ਅਕਾਲੀ ਦਲ ਨੂੰ ਵੋਟ ਪਾਉਣ ਦਾ ਸਿੱਧਾ ਮਤਲਬ ਬੀਜੇਪੀ ਨੂੰ ਵੋਟ ਦੇਣਾ ਹੈ : ਗੁਰਮੀਤ ਸਿੰਘ ਖੁੱਡੀਆਂ
ਲੋਕ 'ਕੱਲੀ 'ਕੱਲੀ ਵੋਟ ਪਾ ਕੇ ਖੁਡੀਆਂ ਨੂੰ ਸੰਸਦ ਭਵਨ ਭੇਜਣਗੇ : ਵਿਧਾਇਕ ਬੁੱਧ ਰਾਮ
ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਜਿਉਂ ਜਿਉਂ ਵੋਟਾਂ ਦੇ ਦਿਨ ਨੇੜੇ ਆ ਰਹੇ ਹਨ ਤਿਉਂ ਤਿਉਂ ਅੱਤ ਦੀ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਉਮੀਦਵਾਰਾਂ ਵੱਲੋਂ ਚੋਣ ਮੁਹਿੰਮ ਵਿੱਚ ਵੀ ਕਾਫੀ ਗਰਾਮਾਹਟ ਲਿਆਂਦੀ ਜਾ ਰਹੀ ਹੈ।ਪਿੰਡ ਕਲੀਪੁਰ ਵਿਖ਼ੇ ਗੁਰਮੀਤ ਸਿੰਘ ਖੁਡੀਆਂ ਨੇ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਤੇ ਤੰਜ਼ ਕਸਦਿਆ ਕਿਹਾ ਕਿ ਇਹ ਗੱਲ ਪੱਥਰ ’ਤੇ ਲਕੀਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਅੰਦਰਖਾਤੇ ਹੁਣ ਵੀ ਬੁਰਕੀ ਸਾਂਝੀ ਹੈ ਅਤੇ ਗਠਬੰਧਨ ਟੁੱਟਣ ਦਾ ਨਾਟਕ ਕਰਕੇ ਲੋਕਾਂ ਨੂੰ ਗੁਮਰਾਹ ਕੀਤਾ ਜਾ ਰਿਹਾ ਹੈ। ਚੋਣਾਂ ਤੋਂ ਬਾਅਦ 2 ਜੂਨ ਨੂੰ ਸ਼ਰ੍ਹੇਆਮ ਦੋਵੇਂ ਇਕ ਦੂਜੇ ਨੂੰ ਜੱਫੀਆਂ ਪਾਈ ਦਿਖਾਈ ਦੇਣਗੇ। ਸ੍ਰ. ਖੁੱਡੀਆਂ ਨੇ ਵੋਟਰਾਂ ਨੂੰ ਚੌਕਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਵੋਟ ਪਾਉਣ ਦਾ ਸਿੱਧਾ ਮਤਲਬ ਬੀਜੇਪੀ ਨੂੰ ਵੋਟ ਦੇਣਾ ਹੈ। ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਤੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ 2022 ਦੀ ਵਿਧਾਨ ਸਭਾ ਵਿੱਚ ਚੁਣੇ ਗਏ ਵਿਧਾਇਕ ਆਮ ਲੋਕਾਂ ਵਿੱਚੋਂ ਵਿਧਾਨ ਸਭਾ 'ਚ ਪਹੁੰਚੇ ਸਨ ਜਦੋਂਕਿ ਪਿਛਲੀਆਂ ਵਿਧਾਨ ਸਭਾ 'ਚ ਮੰਤਰੀਆਂ ਦੇ ਰਿਸ਼ਤੇਦਾਰ ਅਤੇ ਪੁੱਤ ਭਤੀਜੇ ਹੀ ਵਿਧਾਨ ਸਭਾ ਦੀਆਂ ਸੀਟਾਂ 'ਤੇ ਕਾਬਜ ਰਹਿੰਦੇ ਸਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਅੰਦੋਲਨ ’ਚੋਂ ਨਿਕਲੀ ਆਮ ਲੋਕਾਂ ਦੀ ਪਾਰਟੀ ਹੈ। ਜਿਸ ਦਾ ਟੀਚਾ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਮੁਕਤ ਕਰਕੇ ਖ਼ੁਸ਼ਹਾਲੀ ਅਤੇ ਤਰੱਕੀ ਦੀਆਂ ਲੀਹਾਂ ’ਤੇ ਲਿਜਾਣਾ ਹੈ। ਉਨ੍ਹਾਂ ਕਿਹਾ ਕਿ ਆਓ, ਆਪਣੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਰੁਸ਼ਨਾਉਣ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚੋਂ ਹੂੰਝਾ ਫੇਰੂ ਜਿੱਤ ਦਿਵਾ ਕੇ ਸੰਸਦ ਵਿੱਚ ਭੇਜੀਏ।ਪਿੰਡ ਕਲੀਪੁਰ ਦੇ ਵਾਸੀਆਂ ਵੱਲੋਂ ਗੁਰਮੀਤ ਸਿੰਘ ਖੁਡੀਆ ਨੂੰ ਲੱਡੂਆਂ ਨਾਲ ਤੋਲਿਆ ਗਿਆ।ਇਸ ਮੌਕੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ, ਚੇਅਰਮੈਨ ਸੋਹਣਾ ਸਿੰਘ ਕਲੀਪੁਰ, ਜ਼ਿਲ੍ਹਾ ਯੂਥ ਪ੍ਰਧਾਨ ਰਮਨ ਗੁੜ੍ਹਦੀ,ਨਗਰ ਕੋਂਸਲ ਬੁੱਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ, ਚੇਅਰਮੈਨ ਰਣਜੀਤ ਸਿੰਘ ਫਰੀਦਕੇ, ਹਰਵਿੰਦਰ ਸਿੰਘ ਸੇਖੋਂ ਬੱਛੋਆਣਾ,ਟਰੱਕ ਯੂਨੀਅਨ ਪ੍ਰਧਾਨ ਰਾਮਇੰਦਰ ਸਿੰਘ,ਐਡਵੋਕੇਟ ਚੰਦਨ ਗੁਪਤਾ, ਕਸ਼ਮੀਰ ਸਿੰਘ ਕਲੀਪੁਰ, ਰਾਜਵਿੰਦਰ ਸਿੰਘ, ਆਦਰ ਸਿੰਘ, ਡਾ. ਪਰਮਜੀਤ ਸਿੰਘ, ਸੁਖਵਿੰਦਰ ਸਿੰਘ, ਗੁਰਤੇਜ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਸਮਰਥਕ ਤੇ ਹੋਰ ਆਗੂ ਮੌਜੂਦ ਸਨ।
