Saturday, April 13, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਦਿ ਰੌਇਲ ਗਲੋਬਲ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ

ਦਿ ਰੌਇਲ ਗਲੋਬਲ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਵਿਸਾਖੀ ਦਾ ਤਿਉਹਾਰ


ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : 
ਭੀਖੀ-ਮਾਨਸਾ ਨੈਸ਼ਨਲ ਮਾਰਗ 'ਤੇ ਸਥਿਤ ਇਲਾਕੇ ਦੀ ਨਾਮਵਰ ਸੰਸਥਾ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਵਿਸਾਖੀ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ।ਇਸ ਮੌਕੇ ਸਕੂਲ ਵਿੱਚ ਪੰਜਾਬੀ ਸੱਭਿਆਚਾਰ ਦੀ ਇੱਕ ਝਲਕ ਪੇਸ਼ ਕੀਤੀ ਗਈ।ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਦਾ ਮੁੱਖ ਨਾਚ ਭੰਗੜਾ ਅਤੇ ਗਿੱਧਾ ਪੇਸ਼ ਕੀਤਾ ਅਤੇ ਸਾਰਿਆਂ ਦਾ ਮਨ ਮੋਹ ਲਿਆ। ਇਸ ਤੋਂ ਇਲਾਵਾ ਵਿਦਿਆਰਥੀਆਂ ਵੱਲੋਂ ਸਕਿੱਟ 
,ਕਵਿਤਾਵਾਂ ,ਭਾਸ਼ਣ  ਅਤੇ ਗੀਤ ਪੇਸ਼ ਕੀਤੇ ਗਏ। ਕਿੰਡਰਗਾਰਟਨ ਦੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਆਏ ਜੋ ਕਿ ਬਹੁਤ ਹੀ ਪਿਆਰੇ ਲੱਗ ਰਹੇ ਸਨ। ਬੱਚਿਆਂ ਨੂੰ ਅਲੋਪ ਹੋ ਰਹੇ ਪੰਜਾਬੀ ਸਭਿਆਚਾਰ ਨਾਲ ਜਾਣੂ ਕਰਵਾਇਆ ਗਿਆ। ਕਲਾਸ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੂੰ ਗੁਰਦਵਾਰਾ ਸਾਹਿਬ ਵਿਖੇ ਲਿਜਾਇਆ ਗਿਆ ਇੱਥੇ ਵਿਦਿਆਰਥੀਆਂ ਨੇ ਸਲੀਕੇ ਨਾਲ ਗੁਰੂਘਰ ਦੀ ਮਰਿਆਦਾ ਅਨੁਸਾਰ ਮੱਥਾ ਟੇਕਿਆ ਅਤੇ ਲੰਗਰ ਛਕਿਆ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਯੋਗਿਤਾ ਭਾਟੀਆ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਸਮਾਜ ਦੇ ਸਰਬੱਤ ਦੀ ਭਲਾਈ ਲਈ ਸ੍ਰੀ ਕੇਸਗੜ੍ਹ ਸਾਹਿਬ (ਅਨੰਦਪੁਰ ਸਾਹਿਬ) ਵਿਖੇ ਪੰਜ ਪਿਆਰਿਆ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਈ. ਦੇ ਵਿਸਾਖੀ ਵਾਲੇ ਦਿਨ ਅੰਮਿ੍ਤ ਛਕਾ ਕੇ ਖ਼ਾਲਸਾ ਪੰਥ ਦੀ ਨੀਂਹ ਰੱਖੀ।ਮਹਾਨ ਨਾਇਕ ਊਧਮ ਸਿੰਘ ਦੀ ਜੀਵਨੀ ਉਪਰ ਵੀ ਪ੍ਰਕਾਸ਼ ਪਾਉਂਦਿਆਂ ਦੱਸਿਆ ਕਿ 1919 ਵਿੱਚ ਜਨਰਲ ਡਾਇਰ ਦੁਆਰਾ ਵਿਸਾਖੀ ਦਾ ਤਿਉਹਾਰ ਮਨਾ ਰਹੇ ਨਿਹੱਥੇ ਲੋਕਾ ਉੱਪਰ ਗੋਲੀਆ ਚਲਾ ਕੇ ਬੇਗੁਨਾਹ ਲੋਕਾ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਇਸ ਹੱਤਿਆਕਾਂਡ ਦੀ ਸਾਜਿਸ਼ ਰਚਣ ਵਾਲੇ ਜਨਰਲ ਡਾਇਰ ਨੂੰ ਊਧਮ ਸਿੰਘ ਨੇ ਗੋਲੀ ਮਾਰ ਕੇ ਬਦਲਾ ਲਿਆ ਸੀ। ਸਮਾਜਿਕ ਵਿਗਿਆਨ ਅਧਿਆਪਕ ਸ਼੍ਰੀਮਤੀ ਅੰਮ੍ਰਿਤਪਾਲ ਕੌਰ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹ ਤਿਉਹਾਰ ਸਾਰਿਆਂ ਧਰਮਾਂ ਦੇ ਲੋਕਾਂ ਦੁਆਰਾ ਅਲਗ ਅਲਗ ਪ੍ਰਕਾਰ ਨਾਲ ਮਨਾਇਆ ਜਾਂਦਾ ਹੈ। ਪੰਜਾਬ ਵਿੱਚ ਇਸ ਤਿਉਹਾਰ ਦਾ ਮਹੱਤਵ ਹਾੜ੍ਹੀ ਦੀ ਫ਼ਸਲ ਨਾਲ ਵੀ ਹੈਇਸ ਸਮੇਂ ਤੱਕ ਹਾੜ੍ਹੀ ਦੀ ਫ਼ਸਲ ਪੱਕ ਕੇ ਕੱਟਣ ਲਈ ਤਿਆਰ ਹੋ ਜਾਂਦੀ ਹੈ। ਸਕੂਲ ਦੇ ਚੇਅਰਮੈਨ ਸ੍ਰੀ ਏਕਮਜੀਤ ਸੋਹਲ ਨੇ ਸਭ ਨੂੰ ਵਿਸਾਖੀ ਦੇ ਤਿਉਹਾਰ ਦੀਆਂ  ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਵਿਦਿਆਰਥੀਆਂ ਨੂੰ ਪੰਜਾਬੀ ਸਭਿਆਚਾਰ ਨਾਲ ਜੋੜੇ ਰੱਖਣ ਲਈ ਇਸ ਤਰਾਂ ਦੇ ਤਿਉਹਾਰ ਮਨਾਉਣ ਨੂੰ ਜ਼ਰੂਰੀ ਦੱਸਿਆ।