ਨਿੱਜੀ ਸਕੂਲਾਂ ਦੇ ਵਿਦਿਆਰਥੀਆਂ 'ਚ ਕੁਸ਼ਲਤਾਵਾਂ ਦੇ ਵਿਕਾਸ ਲਈ ਸੈਮੀਨਾਰ ਕਰਵਾਇਆ
ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਕੂਲ ਸਿੱਖਿਆ ਵਿਭਾਗ ਵੱਲੋਂ ਨਵੀਂ ਸਿੱਖਿਆ ਨੀਤੀ ਅਤੇ ਨਵਾਂ ਪਾਠਕ੍ਰਮ ਫਰੇਮਵਰਕ ਤਹਿਤ ਵਿਦਿਆਰਥੀਆਂ ਵਿੱਚ ਕੁਸ਼ਲਤਾਵਾਂ ਦੇ ਵਿਕਾਸ ਲਈ ਚਲਾਏ ਜਾ ਰਹੇ ਪ੍ਰੋਗਰਾਮ ਸੀ.ਈ.ਪੀ. ਨੂੰ ਅੱਗੇ ਵਧਾਉਂਦਿਆ ਹੁਣ ਇਸਦੀ ਪਹੁੰਚ ਪ੍ਰਾਈਵੇਟ, ਏਡਿਡ ਅਤੇ ਕੇਂਦਰੀ ਸਕੂਲਾਂ ਤੱਕ ਵੀ ਕਰਨ ਦਾ ਤਹੱਈਆ ਕੀਤਾ ਹੈ।ਇਸੇ ਪਹਿਲ ਕਦਮੀ ਤਹਿਤ ਜ਼ਿਲਾ ਮਾਨਸਾ ਵਿਖੇ ਪ੍ਰਾਈਵੇਟ ਤੇ ਏਡਿਡ ਸਕੂਲ ਪ੍ਰਿੰਸੀਪਲਾਂ ਲਈ ਸੀ.ਈ.ਪੀ. ਸਬੰਧੀ ਮੀਟਿੰਗ-ਕਮ-ਵਰਕਸ਼ਾਪ ਭੁਪਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਤੇ ਡਾ. ਬੂਟਾ ਸਿੰਘ ਸੇਖੋਂ ਸਹਾਇਕ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ ਪੰਜਾਬ ਦੀ ਯੋਗ ਅਗਵਾਈ ਵਿੱਚ ਵਿਦਿਆ ਸਾਗਰ ਕਾਲਜ ਭੀਖੀ ਵਿਖੇ ਕੀਤਾ ਗਿਆ । ਇਸ ਵਰਕਸ਼ਾਪ ਦੇ ਮੁੱਖ ਮਹਿਮਾਨ ਡਾ. ਬੂਟਾ ਸਿੰਘ ਸੇਖੋਂ ਅਤੇ ਭੁਪਿੰਦਰ ਕੌਰ ਦਾ ਸਵਾਗਤ ਵਿੱਦਿਆ ਸਾਗਰ ਕਾਲਜ ਦੇ ਚੇਅਰਮੈਨ ਰਕੇਸ਼ ਜਿੰਦਲ ਅਤੇ ਸਤੀਸ਼ ਕੁਮਾਰ ਨੇ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ। ਇਸ ਨੂੰ ਸੰਬੋਧਨ ਕਰਦਿਆਂ ਡਾ. ਬੂਟਾ ਸਿੰਘ ਸੇਖੋਂ ਅਤੇ ਮੈਡਮ ਭੁਪਿੰਦਰ ਕੌਰ ਨੇ ਕਿਹਾ ਸਿੱਖਿਆ ਦਾ ਅਹਿਮ ਕਾਰਜ ਵਿੱਦਿਆਰਥੀ ਨੂੰ ਨਿੱਤ ਦਿਹਾੜੇ ਦੀ ਜ਼ਿੰਦਗੀ ਵਿੱਚ ਕੁਸ਼ਲ ਬਨਾਉਣਾ ਹੈ।ਜੇਕਰ ਵਿਦਿਆਰਥੀ ਨੂੰ ਪੜ੍ਹਾਏ ਜਾਣ ਵਾਲੇ ਵਿਸ਼ੇ ਉਸਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਸਮਰੱਥ ਬਣਾ ਕੇ ਉਸਦੀ ਸਮਝ ਵਿਕਸਤ ਨਹੀਂ ਕਰਦੇ ਤਾਂ ਅਜਿਹੀ ਸਿੱਖਿਆ ਵਿਅਰਥ ਹੈ।ਸਿੱਖਿਆ ਦੇ ਇਸ ਮੰਤਵ ਦੀ ਪੂਰਤੀ ਲਈ ਹੀ ਸੀ.ਈ.ਪੀ. ਪ੍ਰੋਗਰਾਮ ਚਲਾਇਆ ਗਿਆ ਹੈ।ਹਾਜ਼ਰ ਪ੍ਰਿੰਸੀਪਲਾਂ ਨੂੰ ਸਮੁੱਚੇ ਵਿਸ਼ੇ ਬਾਰੇ ਜਾਣਕਾਰੀ ਦਿੰਦਿਆ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਨਵਨੀਤ ਕੱਕੜ ਨੇ ਸੀ.ਈ.ਪੀ. ਬਾਰੇ,ਇਸਦੇ ਅਹਿਮ ਪੱਖਾਂ ਬਾਰੇ,ਸਟੱਡੀ ਮਟੀਰੀਅਲ ਬਾਰੇ ਅਤੇ ਇਸ ਦੀ ਜ਼ਰੂਰਤ ਬਾਰੇ ਚਰਚਾ ਕੀਤੀ।ਇਸੇ ਤਰਾਂ ਬਲਾਕ ਰਿਸੋਰਸ ਕੋਆਰਡੀਨੇਟਰ ਅਮਨਦੀਪ ਸਿੰਘ ਪਨੂੰ ਨੇ ਪੰਜਾਬੀ ਅਤੇ ਸਮਾਜਿਕ ਵਿਸ਼ੇ ਨਾਲ ਸਬੰਧਿਤ ਕੁਸ਼ਲਤਾਵਾਂ ਦੀ ਜਾਣਕਾਰੀ ਦਿੱਤੀ।
