ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕਲਾਊਡ ਕੰਪਿਊਟਿੰਗ ਵਿਸ਼ੇ 'ਤੇ ਸੈਮੀਨਾਰ ਕਰਵਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗੁਰੂ ਨਾਨਕ ਕਾਲਜ ਬੁਢਲਾਡਾ ਦੇ ਕੰਪਿਊਟਰ ਵਿਭਾਗ ਵੱਲੋਂ ਕਲਾਊਡ ਕੰਪਿਊਟਿੰਗ ਵਿਸ਼ੇ ਤੇ ਸੈਮੀਨਾਰ ਕਰਵਾਇਆ,ਜਿਸ ਵਿੱਚ ਡਾ. ਅੰਜੂ ਬਾਲਾ,ਐਸੋਸੀਏਟ ਪ੍ਰੋਫੈਸਰ ਅਤੇ ਐਸੋਸੀਏਟ ਮੁਖੀ, ਇੰਜੀਨੀਅਰ ਅਤੇ ਕੰਪਿਊਟਿੰਗ ਵਿਭਾਗ ਥਾਪਰ ਇੰਸਟੀਚਿਊਟ ਆਫ ਇੰਜਨੀਅਰਿੰਗ ਅਤੇ ਤਕਨਾਲੋਜੀ, ਪਟਿਆਲਾ ਨੇ ਵਿਸ਼ਾ ਮਾਹਿਰ ਦੇ ਤੌਰ 'ਤੇ ਵਿਸ਼ੇਸ਼ ਸ਼ਿਰਕਤ ਕੀਤੀ। ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ ਨੇ ਜੀ ਆਇਆਂ ਨੂੰ ਆਖਦਿਆਂ ਕਿਹਾ ਕਿ ਵਿਭਾਗ ਵਿਸ਼ਵ ਦੀਆਂ ਵੱਡੀਆਂ ਸੰਸਥਾਵਾਂ ਨਾਲ ਟਾਈਅੱਪ ਕਰਕੇ ਇਸ ਸਮੇਂ ਦੇ ਚਰਚਿਤ ਵਿਸ਼ਿਆਂ ਬਾਰੇ ਲਗਾਤਾਰਤਾ ਵਿੱਚ ਸੈਮੀਨਾਰ ਅਤੇ ਵਿਸ਼ੇਸ਼ ਲੈਕਚਰ ਕਰਵਾ ਰਿਹਾ ਹੈ ਅਤੇ ਲਗਾਤਾਰਤਾ ਵਿੱਚ ਕਰਵਾਵੇਗਾ ਤਾਂ ਜੋ ਇਸ ਇਲਾਕੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਉਹ ਸੁਵਿਧਾਵਾਂ ਮਿਲ ਸਕਣ ਜੋ ਵੱਡੇ ਮਹਾਂਨਗਰਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਮਿਲਦੀਆਂ ਹਨ। ਕਲਾਊਡ ਕੰਪਿਊਟਿੰਗ ਬਾਰੇ ਬੋਲਦਿਆਂ ਡਾ. ਅੰਜੂ ਬਾਲਾ ਨੇ ਕਿਹਾ ਕਿ ਕਲਾਊਡ ਕੰਪਿਊਟਿੰਗ ਲੋਕਾਂ ਅਤੇ ਕਾਰੋਬਾਰਾਂ ਲਈ ਇੱਕ ਪ੍ਰਸਿੱਧ ਵਿਕਲਪ ਹੈ, ਜਿਸ ਨਾਲ ਲਾਗਤ ਦੀ ਬੱਚਤ, ਵਧੀ ਹੋਈ ਉਤਪਾਦਕਤਾ, ਗਤੀ ਅਤੇ ਕੁਸ਼ਲਤਾ ਅਤੇ ਸੁਰੱਖਿਆ ਦੀ ਆਗਿਆ ਮਿਲਦੀ ਹੈ। ਉਨ੍ਹਾਂ ਵਿਦਿਆਰਥੀਆਂ ਦੇ ਸੁਆਲਾਂ ਦੇ ਉੱਤਰ ਦਿੰਦਿਆਂ ਕਿਹਾ ਕਿ ਇਸਨੇ ਸਾਡੇ ਕੰਮ ਕਰਨ, ਸੰਚਾਰ ਕਰਨ ਅਤੇ ਸਹਿਯੋਗ ਕਰਨ ਦੇ ਤਰੀਕੇ ਨੂੰ ਬਦਲ ਦਿੱਤਾ ਹੈ। ਕੋਆਰਡੀਨੇਟਰ ਪ੍ਰੋ. ਸੰਧਿਆ ਵਤਸ ਨੇ ਆਖੀਰ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਸੈਮੀਨਾਰ ਵਿੱਚ ਡਾ. ਗੀਤੂ, ਪ੍ਰੋ. ਦੀਪਾਲੀ ਅਤੇ ਸਮੂਹ ਕੰਪਿਊਟਰ ਵਿਭਾਗ ਹਾਜ਼ਰ ਰਿਹਾ।
