Saturday, May 16, 2026

ਪੱਤਰ ਪ੍ਰੇਰਕ ਬੁਢਲਾਡਾ : ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮਾਮਲਾ ਉਠਾਇਆ

ਜਨਗਣਨਾ ਡਿਊਟੀ ਦੌਰਾਨ ਅਧਿਆਪਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮਾਮਲਾ ਉਠਾਇਆ

ਸਵੇਰ ਸਮੇਂ ਡਿਊਟੀ ਲਗਾਉਣ ਤੇ ਸਕੂਲੀ ਡਿਊਟੀ ਤੋਂ ਛੋਟ ਦੀ ਮੰਗ-ਅਮਨਦੀਪ ਸ਼ਰਮਾ

ਪੱਤਰ ਪ੍ਰੇਰਕ,ਬੁਢਲਾਡਾ : ਤਿੱਖੀ ਗਰਮੀ ਅਤੇ ਲੂ ਦੇ ਮੌਸਮ ਦੌਰਾਨ ਜਨਗਣਨਾ ਡਿਊਟੀ ਕਰ ਰਹੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਸਬੰਧੀ ਮੁੱਖ ਅਧਿਆਪਕ ਅਤੇ ਕੇਂਦਰ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਅੰਕੜਾ ਵਿਭਾਗ ਦੇ ਅਧਿਕਾਰੀਆਂ ਕੋਲ ਮਸਲਾ ਉਠਾਇਆ ਗਿਆ।ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਦੁਪਹਿਰ ਸਮੇਂ ਤਪਦੀ ਧੁੱਪ ਵਿੱਚ ਜਨਗਣਨਾ ਦਾ ਕੰਮ ਕਰਨਾ ਬਹੁਤ ਔਖਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਛੁੱਟੀ ਸਮੇਂ ਤੋਂ ਬਾਅਦ ਜ਼ਿਆਦਾਤਰ ਲੋਕ ਘਰਾਂ ਵਿੱਚ ਆਰਾਮ ਕਰ ਰਹੇ ਹੁੰਦੇ ਹਨ, ਜਿਸ ਕਾਰਨ ਘਰ-ਘਰ ਜਾ ਕੇ ਸਹੀ ਜਾਣਕਾਰੀ ਇਕੱਠੀ ਕਰਨ ਵਿੱਚ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਰਮੀ ਕਾਰਨ ਡਿਊਟੀ ਕਰ ਰਹੇ ਕਰਮਚਾਰੀਆਂ ਦੀ ਸਿਹਤ ‘ਤੇ ਵੀ ਮਾੜਾ ਅਸਰ ਪੈ ਰਿਹਾ ਹੈ।ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਜਨਗਣਨਾ ਦਾ ਕੰਮ ਸਵੇਰ ਦੇ ਸਮੇਂ ਕਰਵਾਇਆ ਜਾਵੇ ਅਤੇ ਸਵੇਰ ਸਮੇਂ ਡਿਊਟੀ ਕਰਨ ਵਾਲੇ ਅਧਿਆਪਕਾਂ ਨੂੰ ਸਕੂਲੀ ਡਿਊਟੀ ਤੋਂ ਯੋਗ ਛੋਟ ਦਿੱਤੀ ਜਾਵੇ।ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਕਿਹਾ ਕਿ ਜਨਗਣਨਾ ਦਾ ਕੰਮ ਸਮਾਂ ਮੰਗਣ ਵਾਲਾ ਕੰਮ ਹੈ, ਜਿਸ ਤਹਿਤ ਨਕਸ਼ੇ ਤਿਆਰ ਕਰਨੇ,ਘਰਾਂ ਦੀ ਲੋਕੇਸ਼ਨ ਟਰੇਸ ਕਰਨੀ ਅਤੇ ਸਹੀ ਵੇਰਵੇ ਇਕੱਠੇ ਕਰਨੇ ਸ਼ਾਮਲ ਹਨ। ਉਨ੍ਹਾਂ ਮੰਗ ਕੀਤੀ ਕਿ ਅਧਿਆਪਕਾਂ ਨੂੰ ਸਕੂਲ ਸਮੇਂ ਦੌਰਾਨ ਹੀ ਜਨਗਣਨਾ ਦਾ ਕੰਮ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਜਾਣ।ਮੁਲਾਕਾਤ ਦੌਰਾਨ ਅਧਿਕਾਰੀਆਂ ਵੱਲੋਂ ਜਥੇਬੰਦੀ ਦੀਆਂ ਮੰਗਾਂ ਸੁਣੀਆਂ ਗਈਆਂ।ਇਸ ਮੌਕੇ ਰਾਕੇਸ਼ ਗੋਇਲ ਬਰੇਟਾ ਸਮੇਤ ਹੋਰ ਆਗੂ ਵੀ ਹਾਜ਼ਰ ਸੀ।