ਕੈਂਪ ਦੌਰਾਨ ਤੇਲਗੂ ਭਾਸ਼ਾ ਸਿਖਾਉਣ ਲਈ ਕਰਵਾਈਆਂ ਕ੍ਰਿਆਵਾਂ
ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਸਮਰ ਕੈਂਪ ਲਗਾਇਆ ਗਿਆ ਜਿਸ ਵਿੱਚ ਇੱਕ ਹਫਤਾ ਤੇਲਗੂ ਭਾਸ਼ਾ ਦੀ ਮੁੱਢਲੀ ਜਾਣਕਾਰੀ ਸਕੂਲ ਦੇ ਅਧਿਆਪਕ ਬੇਅੰਤ ਕੌਰ,ਬਲਜੀਤ ਸਿੰਘ ਅਤੇ ਸਰਬਜੀਤ ਕੌਰ ਦੁਆਰਾ ਵਿਦਿਆਰਥੀਆਂ ਨਾਲ ਸਾਂਝੀ ਕੀਤੀ ਗਈ ਹੈ। ਇਸ ਕੈਂਪ ਦੌਰਾਨ ਤੇਲਗੂ ਭਾਸ਼ਾ ਸਿੱਖਣ ਲਈ ਵਿਦਿਆਰਥੀਆਂ ਦੁਆਰਾ ਵੱਖ-ਵੱਖ ਕਿਰਿਆਵਾਂ ਕੀਤੀਆਂ ਗਈਆਂ।ਜਾਣਕਾਰੀ ਦਿੰਦਿਆਂ ਆਧਿਆਪਕ ਪਿਆਰਾ ਸਿੰਘ ਗੁਰਨੇ ਨੇ ਦੱਸਿਆ ਕਿ ਇਸ ਕੈਂਪ ਦਾ ਮਕਸਦ ਭਾਰਤ ਦੇ ਵੱਖ ਵੱਖ ਰਾਜਾਂ ਦੀਆਂ ਭਾਸ਼ਾਵਾਂ ਦਾ ਅਦਾਨ ਪ੍ਰਦਾਨ ਕਰਨਾ ਸੀ। ਭਾਰਤ ਦੀਆਂ ਵੱਖ ਵੱਖ ਭਾਸ਼ਾਵਾਂ ਸਿੱਖਣ ਲਈ ਦੋ ਦੋ ਰਾਜਾਂ ਦੇ ਜੋੜੇ ਬਣਾਏ ਗਏ ਹਨ। ਪੰਜਾਬ ਦਾ ਜੋੜਾ ਆਂਧਰਾ ਪ੍ਰਦੇਸ਼ ਰਾਜ ਨਾਲ ਹੈ। ਜਿੱਥੇ ਆਂਧਰਾ ਪ੍ਰਦੇਸ਼ ਪੰਜਾਬੀ ਸਿੱਖ ਰਿਹਾ ਹੈ ਉੱਥੇ ਹੀ ਪੰਜਾਬ ਆਂਧਰਾ ਪ੍ਰਦੇਸ਼ ਦੀ ਭਾਸ਼ਾ ਤੇਲਗੂ ਸਿੱਖ ਰਿਹਾ ਹੈ। ਇਸ ਕੈਂਪ ਦਾ ਮਕਸਦ ਵੱਖ ਵੱਖ ਰਾਜਾਂ ਦੀਆਂ ਭਾਸ਼ਾਵਾਂ,ਸੱਭਿਆਚਾਰ, ਖਾਣ ਪੀਣ ,ਪਹਿਨਣ ਆਦਿ ਤੋਂ ਜਾਣੂ ਹੋਣਾ ਹੈ।ਇਸ ਨਾਲ ਭਾਰਤ ਭਿੰਨਤਾਵਾਂ ਨਾਲ ਭਰਿਆ ਦੇਸ਼ ਹੋਣ ਦੇ ਬਾਵਜੂਦ ਇੱਕ ਲੜੀ ਵਿੱਚ ਪਰੋਇਆ ਜਾਂਦਾ ਹੈ।ਇਹ ਭਾਰਤ ਦੀ ਏਕਤਾ ਲਈ ਸਭ ਤੋਂ ਜਰੂਰੀ ਹੈ। ਦੂਸਰਾ ਵੱਖ-ਵੱਖ ਭਾਸ਼ਾਵਾਂ ਸਿੱਖਣ ਨਾਲ ਵਿਦਿਆਰਥੀਆਂ ਦਾ ਸਿੱਖਣ ਪੱਧਰ ਵੱਧਦਾ ਹੈ ਅਤੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਵਧੇਰੇ ਮੌਕੇ ਮਿਲਦੇ ਹਨ। ਕੈਂਪ ਦੇ ਅਖੀਰਲੇ ਦਿਨ ਵਿਦਿਆਰਥੀਆਂ ਦੁਆਰਾ ਤਿਆਰ ਕੀਤੀ ਸਮੱਗਰੀ ਦੀ ਪ੍ਰਦਰਸ਼ਨੀ ਲਗਾਈ ਗਈ। ਮਾਪੇ ਅਧਿਆਪਕ ਮਿਲਣੀ ਦੌਰਾਨ ਆਏ ਮਾਪਿਆਂ ਨੇ ਇਸ ਪ੍ਰਦਰਸ਼ਨੀ ਨੂੰ ਦੇਖਿਆ।ਇਸ ਪ੍ਰਦਰਸ਼ਨੀ ਦੌਰਾਨ ਸਕੂਲ ਦਾ ਸਾਰਾ ਸਟਾਫ ਹਾਜ਼ਰ ਰਿਹਾ।
