ਡੀ.ਟੀ.ਐਫ ਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੀ ਸਾਂਝੀ ਮੀਟਿੰਗ ਭੀਖੀ ਵਿਖੇ ਹੋਈ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਡੀ.ਟੀ.ਐਫ ਮਾਨਸਾ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੀ ਇਕ ਸਾਂਝੀ ਮੀਟਿੰਗ ਜਿਲ੍ਹਾ ਪ੍ਰਧਾਨ ਡੀ.ਟੀ.ਐਫ ਅਮੋਲਕ ਡੇਲੂਆਣਾ ਅਤੇ ਜਿਲ੍ਹਾ ਪ੍ਰਧਾਨ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਸੱਤ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਭੀਖੀ ਵਿਖੇ ਹੋਈ, ਜਿਸ ਵਿਚ ਲੰਘੇ ਦਿਨੀਂ ਚੋਣ ਡਿਊਟੀ ਤੋਂ ਆਪਣੀ ਭੈਣ ਨੂੰ ਵਾਪਸ ਲਿਆਂਉਦੇਂ ਸਮੇਂ ਹਾਦਸੇ ਦੌਰਾਨ ਆਪਣੀ ਜਾਨ ਗਵਾਉਣ ਵਾਲੇ ਨੌਜਵਾਨ ਅਵਤਾਰ ਸਿੰਘ ਦੀ ਬੇਵਕਤੀ ਮੌਤ 'ਤੇ ਦੁੱਖ ਪ੍ਰਗਟਾਇਆ ਅਤੇ ਹਾਦਸੇ ਦੌਰਾਨ ਗੰਭੀਰ ਜਖਮੀ ਅਧਿਆਪਿਕਾ ਪਰਮਜੀਤ ਕੌਰ ਦੀ ਸਿਹਤਜਾਬੀ ਦੀ ਕਾਮਨਾ ਕੀਤੀ।ਜਿਲ੍ਹਾ ਪ੍ਰਸ਼ਾਸਨ ਦੇ ਨਾਕਸ ਤੇ ਕੁਚੱਜੇ ਪ੍ਰਬੰਧਾਂ ਦੀ ਨਿਖੇਧੀ ਵੀ ਕੀਤੀ।ਮੀਟਿੰਗ ਦੇ ਏਜੰਡੇ ਤਹਿਤ ਪਰਿਵਾਰ ਨੂੰ ਬਣਦਾ ਇਨਸਾਫ ਦਿਵਾਉਂਣ ਲਈ ਅਗਲੀ ਰਣਨੀਤੀ ਉਲੀਕੀ ਤੇ ਹਾਦਸਾ ਕਰਕੇ ਭੱਜਣ ਵਾਲੇ ਵਿਅਕਤੀ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ। ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਦੀ ਵਿਧਵਾ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਤੇ ਨਿਯਮਾਂ ਤਹਿਤ ਬਣਦੇ ਮੁਆਵਜ਼ੇ ਦੀ ਮੰਗ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਤੋਂ ਕੀਤੀ।ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਜੇ ਤਿੱਖਾ ਘੋਲ ਵੀ ਲੜਣਾ ਪਿਆ ਤਾਂ ਲੜਿਆ ਜਾਵੇਗਾ।ਪੰਚਾਇਤੀ ਚੋਣਾ ਦੌਰਾਨ ਮੁਲਾਜ਼ਮਾਂ ਨੂੰ ਪੇਸ਼ ਆਈਆਂ ਪਰੇਸ਼ਾਨੀਆਂ ਦੀ ਵੀ ਚਰਚਾ ਕੀਤੀ ਗਈ ਤੇ ਦਰਪੇਸ਼ ਆਈਆਂ ਪਰੇਸ਼ਾਨੀਆਂ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦਾ ਮਤਾ ਵੀ ਸਭ ਦੀ ਸਹਿਮਤੀ ਨਾਲ ਪਾਸ ਕੀਤਾ।ਡੀ.ਟੀ.ਐਫ ਮਾਨਸਾ ਵੱਲੋਂ ਅਮਰੀਕ ਸਿੰਘ ਭੀਖੀ,ਦਿਲਬਾਗ ਰੱਲੀ,ਅਮਰਿੰਦਰ ਸਿੰਘ,ਜਸਵੀਰ ਭੰਮਾ,ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ,ਕੁਲਵਿੰਦਰ ਸਿੰਘ,ਜਸਵਿੰਦਰ ਕੁਮਾਰ ਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਵੱਲੋਂ ਜਗਰਾਜ ਸਿੰਘ ਮਾਨਸਾ, ਮਲਕੀਤ ਸਿੰਘ ਬੁਢਲਾਡਾ, ਅਜੇ ਮਿੱਤਲ,ਰਾਜਦੀਪ ਸਿੰਘ,ਜਸਪਾਲ ਸਿੰਘ,ਕੁਲਦੀਪ ਸਿੰਘ,ਯੋਗਰਾਜ ਮਾਨਸਾ ਆਦਿ ਸਾਥੀ ਹਾਜ਼ਰ ਸਨ।
