਸਿੱਖਦੇ ਰਹਿਣਾ ਚਾਹੀਦਾ ਹੈ।ਇਸ ਮੌਕੇ ਵਿਦਿਆਰਥੀਆਂ ਨੇ ਆਈਏਐਸ (ਅੰਡਰ ਟ੍ਰੇਨਿੰਗ) ਗੁਰਲੀਨ ਕੌਰ ਨਾਲ ਵੀ ਮੁਲਾਕਾਤ ਕੀਤੀ ਜਿਨ੍ਹਾਂ ਨੇ ਪ੍ਰਸ਼ਾਸਨਿਕ ਸੇਵਾਵਾਂ ਬਾਰੇ ਜਾਣੂੰ ਕਰਵਾਇਆ। ਉਨ੍ਹਾਂ ਐੱਸ ਐੱਸ ਪੀ ਦਫ਼ਤਰ,ਸਾਈਬਰ ਕ੍ਰਾਈਮ ਬ੍ਰਾਂਚ,ਯੂਥ ਲਾਇਬ੍ਰੇਰੀ ਦਾ ਵੀ ਦੌਰਾ ਕੀਤਾ।

Friday, December 19, 2025

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : 20 ਦਸੰਬਰ ਨੂੰ ਸੂਬੇ ਦੇ 19000 ਸਰਕਾਰੀ ਸਕੂਲਾਂ 'ਚ ਹੋ ਰਹੀ ਪੀ.ਟੀ.ਐਮ. ਵਿੱਚ ਮਾਪੇ ਵਧ-ਚੜ੍ਹ ਕੇ ਸ਼ਾਮਲ ਹੋਣ : ਮੁੱਖ ਮੰਤਰੀ ਭਗਵੰਤ ਮਾਨ

20 ਦਸੰਬਰ ਨੂੰ ਸੂਬੇ ਦੇ 19000 ਸਰਕਾਰੀ ਸਕੂਲਾਂ 'ਚ ਹੋ ਰਹੀ ਪੀ.ਟੀ.ਐਮ. ਵਿੱਚ ਮਾਪੇ ਵਧ-ਚੜ੍ਹ ਕੇ ਸ਼ਾਮਲ ਹੋਣ : ਮੁੱਖ ਮੰਤਰੀ ਭਗਵੰਤ ਮਾਨ 

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੇ ਜੱਦੀ ਪਿੰਡ ਸਤੌਜ ਪਹੁੰਚ ਕੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਅਤੇ ਪਿੰਡ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ।ਮੁੱਖ ਮੰਤਰੀ ਨੇ 20 ਦਸੰਬਰ ਨੂੰ ਸੂਬੇ ਦੇ ਸਾਰੇ 19000 ਸਕੂਲਾਂ ਵਿੱਚ ਹੋ ਰਹੀ ਅਧਿਆਪਕ-ਮਾਪੇ ਮਿਲਣੀ (ਪੀ.ਟੀ.ਐਮ.) ਵਿੱਚ ਮਾਪਿਆਂ ਨੂੰ ਵਧ-ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ। ਮੁੱਖ ਮੰਤਰੀ ਨੇ ਦੱਸਿਆ ਕਿ ਉਨ੍ਹਾਂ ਦੀ ਸਰਕਾਰ ਨੇ ਪਹਿਲੀ ਵਾਰ ਸਰਕਾਰੀ ਸਕੂਲਾਂ ਵਿੱਚ ਪੀ.ਟੀ.ਐਮ. ਨੂੰ ਸ਼ੁਰੂ ਕੀਤਾ ਸੀ ਅਤੇ ਮਾਪਿਆਂ ਨੇ ਇਸ ਨੂੰ ਵੱਡਾ ਹੁੰਗਾਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਮੁਕਾਬਲੇ ਦੇ ਹਾਣ ਦਾ ਬਣਾਉਣ ਵਿੱਚ ਸਹਾਈ ਹੋਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਨੂੰ ਅਧਿਆਪਕਾਂ ਪਾਸੋਂ ਆਪਣੇ ਬੱਚੇ ਦੀ ਰੁਚੀ ਬਾਰੇ ਵੀ ਕਾਫੀ ਕੁਝ ਪਤਾ ਲਗਦਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਿੰਗਾਪੁਰ, ਫਿਨਲੈਂਡ ਤੋਂ ਵਿਸ਼ਵ ਪੱਧਰ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਈ.ਆਈ.ਐਮ. ਅਹਿਮਦਾਬਾਦ ਵਿਖੇ ਅਧਿਆਪਕਾਂ ਨੂੰ ਐਡਵਾਂਸਡ ਕੋਚਿੰਗ ਦਿੱਤੀ ਜਾ ਰਹੀ ਹੈ।ਨੌਜਵਾਨਾਂ ਨੂੰ ਰੋਜ਼ਗਾਰ ਦੇਣ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਹੁਣ ਹਰੇਕ ਕਾਬਲ ਤੇ ਯੋਗ ਨੌਜਵਾਨ ਨੂੰ ਬਿਨਾਂ ਕਿਸੇ ਭ੍ਰਿਸ਼ਟਾਚਾਰ ਜਾਂ ਭਾਈ-ਭਤੀਜਾਵਾਦ ਦੇ ਸਰਕਾਰੀ ਨੌਕਰੀ ਦਿੱਤੀ ਜਾ ਰਹੀ ਹੈ।

Tuesday, December 16, 2025

ਮਾਨਸਾ,(ਖੁਸ਼ਪ੍ਰੀਤ ਸਿੰਘ) : ਚੋਣ ਡਿਊਟੀ ਦੌਰਾਨ ਜਾਨ ਗਵਾਉਣ ਅਤੇ ਫੱਟੜ ਹੋਏ ਅਧਿਆਪਕਾਂ ਨੂੰ ਇਨਸਾਫ ਲਈ ਅਧਿਆਪਕ ਜਥੇਬੰਦੀਆਂ ਨੇ ਕੀਤਾ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

ਚੋਣ ਡਿਊਟੀ ਦੌਰਾਨ ਜਾਨ ਗਵਾਉਣ ਅਤੇ ਫੱਟੜ ਹੋਏ ਅਧਿਆਪਕਾਂ ਨੂੰ ਇਨਸਾਫ ਲਈ ਅਧਿਆਪਕ ਜਥੇਬੰਦੀਆਂ ਨੇ ਕੀਤਾ ਜਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ

ਮੰਗਾਂ ਪੂਰੀਆਂ ਨਾਂ ਹੋਣ ਦੀ ਸੂਰਤ ਵਿੱਚ ਸੰਘਰਸ਼ ਨੂੰ ਕੀਤਾ ਜਾਵੇਗਾ ਹੋਰ ਤਿੱਖਾ

ਮਾਨਸਾ,(ਖੁਸ਼ਪ੍ਰੀਤ ਸਿੰਘ) : ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ ਜਿਲ੍ਹਾ ਪਰੀਸ਼ਦ ਅਤੇ ਬਲਾਕ ਸੰਮਤੀ ਚੋਣ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਅਧਿਆਪਕ ਜੋੜੇ ਅਤੇ ਵੱਖ-ਵੱਖ ਥਾਈਂ ਹੋਏ ਹਾਦਸਿਆਂ ਵਿੱਚ ਜਖ਼ਮੀ ਹੋਏ ਅਧਿਆਪਕਾਂ ਨੂੰ ਇਨਸਾਫ ਦੁਆਉਣ ਲਈ ਜਿਲ੍ਹਾ ਪੱਧਰੀ ਧਰਨਾ ਦੇਣ ਤੋਂ ਬਾਅਦ ਪੰਜਾਬ ਸਰਕਾਰ ਅਤੇ ਰਾਜ ਚੋਣ ਕਮਿਸ਼ਨ ਖਿਲਾਫ਼ ਰੋਹ ਭਰਪੂਰ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ ਅਤੇ ਮੁੱਖ ਮੰਤਰੀ ਪੰਜਾਬ ਵੱਲ ਮੰਗ ਪੱਤਰ ਭੇਜਿਆ ਗਿਆ। ਦਰਅਸਲ ਬੀਤੀ 14 ਦਸੰਬਰ ਨੂੰ ਅਧਿਆਪਕ ਜਸਕਰਨ ਭੁੱਲਰ ਅਤੇ ਉਹਨਾਂ ਦੀ ਪਤਨੀ ਅਧਿਆਪਕਾ ਕਮਲਜੀਤ ਕੌਰ ਦੀ ਸਵੇਰੇ ਮੋਗਾ ਜਿਲ੍ਹੇ ਵਿੱਚ ਚੋਣ ਡਿਊਟੀ 'ਤੇ ਜਾਂਦੇ ਸਮੇਂ ਕਾਰ ਪਾਣੀ ਦੇ ਸੂਏ ਵਿੱਚ ਡਿੱਗਣ ਕਾਰਣ ਮੌਤ ਹੋ ਗਈ ਸੀ। ਇਸੇ ਤਰ੍ਹਾਂ ਮੂਣਕ (ਜਿਲ੍ਹਾ ਸੰਗਰੂਰ) ਵਿਖੇ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਵੀ ਸੂਏ ਵਿੱਚ ਕਾਰ ਡਿੱਗਣ ਕਾਰਣ ਫੱਟੜ ਹੋ ਗਈ। ਇਸੇ ਤਰ੍ਹਾਂ ਦੀ ਸਿੱਖਿਆ ਪ੍ਰੋਵਾਇਡਰ ਅਧਿਆਪਕਾ ਪਰਮਜੀਤ ਕੌਰ ਦੀ ਪਾਤੜਾਂ ਵਿਖੇ ਹੋਈ ਦੁਰਘਟਨਾ ਸਮੇਤ ਪੰਜਾਬ ਵਿੱਚ ਕਈ ਥਾਵਾਂ ਉਪਰ ਹੋਰ ਵੀ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਦੀ ਚੋਣ ਡਿਊਟੀਆਂ ਦੇ ਮਾਮਲੇ ਵਿੱਚ ਕੀਤੀ ਮਨਮਰਜੀ ਅਤੇ ਅਣਗਹਿਲੀ ਕਾਰਨ ਅਜਿਹੀਆਂ ਘਟਨਾਵਾਂ ਦਾ ਅਧਿਆਪਕਾਂ ਨੂੰ ਸ਼ਿਕਾਰ ਹੋਣਾ ਪਿਆ, ਜਿਸ ਕਾਰਨ ਅਧਿਆਪਕਾਂ ਅੰਦਰ ਬਹੁਤ ਵੱਡਾ ਰੋਸ ਹੈ।ਇਸ ਰੋਸ ਮੁਜਾਹਰੇ ਦੌਰਾਨ ਗੱਲਬਾਤ ਕਰਦੇ ਹੋਏ ਅਧਿਆਪਕ ਆਗੂਆਂ ਨਰਿੰਦਰ ਮਾਖਾ, ਅਮੋਲਕ ਡੇਲੂਆਣਾ,ਕਰਮਜੀਤ ਤਾਮਕੋਟ ਅਤੇ ਦਰਸ਼ਨ ਅਲੀਸ਼ੇਰ, ਵਿਜੇ ਬੁਢਲਾਡਾ, ਰਾਜਵਿੰਦਰ ਮੀਰ ਨੇ ਮੰਗ ਕੀਤੀ ਕਿ ਸਦੀਵੀ ਵਿਛੋੜਾ ਦੇ ਗਏ ਅਧਿਆਪਕ ਸਾਥੀਆਂ ਜਸਕਰਨ ਸਿੰਘ ਅਤੇ ਕਮਲਜੀਤ ਕੌਰ ਦੀ ਭਿਆਨਕ ਮੌਤ 'ਤੇ 2-2 ਕਰੋੜ ਰੁਪਏ ਦਾ ਮੁਆਵਜਾ ਉਨ੍ਹਾਂ ਦੇ ਬੱਚਿਆਂ ਦੇ ਨਾਂ 'ਤੇ ਤੁਰੰਤ ਜਾਰੀ ਕੀਤਾ ਜਾਵੇ ਅਤੇ ਬੱਚਿਆਂ ਦਾ ਪੜ੍ਹਾਈ ਦਾ ਖ਼ਰਚਾ ਵੀ ਸਰਕਾਰ ਉਠਾਵੇ ਅਤੇ ਦੋਵਾਂ ਬੱਚਿਆਂ ਲਈ ਸਰਕਾਰੀ ਨੌਕਰੀ ਰਾਖਵੀਂ ਰੱਖੀ ਜਾਵੇ। ਇਸੇ ਤਰ੍ਹਾਂ ਬਲਾਕ ਮੂਣਕ ਜਿਲ੍ਹਾ ਸੰਗਰੂਰ, ਬਲਾਕ ਪਾਤੜਾਂ ਜਿਲ੍ਹਾ ਪਟਿਆਲਾ ਅਤੇ ਹੋਰ ਥਾਂਵਾਂ 'ਤੇ ਜਖਮੀ ਹੋਏ ਅਧਿਆਪਕਾਂ ਲਈ 20-20 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇ ਅਤੇ ਇਲਾਜ ਦੀ ਜਿੰਮੇਵਾਰੀ ਸਰਕਾਰ ਵੱਲੋਂ ਓਟਣ ਦੇ ਨਾਲ ਨਾਲ ਤੰਦਰੁਸਤ ਹੋਣ ਤੱਕ ਆਨ ਡਿਊਟੀ ਮੰਨਿਆ ਜਾਵੇ। ਮੂਣਕ ਵਿਖੇ ਰਾਜਵੀਰ ਕੌਰ ਐਸੋਸੀਐਟ ਅਧਿਆਪਕਾ ਅਤੇ ਉਸ ਦੇ ਪਤੀ ਨੂੰ ਹਾਦਸੇ ਵਿੱਚ ਲੱਗੀਆਂ ਸੱਟਾਂ ਦੇ ਇਲਾਜ ਦਾ ਮੁਕੰਮਲ ਖਰਚ ਅਤੇ 20 ਲੱਖ ਰੁਪਏ ਮੁਆਵਜਾ ਦੇਣ, ਚੋਣਾਂ ਦੌਰਾਨ ਅਧਿਆਪਕਾਂ ਤੇ ਐਫ ਆਈ ਆਰ ਦੀਆਂ ਕੀਤੀਆਂ ਸਿਫਾਰਸਾਂ ਤੁਰੰਤ ਰੱਦ ਕਰਨ, ਭਵਿੱਖ ਵਿੱਚ ਚੋਣ ਡਿਊਟੀਆਂ ਅਧਿਆਪਕਾਂ ਦੇ ਰਿਹਾਇਸ਼ੀ/ਕੰਮਕਾਜ਼ੀ ਬਲਾਕ ਵਿੱਚ ਹੀ ਲਗਾਉਣ ਦੀ ਮੰਗ ਵੀ ਰੱਖੀ ਗਈ। ਆਗੂਆਂ ਨੇ ਮੰਗ ਕੀਤੀ ਕਿ ਬੀਐੱਲਓਜ਼ ਦੀ ਵੱਖਰੀ ਚੋਣ ਡਿਊਟੀ ਲਗਾ ਕੇ ਦੂਹਰਾ ਭਾਰ ਪਾਉਣਾ ਬੰਦ ਕੀਤਾ ਜਾਵੇ।ਸਰਕਾਰ ਦੇ ਚੋਣ ਵਾਅਦੇ ਅਨੁਸਾਰ ਅਧਿਆਪਕਾਂ ਦੀਆਂ ਬੀਐਲਓ ਅਤੇ ਹੋਰ ਗੈਰਵਿਦਿਅਕ ਡਿਊਟੀਆਂ ਰੱਦ ਕੀਤੀਆਂ ਜਾਣ।ਇਸ ਮੌਕੇ ਜਿਲ੍ਹਾ ਹਰਜਿੰਦਰ ਸਿੰਘ,ਲਖਵਿੰਦਰ ਮਾਨ,ਸੁਖਵੀਰ ਸਿੰਘ ਬੱਬੀ , ਰਾਜਵਿੰਦਰ ਸਿੰਘ ਬੈਹਣੀਵਾਲ, ਮੇਲਾ ਸਿੰਘ, ਬੇਅੰਤ ਸਿੰਘ ਹਰਦੀਪ ਸਿੱਧੂ ਆਗੂਆਂ ਨੇ ਗੱਲ ਰੱਖਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਵਾਰ ਵਾਰ ਮਿਲ ਕੇ ਚੋਣਾਂ ਦੌਰਾਨ ਸਾਰੀਆਂ ਚੋਣ ਡਿਊਟੀਆਂ ਪਿੱਤਰੀ ਬਲਾਕਾਂ ਅੰਦਰ ਹੀ ਲਗਾਉਣ, ਛੋਟੇ ਬੱਚਿਆਂ ਦੀਆਂ ਮਾਵਾਂ ਨੂੰ ਡਿਊਟੀ ਤੋਂ ਛੋਟ ਦੇਣ, ਗੰਭੀਰ ਬਿਮਾਰੀ ਤੋਂ ਪੀੜਿਤ ਅਧਿਆਪਕਾਂ ਨੂੰ ਡਿਊਟੀ ਤੋਂ ਛੋਟ ਦੇਣ, ਬੂਥਾਂ ਉਪਰ ਰਹਿਣ ਅਤੇ ਖਾਣ ਪੀਣ ਦਾ ਸੁਚੱਜਾ ਪ੍ਰਬੰਧ ਕਰਨ, ਅਧਿਆਪਕਾਂ ਦੀ ਬਾਕੀ ਵਿਭਾਗਾ ਦੀਆਂ ਡਿਊਟੀਆਂ ਅਨੁਪਾਤਕ ਤਰੀਕੇ ਨਾਲ ਲਗਾਉਣ ਲਈ ਮੰਗ ਕੀਤੀ ਜਾਂਦੀ ਰਹੀ ਹੈ, ਪ੍ਰੰਤੂ ਚੋਣ ਕਮਿਸ਼ਨ ਦੇ ਕੰਨਾਂ ਉਪਰ ਜੂੰ ਤੱਕ ਨਹੀਂ ਸਰਕੀ ਅਤੇ ਆਖਿਰ ਅਧਿਆਪਕਾਂ ਨੂੰ ਇਸ ਦਾ ਖਮਿਆਜਾ ਜਾਨਲੇਵਾ ਹਾਦਸਿਆਂ ਦਾ ਸ਼ਿਕਾਰ ਹੋ ਕੇ ਭਰਨਾ ਪੈ ਰਿਹਾ ਹੈ, ਇਸ ਲਈ ਅਜਿਹੀਆਂ ਮੌਤਾਂ ਨਾ ਹੋ ਕੇ ਪੰਜਾਬ ਸਰਕਾਰ ਦੀ ਨਾਕਾਮੀ ਕਰਕੇ ਹੋਏ 'ਕਤਲ' ਸਾਬਿਤ ਹੁੰਦੇ ਹਨ।ਆਗੂਆਂ ਨੇ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਾਦਸੇ ਦੇ ਸ਼ਿਕਾਰ ਹੋਏ ਅਧਿਆਪਕਾਂ ਨੂੰ ਇਨਸਾਫ ਨਹੀਂ ਮਿਲਦਾ ਤਾਂ ਜਲਦ ਅਗਲੇ ਐਕਸ਼ਨ ਉਲੀਕੇ ਜਾਣਗੇ।ਇਸ ਮੌਕੇ ਗੁਰਲਾਲ ਗੁਰਨੇ, ਨਵੀਨ ਬੋਹਾ, ਮਿਲਖਾ ਸਿੰਘ, ਸਤੀਸ਼ ਕੁਮਾਰ, ਜਸਵਿੰਦਰ ਚਾਹਲ, ਹਰਜੀਤ ਸਿੰਘ, ਪ੍ਰਭਜੋਤ ਕੌਰ,ਕਿਰਨਜੋਤ ਕੌਰ, ਹਰਜੀਤ ਕੌਰ, ਦਮਨਜੀਤ ਸਿੰਘ, ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਬਲਵਿੰਦਰ ਅੱਕਾਵਾਲੀ, ਗੁਰਜੀਤ ਰੜ, ਕਾਲਾ ਸਿੰਘ, ਕੁਲਦੀਪ ਅੱਕਾਵਾਲੀ, ਗੁਰਜੰਟ ਸਿੰਘ, ਵਰਿੰਦਰ ਬਰਾੜ,ਬਹਾਦਰ ਸਿੰਘ,ਕੁਲਵਿੰਦਰ ਸਿੰਘ,ਕਰਨਪਾਲ ਸਿੰਘ ਹਾਜ਼ਰ ਸਨ।

ਪੱਤਰ ਪ੍ਰੇਰਕ,ਜਲੰਧਰ : ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ ਚੁਣੇ ਗਏ

ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ ਚੁਣੇ ਗਏ

ਪ੍ਰਗਤੀਸ਼ੀਲ ਮੀਡੀਆ ਮੰਚ ਦੀ ਵੱਡੀ ਜਿੱਤ,ਤਿੰਨ ਉਮੀਦਵਾਰ ਪਹਿਲਾਂ ਹੀ ਨਿਰਵਿਰੋਧ ਜਿੱਤੇ

ਪੱਤਰ ਪ੍ਰੇਰਕ,ਜਲੰਧਰ : ਅਦਾਰਾ 'ਅਜੀਤ' ਦੇ ਸਮਾਚਾਰ ਸੰਪਾਦਕ ਤੇ ਪ੍ਰੋਗਰੈਸਿਵ ਮੀਡੀਆ ਮੰਚ ਦੇ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਪੰਜਾਬ ਪ੍ਰੈੱਸ ਕਲੱਬ ਜਲੰਧਰ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ ਤੇ ਦੇਰ ਸ਼ਾਮ ਨੂੰ ਉਨ੍ਹਾਂ ਚੋਣ ਅਧਿਕਾਰੀਆਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ ਤੇ ਕੁਲਦੀਪ ਸਿੰਘ ਬੇਦੀ ਅਤੇ ਸਾਬਕਾ ਪ੍ਰਧਾਨ ਸ੍ਰੀ ਸਤਨਾਮ ਸਿੰਘ ਮਾਣਕ ਦੀ ਮੌਜੂਦਗੀ 'ਚ ਕਲੱਬ ਦੇ ਪ੍ਰਧਾਨ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਜਸਪ੍ਰੀਤ ਸਿੰਘ ਸੈਣੀ ਨੇ ਅੱਜ ਹੋਈਆਂ ਚੋਣਾਂ ਦੌਰਾਨ ਆਪਣੇ ਵਿਰੋਧੀ ਉਮੀਦਵਾਰ ਨੂੰ 306 ਵੋਟਾਂ ਦੇ ਵੱਡੇ ਫਰਕ ਨਾਲ ਹਰਾ ਕੇ ਕਲੱਬ ਦੇ ਪ੍ਰਧਾਨ ਦੀ ਚੋਣ ਜਿੱਤੀ। ਕਲੱਬ ਦੇ ਨਵੇਂ ਚੁਣੇ ਗਏ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਨੂੰ ਕੁੱਲ ਪੋਲ ਹੋਈਆਂ 441 ਵੋਟਾਂ ਵਿਚੋਂ 348 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਦੋਵੇਂ ਉਮੀਦਵਾਰ ਤਿੰਨ ਅੰਕਾਂ ਤੱਕ ਵੀ ਨਹੀਂ ਪਹੁੰਚ ਸਕੇ ਤੇ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 42 ਤੇ ਐਸ. ਕੇ. ਸਕਸੈਨਾ ਨੂੰ 35 ਵੋਟਾਂ ਹੀ ਮਿਲੀਆਂ। ਇੱਥੇ ਇਹ ਵੀ ਦੱਸਣਯੋਗ ਹੈ ਕਿ 61 ਵੋਟਾਂ ਰੱਦ ਹੋਈਆਂ। ਓਧਰ ਕਲੱਬ ਦੇ ਨਵੇਂ ਬਣੇ ਪ੍ਰਧਾਨ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਵਾਲੇ ਪ੍ਰੋਗਰੈਸਿਵ ਮੀਡੀਆ ਮੰਚ ਨੇ ਇਨ੍ਹਾਂ ਚੋਣਾਂ 'ਚ ਹੂੰਝਾ ਫੇਰ ਜਿੱਤ ਹਾਸਿਲ ਕਰਦੇ ਹੋਏ ਸਾਰੇ 9 ਅਹੁਦਿਆਂ 'ਤੇ ਕਬਜ਼ਾ ਕੀਤਾ ਹੈ। ਮੰਚ ਦੇ ਤਿੰਨ ਉਮੀਦਵਾਰ ਸ਼ਿਵ ਸ਼ਰਮਾ (ਖ਼ਜ਼ਾਨਚੀ), ਰਾਜੇਸ਼ ਥਾਪਾ (ਸੀਨੀਅਰ ਮੀਤ ਪ੍ਰਧਾਨ) ਤੇ ਤੇਜਿੰਦਰ ਕੌਰ ਥਿੰਦ (ਮੀਤ ਪ੍ਰਧਾਨ) ਪਹਿਲਾਂ ਹੀ ਨਿਰਵਿਰੋਧ ਚੋਣ ਜਿੱਤ ਚੁੱਕੇ ਹਨ, ਜਦਕਿ ਪ੍ਰਧਾਨ ਸਮੇਤ 6 ਅਹੁਦਿਆਂ ਲਈ ਹੋਈਆਂ ਚੋਣਾਂ 'ਚ ਅੱਜ ਮੰਚ ਦੇ ਉਮੀਦਵਾਰ ਪੁਨੀਤ ਸਹਿਗਲ ਜਨਰਲ ਸਕੱਤਰ, ਮਨਦੀਪ ਸ਼ਰਮਾ ਤੇ ਪਰਮਜੀਤ ਸਿੰਘ ਰੰਗਪੁਰੀ ਮੀਤ ਪ੍ਰਧਾਨ, ਰਾਜੇਸ਼ ਯੋਗੀ ਸਕੱਤਰ ਤੇ ਸੁਕਰਾਂਤ ਸੰਯੁਕਤ ਸਕੱਤਰ ਚੁਣੇ ਗਏ। ਨਵੇਂ ਬਣੇ ਜਨਰਲ ਸਕੱਤਰ ਪੁਨੀਤ ਸਹਿਗਲ ਨੂੰ 348 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਸ਼ਰਮਾ ਨੂੰ ਕੇਵਲ 77 ਵੋਟਾਂ ਹੀ ਮਿਲੀਆਂ। ਇਸੇ ਤਰ੍ਹਾਂ ਮੀਤ ਪ੍ਰਧਾਨ ਚੁਣੇ ਗਏ ਮਨਦੀਪ ਸ਼ਰਮਾ ਨੂੰ 319 ਤੇ ਪਰਮਜੀਤ ਸਿੰਘ ਨੂੰ 285 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਜਤਿੰਦਰ ਕੁਮਾਰ ਸ਼ਰਮਾ ਨੂੰ 77, ਸਕੱਤਰ ਚੁਣੇ ਗਏ ਰਾਜੇਸ਼ ਸ਼ਰਮਾ ਯੋਗੀ ਨੂੰ 363 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਅਮਰਜੀਤ ਸਿੰਘ ਨੂੰ 61 ਵੋਟਾਂ ਹੀ ਮਿਲ ਸਕੀਆਂ। ਇਸੇ ਤਰ੍ਹਾਂ ਸੰਯੁਕਤ ਸਕੱਤਰ ਚੁਣੇ ਗਏ ਸੁਕਰਾਂਤ ਨੂੰ 305 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਨਰਿੰਦਰ ਗੁਪਤਾ ਨੂੰ 120 ਵੋਟਾਂ ਮਿਲੀਆਂ। ਇੱਥੇ ਦੱਸਣਯੋਗ ਹੈ ਕਿ ਪੰਜਾਬ ਪ੍ਰੈੱਸ ਕਲੱਬ ਦੀ ਪ੍ਰਧਾਨਗੀ ਲਈ ਅੱਜ ਵੋਟਾਂ ਪਾਉਣ ਦਾ ਅਮਲ ਰਿਟਰਨਿੰਗ ਅਧਿਕਾਰੀਆਂ ਡਾ. ਲਖਵਿੰਦਰ ਸਿੰਘ ਜੌਹਲ, ਡਾ. ਕਮਲੇਸ਼ ਸਿੰਘ ਦੁੱਗਲ ਤੇ ਕੁਲਦੀਪ ਸਿੰਘ ਬੇਦੀ ਦੀ ਦੇਖ ਰੇਖ ਹੇਠ ਸਵੇਰੇ 9 ਵਜੇ ਸ਼ੁਰੂ ਹੋਇਆ, ਜੋ ਬਾਅਦ ਦੁਪਹਿਰ 3 ਵਜੇ ਤੱਕ ਚੱਲ ਚੱਲਿਆ। ਦੇਰ ਸ਼ਾਮ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਅਧਿਕਾਰੀਆਂ ਵਲੋਂ ਨਤੀਜੇ ਐਲਾਨੇ ਗਏ ਤੇ ਜੇਤੂ ਉਮੀਦਵਾਰਾਂ ਨੂੰ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਪਹਿਲਾਂ ਕਲੱਬ ਦੇ ਮੈਂਬਰਾਂ ਵਲੋਂ ਨਤੀਜਿਆਂ ਦੀ ਕਰੀਬ ਤਿੰਨ ਘੰਟੇ ਬੇਸਬਰੀ ਨਾਲ ਉਡੀਕ ਕੀਤੀ ਗਏ ਤੇ ਜਿਉਂ ਹੀ ਪ੍ਰੋਗਰੈਸਿਵ ਮੀਡੀਆ ਮੰਚ ਦੇ ਜੇਤੂ ਉਮੀਦਵਾਰ ਜਸਪ੍ਰੀਤ ਸਿੰਘ ਸੈਣੀ ਦੀ ਅਗਵਾਈ ਹੇਠ ਕਾਨਫਰੰਸ ਹਾਲ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਸਮਰਥਕਾਂ ਵਲੋਂ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਦਿੱਤਾ ਗਿਆ ਤੇ ਢੋਲ ਦੀ ਥਾਪ 'ਤੇ ਭੰਗੜੇ ਪਾ ਕੇ ਜਿੱਤ ਦੇ ਜਸ਼ਨ ਮਨਾਏ ਗਏ। ਬਾਅਦ 'ਚ ਜੇਤੂ ਟੀਮ ਵਲੋਂ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਵੀ ਮੁਲਾਕਾਤ ਕਰਕੇ ਉਨ੍ਹਾਂ ਕੋਲੋਂ ਆਸ਼ੀਰਵਾਦ ਲਿਆ ਗਿਆ। ਇਸ ਮੌਕੇ ਡਾ. ਹਮਦਰਦ ਨੇ ਜੇਤੂ ਟੀਮ ਨੂੰ ਵਧਾਈ ਦਿੰਦੇ ਹੋਏ ਭਵਿੱਖ ਲਈ ਸ਼ੁੱਭਕਾਮਨਾਵਾਂ ਦਿਤੀਆਂ।

Monday, December 15, 2025

ਪੱਤਰ ਪ੍ਰੇਰਕ,ਫਾਜ਼ਿਲਕਾ : ਸੰਘਣੀ ਧੁੰਦ ਅਤੇ ਵਧ ਰਹੀ ਸਰਦੀ ਨੂੰ ਵੇਖਦੇ ਹੋਏ ਸਕੂਲਾਂ ਦਾ ਸਮਾਂ ਬਦਲਿਆ ਜਾਵੇ-ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ

ਸੰਘਣੀ ਧੁੰਦ ਅਤੇ ਵਧ ਰਹੀ ਸਰਦੀ ਨੂੰ ਵੇਖਦੇ ਹੋਏ ਸਕੂਲਾਂ ਦਾ ਸਮਾਂ ਬਦਲਿਆ ਜਾਵੇ-ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ


ਜ਼ਿਲ੍ਹਾ ਫਾਜ਼ਿਲਕਾ ਸਕੂਲ ਖੁੱਲਣ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ 

ਪੱਤਰ ਪ੍ਰੇਰਕ,ਫਾਜ਼ਿਲਕਾ : ਮੁਲਾਜ਼ਮ ਏਕਤਾ ਸੰਘਰਸ਼ ਕਮੇਟੀ ਦੇ ਆਗੂ ਭੁਪਿੰਦਰ ਢਿੱਲੋ, ਕੁਲਦੀਪ ਸਿੰਘ ਸੱਭਰਵਾਲ,ਬਲਵਿੰਦਰ ਸਿੰਘ, ਜਗਨੰਦਨ ਸਿੰਘ, ਪਰਮਜੀਤ ਸਿੰਘ ਸੋਰੇਵਾਲਾ, ਇਨਕਲਾਬ ਸਿੰਘ ਗਿੱਲ, ਸੁਰਿੰਦਰ ਕੰਬੋਜ, ਗੁਰਮੀਤ ਸਿੰਘ ਢਾਬਾ, ਹਰਜਿੰਦਰ ਸਿੰਘ ਧਾਲੀਵਾਲ ਵੱਲੋਂ ਸੰਘਣੀ ਧੁੰਦ ਅਤੇ ਅਚਾਨਕ ਆਏ ਮੌਸਮ ਵਿੱਚ ਬਦਲਾ ਕਾਰਨ ਪੰਜਾਬ ਸਰਕਾਰ ਅਤੇ ਮਾਨਯੋਗ ਡੀਸੀ ਸਾਹਿਬ ਤੋਂ ਸਕੂਲਾਂ ਦੇ ਸਮੇਂ ਨੂੰ ਬਦਲਣ ਦੀ ਮੰਗ ਕਰਦੇ ਹੋਏ ਦੱਸਿਆ ਕਿ ਜ਼ਿਲਾ ਫਾਜ਼ਿਲਕਾ ਦੇ ਅਧਿਆਪਕ ਪੂਰੇ ਪੰਜਾਬ ਵਿੱਚ ਵੱਖ- ਵੱਖ ਜ਼ਿਲਿਆਂ ਵਿੱਚ ਆਪਣੀ ਸੇਵਾ ਨਿਭਾ ਰਹੇ ਹਨ ਅਤੇ ਫਾਜ਼ਿਲਕਾ ਦੇ ਅਧਿਆਪਕ ਕਈ ਇਹੋ ਜਿਹੇ ਵੀ ਹਨ ਜੋ ਦੂਸਰੇ ਨੇੜਲੇ ਜਿਲਿਆਂ ਵਿੱਚ ਡਿਊਟੀ ਨਿਭਾ ਰਹੇ ਹਨ ਅਤੇ ਰੋਜਾਨਾ ਅੱਪ ਡਾਊਨ ਵੀ ਕਰਦੇ ਹਨ।ਇਸ ਲਈ ਪਿਛਲੇ ਕੁਝ ਸਾਲਾਂ ਦੌਰਾਨ ਬਹੁਤ ਹੀ ਭਿਆਨਕ ਹਾਦਸੇ ਹੋਣ ਕਾਰਨ ਹੀ ਸਾਡੇ ਅਧਿਆਪਕ ਸਾਥੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ। ਅਚਾਨਕ ਆਏ ਮੌਸਮ ਵਿੱਚ ਬਦਲਾਅ ਅਤੇ ਸੰਘਣੀ ਧੁੰਦ ਆ ਜਾਣ ਕਾਰਨ ਆਉਣ ਜਾਣ ਅਤੇ ਸਕੂਲਾਂ ਵਿੱਚ ਬੱਚਿਆਂ ਦੀ ਸੁਰੱਖਿਆ ਸਬੰਧੀ ਵੀ ਪ੍ਰਬੰਧ ਨੂੰ ਧਿਆਨ ਚ ਰੱਖਦੇ ਹੋਏ ਸਕੂਲਾਂ ਦਾ ਸਮਾਂ ਬਦਲਣ ਦੀ ਖੇਚਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਿਆ ਜਾ ਸਕੇ । ਉਹਨਾਂ ਕਿਹਾ ਕਿ ਸੰਘਣੀ ਧੁੰਦ ਅਤੇ ਸਰਦੀ ਕਾਰਨ ਬੱਚਿਆਂ ਨੂੰ ਸਕੂਲ ਪਹੁੰਚਣ ਵਿਚ ਅਨੇਕਾਂ ਮੁਸ਼ਕਿਲਾ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਦੀ ਸਿਹਤ ਸੰਭਾਲ ਸਾਡੀ ਮੁੱਢਲੀ ਜੁੰਮੇਵਾਰੀ ਹੈ। ਮੁਲਾਜ਼ਮ ਏਕਤਾ ਸਘੰਰਸ਼ ਕਮੇਟੀ ਫਾਜ਼ਿਲਕਾ ਦੇ ਆਗੂਆਂ ਨੇ ਕਿਹਾ ਕਿ ਇਸ ਸਥਿਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਕੂਲ ਖੁੱਲਣ ਦਾ ਸਮਾਂ ਸਵੇਰੇ 10 ਵਜੇ ਕੀਤਾ ਜਾਵੇ। ਉਹਨਾਂ ਕਿਹਾ ਕਿ ਪ੍ਰਸ਼ਾਸਨ ਵੱਲੋ ਬਿਨਾਂ ਕਿਸੇ ਦੇਰੀ ਦੇ ਸਕੂਲਾ ਦਾ ਸਮਾਂ ਬਦਲਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦੀ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਦਲਜੀਤ ਸਿੰਘ ਸੱਭਰਵਾਲ, ਅਮਨਦੀਪ ਸਿੰਘ, ਧਰਮਿੰਦਰ ਗੁਪਤਾ,ਸੁਖਵਿੰਦਰ ਸਿੰਘ ਸਿੱਧੂ,ਅਸ਼ੋਕ ਸਰਾਰੀ, ਸੁਨੀਲ ਗਾਂਧੀ,ਅਮਨ ਬਰਾੜ, ਸਤਿੰਦਰ ਸਿੰਘ,ਦਲੀਪ ਸਿੰਘ ਸੈਣੀ, ਨਿਸ਼ਾਂਤ ਅਗਰਵਾਲ, ਸਵੀਕਾਰ ਗਾਂਧੀ ਅਤੇ ਹੋਰ ਆਗੂ ਵੀ ਹਾਜ਼ਰ ਸਨ।

Friday, December 12, 2025

ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰੇ ਸਰਕਾਰ : ਸੂਬਾ ਆਗੂ- ਹਰਜੀਤ ਸਿੰਘ

ਖੁਸ਼ਪ੍ਰੀਤ ਸਿੰਘ,ਬੁਢਲਾਡਾ : ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰੇ ਸਰਕਾਰ  : ਸੂਬਾ ਆਗੂ : ਹਰਜੀਤ ਸਿੰਘ

ਖੁਸ਼ਪ੍ਰੀਤ ਸਿੰਘ,ਬੁਢਲਾਡਾ : ਈਟੀਟੀ 2364 ਯੂਨੀਅਨ ਦੇ ਸੂਬਾ ਆਗੂ ਹਰਜੀਤ ਸਿੰਘ ਨੇ ਦੱਸਿਆ ਕਿ 2364 ਈਟੀਟੀ ਭਰਤੀ ਦੀ ਪਹਿਲੀ ਲਿਸਟ ਨੂੰ ਜੋਆਇਨ ਹੋਇਆਂ ਤਕਰੀਬਨ 9 ਮਹੀਨੇ ਹੋ ਚੁੱਕੇ ਹਨ ਪਰ ਦੂਜੀ ਲਿਸਟ ਵਾਰੇ ਸਰਕਾਰ ਬਿਲਕੁੱਲ ਚੁੱਪੀ ਧਾਰੀ ਬੈਠੀ ਹੈ ਜਦੋ ਕਿ ਹੁਣ ਤੱਕ ਈਟੀਟੀ 2364 ਦੀ ਦੂਜੀ ਲਿਸਟ ਜਾਰੀ ਹੋ ਜਾਣੀ ਚਾਹੀਦੀ ਸੀ ਅਤੇ ਰਹਿੰਦੀਆਂ ਸੀਟਾਂ ਭਰ ਦਿੱਤੀਆਂ ਜਾਣੀਆਂ ਚਾਹੀਦੀਆਂ ਸਨ। ਉਹਨਾਂ ਕਿਹਾ ਕਿ 19 ਮਾਰਚ ਨੂੰ ਈਟੀਟੀ 2364 ਭਰਤੀ ਦੀ ਪਹਿਲੀ ਲਿਸਟ ਦੇ ਨਿਯੁਕਤੀ ਪੱਤਰ ਦਿੱਤੇ ਗਏ ਸਨ ਜਿਸ 'ਚੋਂ 751 ਅਧਿਆਪਕ ਸਾਥੀ ਹੀ ਜੋਆਇਨ ਹੋਏ ਸਨ।ਇੱਕ ਲੰਮੇ ਸਮੇਂ ਬਾਅਦ ਵੀ ਸਰਕਾਰ ਨੇ ਦੂਜੇ ਲਿਸਟ ਅਤੇ ਬਾਕੀ ਦੀਆਂ ਰਹਿੰਦੀਆਂ ਪੋਸਟਾਂ ਉੱਪਰ ਸਕਰੂਟਨੀ ਕਰਵਾਉਣ ਦੀ ਪ੍ਰਕਿਰਿਆ ਨੂੰ ਜਾਰੀ ਨਹੀਂ ਕੀਤਾ। ਬੇਰੁਜਗਾਰ ਅਧਿਆਪਕਾਂ ਨੇ ਸਰਕਾਰ ਨੇ ਕਿਹਾ ਕਿ ਈਟੀਟੀ 2364 ਭਰਤੀ ਦੀਆਂ ਬਾਕੀ ਰਹਿੰਦੀਆਂ ਲਿਸਟਾਂ ਨੂੰ ਜਾਰੀ ਕਰਕੇ ਜਲਦੀ ਤੋਂ ਜਲਦੀ ਸਕੂਲਾਂ ਵਿੱਚ ਜੁਆਇਨ ਕਰਵਾਇਆ ਜਾਵੇ ਅਤੇ ਬੇਰੁਜ਼ਗਾਰ ਸਾਥੀਆਂ ਨੂੰ ਰੁਜ਼ਗਾਰ 'ਤੇ ਲਿਆਂਦਾ ਜਾਵੇ।