ਆਰਟੀਫਿਸ਼ੀਅਲ ਇੰਟੈਲੀਜੈਂਸ ਅੱਜ ਦੇ ਸਮੇਂ ਦੀ ਅਹਿਮ ਲੋੜ : ਡਾ.ਕੰਬੋਜ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਦਿ ਰੌਇਲ ਗਰੁੱਪ ਆਫ ਕਾਲਿਜਜ਼ ਬੋੜਾਵਾਲ ਵਿਖੇ ਸਫ਼ਲਤਾ-ਪੂਰਵਕ ਚੱਲ ਰਹੀ ਸੱਤ-ਰੋਜ਼ਾ ਸਕਿੱਲ ਡਿਵੈਲਪਮੈਂਟ ਵਰਕਸ਼ਾਪ 'ਚ ਆਰਟਿਫੀਸ਼ੀਅਲ ਇੰਟੈਲੀਜੈਂਸ 'ਤੇ ਕੰਪਿਊਟਰੀਕਰਨ’ ਵਿਸ਼ੇ ‘ਤੇ ਪੇਸ਼ਕਾਰੀ ਕਰਵਾਈ ਗਈ ਜਿਸ ਦੇ ਮੁੱਖ ਵਕਤਾ ਪੰਜਾਬੀ ਯੂਨੀਵਰਿਸਟੀ ਤੋਂ ‘ਭਾਸ਼ਾ ਵਿਗਿਆਨ ਤੇ ਪੰਜਾਬੀ ਕੋਸ਼ਕਾਰੀ ਵਿਭਾਗ’ ਦੇ ਮੁਖੀ ਡਾ.ਸੀ.ਪੀ.ਕੰਬੋਜ ਸ਼ਾਮਲ ਹੋਏ।ਕਾਲਜ ਪਹੁੰਚਣ ‘ਤੇ ਡਾ.ਕੁਲਵਿੰਦਰ ਸਿੰਘ ਸਰਾਂ ਤੇ ਪ੍ਰੋ. ਸੁਰਜਨ ਸਿੰਘ ਨੇ ਓਹਨਾਂ ਦਾ ਸਵਾਗਤ ਕੀਤਾ। ਡਾ.ਕੁਲਦੀਪ ਸਿੰਘ ਬੱਲ ਨੇ ਸਵਾਗਤੀ ਸ਼ਬਦ ਕਹਿੰਦਿਆਂ,ਓਹਨਾਂ ਦੇ ਇਸ ਖੇਤਰ ਵਿੱਚ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ। ਡਾ.ਕੰਬੋਜ਼ ਨੇ ਬੜੇ ਹੀ ਰੌਚਕ ਅੰਦਾਜ਼ ਤੇ ਖ਼ੂਬਸੂਰਤ ਸ਼ਬਦਾਂ ਵਿੱਚ ਆਪਣੀ ਪੇਸ਼ਕਾਰੀ ਨਾਲ ਵਿਦਿਆਰਥੀਆਂ ਨੂੰ ਕੀਲ ਲਿਆ।ਓਹਨਾਂ ਨੇ ਪਾਵਰ-ਪੁਆਂਇਟ ਪੇਸ਼ਕਾਰੀ ਵਿੱਚ ਆਰਟਿਫੀਸ਼ੀਅਲ ਇੰਟੈਲੀਜੈਂਸ’ ਦੇ ਵੱਖ-ਵੱਖ ਪੱਖਾਂ ‘ਤੇ ਰੌਸ਼ਨੀ ਪਾਉਂਦਿਆਂ ਵਿਦਿਆਰਥੀਆਂ ਨੂੰ ਇਸ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਤੇ ਅਜੋਕੇ ਸਮੇਂ ਵਿੱਚ ਇਸ ਦੀ ਉਸਾਰੂ ਵਰਤੋਂ ਕਰਨ ‘ਤੇ ਜ਼ੋਰ ਦਿੱਤਾ।ਉਹਨਾਂ ਕੰਪਿਊਟਰੀਕਰਨ ਦੇ ਜ਼ਮਾਨੇ ਵਿੱਚ ਇਸ ਨੂੰ ਵੱਧ ਤੋਂ ਵੱਧ ਵਰਤੋਂ ਕਰਕੇ ਕਮਾਈ ਦਾ ਸਾਧਨ ਬਣਾਉਣ ਦੇ ਵਿਦਿਆਰਥੀਆਂ ਨਾਲ ਗੁਰ ਸਾਂਝੇ ਕੀਤੇ।ਉਹਨਾਂ ਨੇ ਕਈ ਤਰ੍ਹਾਂ ਦੇ ਸਾਫ਼ਟਵੇਅਰਾਂ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ।ਵਿਦਿਆਰਥੀਆਂ ਨੇ ਓਹਨਾਂ ਨੂੰ ਸਵਾਲ ਕਰਕੇ ਆਪਣੀ ਜਗਿਆਸਾ ਸ਼ਾਂਤ ਕੀਤੀ ।ਡਾ.ਕੰਬੋਜ ਨੇ ਬੜੇ ਸੁਚੱਜੇ ਤਰੀਕੇ ਨਾਲ ਓਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ।ਪ੍ਰੋਗਰਾਮ ਦੇ ਅਖ਼ੀਰ ਵਿੱਚ ਪ੍ਰਿੰਸੀਪਲ ਡਾ.ਕੁਲਦੀਪ ਸਿੰਘ ਬੱਲ ਨੇ,ਡਾ.ਕੰਬੋਜ ਨੂੰ ਕਾਲਜ ਵੱਲੋਂ ਯਾਦਗਾਰੀ ਚਿੰਨ ਭੇਟ ਕੀਤਾ।ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਅਜੋਕੇ ਸਮੇਂ ਦੀ ਲੋੜ ਨਾਲ ਜੁੜੇ ਵਿਸ਼ੇ ‘ਤੇ ਗਤੀਵਿਧੀਆਂ ਕਰਨ ਲਈ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ।

.jpeg)