ਦਿ ਰੌਇਲ ਗਲੋਬਲ ਸਕੂਲ ਵਿਖੇ 'ਹਿੰਦੀ ਦਿਵਸ' ਮਨਾਇਆ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਭੀਖੀ-ਮਾਨਸਾ ਮੁੱਖ ਮਾਰਗ 'ਤੇ ਸਥਿਤ ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸਵੇਰ ਦੀ ਸਭਾ ਵਿੱਚ ਹਿੰਦੀ ਦਿਵਸ ਮਨਾਇਆ। ਹਿੰਦੀ ਅਧਿਆਪਕਾ ਅਨੂ ਸ਼ਰਮਾਂ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਸਾਨੂੰ ਇਸ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਜ਼ਿਆਦਾ ਵਧੀਆ ਆਪਣੀ ਗੱਲਬਾਤ ਆਪਣੀ ਮਾਤ ਭਾਸ਼ਾ ਨਾਲ ਹੀ ਸਮਝਾ ਸਕਦੇ ਹਾਂ ਪਰ ਫਿਰ ਵੀ ਸਾਨੂੰ ਹਿੰਦੀ ਭਾਸ਼ਾ ਲਿਖਣੀ,ਪੜ੍ਹਨੀ ਤੇ ਬੋਲਣੀ ਆਉਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਪੰਜਾਬ ਤੋਂ ਬਾਹਰ ਦੇਸ਼ ਦੇ ਕਿਸੇ ਵੀ ਸੂਬੇ ਵਿਚ ਜਾਵਾਂਗੇ ਤਾਂ ਸਾਨੂੰ ਰਾਸ਼ਟਰੀ ਭਾਸ਼ਾ ਹਿੰਦੀ ਵਿਚ ਹੀ ਗੱਲਬਾਤ ਕਰਨੀ ਪਵੇਗੀ।ਵਿਦਿਆਰਥੀਆਂ ਵੱਲੋਂ ਹਿੰਦੀ ਨਾਲ ਸੰਬੰਧਿਤ ਕਵਿਤਾਵਾਂ ਵੀ ਬੋਲੀਆਂ ਗਈਆਂ।ਸਕੂਲ ਦੇ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਹਿੰਦੀ ਭਾਸ਼ਾ ਸਾਡੀ ਏਕਤਾ,ਪਛਾਣ ਅਤੇ ਸਫਲਤਾ ਦਾ ਪ੍ਰਤੀਕ ਹੈ।ਹਿੰਦੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦੇਣ ਲਈ ਵੱਖ-ਵੱਖ ਜ਼ਮੀਨੀ ਚਿੰਨ੍ਹਾਂ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਹਿੰਦੀ ਬਹੁਤ ਵਿਸ਼ਾਲ ਅਤੇ ਸੁੰਦਰ ਭਾਸ਼ਾ ਹੈ। ਇਹ ਸਾਡੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਦਰਸਾਉਂਦੀ ਹੈ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਕਰਨ ਦੇ ਨਾਲ ਨਾਲ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ ਚਾਹੀਦਾ ਹੈ ਇਸ ਨਾਲ ਸਾਡੀ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ।
