ਦਰਿਆਵਾਂ ਦੇ 'ਨਿਰਮਲ-ਨੀਰ' ਵਰਗਾ 'ਨਿਰਮਲ'
Tuesday, March 31, 2026
ਦਰਿਆਵਾਂ ਦੇ 'ਨਿਰਮਲ-ਨੀਰ' ਵਰਗਾ 'ਨਿਰਮਲ' : ਕੁਲਵੰਤ ਸਿੰਘ ਬਾਹਮਣ ਵਾਲਾ,ਬੁਢਲਾਡਾ (ਮਾਨਸਾ) 98885-88422
ਵਿਦਾਇਗੀ ਸਮਾਰੋਹ ਮੌਕੇ ਵਿਸ਼ੇਸ਼ ਸਨਮਾਨ : ਕਰਮਸ਼ੀਲ ਗੁਣਵਾਨ,ਸਿਰੜੀ ਅਧਿਆਪਕ ਪ੍ਰਿੰਸੀਪਲ ਨਿਰਮਲ ਸਿੰਘ ਸੈਦੇਵਾਲਾ
ਪ੍ਰਤਿਭਾ ਦਾ ਵਗਦਾ ਦਰਿਆ,ਏਕੇ ਤੇ ਮਿਹਨਤ ਦਾ ਮੁਜ਼ੱਸਮਾ, ਕਰਮਸ਼ੀਲ ਗੁਣਵਾਨ,ਸਿਰੜੀ ਅਧਿਆਪਕ ਪ੍ਰਿੰਸੀਪਲ ਨਿਰਮਲ ਸਿੰਘ ਸੈਦੇਵਾਲਾ
ਵਿਦਾਇਗੀ ਸਮਾਰੋਹ ਮੌਕੇ ਵਿਸ਼ੇਸ਼ ਸਨਮਾਨ
ਹਜ਼ਾਰਾਂ ਮੀਲਾਂ ਦਾ ਸਫਰ ਵੀ ਪਹਿਲੇ ਕਦਮ ਤੋਂ ਹੀ ਸ਼ੁਰੂ ਹੁੰਦਾ ਹੈ, ਬਸ ਮਨ ਦੇ ਰੌਸ਼ਨ ਕੋਨਿਆਂ ਅੰਦਰ ਸਬਰ-ਸੰਤੋਖ, ਪੈਰਾਂ ਵਿੱਚ ਤੁਰਨ ਦਾ ਹੁਨਰ ਹੋਵੇ, ਬਾਹਾਂ ਵਿੱਚ ਮੰਜ਼ਿਲ ਨੂੰ ਕਲਾਵੇ ਵਿੱਚ ਭਰਨ ਦਾ ਸੂਹਾ ਅਹਿਸਾਸ ਹੋਵੇ, ਅੱਖਾਂ ਵਿੱਚ ਗਿਆਨ ਦੀ ਚਮਕ ਤੇ ਖੁਆਬ ਸੁਪਨਮਈ ਹੋਣ, ਦਿਲ ਦੀਆਂ ਸੁਹਜ਼ ਕੰਦਰਾਂ ਵਿੱਚੋਂ ਛੋਟਿਆਂ ਲਈ ਪਿਆਰ ਵੱਡਿਆਂ ਲਈ ਸਤਿਕਾਰ ਪਨਪਦਾ ਹੋਵੇ, ਸਹਿਯੋਗ ਆਪਸੀ ਸਾਂਝ, ਭਾਈਚਾਰਾ, ਨੈਤਿਕਤਾ ਜਿਹੇ ਗੁਣ ਆਪ ਮੁਹਾਰੇ ਆਲ਼ੇ ਦੁਆਲ਼ੇ ਪਰਿਕਰਮਾ ਕਰਦੇ ਹੋਣ ਤਾਂ ਜ਼ਿੰਦਗੀ ਨੂੰ ਭਰ ਗਲ਼ੇ ਤੱਕ ਜਿਉਣ ਦਾ ਆਨੰਦ ਹੀ ਵਿਲੱਖਣ ਹੁੰਦਾ ਹੈ।
ਅਜਿਹੀ ਹੀ ਅਦੁਤੀ ਸ਼ਖਸੀਅਤ ਨੇ ਪ੍ਰਿੰਸੀਪਲ ਨਿਰਮਲ ਸਿੰਘ ਸੈਦੇਵਾਲਾ ਜੀ ਜੋ ਕਿ ਬਿਨਾਂ ਸ਼ੱਕ ਆਪਣੇ ਨਾਮ ਦੀ ਤਰ੍ਹਾਂ ਅਸਲ ਹਯਾਤੀ ਵਿੱਚ ਵੀ ਸ਼ੁੱਧ, ਖਾਲਸ ਤੇ ਨਿਰਮਲ ਨੇ। ਆਪ ਲੰਬੇ ਸਮੇਂ ਤੋਂ ਅਧਿਆਪਨ ਦੇ ਪਵਿੱਤਰ ਕਿੱਤੇ ਦੇ ਨਾਲ-ਨਾਲ ਸਮਾਜਿਕ ਸਰਗਰਮੀਆਂ ਨਾਲ ਜੁੜੇ ਰਹਿਣ ਵਾਲੇ, ਪ੍ਰਕਿਰਤੀ ਦੇ ਰੰਗਾਂ ਵਿੱਚ ਇੱਕ-ਮਿਕ, ਸਾਫ ਤੇ ਇਮਾਨਦਾਰ ਮੁਹਾਂਦਰੇ ਵਾਲੇ ਕਰਮਸ਼ੀਲ ਮਿਹਨਤੀ ਇਨਸਾਨ ਕਿਸੇ ਜਾਣ-ਪਹਿਚਾਣ ਦੇ ਮੁਹਤਾਜ ਨਹੀਂ। ਆਪ ਜੀ ਦੀ ਸੱਚੀ-ਸੁੱਚੀ ਸ਼ਖਸੀਅਤ ਹਰ ਇੱਕ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਹੁਨਰ ਰੱਖਦੀ ਹੈ। ਹਉਮੈ ਤੋਂ ਮੁਕਤ, ਨਿਮਰਤਾ, ਸਦਭਾਵਨਾ ਨਾਲ ਲਬਰੇਜ਼ ਆਪ ਦਾ ਸੁਭਾਅ ਸ਼ਖਸੀਅਤ ਵਿੱਚ ਹੋਰ ਵੀ ਅਦਬੀ ਰੰਗ ਭਰ ਦਿੰਦਾ ਹੈ। ਆਪਣੀ ਜ਼ਿੰਦਗੀ ਦੇ ਅੱਧੇ ਤੋਂ ਵੀ ਵੱਧ ਪਲ 33 ਸਾਲ ਇੱਕ ਮਹੀਨਾ 27 ਦਿਨ ਆਪ ਨੇ ਸਿੱਖਿਆ ਵਿਭਾਗ ਦੇ ਲੇਖੇ ਬੜੇ ਹੀ ਖੂਬਸੂਰਤ ਢੰਗ ਤੇ ਖੂਬਸੂਰਤ ਤਰੀਕੇ ਨਾਲ ਲਗਾਏ।ਆਪ ਦਾ ਜਨਮ ਪਿੰਡ ਸੈਦੇਵਾਲਾ ਵਿਖੇ ਜਨਮਦਾਤੀ ਸ਼੍ਰੀਮਤੀ ਦਰਸ਼ਨ ਕੌਰ ਦੀ ਕੁੱਖੋਂ ਪਿਤਾ ਸਰਦਾਰ ਮੁਖਤਿਆਰ ਸਿੰਘ ਦੇ ਸੋਹਣੇ ਵਿਹੜੇ ਵਿੱਚ ਖੁਸ਼ਗਵਾਰ ਮਾਹੌਲ ਵਿੱਚ ਹੋਇਆ। ਆਪਜੀ ਦੇ ਸਰਬ ਸਾਂਝੇ ਪਰਿਵਾਰ ਵਿੱਚ ਉਸ ਸਮੇਂ 11 ਜੀਅ ਏਕੇ ਦੀ ਲੜੀ ਵਿੱਚ ਪਰੋਏ ਇੱਕ ਛੱਤ ਹੇਠ ਜੀਵਨ ਦੀ ਸਾਂਝ ਪਾ ਰਹੇ ਸਨ। ਆਪ ਜੀ ਦੇ ਪਰਿਵਾਰ ਵਿੱਚ ਆਪ ਦੀ ਇੱਕ ਭੈਣ ਦਲਵਿੰਦਰ ਕੌਰ, ਇੱਕ ਛੋਟਾ ਭਰਾ ਸਤਨਾਮ ਸਿੰਘ, ਪਤਨੀ ਸ਼੍ਰੀਮਤੀ ਬਲਜੀਤ ਕੌਰ ਐਸੋਸੀਏਟ ਟੀਚਰ ਸ.ਪ.ਸ. ਬਾਜ਼ੀਗਰ ਬਸਤੀ ਬੋਹਾ ਅਤੇ ਇਕਲੌਤੀ ਸੰਤਾਨ ਬੇਟਾ ਸ਼ੁਭਦੀਪ ਸਿੰਘ, ਕਨੇਡਾ ਦੇ ਸ਼ਹਿਰ ਬਰੌਕਵਿਲੇ ਵਿਖੇ ਆਈ.ਟੀ. ਇੰਜੀਨੀਅਰ ਦੇ ਤੌਰ ਤੇ ਸਫਲ ਕਾਰਜਸ਼ੀਲ ਹੈ।ਪ੍ਰਿੰ. ਨਿਰਮਲ ਸਿੰਘ ਸੈਦੇਵਾਲਾ ਜੀ ਉਹਨਾਂ ਪਰਿਵਾਰਾਂ ਦੇ ਜੰਮਪਲ ਹਨ ਜਿਨ੍ਹਾਂ ਵਿੱਚ ਅਕਸਰ ਉਨਾਂ ਸਮਿਆਂ ਵਿੱਚ ਅੱਖਰ ਗਿਆਨ ਦਾ ਚਾਨਣਾ ਵਿਰਲਿਆਂ ਨੂੰ ਹੀ ਨਸੀਬ ਹੁੰਦਾ ਸੀ। ਪਿਤਾ ਸਰਦਾਰ ਮੁਖਤਿਆਰ ਸਿੰਘ ਜੋ ਕਿ ਅਧਿਆਤਮਵਾਦ ਦੀ ਮੂਰਤ ਸਨ ਆਪਣੇ ਸਪੁੱਤਰ ਨੂੰ ਸ਼ਬਦ ਗਿਆਨ ਤੋਂ ਕੋਰਾ ਨਾ ਰੱਖਦੇ ਹੋਏ ਉਨਾਂ ਪ੍ਰਿੰ. ਨਿਰਮਲ ਸਿੰਘ ਦੇ ਹੱਥ ਪੈਨਸਿਲ, ਕਾਪੀ, ਬਸਤਾ ਦੇ ਸਕੂਲ ਦੇ ਰਸਤੇ ਉਂਗਲ ਫੜ ਤੋਰ ਦਿੱਤਾ। ਵਿਰਸੇ ਵਿੱਚੋਂ ਮਿਲੇ ਅਦੁੱਤੀ ਗੁਣਾਂ ਅਤੇ ਯੋਗ ਅਗਵਾਈ ਸਦਕਾ ਆਪ ਨੇ ਮੁੱਢਲੀ ਪੜ੍ਹਾਈ ਸ.ਮਿ.ਸ. ਸੈਦੇਵਾਲਾ ਤੋਂ ਗ੍ਰਹਿਣ ਕੀਤੀ, ਦਸਵੀਂ ਦੀ ਪੜ੍ਹਾਈ ਲਈ ਆਪ ਨੇ ਸ.ਹ.ਸ. ਚਲੈਲਾ ਜਿਲਾ ਪਟਿਆਲਾ ਵਿਖੇ ਵਹੀਰਾਂ ਘੱਤ ਦਿੱਤੀਆਂ ਫਿਰ ਪ੍ਰੀ ਮੈਡੀਕਲ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਤੋਂ, ਅਖੀਰ ਬੀ.ਏ. ਲਈ ਫਿਰ ਐਨ.ਐਮ. ਕਾਲਜ ਮਾਨਸਾ ਵਿਖੇ ਦਾਖਲ ਹੋਏ। ਜ਼ਿਕਰਯੋਗ ਹੈ ਕਿ ਆਪਜੀ ਦੀ ਅਦੁੱਤੀ ਪੜ੍ਹਾਈ ਪ੍ਰਤੀ ਖਿੱਚ ਨੇ ਆਪਜੀ ਦੇ ਅੰਦਰ ਅਵੇਸਲੇਪਨ ਦੀ ਚਾਦਰ ਉਤਾਰ ਕੇ ਹੋਰ ਗਿਆਨ ਇਕੱਤਰ ਕਰਨ ਦੀ ਦਿਲੀ ਇੱਛਾ ਨੇ 1989-91 ਦੇ ਬੈਚ ਵਿੱਚ ਈਟੀਟੀ ਡਾਇਟ ਨਾਭਾ ਵਿਖੇ ਦਾਖਲਾ ਦਿਵਾ ਦਿੱਤਾ। ਇੱਥੇ ਵੀ ਇਨਾਂ ਆਪਣੀ ਸੂਝ-ਬੂਝ, ਅਧਿਆਪਕਾਂ ਦੀ ਪ੍ਰੇਰਨਾ ਨਾਲ ਉੱਤਮ ਪ੍ਰਦਰਸ਼ਨ ਕਰਦਿਆਂ ਈਟੀਟੀ ਦੇ ਦੋ ਸਮੈਸਟਰਾਂ ਵਿੱਚ ਪੰਜਾਬ ਟੋਪ ਦੇ ਝੰਡੇ ਬੁਲੰਦ ਕੀਤੇ। ਇਥੋਂ ਤੱਕ ਆ ਕੇ ਵੀ ਆਪ ਜੀ ਦੇ ਅੰਦਰ ਸਿੱਖਣ ਅਤੇ ਅੱਗੇ ਵਧਣ ਦੀ ਭੁੱਖ ਮਿਟਣ ਵਾਲੀ ਨਹੀਂ ਸੀ ਸਿੱਟੇ ਵਜੋਂ ਆਪ ਨੌਕਰੀ ਵਿੱਚ ਆਉਣ ਤੋਂ ਬਾਅਦ ਵੀ ਐਮ.ਏ. ਇਤਿਹਾਸ, ਪੰਜਾਬੀ ਅਤੇ ਅੰਗਰੇਜ਼ੀ, ਬੀ ਐਡ ਅਤੇ ਐਮ.ਫਿਲ. ਅੰਗਰੇਜ਼ੀ ਕਰ ਗਏ।ਉੱਦਮੀ ਬੰਦਿਆਂ ਦੇ ਯਤਨਾਂ ਕੋਸ਼ਿਸ਼ਾਂ ਨੂੰ ਬੂਰ ਪੈਣਾ ਵੀ ਕੁਦਰਤੀ ਤੌਰ ਤੇ ਸੁਭਾਵਿਕ ਹੈ। ਜ਼ਿੰਦਗੀ ਦੇ ਪਹਿਲੇ ਪੜਾਅ ਵਿੱਚ ਸ਼ਬਦ ਦਾ ਗਿਆਨ ਲੈਣ ਵਾਲੇ ਪ੍ਰਿੰ. ਨਿਰਮਲ ਸਿੰਘ ਹੁਣ ਸ਼ਬਦ ਦਾ ਗਿਆਨ ਵੰਡਣ ਵਾਲੇ ਬਣ ਬਤੌਰ ਈਟੀਟੀ ਅਧਿਆਪਕ ਸ.ਪ.ਸ. ਟੋਡਰਪੁਰ ਜ਼ਿਲਾ ਮਾਨਸਾ ਵਿਖੇ ਮਿਤੀ 5 ਫਰਵਰੀ 1993 ਨੂੰ ਹਾਜ਼ਰ ਹੋਏ, ਜਿੱਥੇ ਇੱਕ ਸਾਲ ਦੀ ਸੇਵਾ ਤੋਂ ਬਾਅਦ ਤਿੰਨ ਸਾਲ ਸ.ਪ.ਸ. ਸੈਦੇਵਾਲਾ ਵਿਖੇ ਆਪਣੀਆਂ ਸ਼ਾਨਦਾਰ ਸੇਵਾਵਾਂ ਪ੍ਰਦਾਨ ਕੀਤੀਆਂ। ਜਿਵੇਂ ਕਿਹਾ ਜਾਂਦਾ ਹੈ ਕਿ ਮਿਹਨਤਕਸ਼, ਹਿੰਮਤੀ ਲੋਕ ਮੰਜ਼ਿਲ ਪ੍ਰਾਪਤ ਕਰਨ ਤੋਂ ਬਾਅਦ ਵੀ ਨਿਚਲੇ ਨਹੀਂ ਬੈਠਦੇ ਹੁੰਦੇ ਉਸੇ ਤਰ੍ਹਾਂ ਹੁਣ ਇਹ ਵਿਭਾਗ ਦੀ ਸਿੱਧੀ ਭਰਤੀ ਰਾਹੀਂ ਬਤੌਰ ਪੰਜਾਬੀ ਮਾਸਟਰ ਸ.ਹ.ਸ. ਰਾਮਗੜ ਸ਼ਾਹਪੁਰੀਆ ਵਿਖੇ 6 ਮਾਰਚ 1997 ਨੂੰ ਜੁਆਇੰਨ ਕੀਤਾ। ਇਥੇ ਤਿੰਨ ਸਾਲ ਦੀ ਸੇਵਾ ਨਿਭਾਉਣ ਤੋਂ ਬਾਅਦ ਦੋ ਸਾਲ ਦਾ ਸਮਾਂ ਆਪ ਨੇ ਸ.ਹ.ਸ. ਰਿਉਂਦ ਕਲਾਂ ਵਿਖੇ ਸਕੂਲ ਦੇ ਸਰਵ ਪੱਖੀ ਵਿਕਾਸ ਦੇ ਲੇਖੇ ਲਾਇਆ, ਉਪਰੰਤ ਫਿਰ ਲਗਭਗ ਸੱਤ ਸਾਲ ਸ.ਮਿ.ਸ. ਅਚਾਨਕ ਜ਼ਿਲ੍ਹਾ ਮਾਨਸਾ ਵਿਖੇ ਉਥੋਂ ਦੀਆਂ ਪੰਚਾਇਤਾਂ ਤੇ ਪਤਵੰਤਿਆਂ ਦੇ ਸਹਿਯੋਗ ਨਾਲ ਸਕੂਲ ਨੂੰ ਸਿਖਰਾਂ ਉੱਪਰ ਲੈ ਕੇ ਗਏ। ਫਿਰ ਸਿੱਖਿਆ ਵਿਭਾਗ ਦੀ ਅੱਖ ਤੋਂ ਆਪ ਬਚ ਕੇ ਨਾ ਰਹਿ ਸਕੇ, ਵਿਭਾਗ ਵਿੱਚ ਆਪ ਜੀ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ,100% ਨਤੀਜਿਆਂ ਅਤੇ ਆਪ ਜੀ ਦੀ ਖੂਬਸੂਰਤ ਲਿਆਕਤ ਨੂੰ ਸਨਮੁਖ ਰੱਖਦਿਆਂ ਵਿਭਾਗ ਨੇ ਜੁਲਾਈ 2008 ਵਿੱਚ ਆਪ ਨੂੰ ਬਤੌਰ ਅੰਗਰੇਜ਼ੀ ਲੈਕਚਰਾਰ ਤਰੱਕੀ ਦੇ ਕੇ ਸਨਮਾਨਿਆ। 26 ਜੁਲਾਈ 2008 ਨੂੰ ਸ.ਸ.ਸ. ਬਰੇ ਵਿਖੇ ਜੁਆਇਨ ਕੀਤਾ ਜਿੱਥੇ ਆਪ 01-08-2008 ਤੋਂ 25-03-2010 ਤੱਕ ਡੀਡੀਓ ਪ੍ਰਿੰਸੀਪਲ ਵੀ ਰਹੇ। ਜਦ ਆਪ ਜੀ ਇਸ ਸੰਸਥਾ ਦੇ ਮੁਖੀ ਰਹੇ ਇਹ ਸੰਸਥਾ ਨੀਮ ਪੇਂਡੂ ਇਲਾਕੇ ਦਾ ਉਹ ਸਕੂਲ ਸੀ ਜੋ ਕਿ ਮੁਢਲੀਆਂ ਲੋੜਾਂ ਤੋਂ ਸੱਖਣਾ ਸੀ ਅਧਿਆਪਕਾਂ ਅਤੇ ਪ੍ਰਬੰਧਾਂ ਦੀ ਭਾਰੀ ਘਾਟ ਸੀ। ਆਪ ਦਾ ਸੁਪਨਾ ਸੰਸਥਾ ਨੂੰ ਬਿਹਤਰ ਨਤੀਜਿਆਂ ਵੱਲ ਲੈ ਕੇ ਜਾਣ ਅਤੇ ਇਲਾਕੇ ਦੇ ਵਿਦਿਆਰਥੀਆਂ ਨੂੰ ਅੱਖਰ ਗਿਆਨ ਨਾਲ ਜੋੜਨ ਦਾ ਸੀ। ਨਤੀਜੇ ਵਜੋਂ ਆਪ ਨੇ ਹਿੰਮਤ, ਲਗਨ, ਸੂਝ ਸਿਆਣਪ ਦੇ ਹਥਿਆਰ ਚੁੱਕ ਪਿੰਡ ਦੇ ਮੁਹਤਬਰ ਸੱਜਣਾਂ, ਸਰਪੰਚਾਂ, ਪੰਚਾਂ ਨਾਲ ਰਾਬਤੇ ਕਾਇਮ ਕੀਤੇ, ਮੀਟਿੰਗਾਂ ਦਾ ਆਯੋਜਨ ਹੋਇਆ, ਵਿਚਾਰਾਂ ਕੀਤੀਆਂ ਗਈਆਂ। ਹੋਇਆ ਇਹ ਕਿ ਸਭ ਪਾਰਟੀ ਬਾਜੀ ਤੋਂ ਉੱਪਰ ਉੱਠ ਸਕੂਲ ਦੇ ਵਿਕਾਸ ਕਾਰਜਾਂ ਲਈ ਇੱਕ ਮੰਚ ਉੱਪਰ ਇਕੱਤਰ ਹੋ ਗਏ ਆਰਜ਼ੀ ਤੌਰ ਤੇ ਸਟਾਫ ਦੀ ਕਮੀ ਦੂਰ ਕੀਤੀ, ਸਕੂਲ ਦੇ ਸੁੰਦਰੀਕਰਨ ਵਿੱਚ ਨਿਖਾਰ ਲਿਆਂਦਾ ਵਿਦਿਆਰਥੀਆਂ ਨੂੰ ਖੇਡਾਂ ਵੱਲ ਰੁਚਿਤ ਕੀਤਾ ਜਿਸ ਦੇ ਸਦਕੇ ਸ.ਸ.ਸ. ਬਰੇ ਦਾ ਨਾਮ ਸ਼ੱਤ ਪ੍ਰਤੀਸ਼ਤ ਨਤੀਜਿਆਂ ਕਾਰਨ ਪੂਰੇ ਜ਼ਿਲ੍ਹੇ ਵਿੱਚ ਚਰਚਾ ਛੇੜ ਗਿਆ ਆਪ ਜੀ ਦੇ ਅਜਿਹੇ ਵਿਕਾਸ ਕਾਰਜਾਂ ਦੀ ਰਮਜ਼ ਜ਼ਿਲ੍ਹਾ ਸਿੱਖਿਆ ਦਫਤਰ ਤੱਕ ਵੀ ਪੁੱਜੀ ਫਿਰ ਆਪ ਜੀ ਨੂੰ ਪੂਰੇ ਜਿਲ੍ਹੇ ਦੇ ਵਿਕਾਸ ਕਾਰਜਾਂ ਲਈ ਸਿੱਖਿਆ ਸੁਧਾਰ ਟੀਮ ਮਾਨਸਾ ਦਾ ਅੰਗ ਬਣਾ ਲਿਆ ਗਿਆ।
ਸਾਡੇ ਗੁਰੂਆਂ ਰਹਿਬਰਾਂ ਦੀ ਅਕੀਦਤ ਮੁਤਾਬਕ ਚੰਗੇ
ਇਨਸਾਨਾਂ ਦੀ ਹਰ ਜਗ੍ਹਾ ਲੋੜ ਹੁੰਦੀ ਹੈ,
ਉਹਨਾਂ ਨੂੰ ਇੱਕ ਜਗ੍ਹਾ ਹੀ ਆਪਣੇ ਗਿਆਨ ਦਾ ਛਿੱਟਾ ਨਹੀਂ ਦੇਣਾ ਚਾਹੀਦਾ। ਸ.ਸ.ਸ.
ਰਾਮਗੜ੍ਹ ਸ਼ਾਹਪੁਰੀਆ ਲਈ ਉਹ ਸਮਾਂ ਬੜਾ ਹੀ ਮੁਲਵਾਨ, ਖੁਸ਼ਗਵਾਰ
ਅਤੇ ਕਾਬਿਲੇ ਤਾਰੀਫ ਸੀ ਜਦ ਜੂਨ 2016 ਵਿੱਚ ਆਪ ਰਾਮਗੜ੍ਹ ਸ਼ਾਹਪੁਰੀਆਂ
ਸੰਸਥਾ ਵਿਖੇ ਹਾਜ਼ਰ ਹੋ ਕੇ ਇੱਕ ਸਫਲ ਨਿੱਗਰ ਸਮਰੱਥਾ ਦੇ ਧਾਰਨੀ ਕਮਾਂਡਰ ਹੋ ਇਸ ਸੰਸਥਾ ਦੀ ਅਗਵਾਈ
ਕੀਤੀ।
ਇਹ ਸਕੂਲ ਵੀ ਜਿਵੇਂ ਸਾਲਾਂ
ਤੋਂ ਇਹਨਾਂ ਦੀ ਉਡੀਕ ਕਰ ਰਿਹਾ ਹੋਵੇ।
ਜਲਦ ਹੀ ਸਮੂਹ ਸਟਾਫ ਨੂੰ
ਇੱਕ ਧਾਗੇ ਵਿੱਚ ਪਰੋ ਕੇ ਸਕੂਲ ਦੇ ਵਿਕਾਸ ਕਾਰਜਾਂ ਦੀ ਲਕੀਰ ਵੱਡੀ ਕਰਨ ਵੱਲ ਜੁੱਟ ਪਏ। ਧਰਤੀ ਦੇ ਇੱਕ ਚੱਕਰ ਪੂਰਾ ਕਰਦਿਆਂ ਦਿਨਾਂ
ਵਿੱਚ ਹੀ ਪਿਛਲੇ ਸਕੂਲ ਦਾ ਇਤਿਹਾਸ ਦੁਹਰਾਇਆ ਗਿਆ। ਸਵੇਰ ਦੀ ਸਭਾ ਵਿਚਲੇ ਹਾਊਸ ਸਿਸਟਮ ਦੀ ਅੱਲੋਕਾਰੀ
ਪੇਸ਼ਕਾਰੀ ਹਰ ਇੱਕ ਨੂੰ ਪ੍ਰਭਾਵਿਤ ਕਰਦੀ,
ਖੇਡਾਂ ਅਤੇ ਸਹਿ-ਵਿਦਿਅਕ ਗਤੀਵਿਧੀਆਂ ਦੀਆਂ ਪ੍ਰਾਪਤੀਆਂ
ਰੋਜ਼ਾਨਾ ਦੇ ਅਖਬਾਰਾਂ ਦੀ ਹੈੱਡਲਾਈਨ ਬਣਦੀਆਂ, ਮਾਨਯੋਗ ਪੰਚਾਇਤਾਂ,
ਪਤਵੰਤਿਆਂ, ਦਾਨੀਆਂ ਨੂੰ ਨਾਲ ਜੋੜ ਕੇ ਦਾਨ ਦੇ ਰੂਪ ਵਿੱਚ
ਲਗਭਗ 3 ਲੱਖ ਰੁਪਏ ਦੀ ਰਾਸ਼ੀ ਇਕੱਤਰ ਕਰ ਸਕੂਲ ਵਿੱਚ ‘ਗਿਆਨ ਰਿਸ਼ਮਾ’ ਭਾਸ਼ਾ ਪਾਰਕ ਦਾ ਨਿਰਮਾਣ ਕੀਤਾ। ਵਿਲੱਖਣ ਖੂਬਸੂਰਤ ਦਿੱਖ ਦੇ ਮੇਨ ਗੇਟ
ਦੀ ਉਸਾਰੀ ਕੀਤੀ।
ਸਾਹਿਤਕ ਮੈਗਜ਼ੀਨ ‘ਨਕਸ਼-ਏ-ਕਦਮ’ ਦੇ ਸਰਪ੍ਰਸਤ ਦੇ ਤੌਰ ਤੇ ਕਾਰਜ
ਵੀ ਆਪ ਦੇ ਲੇਖੇ ਆਏ।
ਸੰਸਥਾ ਦਾ ਮਾਹੌਲ ਇੰਨਾ
ਖਿੱਚ ਭਰਪੂਰ ਲੁਭਾਵਨਾ ਬਣ ਗਿਆ,
ਸਕੂਲ ਦੀ ਹੋਣਹਾਰ ਲੜਕੀ ਸੁਖਪ੍ਰੀਤ ਕੌਰ ਨੇ ਕਰਾਟੇ ਗੇਮ ਵਿੱਚ ਭਾਰਤ ਵਿੱਚੋਂ ਦੂਜਾ
ਸਥਾਨ ਹਾਸਿਲ ਕੀਤਾ।
ਸਬ-ਡਿਵੀਜ਼ਨ ਬੁਢਲਾਡਾ ਦੀ ਗਣਤੰਤਰ
ਦਿਵਸ ਅਤੇ ਸੁਤੰਤਰਤਾ ਦਿਵਸ ਦੀ ਪਰੇਡ ਸਕੂਲ ਦੇ ਵਿਦਿਆਰਥੀਆਂ ਬਿਨਾਂ ਅਧੂਰੀ ਰਹਿ ਜਾਂਦੀ ਸੀ। ਰਹਿੰਦੇ ਸਮੇਂ ਤੱਕ ਇਹ ਸੰਸਥਾ ਇਹਨਾਂ
ਦੇ ਕਾਰਜਕਾਲ ਦੇ ਸੁਹੱਪਣ ਦੀ ਗਵਾਹੀ ਭਰਦੀ ਰਹੇਗੀ।
ਉੱਦਮੀ ਕਰਮਸ਼ੀਲ ਵਿਅਕਤੀਤਵ ਦੀ ਅਥਾਹ ਸਮਰੱਥਾ ਵਾਲੇ ਇਨਸਾਨਾਂ ਦੀ ਆਮਦ ਦੀ ਬੇਕਰਾਰੀ ਹਰ ਇੱਕ ਨੂੰ ਰਹਿੰਦੀ ਹੈ। ਸ.ਸ.ਸ. ਰਾਮਗੜ੍ਹ ਸ਼ਾਹਪੁਰੀਆ ਦੇ ਵਿਕਾਸ ਕਾਰਜਾਂ ਦੇ ਚਰਚਿਆਂ ਨੇ ਫਿਰ ਪਿੰਡ ਬਰੇ ਦੀਆਂ ਪੰਚਾਇਤਾਂ ਦਾ ਧਿਆਨ ਇਕੱਤਰ ਕੀਤਾ। ਦਿਆਨਤਦਾਰ ਇਨਸਾਨ ਰੁੱਖਾ ਸੁਭਾਅ ਕੋਲ ਨਹੀਂ ਰੱਖਦੇ ਜਿਸ ਕਰਕੇ ਆਪ ਫਿਰ ਉਹਨਾਂ ਦੇ ਪਿਆਰ ਕਾਰਨ 29 ਅਕਤੂਬਰ 2022 ਨੂੰ ਦੁਬਾਰਾ ਸ.ਸ.ਸ. ਬਰੇ ਹਾਜ਼ਰ ਹੋ ਗਏ। ਰਾਮਗੜ੍ਹ ਸ਼ਾਹਪੁਰੀਆਂ ਦਾ 9 ਸਾਲ ਦਾ ਕਾਰਜਕਾਲ ਬਾਖੂਬੀ ਉਦਾਹਰਨਮਈ ਹੋ ਨਿਬੜਿਆ ਜੋ ਸੁਨਹਿਰੀ ਅੱਖਰਾਂ ਦੀ ਭਾਅ ਮਾਰਦਾ ਰਹੇਗਾ। ਸ.ਸ.ਸ. ਬਰੇ ਦਾ ਮਾਹੌਲ ਪਹਿਲਾਂ ਹੀ ਆਪਦੀ ਰੂਹ ਦੇ ਧੁਰ ਅੰਦਰ ਤੱਕ ਉਕਰਿਆ ਹੋਇਆ ਸੀ ਜਲਦ ਹੀ ਪਹਿਲਾਂ ਵਾਂਗ ਸਕੂਲ ਦੀਆਂ ਸਮੁੱਚੀਆਂ ਗਤੀਵਿਧੀਆਂ ਸੁਰਜੀਤ ਹੋ ਗਈਆਂ। ਫਿਰ ਇੱਕ ਸਫਲ ਕਪਤਾਨ ਦੀ ਵਰਦੀ ਪਹਿਨ ਆਪਣੀ ਫੌਜ ਦੇ ਸਹਿਯੋਗ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਰਸਤਿਆਂ ਦੇ ਪਾਂਧੀ ਬਣ ਗਏ, ਉੱਚੇ ਵਿਅਕਤੀਤਵ, ਸਾਫ ਰਹਿਣੀ ਬਹਿਣੀ, ਚੰਗੇ ਸੰਸਕਾਰਾਂ ਦੇ ਧਾਰਨੀ, ਅਧਿਆਪਨ ਵਰਗ ਦੇ ਚਹੇਤੇ ਇਨਸਾਨਾਂ ਨੂੰ ਕਿਸੇ ਮਾਣ ਸਨਮਾਨ ਦੀ ਭੁੱਖ ਜਾਂ ਤ੍ਰੇਹ ਨਹੀਂ ਹੁੰਦੀ ਉਨਾਂ ਨੇ ਨਿਰਵਿਘਨ ਆਪਣੀ ਇਕਾਗਰਤਾ ਆਪਣੇ ਕਾਰਜਾਂ ਤੇ ਹੀ ਰੱਖਣੀ ਹੁੰਦੀ ਹੈ ਸਗੋਂ ਸਨਮਾਨ ਖੁਦ ਉਹਨਾਂ ਦਾ ਪਿੱਛਾ ਕਰਦੇ ਹਨ। ਸ.ਸ.ਸ. ਬਰੇ ਦੇ ਵਿਕਾਸ ਕਾਰਜਾਂ ਨੂੰ ਦੇਖਦਿਆਂ 26 ਜਨਵਰੀ 2013 ਨੂੰ ਜ਼ਿਲ੍ਹਾ ਪੱਧਰੀ ਸਮਾਰੋਹ ਵਿੱਚ ਸੰਸਦੀ ਸਕੱਤਰ ਸਰਦਾਰ ਬਲਵੀਰ ਸਿੰਘ ਘੁੰਨਸ ਨੇ ਅਤੇ 26 ਜਨਵਰੀ 2024 ਨੂੰ ਕੈਬਨਿਟ ਮੰਤਰੀ ਸਰਦਾਰ ਬ੍ਰਹਮ ਸ਼ੰਕਰ ਜਿੰਪਾ ਵੱਲੋਂ ਸਨਮਾਨਿਤ ਕੀਤਾ ਗਿਆ। ਇਹ ਸਨਮਾਨਾਂ ਦੀ ਕਤਾਰ ਵੀ ਲੰਬੀ ਹੁੰਦੀ ਜਾ ਰਹੀ ਸੀ ਜਦੋਂ 30 ਜਨਵਰੀ 2019 ਨੂੰ ਸ.ਸ.ਸ. ਰਾਮਗੜ੍ਹ ਸ਼ਾਹਪੁਰੀਆਂ ਦੇ ਵਿਕਾਸ ਕੰਮਾਂ ਦੀ ਸ਼ਲਾਘਾ ਕਰਦਿਆਂ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਜੀ ਵੱਲੋਂ ਸਨਮਾਨਿਤ ਕੀਤਾ ਗਿਆ। ਉਪਰੋਕਤ ਤੋਂ ਇਲਾਵਾ ਸਮੇਂ ਸਮੇਂ ਤੇ ਸਕੂਲ ਦੀ ਕਾਇਆਕਲਪ ਕਰਨਾ, ਸਮਰ ਕੈਂਪਾਂ ਕਾਰਨ, ਵਾਧੂ ਜਮਾਤਾਂ ਦੇ ਪ੍ਰਬੰਧਨ ਕਾਰਨ, ਡੀਜੀਐਸਸੀ ਪੰਜਾਬ, ਸਿੱਖਿਆ ਸਕੱਤਰ, ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਵੱਲੋਂ ਅਨੇਕਾਂ ਵਾਰ ਪ੍ਰਸ਼ੰਸਾ ਪੱਤਰਾਂ ਨਾਲ ਨਿਵਾਜਿਆ ਗਿਆ। ਆਪਣੀ ਕਿਰਤ ਭੂਮੀ ਤੋਂ ਇਲਾਵਾ ਆਪ ਜਨਮ-ਭੂਮੀ ਦੇ ਕਿਣਕਿਆਂ ਨਾਲ ਵੀ ਸਨੇਹ ਰੱਖਦੇ ਹਨ। ਸਮਾਜਿਕ, ਧਾਰਮਿਕ ਮਾਮਲਿਆਂ ਵਿੱਚ ਆਪ ਦਾ ਵਡਮੁੱਲਾ ਯੋਗਦਾਨ ਹੈ। ਗੁਰੂਦੁਆਰਾ ਪਾਹਿਨ ਸਾਹਿਬ ਸੈਦੇਵਾਲਾ ਪ੍ਰਬੰਧਕ ਕਮੇਟੀ ਦੇ ਤਿੰਨ ਸਾਲ ਖਜ਼ਨਚੀ ਰਹੇ ਹਨ ਅਤੇ ਹੁਣ ਗੁਰਦੁਆਰਾ ਆਡਿਟ ਕਮੇਟੀ ਦੇ ਮੈਂਬਰ ਹਨ। ਅਧਿਆਪਕ ਦਲ ਪੰਜਾਬ ਵਿੱਚ ਬਲਾਕ ਅਤੇ ਜ਼ਿਲ੍ਹਾ ਸਕੱਤਰ ਦੀ ਅਹਿਮ ਭੂਮਿਕਾ ਨਿਭਾਈ ਤੇ ਮੌਜੂਦਾ ਸਟੇਟ ਕਮੇਟੀ ਮੈਂਬਰ ਅਤੇ ਲੈਕ. ਯੂਨੀਅਨ ਕੈਸ਼ੀਅਰ ਵੀ ਹਨ। ਇਸ ਤੋਂ ਇਲਾਵਾ ਬਾਬੇ ਨਾਨਕ ਦਾ ਸੰਦੇਸ਼ ਜੋ ਆਪ ਨੂੰ ਗੁੜਤੀ ਵਿੱਚ ਮਿਲਿਆ ਅਨੁਸਾਰ ਕਿਰਤ ਕਰੋ ਵੰਡ ਛਕੋ ਦੇ ਧਾਰਨੀ ਹਨ। ਦੀਨ-ਦੁਖੀਆਂ, ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਤਪਰ ਰਹਿੰਦੇ ਹਨ, ਸੈਂਕੜੇ ਵਿਦਿਆਰਥੀਆਂ ਦੀਆਂ ਫੀਸਾਂ ਭਰ ਉਹਨਾਂ ਅੰਦਰ ਗਿਆਨ ਦਾ ਚਿਰਾਗ ਮਘਦਾ ਰੱਖਣ ਦੀ ਸੋਚ ਹਮੇਸ਼ਾ ਰਹਿੰਦੀ ਹੈ। ਸਮਾਜ ਸੇਵਾ ਦੇ ਕਾਰਜਾਂ ਦੀ ਭਾਗੀਦਾਰੀ ਤੋਂ ਇਲਾਵਾ ਚੰਗਾ ਸਾਹਿਤ ਪੜ੍ਹਨਾ ਤੇ ਵੰਡਣਾ ਆਪ ਦੀ ਫਿਤਰਤ ਵਿੱਚ ਸ਼ਾਮਿਲ ਹੈ। ਆਪ ਜੀ ਦੀ ਪ੍ਰੇਰਨਾ ਅਤੇ ਯਤਨਾ ਸਦਕਾ ਸੈਂਕੜੇ ਵਿਦਿਆਰਥੀ ਅੱਜ ਕੱਲ ਸਰਕਾਰੀ ਨੌਕਰੀਆਂ ਜਿਵੇਂ ਅਧਿਆਪਕ, ਭਾਰਤੀ ਫੌਜ, ਪੁਲਿਸ, ਰੇਲਵੇ ਵਿਭਾਗ ਅਤੇ ਹੋਰ ਸਨਮਾਨ ਯੋਗ ਕਾਰਜਾਂ ‘ਤੇ ਲੱਗੇ ਹੋਏ ਹਨ। ਸਿੱਖਿਆ ਜਗਤ ਦੇ ਇਸ ਬਾਬਾ ਬੋਹੜ ਉੱਤੇ ਕਾਲਾ ਦੌਰ ਵੀ ਆਪਣੀਆਂ ਪੈੜਾਂ ਛੱਡ ਗਿਆ ਜਦੋਂ ਕੁਝ ਸਮਾਂ ਪਹਿਲਾਂ ਇਹਨਾਂ ਦੀ ਸੱਜੀ ਬਾਂਹ ਛੋਟਾ ਵੀਰ ਸਤਨਾਮ ਸਿੰਘ ਸੰਖੇਪ ਬਿਮਾਰੀ ਕਾਰਨ ਰੁਖਸਤ ਹੋ ਗਿਆ ਹੁਣ ਉਸ ਪਰਿਵਾਰ ਦੀਆਂ ਜਿੰਮੇਵਾਰੀਆਂ ਦਾ ਬੋਝ ਵੀ ਆਪ ਬੜੇ ਹੀ ਹੌਸਲੇ ਤੇ ਜਿੰਮੇਵਾਰਾਨਾ ਢੰਗ ਨਾਲ ਚੁੱਕ ਰਹੇ ਹਨ। ਵਕਤ ਗਤੀਸ਼ੀਲ ਹੈ ਵਕਤ ਦੇ ਘੋੜੇ, ਦਰਿਆਵਾਂ ਦੇ ਵਹਿਣ, ਨਿਰੰਤਰ ਚਾਲ ਨਾਲ ਰੁਮਕਦੇ ਰਹਿੰਦੇ ਹਨ। ਅੱਜ ਮਿਤੀ 31 ਮਾਰਚ 2026 ਨੂੰ ਇਸ ਹਿੰਮਤੀ, ਮਿਹਨਤੀ, ਕੀਰਤੀਮਾਨ ਸਥਾਪਿਤ ਕਰਤਾ, ਇਮਾਨਦਾਰ ਅਕਸ਼ ਵਾਲੇ, ਸਰਬ ਗੁਣ ਸੰਪੰਨ, ਮਿਲਾਪੜੇ ਸੁਭਾਅ ਦੇ ਮਾਲਕ, ਲੋਕ ਹਿੱਤਾਂ ਨਾਲ ਜੁੜੇ, ਸਮਾਜ ਸੇਵੀ, ਪ੍ਰਤਿਭਾਵਾਨ ਇਨਸਾਨ, ਆਦਰਸ਼ ਅਧਿਆਪਕ, ਸੋਹਣੀ ਸੋਚ ਵਾਲੇ, ਗਿਆਨ ਦੇ ਧਨੀ ਪ੍ਰਿੰ. ਸਰਦਾਰ ਨਿਰਮਲ ਸਿੰਘ ਸੈਦੇਵਾਲਾ ਸਿੱਖਿਆ ਵਿਭਾਗ ਵਿੱਚੋਂ 33 ਸਾਲ, ਇੱਕ ਮਹੀਨੇ 27 ਦਿਨ ਦੀ ਬੇਦਾਗ, ਸੱਚੀ-ਸੁੱਚੀ ਸੇਵਾ ਨਿਭਾਉਣ ਤੋਂ ਬਾਅਦ ਸ.ਸ.ਸ. ਬਰੇ ਤੋਂ ਵਿਦਾ ਹੋ ਰਹੇ ਹਨ। ਆਪ ਜੀ ਸਮੁੱਚੇ ਇਲਾਕੇ ਅਤੇ ਸਿੱਖਿਆ ਜਗਤ ਦਾ ਮਾਣ ਅਤੇ ਧਰੂ ਤਾਰਾ ਹਨ। ਅੱਜ ਵਿਦਾਇਗੀ ਪਾਰਟੀ ਅਤੇ ਸਨਮਾਨ ਸਮਾਰੋਹ ਮੌਕੇ ਇੱਕ ਬਹੁਪੱਖੀ ਹੁਨਰ ਦੇ ਮਾਲਕ ਅਜ਼ੀਮ ਸ਼ਖਸੀਅਤ ਨੂੰ ਸਨਮਾਨਿਤ ਕਰਦਿਆਂ ਫਖਰ ਅਤੇ ਖੁਸ਼ੀ ਮਹਿਸੂਸ ਹੋ ਰਹੀ ਹੈ। ਪਰਮਾਤਮਾ ਆਪ ਜੀ ਨੂੰ ਅਥਾਹ ਖੁਸ਼ੀਆਂ, ਸੋਹਣੀ ਜੀਵਨ ਜਾਂਚ, ਸਿਹਤਯਾਬੀ ਭਰੀ ਲੰਬੀ ਉਮਰ ਬਖਸ਼ੀਸ਼ ਕਰਨ। ਸਿੱਖਿਆ ਵਿਭਾਗ ਆਪ ਜੀ ਦੇ ਖੂਬਸੂਰਤ ਕਾਰਜਾਂ ਕਾਰਨ ਹਮੇਸ਼ਾ ਆਪਦਾ ਰਿਣੀ ਰਹੇਗਾ।
ਆਮੀਨ
!
ਅੰਤ ਵਿੱਚ:-
ਰੁਲ ਨਾ ਜਾਵੀਂ ਭੀੜ ‘ਚ,
ਮੱਝਾਂ ਗਾਵਾਂ ਵਾਂਗ,
ਸਿੱਧਾ ਹੋ ਕੇ ਟੱਕਰੀਂ, ਤੇਜ਼ ਹਵਾਵਾਂ ਵਾਂਗ ।
ਵਗਦੇ
ਹੋਏ ਵਹਿਣ ਪਿਛਾਂਹ ਨੂੰ ਮੁੜਦੇ ਨਹੀਂ,
ਮਿੱਤਰਾ
ਸਿਖ ਲੈ ਤੁਰਨਾ ਤੂੰ ਦਰਿਆਵਾਂ ਵਾਂਗ ।।
-
ਪੀ.ਪੀ.ਐਸ. ਚੀਮਾ ਦੇ ਪਾਣੀ ਦੇ ਸੈਂਪਲ ਵਿੱਚ ਨਹੀਂ ਕੋਈ ਖ਼ਰਾਬੀ : ਐਮ.ਡੀ. ਜਸਵੀਰ ਸਿੰਘ ਚੀਮਾ ਡਿਪਟੀ ਕਮਿਸ਼ਨਰ ਸੰਗਰੂਰ ਦੇ ਹੁਕਮਾਂ ਤਹਿਤ ਦੁਬਾਰਾ ਲਏ ਗਏ ਸੈਂਪਲ ਦੀ ਰਿਪੋਰਟ...
-
ਕਲਗੀਧਰ ਟਰੱਸਟ ਵੱਲੋਂ ਹੜ੍ਹ ਦੀ ਚਪੇਟ ਵਿੱਚ ਆਉਂਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਖੁਸ਼ਪ੍ਰੀਤ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾ...
-
ਪੰਜਾਬ ਸਰਕਾਰ ਅਤੇ ਸਿੱਖਿਆ ਅਧਿਕਾਰੀਆਂ ਦੇ ਲਾਰਿਆਂ ਤੋਂ ਦੁਖੀ ਈਟੀਟੀ 2364 ਬੇਰੁਜ਼ਗਾਰਾਂ ਨੇ ਕੀਤਾ ਡੀਪੀਆਈ ਦਫਤਰ ਦਾ ਘਿਰਾਓ ਖੁਸ਼ਪ੍ਰੀਤ ਸਿੰਘ,ਮੋਹਾਲੀ : ਈਟੀਟੀ 2364 ਬ...

