Monday, April 15, 2024

ਮਾਨਸਾ,ਗੁਰਵਿੰਦਰ ਸਿੰਘ ਚਹਿਲ : 32 ਵਰ੍ਹਿਆਂ ਬਾਅਦ ਵਾਇਸ ਆਫ਼ ਮਾਨਸਾ ਨੇ ਮਨਾਈ ਮਾਨਸਾ ਜ਼ਿਲ੍ਹੇ ਦੀ ਵਰ੍ਹੇਗੰਢ

32 ਵਰ੍ਹਿਆਂ ਬਾਅਦ ਵਾਇਸ ਆਫ਼ ਮਾਨਸਾ ਨੇ ਮਨਾਈ ਮਾਨਸਾ ਜ਼ਿਲ੍ਹੇ ਦੀ ਵਰ੍ਹੇਗੰਢ  



ਭਾਰੀ ਕਿਣਮਿਣ 'ਚ ਦੇਬੀ ਮਖ਼ਸੂਸਪੁਰੀ ਨੇ ਬੰਨ੍ਹਿਆ ਰੰਗ

ਮਾਨਸਾ,ਗੁਰਵਿੰਦਰ ਸਿੰਘ ਚਹਿਲ : ਵਾਇਸ ਆਫ਼ ਮਾਨਸਾ ਵੱਲ੍ਹੋਂ ਮਾਨਸਾ ਜ਼ਿਲ੍ਹੇ ਦੀ 32 ਵਰ੍ਹਿਆਂ ਬਾਅਦ ਵਰ੍ਹੇਗੰਢ ਮਨਾਉਂਦਿਆਂ ਵਿਸਾਖੀ ਮੇਲੇ ਦੌਰਾਨ ਐਲਾਨ ਕੀਤਾ ਕਿ ਮਾਨਸਾ ਜ਼ਿਲ੍ਹੇ ਦੀ ਤਰੱਕੀ ਲਈ ਸੰਸਥਾ ਵੱਲ੍ਹੋਂ ਮਹੱਤਵਪੂਰਨ ਯੋਜਨਾਵਾਂ ਉਲੀਕੀਆਂ ਜਾਣਗੀਆਂ। ਸੰਸਥਾ ਦੇ ਪ੍ਰਧਾਨ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਜ਼ਿਲ੍ਹੇ ਨੂੰ ਸਿੱਖਿਆ, ਵਪਾਰਕ,ਕਿਸਾਨੀ, ਸਾਹਿਤਕ, ਸਭਿਆਚਾਰਕ ਪੱਖੋਂ ਪ੍ਰਫੁੱਲਤ ਕਰਨ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਮਾਨਸਾ ਜਿਲ੍ਹੇ ਦੀ ਵਰੇਗੰਢ ਮੌਕੇ ਲਗਾਤਾਰ ਇੱਕ ਮਹੀਨੇ ਤੋਂ ਸੰਸਥਾ ਵਲੋਂ ਸਿਹਤ ਸਿੱਖਿਆ ਅਤੇ ਵਪਾਰ ਵਿਚ ਮਾਨਸਾ ਜਿਲ੍ਹੇ ਦੀ ਹੋਈ ਤਰੱਕੀ ਅਤੇ ਭਵਿੱਖ ਦੀਆਂ ਸੰਭਾਵਾਨਾਵਾਂ ਬਾਰੇ ਸੈਮੀਨਾਰ ਅਤੇ ਸਫਾਈ ਜਾਗਰੂਕਤਾ ਮਾਰਚ ਕੱਢ ਕੇ ਲੋਕਾਂ ਨੂੰ ਸ਼ਹਿਰ ਪ੍ਰਤੀ ਆਪਣੇ ਫਰਜ਼ ਪਛਾਣਨ ਲਈ ਪ੍ਰੇਰਿਤ ਕੀਤਾ ਗਿਆ। ਸੰਸਥਾ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਜਿੱਥੇ ਸੰਸਥਾ ਬੇਘਰਿਆਂ ਨੂੰ ਘਰ ਬਣਾਉਣ ਅਤੇ ਰਾਸ਼ਨ ਮੁਹੱਈਆ ਕਰਨ ਦੇ ਕਾਰਜ ਕਰ ਰਹੀ ਹੈ ਉੱਥੇ ਨਾਲ ਹੀ ਪਿਛਲੇ ਇੱਕ ਸਾਲ ਤੋਂ ਲੋੜਵੰਦ ਵਿਦਿਆਰਥੀਆਂ ਦੀਆਂ ਫੀਸਾਂ ਆਦਿ ਵਿਚ ਵੀ ਮੱਦਦ ਕਰ ਰਹੀ ਹੈ। ਉਹਨਾਂ ਕਿਹਾ ਕਿ ਇਸ ਵਿੱਤੀ ਸਾਲ ਵਿਚ ਸੰਸਥਾ ਕਿਸਾਨੀ, ਵਪਾਰ ਅਤੇ ਆਰਟੀਫੀਸ਼ਲ ਇੰਟੈਲੇਜੇਸ ਸਮੇਤ ਹੋਰ ਵਿਸ਼ਿਆਂ ਤੇ ਵੀ ਵਿਦਿਆਰਥੀਆਂ ਅਤੇ ਸਮਾਜ ਵਿਚ ਜਾਗਰੂਕਤਾ ਲਈ ਵੱਖ ਵੱਖ ਮਾਹਿਰ ਬੁਲਾਕੇ ਸੈਮੀਨਾਰ ਕਰਵਾਏਗੀ। ਜਿਲ੍ਹੇ ਦੀ ਵਰੇਗੰਢ ਸਬੰਧੀ ਪ੍ਰੋਗਰਾਮਾਂ ਦੇ ਪ੍ਰੋਜੈਕਟ ਚੇਅਰਮੈਨ ਡਾ ਲਖਵਿੰਦਰ ਮੂਸਾ ਨੇ ਮੇਲੇ ਦੀ ਸਫਲਤਾ ਲਈ ਸਭ ਮਾਨਸਾ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਸੰਸਥਾ ਹਰ ਉਸ ਵਿਅਕਤੀ ਦਾ ਧੰਨਵਾਦ ਕਰਦੀ ਹੈ ਜਿੰਨਾ ਨੇ ਇਸ ਮੇਲੇ ਅਤੇ ਸੈਮੀਨਾਰਾਂ ਨੂੰ ਸਫਲ ਬਣਾਇਆ ਹੈ। ਸੋਸ਼ਲਿਸਟ ਪਾਰਟੀ ਦੇ ਆਗੂ ਅਤੇ ਸੰਸਥਾ ਦੇ ਮੈਂਬਰ ਹਰਿੰਦਰ ਮਾਨਸ਼ਾਹੀਆ ਨੇ ਇਸ ਮੌਕੇ ਕਿਹਾ ਕਿ ਹੁਣ ਮਾਨਸਾ ਵਾਸੀਆਂ ਨੂੰ ਚਿਰਾਂ ਤੋਂ ਲਮਕਦੀਆਂ ਆ ਰਹੀਆਂ ਸੀਵਰੇਜ ਅਤੇ ਸਫਾਈ ਦੀਆਂ ਮੰਗਾਂ ਲਈ ਵੀ ਲਾਮਬੰਦ ਹੋ ਕੇ ਇਸ ਸਾਂਝੇ ਮੰਚ ਰਾਹੀਂ ਹੱਲ ਕਰਾਉਣ ਲਈ ਸਾਂਝਾ ਉਦਮ ਕਰਨਾ ਚਾਹੀਦਾ ਹੈ। ਮੇਲੇ ਦੇ ਸ਼ੁਰੂ ਵਿਚ ਬੀਤੇ ਦਿਨੀਂ ਮਾਨਸਾ ਇਲਾਕੇ ਦੀ ਵੱਡੀ ਸਖਸ਼ੀਅਤ ਪ੍ਰੋਫੈਸਰ ਸੁਖਦੇਵ ਸਿੰਘ ਨੂੰ ਸਭਨਾਂ ਵਲੋਂ ਸ਼ਰਧਾਜਲੀ ਵਜੋਂ ਇੱਕ ਮਿੰਟ ਦਾ ਮੌਨ ਰੱਖਿਆ ਗਿਆ ਤੇ ਉਹਨਾਂ ਵਲੋਂ ਸਿੱਖਿਆ ਖੇਤਰ ਵਿਚ ਪਾਏ ਗਏ ਯੋਗਦਾਨ ਬਾਰੇ ਰਾਜ ਜੋਸ਼ੀ , ਬਲਰਾਜ ਮਾਨ ਅਤੇ ਬਲਰਾਜ ਨੰਗਲ ਨੇ ਸਭਨਾਂ ਨੂੰ ਦੱਸਿਆ। ਸੰਸਥਾ ਦੇ ਮੈਂਬਰ ਡਾ ਸ਼ੇਰਜੰਗ ਸਿੱਧੂ ਅਤੇ ਡਾ ਟੀ ਪੀ ਐਸ ਰੇਖੀ ਦੀ ਟੀਮ ਵਲੋਂ ਇਸ ਮੌਕੇ ਲੋਕਾਂ ਨੂੰ ਮਫਤ ਸਿਹਤ ਸਹੂਲਤਾ ਵੀ ਪ੍ਰਦਾਨ ਕੀਤੀ ਗਈ। ਮੇਲੇ ਦੀ ਸ਼ੁਰੂਆਤ ਹਰਦੀਪ ਸਿੱਧੂ ਅਤੇ ਵਿਸ਼ਵਦੀਪ ਬਰਾੜ ਵਲੋਂ ਕੀਤੀ ਗਈ ਤੇ ਮੇਲੇ ਦਾ ਉਦਘਾਟਨ ਉਦਾਸੀਨ ਭੇਖ ਮਹਾਂ ਮੰਡਲ ਪੰਜਾਬ ਦੇ ਪ੍ਰਧਾਨ ਮਹੰਤ ਅੰਮ੍ਰਿਤ ਮੁਨੀ ਵਲੋਂ ਕੀਤਾ ਗਿਆ। ਇਸ ਮੇਲੇ ਦਾ ਆਨੰਦ ਮਾਣਨ ਲਈ ਮੇਲੇ ਵਿਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਡਿਪਟੀ ਕਮਿਸ਼ਨਰ ਮਾਨਸਾ ਪਰਮਵੀਰ ਸਿੰਘ ਨੇ ਕਿਹਾ ਕਿ ਰੰਗ ਮੰਚ ਅਤੇ ਕਲਾ ਦੀ ਧਰਤੀ ਤੇ ਅਜਿਹੇ ਮੇਲੇ ਹੁੰਦੇ ਰਹਿਣ ਇਸ ਲਈ ਉਹ ਹਮੇਸ਼ਾਂ ਹੀ ਆਪਣੇ ਵਲੋਂ ਵੱਧ ਤੋਂ ਵੱਧ ਸਹਿਯੋਗ ਦਿੰਦੇ ਰਹਿਣਗੇ। ਗਾਇਕੀ ਦੇ ਪਿੜ ਦੀ ਸ਼ੁਰੂਆਤ ਵਰਿੰਦਰ ਮਾਨਸਾ ਅਤੇ ਸਾਥੀਆਂ ਵਲੋਂ ਮਲਵਈ ਗਿੱਧੇ ਨਾਲ ਕੀਤੀ ਗਈ। ਦੀਪ ਭੰਗੜਾ ਅਕੈਡਮੀ ਮਾਨਸਾ ਵਲੋਂ ਭੰਗੜੇ ਦੀ ਪੇਸ਼ਕਾਰੀ ਨੇ ਮੇਲੇ ਵਿਚ ਨੱਚਦੇ ਪੰਜਾਬੀਆਂ ਕਿਸਾਨਾਂ ਦੀ ਖੁਸ਼ੀ ਦਾ ਅਹਿਸਾਸ ਸਭ ਨੂੰ ਕਰਵਾਉਦੇ ਹੋਏ ਝੂੰਮਣ ਲਾ ਦਿੱਤਾ। ਮਾਨਸਾ ਦੇ ਗਾਇਕ ਸੇਵਕ ਸੰਦਲ ਨੇ ਆਪਣੇ ਚਰਚਿਤ ਗੀਤਾਂ ਦੇ ਨਾਲ ਰੋਡਵੇਜ਼ ਦੀ ਲਾਰੀ ਰਾਹੀਂ ਵੱਖ ਵੱਖ ਕਲਾਕਾਰਾਂ ਦੀ ਆਵਾਜ਼ ਕੱਢ ਕੇ ਸਭ ਦੇ ਢਿੱਡੀਂ ਪੀੜਾਂ ਪਾ ਦਿੱਤੀਆਂ। ਬੁਢਲਾਡਾ ਕਾਲਜ ਦੇ ਵਿਦਿਆਰਥੀਆਂ ਪ੍ਰਦੀਪ ਕੌਰ ਅਤੇ ਰਿਹਾਨ ਖਾਨ ਨੇ ਲੋਕ ਵੰਨਗੀਆਂ ਅਤੇ ਲੋਕ ਗੀਤਾਂ ਰਾਹੀਂ ਆਪਣੀ ਆਵਾਜ਼ ਅਤੇ ਸੁਰਾਂ ਦੀ ਪਰਪੱਕਤਾ ਦਾ ਪ੍ਰਦਰਸ਼ਨ ਕੀਤਾ। ਗਾਇਕ ਹਰਜੀਤ ਜੋਗਾ ਅਤੇ ਮਨਪ੍ਰੀਤ ਮਾਹੀ ਨੇ ਆਪਣੇ ਚਰਚਿਤ ਗੀਤਾਂ ਨਾਲ ਭਰਵੀ ਹਾਜ਼ਰੀ ਲਵਾਈ। ਸੰਸਥਾ ਦੇ ਮੈਂਬਰ ਅਤੇ ਪੇਸ਼ੇ ਵਜੋਂ ਵਕੀਲ ਅਮਨਦੀਪ ਸਿੰਗਲਾ ਨੇ ਧਾਰਮਿਕ ਗੀਤ ਗਾ ਕੇ ਆਪਣੀ ਗਾਇਕੀ ਦਾ ਲੋਹਾ ਮਨਵਾਇਆ। ਸੁਰੀਲੇ ਗਾਇਕ ਲਵੀ ਵਾਰਿਸ ਨੇ ਦਰਸ਼ਕਾਂ ਨੂੰ ਨੱਚਣ ਲਈ ਮਜਬੂਰ ਕੀਤਾ ਤੇ ਆਪਣੀ ਆਵਾਜ਼ ਦਾ ਲੋਹਾ ਮਨਵਾਉਦੇ ਹੋਏ ਮੇਲੇ ਨੂੰ ਸ਼ਿਖਰ ਵੱਲ ਲੈ ਗਿਆ। ਇਸ ਮੌਕੇ ਐਮ ਐਲ ਏ ਡਾ ਵਿਜੇ ਸਿੰਗਲਾ, ਸਾਬਕਾ ਐਮ ਐਲ ਏ ਜਗਦੀਪ ਸਿੰਘ ਨਕੱਈ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਮਾਰਕਿਟ ਕਮੇਟੀ ਮਾਨਸਾ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ, ਇੰਦਰਜੀਤ ਉੱਭਾ ਵੀ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਆਖਿਰ ਵਿਚ ਵਾਰੀ ਆਈ ਮਸ਼ਹੂਰ ਲੋਕ ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਦੀ ਜਿੰਨਾ ਨੇ ਸਭ ਤੋਂ ਪਹਿਲਾਂ ਮਾਨਸਾ ਵਾਸੀਆਂ ਨੂੰ ਵਿਸਾਖੀ ਦੀ ਵਧਾਈ ਦਿੱਤੀ ਅਤੇ ਮਾਨਸਾ ਇਲਾਕੇ ਨਾਲ ਆਪਣੀ ਸਾਂਝ ਬਾਰੇ ਦੱਸਿਆ ਤੇ ਫਿਰ ਇੱਕ ਮੇਰਾ ਗੀਤ ਉਹਨਾਂ ਦੇ ਨਾਂ, ਮਾਵਾਂ ਧੀਆਂ , ਇੱਕ ਦਿਨ ਬੰਦਾ ਹੈ ਤੋਂ ਸੀ ਹੋ ਜਾਂਦਾ ਅਤੇ ਰਾਹਾਂ ਵਿਚ ਕੰਡੇ ਬੀਜਣ ਵਾਲਿਆਂ ਦਾ ਧੰਨਵਾਦੀ ਹਾਂ ਜਿਹੇ ਗੀਤ ਗਾ ਕੇ ਪੰਡਾਲ ਵਿਚ ਬੈਠੇ ਦਰਸ਼ਕਾਂ ਨੂੰ ਬੰਨ ਕੇ ਬੈਠਾ ਲਿਆ। ਵਿਚੋਂ ਦੀ ਪ੍ਰਬੰਧਕਾਂ ਵਲੋਂ ਮੇਲੇ ਨੂੰ ਸਫਲ ਬਣਾਉਣ ਵਾਲੀਆਂ ਸਖਸ਼ੀਅਤਾਂ ਸਮਾਜ ਸੇਵੀ ਪ੍ਰੇਮ ਅਰੋੜਾ, ਮਿੱਠੂ ਅਰੋੜਾ, ਰਾਜ ਝੁਨੀਰ ਬੱਸ, ਹਰਜੀਵਨ ਸਰਾਂ , ਤੇਜਿੰਦਰ ਪਾਲ ਸਿੰਘ , ਡਾ.ਰਵਿੰਦਰ ਗਰਗ , ਬਲਜੀਤ ਸਿੰਘ ਸੂਬਾ, ਕੇਸਰ ਸਿੰਘ ਧਲੇਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਗਿਆ। ਮਾਨਸਾ ਜ਼ਿਲ੍ਹੇ ਦਾ ਥੀਮ ਗੀਤ ਪੀ ਬੀ 31 ਜੋ ਡਾਕਟਰ ਧਰਮਿੰਦਰ ਸਿੰਘ ਉੱਭਾ ਦਾ ਲਿਖਿਆ ਹੈ ਤੇ ਲਵੀ ਵਾਰਿਸ ਦਾ ਗਾਇਆ ਹੈ, ਉਹ ਵੀ ਮੇਲੇ ਵਿੱਚ ਰੀਲੀਜ਼ ਕੀਤਾ ਗਿਆ।ਜਗਸੀਰ ਸਿੰਘ ਢਿੱਲੋ, ਬਿੱਕਰ ਸਿੰਘ ਮੰਘਾਣੀਆਂ, ਨਰਿੰਦਰ ਸ਼ਰਮਾ , ਓਮ ਪ੍ਰਕਾਸ਼ ਪੀ ਸੀ ਐਸ, ਰੁਲਦੂ ਰਾਮ ਨੰਦਗੜ, ਸਰਬਜੀਤ ਕੋਸ਼ਲ, ਪ੍ਰਿਤਪਾਲ ਸਿੰਘ, ਮੇਜਰ ਸਿੰਘ , ਜਸਵੰਤ ਸਿੰਘ ਦੀ ਅਗਵਾਈ ਵਿਚ ਸਰੋਤਿਆਂ ਲਈ ਚਾਹ ਪਾਣੀ ਅਤੇ ਪਕੌੜਿਆਂ ਦਾ ਲੰਗਰ ਸਾਰੇ ਮੇਲੇ ਦੌਰਾਨ ਚਲਦਾ ਰਿਹਾ । ਇਸ ਮੇਲੇ ਦਾ ਆਨੰਦ ਮਾਣਨ ਲਈ ਮੇਜਰ ਸਿੰਘ , ਜਸਵੰਤ ਸਿੰਘ, ਐਡਵੋਕੇਟ ਨਵਲ ਗੋਇਲ, ਅਸ਼ੋਕ ਬਾਂਸਲ ਮਾਨਸਾ, ਭਰਪੂਰ ਸਿੰਘ, ਆਰ ਸੀ ਚੁੱਘ, ਹੰਸਰਾਜ ਮੋਫਰ, ਪ੍ਰੇਮ ਅਗਰਵਾਲ, ਸ਼ਾਮ ਲਾਲ, ਬਿੱਕਰਮਜੀਤ ਸਿੰਘ ਟੈਕਸਲਾ, ਮੇਜਰ ਸਿੰਘ ਐਸ ਓ, ਪ੍ਰਕਾਸ਼ ਚੰਦ ਜੈਨ, ਸੇਠੀ ਸਿੰਘ ਸਰਾਂ, ਨਰਿੰਦਰ ਗੁਪਤਾ, ਰਮੇਸ਼ ਜਿੰਦਲ , ਓਮ ਪ੍ਰਕਾਸ਼ ਜਿੰਦਲ, ਜੀਵਨ ਕੁਮਾਰ ਵੀ ਹਾਜ਼ਰ ਸਨ। ਗਾਇਕੀ ਦੇ ਦੌਰ ਦੌਰਾਨ ਆਪਣੇ ਲੱਛੇਦਾਰ ਅੰਦਾਜ਼ ਅਤੇ ਚੰਗੀ ਸ਼ਾਇਰੀ ਨਾਲ ਲੋਕਾਂ ਨੂੰ ਬੰਨਕੇ ਬੈਠਾਈ ਰੱਖਣ ਵਾਲਾ ਮੰਚ ਸੰਚਾਲਨ ਉੱਘੇ ਮੰਚ ਸੰਚਾਲਨ ਜਗਦੀਪ ਜੋਗਾ ਵਲੋਂ ਬਾਖੂਬੀ ਕੀਤਾ ਗਿਆ। ਦੇਰ ਰਾਤ ਤੱਕ ਬੇਸ਼ੱਕ ਕਿਣਮਿਣ ਹੁੰਦੀ ਰਹੀ ਪਰ ਦਰਸ਼ਕ ਮੰਤਰ ਮੁਗਧ ਹੋਏ ਦੇਬੀ ਮਖ਼ਸੂਸਪੁਰੀ ਦੀ ਸ਼ਾਇਰੀ ਭਰਪੂਰ ਗੀਤਾਂ ਦਾ ਅਨੰਦ ਲੈਂਦੇ ਰਹੇ।