ਮਾਰਸ ਤਹਿਤ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ 22,23 ਅਤੇ 24 ਅਕਤੂਬਰ ਨੂੰ ਹੋਵੇਗੀ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਏ.ਡੀ.ਸੀ. ਡਾ. ਨਿਰਮਲ ਓਸਪੇਚਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਕੂਲ ਸਿੱਖਿਆ ਵਿਭਾਗ ਮਾਨਸਾ ਵੱਲੋਂ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਜੋ ਕਿ 9,10 ਅਤੇ 11 ਅਕਤੂਬਰ ਨੂੰ ਲਗਾਈ ਜਾਣੀ ਸੀ,ਹੁਣ ਪੰਜਾਬ ਭਰ ਵਿੱਚ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ 22,23 ਅਤੇ 24 ਅਕਤੂਬਰ 2024 ਨੂੰ ਸੈੰਟ ਜੇਵੀਅਰ ਸਕੂਲ ਮਾਨਸਾ ਵਿਖੇ ਲਗਾਈ ਜਾਵੇਗੀ। ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਵਿੱਚ ਮਾਨਸਾ ਜ਼ਿਲ੍ਹੇ ਦੇ ਪੰਜ ਬਲਾਕਾਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਝੁਨੀਰ ਅਤੇ ਬਰੇਟਾ ਵਿੱਚੋਂ ਚੁਣੀਆਂ ਗਈਆਂ 75 ਟੀਮਾਂ ਭਾਗ ਲੈਣਗੀਆਂ। ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਸਾਇੰਸ ਪ੍ਰਦਰਸ਼ਨੀ ਵਿੱਚ ਦੋ ਵਰਗਾਂ ਜਮਾਤ ਅੱਠਵੀਂ ਤੋਂ ਦਸਵੀਂ ਅਤੇ ਗਿਆਰਵੀਂ ਤੋਂ ਬਾਰਵੀਂ ਦੇ ਵਿਦਿਆਰਥੀਆਂ ਵੱਲੋਂ ਸਪੇਸ ਐੰਡ ਐਸਟਰੋਨੋਮੀ, ਹੈਲਥ, ਫਨ-ਸਾਇੰਸ, ਫਿਊਚਰ ਇਨੋਵੇਸ਼ਨ ਅਤੇ ਸਸਟੇਇਨਬਲ ਐਨਰਜੀ ਵਿਸ਼ੇ ਅਧੀਨ ਸਾਇੰਸ ਨਾਲ ਸੰਬੰਧਤ ਵੱਖ-ਵੱਖ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ ਅਤੇ ਕੁਇਜ਼ ਮੁਕਾਬਲਾ ਤੇ ਵਾਦ-ਵਿਵਾਦ ਮੁਕਾਬਲਾ ਵੀ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਅਧਿਆਪਕ ਫੈਸਟ ਅਤੇ ਮੈਜਿਕ ਸ਼ੋਅ ਵੀ ਕਰਵਾਏ ਜਾਣਗੇ ਤਾਂ ਜੋ ਵਿਦਿਆਰਥੀਆਂ ਵਿੱਚ ਵਿਗਿਆਨਿਕ ਦ੍ਰਿਸ਼ਟੀਕੋਣ ਪੈਦਾ ਕੀਤਾ ਜਾ ਸਕੇ ਅਤੇ ਉਹ ਨਵੀਆਂ ਖੋਜਾਂ ਲਈ ਯਤਨਸ਼ੀਲ ਹੋਣ। ਉਨ੍ਹਾਂ ਕਿਹਾ ਕਿ ਇਹਨਾਂ ਮੇਲਿਆਂ ਨਾਲ ਵਿਦਿਆਰਥੀਆਂ ਵਿਚਲੀ ਛੁਪੀ ਹੋਈ ਕਲਾ ਉਜਾਗਰ ਹੁੰਦੀ ਹੈ ਅਤੇ ਉਹਨਾਂ ਨੂੰ ਨਵਾਂ ਕੁੱਝ ਕਰਨ ਦੀ ਪ੍ਰੇਰਨਾ ਮਿਲਦੀ ਹੈ। ਉਪ ਜ਼ਿਲੵਾ ਸਿੱਖਿਆ ਅਫ਼ਸਰ (ਸੈ.ਸਿ.) ਡਾ. ਪਰਮਜੀਤ ਸਿੰਘ ਭੋਗਲ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈੰਟਰੀ ਸਿੱਖਿਆ) ਮਦਨ ਲਾਲ ਕਟਾਰੀਆ ਕਿਹਾ ਕਿ ਅਜਿਹੇ ਵਿਗਿਆਨ ਮੇਲਿਆਂ ਨਾਲ ਵਿਦਿਆਰਥੀਆਂ 'ਚ ਸਰਵ ਪੱਖੀ ਵਿਕਾਸ ਦੀ ਭਾਵਨਾ ਪੈਦਾ ਹੁੰਦੀ ਹੈ ਅਤੇ ਬੱਚਿਆਂ ਦੀ ਪ੍ਤਿਭਾ ਦਾ ਨਿਖਾਰ ਹੁੰਦਾ ਹੈ ।ਪਿਛਲੇ ਦਿਨੀ ਡਿਪਟੀ ਕਮਿਸ਼ਨਰ ਮਾਨਸਾ ਏ.ਡੀ.ਸੀ. ਮਾਨਸਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿ:) ਮਾਨਸਾ ਵੱਲੋਂ ਇਸ ਜ਼ਿਲ੍ਹਾ ਪੱਧਰੀ ਸਾਇੰਸ ਪ੍ਰਦਰਸ਼ਨੀ ਦਾ ਲੋਗੋ 'ਮਾਰਸ' ਵੀ ਜਾਰੀ ਕੀਤਾ ਗਿਆ ਸੀ।ਜ਼ਿਲ੍ਹਾ ਨੋਡਲ ਅਫਸਰ ਜਸਕੀਰਤ ਸਿੰਘ ਨੇ ਦੱਸਿਆ ਕਿ ਵੱਖ-ਵੱਖ ਬਲਾਕਾਂ ਤਹਿਤ ਸਭ ਤੋਂ ਵਧੀਆ 75 ਬੱਚਿਆਂ ਦੇ ਮਾਡਲ ਸਿਲੈਕਟ ਕੀਤੇ ਗਏ ਹਨ ਜਦਕਿ 30-30 ਕੁਇੱਜ਼ ਤੇ ਵਾਦ-ਵਿਵਾਦ ਟੀਮਾਂ ਨੂੰ ਚੁਣਿਆ ਗਿਆ ਹੈ।ਇਹ ਸਾਇੰਸ ਪ੍ਰਦਰਸ਼ਨੀ ਰੈੱਡ ਕਰਾਸ ਸੁਸਾਇਟੀ ਮਾਨਸਾ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ।ਪ੍ਰਿੰਸੀਪਲ ਸੈੰਟ ਜੇਵੀਅਰ ਸਕੂਲ ਮਾਨਸਾ ਵੱਲੋਂ ਸਾਇੰਸ ਪ੍ਰਦਰਸ਼ਨੀ ਦੀ ਸਫਲਤਾ ਲਈ ਭਰਪੂਰ ਸਹਿਯੋਗ ਦਿੱਤਾ ਜਾ ਰਿਹਾ ਹੈ। ਸਾਇੰਸ ਪ੍ਦਰਸ਼ਨੀ ਦੇ ਬਿਹਤਰੀਨ ਪ੍ਬੰਧਨ ਲਈ ਵੱਖ-ਵੱਖ ਕੰਪੋਨੈਂਟ ਟੀਮਾਂ ਵੱਲੋਂ ਯੋਜਨਾਬੰਦੀ ਨਾਲ਼ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ।
