ਸਰਕਾਰੀ ਸਕੂਲ ਮਾਨਾ ਪੱਤੀ ਚੀਮਾ ਦੇ ਵਿਦਿਆਰਥੀ ਨੇ ਪੰਜਵੀਂ ਜਮਾਤ 'ਚੋਂ ਲਏ 100 ਫੀਸਦ ਨੰਬਰ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਕੂਲ ਮਾਨਾ ਪੱਤੀ ਚੀਮਾ ਜੋ ਕਿ ਖੇਡਾਂ ਦੇ ਖੇਤਰ 'ਚ ਆਪਣਾ ਕਾਫੀ ਨਾਂ ਚਮਕਾ ਚੁੱਕਾ ਹੈ,ਵਿਦਿਅਕ ਪੱਧਰ 'ਤੇ ਵੀ ਵੱਡੀਆਂ ਮੱਲ੍ਹਾਂ ਮਾਰੀਆਂ ਹਨ।ਸਕੂਲ ਦੇ ਵਿਦਿਆਰਥੀ ਹਰਵਿੰਦਰ ਸਿੰਘ ਪੁੱਤਰ ਗੁਰਤੇਜ ਸਿੰਘ ਨੇ ਪੰਜਵੀਂ ਜਮਾਤ ਦੀ ਪ੍ਰੀਖਿਆ 'ਚੋਂ 500 ਅੰਕਾਂ ਵਿੱਚੋਂ 500 ਅੰਕ ਪ੍ਰਾਪਤ ਕਰਕੇ ਜਿੱਥੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ, ਉੱਥੇ ਆਪਣਾ ਨਾਂ ਸੂਬਾ ਪੱਧਰੀ ਮੈਰਿਟ ਸੂਚੀ ਵਿੱਚ ਵੀ ਦਰਜ ਕਰਵਾ ਲਿਆ ਹੈ। ਸੈਂਟਰ ਸਕੂਲ ਮੁਖੀ ਦਲਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਕਤ ਵਿਦਿਆਰਥੀ ਨੇ ਆਪਣੇ ਸਕੂਲ,ਨਗਰ ਚੀਮਾ ਅਤੇ ਮਾਪਿਆਂ ਦਾ ਨਾਂ ਪੰਜਾਬ ਪੱਧਰ 'ਤੇ ਰੁਸ਼ਨਾਇਆ ਹੈ।ਜਿਸ ਦਾ ਸਿਹਰਾ ਜਮਾਤ ਇੰਚਾਰਜ ਰਮਨਦੀਪ ਕੌਰ,ਰਾਧਾ ਰਾਣੀ ਅਤੇ ਸਕੂਲ ਦੇ ਸਮੁੱਚੇ ਸਟਾਫ ਦੀ ਸਖਤ ਮਿਹਨਤ ਨੂੰ ਜਾਂਦਾ ਹੈ।ਉਨਾਂ ਦੱਸਿਆ ਕਿ ਸਕੂਲ ਦੇ 12 ਬੱਚਿਆਂ ਨੇ 95 ਫੀਸਦੀ ਤੋਂ ਵੱਧ ਨੰਬਰ ਲਏ ਹਨ।ਸਮਾਜਸੇਵੀ ਬਹਾਦਰ ਸਿੰਘ ਸੰਧੂ ਕੌਸਲਰ,ਐਸਐਮਸੀ ਕਮੇਟੀ ਦੇ ਚੇਅਰਮੈਨ ਸੇਵਕ ਸਿੰਘ ਨੇ ਦੱਸਿਆ ਕਿ ਸਕੂਲ ਦੇ ਸਟਾਫ ਵੱਲੋਂ ਓਵਰ ਟਾਈਮ ਲਗਾ ਕੇ ਬੱਚਿਆਂ ਨੂੰ ਮਿਹਨਤ ਕਰਵਾਈ ਜਾਂਦੀ ਹੈ, ਜਿਸ ਕਰਕੇ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ।ਉਹਨਾਂ ਦੱਸਿਆ ਕਿ ਸਮੁੱਚੇ ਸਟਾਫ ਦੀ ਮਿਹਨਤ ਸਦਕਾ ਹਰਵਿੰਦਰ ਸਿੰਘ ਤੇ ਕਈ ਹੋਰ ਵਿਦਿਆਰਥੀ ਸੂਬਾ ਪੱਧਰ 'ਤੇ ਖੇਡਾਂ ਵਿੱਚ ਵੀ ਵੱਡੀ ਪ੍ਰਾਪਤੀ ਕਰ ਚੁੱਕੇ ਹਨ ਜੋ ਕਿ ਸਕੂਲ ਅਤੇ ਸਟਾਫ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।ਸਕੂਲ ਮੁਖੀ ਅਤੇ ਸਮੁੱਚੇ ਸਟਾਫ ਨੇ ਬੱਚੇ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ।
