Thursday, August 29, 2024

ਗੁਰਵਿੰਦਰ ਸਿੰਘ ਚਹਿਲ,,ਹੀਰੋਂ ਖ਼ੁਰਦ : ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ

ਵਿਧਾਇਕ ਬੁੱਧ ਰਾਮ ਨੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈਕ ਸੌਂਪੇ

ਪੰਜਾਬ ਸਰਕਾਰ ਕਿਸਾਨ ਹਿਤਾਂ ਦੀ ਰਾਖੀ ਲਈ ਵਚਨਬੱਧ-ਵਿਧਾਇਕ ਬੁੱਧ ਰਾਮ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕਿਸਾਨ ਹਿੱਤਾਂ ਦੀ ਰਾਖੀ ਲਈ ਵਚਨਬੱਧ ਹੈ। ਸਰਕਾਰ ਖੇਤੀਬਾੜੀ ਕਿੱਤੇ ਦੀਆਂ ਮੁਸ਼ਕਿਲਾਂ ਨੂੰ ਸਮਝਦੇ ਹੋਏ ਇਸ ਕਿੱਤੇ ਨੂੰ ਪ੍ਰਫੁੱਲਤ ਕਰਨ ਲਈ ਹਰ ਕਿਸਮ ਦੀ ਮਦਦ ਕਰਨ ਲਈ ਤਤਪਰ ਹੈ। ਖੇਤੀ ਦੇ ਕਿੱਤੇ ਵਿੱਚ ਕੰਮ ਕਰਦਿਆਂ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਦੀ ਆਰਥਿਕ ਮਦਦ ਸਰਕਾਰ ਵੱਲੋਂ ਕੀਤੀ ਜਾਂਦੀ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਪ੍ਰਿੰਸੀਪਲ ਬੁੱਧ ਰਾਮ ਨੇ ਮਾਰਕੀਟ ਕਮੇਟੀ ਬੁਢਲਾਡਾ ਵਿਖੇ ਖੇਤੀਬਾੜੀ ਹਾਦਸਾ ਪੀੜਤਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਵੰਡਣ ਵੇਲੇ ਕੀਤਾ।ਵਿਧਾਇਕ ਨੇ ਕਿਹਾ ਕਿ ਥਰੈਸ਼ਰ ਹਾਦਸੇ ਨਾਲ ਪਿੰਡ ਦੋਦੜਾ ਦੇ ਗੁਰਪ੍ਰੀਤ ਸਿੰਘ ,ਬੁਢਲਾਡਾ ਦੇ ਸੀਹਾਂ ਪੱਤੀ ਵਾਸੀ ਜੀਤ ਸਿੰਘ, ਬੀਰੋਕੇ ਕਲਾਂ ਦੇ ਸੁਖਵਿੰਦਰ ਸਿੰਘ ,ਪਿੰਡ ਫਫੜੇ ਭਾਈਕੇ ਦੇ ਜਗਜੀਤ ਸਿੰਘ ਦੇ ਹੱਥਾਂ ਦੀ ਇੱਕ-ਇੱਕ ਉਂਗਲ ਕਟ ਗਈ ਸੀ।ਅੰਗਾਂ ਦਾ ਸਰੀਰਿਕ ਨੁਕਸਾਨ ਹੋਣ ਕਰਕੇ ਹਰੇਕ ਨੂੰ 10,000 ਰੂਪੈ ਦੀ ਸਹਾਇਤਾ ਰਾਸ਼ੀ ਦੇ ਚੈੱਕ ਦਿੱਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਹ ਸਹਾਇਤਾ ਰਾਸ਼ੀ ਖੇਤੀਬਾੜੀ ਹਾਦਸੇ ਦੌਰਾਨ ਮਾਰਕੀਟ ਕਮੇਟੀ ਵੱਲੋਂ ਪੜਤਾਲ ਕਰਨ ਉਪਰੰਤ ਦਿੱਤੀ ਗਈ ਹੈ।ਮਾਰਕੀਟ ਕਮੇਟੀ ਬੁਢਲਾਡਾ ਦੇ ਚੇਅਰਮੈਨ ਸਤੀਸ਼ ਸਿੰਗਲਾ ਨੇ ਦੱਸਿਆ ਕਿ ਜਦੋਂ ਕਿਸੇ ਨਾਲ ਖੇਤੀਬਾੜੀ ਦਾ ਕੰਮ ਕਰਦਿਆਂ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਦੀ ਸਹਾਇਤਾ ਛੇ ਮਹੀਨਿਆਂ ਦੇ ਵਿੱਚ ਵਿੱਚ ਦੇ ਦਿੱਤੀ ਜਾਂਦੀ ਹੈ।ਇਸ ਮੌਕੇ ਮਾਰਕੀਟ ਕਮੇਟੀ ਸਕੱਤਰ ਅਤੇ ਵਧੀਕ ਜ਼ਿਲ੍ਹਾ ਮੰਡੀ ਅਫਸਰ ਮਾਨਸਾ ਜੈ ਸਿੰਘ ਸਿੱਧੂ,ਗੁਰਦਰਸ਼ਨ ਸਿੰਘ ਪਟਵਾਰੀ,ਚੇਅਰਮੈਨ ਸੋਹਣਾ ਸਿੰਘ ਕਲੀਪੁਰ,ਵਪਾਰ ਵਿੰਗ ਦੇ ਜ਼ਿਲ੍ਹਾ ਜਨਰਲ ਸਕੱਤਰ ਲਲਿਤ ਸੈਂਟੀ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ,ਕੀਰਤੀ ਤੇ ਐਸ਼ਮੀਤ ਨੇ ਗੋਲਡ ਮੈਡਲ ਕੀਤੇ ਹਾਸਿਲ

ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ,ਕੀਰਤੀ ਤੇ ਐਸ਼ਮੀਤ ਨੇ ਗੋਲਡ ਮੈਡਲ ਕੀਤੇ ਹਾਸਿਲ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : 68ਵੀਂਆ ਸਕੂਲੀ ਖੇਡਾਂ ਵਿੱਚ ਐਮ.ਐਲ.ਜੀ ਕਾਨਵੈਂਟ ਸਕੂਲ ਚੀਮਾ (ਸੀ.ਬੀ.ਐਸ.ਈ. ਨਵੀਂ ਦਿੱਲੀ ਤੋਂ ਮਾਨਤਾ ਪ੍ਰਾਪਤ) ਦੇ ਬੱਚਿਆ ਨੇ ਵਾਲੀਬਾਲ,ਕਿੱਕ ਬਾਕਸਿੰਗ,ਕਰਾਟੇ ਅਤੇ ਸਪੈਕਟਰਾ ਵਿੱਚ ਭਾਗ ਲਿਆ।ਇਹਨਾ ਖੇਡਾਂ ਦੌਰਾਨ ਬਾਰਵੀਂ ਕਲਾਸ ਦੇ ਬੱਚੇ ਹੁਸਨਪ੍ਰੀਤ ਸਿੰਘ ਨੇ ਕਰਾਟੇ ਵਿੱਚੋਂ ਗੋਲਡ ਮੈਡਲ,ਦਸਵੀਂ ਕਲਾਸ ਦੀ ਬੱਚੀ ਕੀਰਤੀ ਨੇ ਕਿੱਕ ਬਾਕਸਿੰਗ 'ਚੋਂ ਗੋਲਡ ਤੇ ਅੱਠਵੀਂ ਕਲਾਸ ਦੇ ਐਸ਼ਮੀਤ ਨੇ ਸਪੈਕਟਰਾ 'ਚੋਂ ਗੋਲਡ ਹਾਸਿਲ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਇਹ ਤਿੰਨੋਂ ਬੱਚੇ ਸਟੇਟ ਪੱਧਰੀ ਖੇਡਾਂ ਲਈ ਚੁਣੇ ਗਏ ਹਨ। ਉਹਨਾਂ ਦੱਸਿਆ ਕਿ ਵਾਲੀਬਾਲ 'ਚੋਂ 4 ਬੱਚਿਆ ਨੇ ਕਾਂਸੇ ਦਾ ਮੈਡਲ ਪ੍ਰਾਪਤ ਕੀਤਾ। ਜੇਤੂ ਬੱਚਿਆਂ ਨੂੰ ਸਵੇਰ ਦੀ ਸਭਾ ਵਿੱਚ ਮੈਡਲ ਅਤੇ ਸਰਟੀਫੀਕੇਟ ਵੰਡੇ ਅਤੇ ਹੌਸਲਾ-ਅਫਜਾਈ ਕੀਤੀ।ਪ੍ਰਿੰਸੀਪਲ ਡਾ. ਵਿਕਾਸ ਸੂਦ ਨੇ ਕਿਹਾ ਕਿ ਖੇਡਾਂ ਵਿਦਿਆਰਥੀ ਜੀਵਨ ਦਾ ਅਹਿਮ ਅੰਗ ਹਨ।ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਭਾਗ ਲੈ ਕੇ ਆਪਣੀ ਮਨ ਅਤੇ ਤਨ ਨੂੰ ਤੰਦਰੁਸਤ ਰੱਖਣਾ ਹੁੰਦਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਬੱਚਿਆਂ ਦਾ ਖੇਡਾਂ ਵੱਲ ਰੁਝਾਨ ਹੋਰ ਵਧੇਗਾ।ਉਨ੍ਹਾਂ ਆਸ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲਿਆ ਨਾਲ ਬੱਚਿਆਂ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਤੇਜ਼ੀ ਗਤੀ ਨਾਲ ਹੋਵੇਗਾ।ਮੈਨੇਜਮੈਂਟ ਮੈਂਬਰਾਂ ਵੱਲੋਂ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪੇ੍ਰਿਤ ਵੀ ਕੀਤਾ ਗਿਆ।ਇਸ ਮੌਕੇ ਮੈਨੇਜਮੈਂਟ ਮੈਬਰ ਸੋਨੀਆ ਰਾਣੀ, ਮਧੂ ਰਾਣੀ,ਰਜਿੰਦਰ ਕੁਮਾਰ,ਹੈਪੀ ਕੁਮਾਰ,ਪ੍ਰਿੰਸੀਪਲ ਡਾ. ਵਿਕਾਸ ਸੂਦ,ਡੀ.ਪੀ.ਈ. ਅਤੇ ਸਮੂਹ ਸਟਾਫ ਮੌਜੂਦ ਸੀ।


ਗੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਲਾਇਬਰੇਰੀ ਲਈ ਕੀਤੀਆਂ ਕਿਤਾਬਾਂ ਦਾਨ

ਸਰਕਾਰੀ ਪ੍ਰਾਇਮਰੀ ਸਕੂਲ ਰੰਘੜਿਆਲ ਦੇ ਅਧਿਆਪਕ ਜਸਵਿੰਦਰ ਸਿੰਘ ਨੇ ਲਾਇਬਰੇਰੀ ਲਈ ਕੀਤੀਆਂ ਕਿਤਾਬਾਂ ਦਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਿੱਖਿਆ ਵਿਭਾਗ ਦੇ ਸਾਰੇ ਖੇਤਰਾਂ ਵਿੱਚ ਮੋਹਰੀ ਰੋਲ ਅਦਾ ਕਰਨ ਵਾਲੇ ਅਧਿਆਪਕ ਅਤੇ ਕਲੱਸਟਰ ਮੀਡੀਆ ਇੰਚਾਰਜ਼ ਜਸਵਿੰਦਰ ਸਿੰਘ ਜਨਕ ਨੇ ਆਪਣੇ ਸਕੂਲ ਦੀ ਲਾਇਬ੍ਰੇਰੀ ਲਈ 50 ਬਾਲ ਸਾਹਿਤ ਦੀਆਂ ਵੱਖ-ਵੱਖ ਕਿਤਾਬਾਂ ਦਾਨ ਕੀਤੀਆਂ।ਕਲੱਸਟਰ ਦਿਆਲਪੁਰਾ ਦੇ ਸੈਂਟਰ ਹੈੱਡ ਟੀਚਰ ਕੁਲਵਿੰਦਰ ਸਿੰਘ ਬੁਢਲਾਡਾ ਨੇ ਦੱਸਿਆ ਕਿ ਜਸਵਿੰਦਰ ਸਿੰਘ ਮਾਨਸਾ ਜ਼ਿਲ੍ਹੇ ਦੇ ਉਹ ਮਿਹਨਤੀ ਅਧਿਆਪਕਾਂ ਵਿੱਚੋਂ ਇੱਕ ਹਨ ਜੋ ਸਾਰੇ ਹੀ ਖੇਤਰ ਜਿਵੇਂ ਖੇਡਾਂ,ਪੇਟਿੰਗ ਮੁਕਾਬਲੇ,ਕੁਇਜ਼ ਮੁਕਾਬਲੇ,ਸੱਭਿਆਚਾਰਕ ਅਤੇ ਸਾਰੇ ਹੀ ਸਹਿ ਵਿੱਦਿਅਕ ਮੁਕਾਬਲਿਆਂ ਵਿੱਚ ਆਪਣਾ ਮੋਹਰੀ ਰੋਲ ਅਦਾ ਕਰਦੇ ਹਨ।ਸਕੂਲ ਦੇ ਮੁੱਖ ਅਧਿਆਪਕ ਗੁਰਸੇਵ ਸਿੰਘ ਨੇ ਦੱਸਿਆ ਜਸਵਿੰਦਰ ਸਿੰਘ ਦਾ ਕਿਤਾਬਾਂ ਨਾਲ ਬਹੁਤ ਮੋਹ ਹੈ ਅਤੇ ਇਹ ਆਪ ਵੀ ਬਹੁਤ ਵਧੀਆ ਲਿਖਾਰੀ ਹਨ,ਜਿਨ੍ਹਾਂ ਦੇ ਵੱਖ-ਵੱਖ ਵਿਸ਼ਿਆਂ 'ਤੇ ਲਿਖੇ ਲੇਖ ਅਕਸਰ ਹੀ ਅਖਬਾਰਾਂ ਵਿੱਚ ਛਪਦੇ ਰਹਿੰਦੇ ਹਨ।ਇਹਨਾਂ ਵੱਲੋਂ ਖੇਡਾਂ ਦੇ ਖੇਤਰ ਵਿੱਚ ਤਿਆਰ ਕੀਤੇ ਬੱਚੇ ਰਾਜ ਪੱਧਰ 'ਤੇ ਮੱਲ੍ਹਾਂ ਮਾਰਕੇ ਰੰਘੜਿਆਲ ਸਕੂਲ ਦਾ ਨਾਮ ਚਮਕਾ ਰਹੇ ਹਨ।ਇਸ ਮੌਕੇ ਸਕੂਲ ਮੇਨੈਜਮੈਂਟ ਕਮੇਟੀ ਦੇ ਚੇਅਰਮੈਨ ਕੁਲਦੀਪ ਸਿੰਘ, ਉਪ ਚੇਅਰਮੈਨ ਨਿਰਭੈ ਸਿੰਘ, ਸਾਬਕਾ ਚੇਅਰਮੈਨ ਗੁਰਦੀਪ ਸਿੰਘ,ਸਾਬਕਾ ਪੰਚ ਅੰਗਰੇਜ਼ ਕੌਰ,ਸਮਾਜ ਸੇਵੀ ਜਰਨੈਲ ਸਿੰਘ ਰੰਘੜਿਆਲ ਹਾਜਰ ਸਨ।

Wednesday, August 28, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਨਾਲ ਡੀਪੀਆਈ ਦਫ਼ਤਰ ਦੀ ਛੱਤ ‘ਤੇ ਚੜ੍ਹੇ

ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਅਧਿਆਪਕ ਪੈਟਰੋਲ ਦੀਆਂ ਬੋਤਲਾਂ ਨਾਲ ਡੀਪੀਆਈ ਦਫ਼ਤਰ ਦੀ ਛੱਤ ‘ਤੇ ਚੜ੍ਹੇ

ਈਟੀਟੀ 2364 ਬੇਰੁਜ਼ਗਾਰ ਅਧਿਆਪਕਾਂ ਵੱਲੋਂ ਆਪਣੇ ਨਿਯੁਕਤੀ ਪੱਤਰਾਂ ਦੀ ਮੰਗ ਨੂੰ ਲੈ ਕੇ ਲੱਗਿਆ ਧਰਨਾ ਛੇਵੇਂ ਦਿਨ ‘ਚ ਦਾਖਲ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨਿਯੁਕਤੀ ਪੱਤਰ ਜਲਦੀ ਸੌਂਪੇ ਜਾਣ ਦੀ ਮੰਗ ਨੂੰ ਲੈ ਕੇ ਬੇਰੁਜ਼ਗਾਰ ਈਟੀਟੀ 2364 ਭਰਤੀ ਦੇ ਦੋ ਅਧਿਆਪਕ ਗੁਰਸੇਵ ਸਿੰਘ ਸੰਗਰੂਰ ਅਤੇ ਰਾਜਵਿੰਦਰ ਸਿੰਘ ਜਲਾਲਾਬਾਦ ਆਪਣੇ ਨਾਲ ਪੈਟਰੋਲ ਦੀਆਂ ਬੋਤਲਾਂ ਲੈਕੇ ਅੱਜ ਕੇ ਡੀ ਪੀ ਆਈ ਦਫ਼ਤਰ ਮੋਹਾਲੀ ਦੀ ਛੱਤ ਤੇ ਚੜ੍ਹ ਗਏ।ਇਨ੍ਹਾਂ ਈਟੀਟੀ 2364 ਭਰਤੀ ਵਾਲੇ ਬੇਰੁਜ਼ਗਾਰ ਅਧਿਆਪਕਾਂ ਦਾ ਡੀਪੀਆਈ ਦਫ਼ਤਰ ਮੋਹਾਲੀ ਅੱਗੇ ਧਰਨਾ ਪ੍ਰਦਰਸ਼ਨ ਵੀ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਹਨਾਂ ਅਧਿਆਪਕਾਂ ਨੇ ਡੀਪੀਆਈ ਦਫ਼ਤਰ ਦੀ ਛੱਤ ਤੋਂ ਹੀ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਅਧਿਆਪਕਾਂ ਦੇ ਹੱਥਾਂ ਵਿੱਚ ਪੈਟਰੋਲ ਦੀਆਂ ਬੋਤਲਾਂ ਵੀ ਫੜ੍ਹੀਆਂ ਹੋਈਆਂ ਹਨ।ਅਧਿਆਪਕਾਂ ਨੇ ਕਿਹਾ ਕਿ ਜੇ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਆਪਣੀ ਜਾਨ ਵੀ ਦਾਅ ਤੇ ਲਾ ਦਿਆਂਗੇ। ਇਹ ਸੁਨੇਹਾ ਛੱਤ ‘ਤੇ ਚੜੇ ਅਧਿਆਪਕਾਂ ਵੱਲੋਂ ਇੱਕ ਵੀਡੀਓ ਰਾਹੀਂ ਦਿੱਤਾ ਗਿਆ ਹੈ। ਅਧਿਆਪਕਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੀ ਮੈਰਿਟ ਸੂਚੀ ਆਈ ਨੂੰ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ ਪਰ ਸਿੱਖਿਆ ਵਿਭਾਗ ਉਨ੍ਹਾਂ ਨੂੰ ਨਿਯੁਕਤੀ ਪੱਤਰ ਨਹੀਂ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿਹਾ ਕਿ ਜੇਕਰ ਸਰਕਾਰ 2364 ਭਰਤੀ ਨੂੰ ਪੂਰਾ ਕਰਨ ਵਿੱਚ ਦੇਰੀ ਕਰਦੀ ਹੈ ਤਾਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੱਧਰ ਤੇ ਤਿੱਖੇ ਸੰਘਰਸ਼ ਕੀਤੇ ਜਾਣਗੇ।ਯੂਨੀਅਨ ਆਗੂਆਂ ਨੇ ਕਿਹਾ ਕੀ ਸਰਕਾਰ ਨਾਲ ਲਗਾਤਾਰ 2364 ਭਰਤੀ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਨੇ ਈਟੀਟੀ 2364 ਭਰਤੀ ਨੂੰ ਜਲਦੀ ਪੂਰਾ ਕਰਨ ਦਾ ਵਿਸ਼ਵਾਸ ਦੁਆਇਆ ਤੇ ਹੁਣ ਸੰਬੰਧਿਤ ਅਧਿਕਾਰੀਆਂ ਨਾਲ ਅੱਜ ਦੀ ਮੀਟਿੰਗ ਰੱਖੀ ਗਈ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਮੀਟਿੰਗ ਵਿੱਚ ਕੋਈ ਪੁਖਤਾ ਹੱਲ ਨਹੀਂ ਨਿਕਲ ਕੇ ਆਉਂਦਾ ਤਾਂ ਸਰਕਾਰ ਦੇ ਵਿਰੁੱਧ ਤਿੱਖਾ ਸੰਘਰਸ਼ ਵੇਖਣ ਨੂੰ ਮਿਲੇਗਾ ਤੇ ਉਹ ਗੁਪਤ ਐਕਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾ ਦੀ ਕੋਈ ਜਾਨ ਮਾਨ ਦਾ ਨੁਕਸਾਨ ਹੁੰਦਾ ਹੈ, ਤਾਂ ਉਸਦੀ ਜਿੰਮੇਵਾਰ ਪੰਜਾਬ ਸਰਕਾਰ, ਸਿੱਖਿਆ ਮੰਤਰੀ, ਸਿੱਖਿਆ ਸਕੱਤਰ, ਡੀਪੀਆਈ ਅਤੇ ਇਥੋਂ ਦਾ ਸਿਵਲ ਤੇ ਪੁਲਿਸ ਪ੍ਰਸ਼ਾਸਨ ਹੋਵੇਗਾ।ਇਸ ਮੌਕੇ ਯੂਨੀਅਨ ਆਗੂ ਮਨਪ੍ਰੀਤ ਮਾਨਸਾ,ਹਰਜੀਤ ਬੁਢਲਾਡਾ,ਗੁਰਸੇਵ ਸੰਗਰੂਰ,ਗੁਰਸੰਗਤ ਬੁਢਲਾਡਾ,ਗੁਰਜੀਵਨ ਮਾਨਸਾ,ਜਸਵਿੰਦਰ ਮਾਛੀਵਾੜਾ,ਵਰਿੰਦਰ ਸਰਹੰਦ,ਅੰਮ੍ਰਿਤਪਾਲ ਮੀਮਸਾ,ਪ੍ਥਿਿਵੀ ਅਬੋਹਰ,ਸੁਖਚੈਨ ਬੋਹਾ,ਸੁਖਜਿੰਦਰ ਸੰਗਰੂਰ,ਰਾਜਿੰਦਰ ਧੂਰੀ,ਕੁਲਦੀਪ ਅਬੋਹਰ,ਰਣਜੀਤ ਸੰਗਰੂਰ,ਸੁਖਜਿੰਦਰ ਜਲਾਲਾਬਾਦ,ਤਰਸੇਮ ਸੰਗਰੂਰ,ਓਮ ਪ੍ਰਕਾਸ਼ ਫਿਰੋਜ਼ਪੁਰ,ਜਗਪਾਲ ਡੱਬਵਾਲੀ,ਰਾਜਵਿੰਦਰ ਜਲਾਲਾਬਾਦ,ਕਿਰਨਦੀਪ ਨਾਭਾ,ਸ਼ੀਤਲ ਫਾਜ਼ਿਲਕਾ,ਪੂਜਾ ਫਾਜ਼ਿਲਕਾ ਆਦਿ ਹਾਜ਼ਰ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ

ਪੰਜਾਬ ਪੱਧਰੀ ਮੁਕਾਬਲਿਆਂ ਲਈ ਜੀਤਸਰ ਸਕੂਲ ਦੇ ਬੱਚਿਆਂ ਦੀ ਚੋਣ

ਭਾਸ਼ਣ ਅਤੇ ਕੋਰੀਓਗ੍ਰਾਫੀ 'ਚ ਪਹਿਲੇ 8 'ਚ ਸ਼ਾਮਿਲ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬੱਚਿਆਂ ਵਿੱਚ ਪ੍ਰਤਿਭਾ, ਗੁਣ ਅਤੇ ਹੁਨਰ ਨੂੰ ਤਰਾਸ਼ਣ ਲਈ ਸਾਹਿਤ ਕਲਾ ਮੰਚ, ਪੰਜਾਬ ਵੱਲੋਂ ਨਵੇਂ ਦਿਸਹੱਦੇ ਪ੍ਰੋਗਰਾਮ ਰਾਹੀਂ ਵੱਖ ਵੱਖ ਵਿੱਦਿਅਕ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਸ ਵਿੱਚ ਭਾਸ਼ਣ, ਕਵਿਤਾ, ਗੀਤ, ਕੋਰਿਓਗ੍ਰਾਫੀ, ਗਿੱਧਾ , ਭੰਗੜਾ ਆਦਿ ਮੁਕਾਬਲਿਆਂ ਵਿੱਚ ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਭਾਗ ਲਿਆ। ਮਾਨਸਾ ਜ਼ਿਲ੍ਹੇ ਦੇ ਮੋਹਰੀ ਸਕੂਲਾਂ ਵਿੱਚ ਆਪਣੀ ਪਛਾਣ ਬਣਾ ਚੁੱਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਜੀਤਸਰ ਦੇ ਬੱਚਿਆਂ ਨੇ ਇਹਨਾਂ ਮੁਕਾਬਲਿਆਂ ਵਿੱਚ ਵੀ ਪੁਜੀਸ਼ਨਾਂ ਹਾਸਿਲ ਕੀਤੀਆਂ ਹਨ। ਗਾਈਡ ਅਧਿਆਪਕ ਰਣਜੀਤ ਸਿੰਘ ਦੀ ਅਗਵਾਈ ਵਿੱਚ ਤਿਆਰ ਕੀਤੀ ਕੋਰੀਓਗਰਾਫੀ ਦੀ ਟੀਮ ਪੰਜਾਬ ਦੀਆਂ  ਮੁੱਖ 6 ਟੀਮਾਂ ਵਿੱਚ ਚੁਣੀ ਗਈ ਹੈ। ਇਸੇ ਤਰ੍ਹਾਂ ਹੀ ਗਾਈਡ ਅਧਿਆਪਕ ਕਿੰਮੀ ਗੁਪਤਾ ਦੁਆਰਾ ਤਿਆਰ ਕੀਤਾ ਭਾਸ਼ਣ ਵੀ ਪੰਜਾਬ ਪੱਧਰ 'ਤੇ ਮੁੱਖ 8 ਟੀਮਾਂ 'ਚੋਂ ਚੁਣਿਆ ਗਿਆ ਹੈ। ਇਹਨਾਂ ਦੇ ਫਾਇਨਲ ਮੁਕਾਬਲੇ ਆਫਲਾਈਨ ਹੋਣਗੇ। ਮਾਨਸਾ ਜ਼ਿਲ੍ਹੇ ਦਾ ਇੱਕੋ ਇੱਕ ਪ੍ਰਾਇਮਰੀ ਸਕੂਲ ਜਿਸ ਨੇ ਇਹਨਾਂ ਮੁਕਾਬਲਿਆਂ ਵਿੱਚ ਦੋ ਮੋਹਰੀ ਪੁਜੀਸ਼ਨਾਂ ਪ੍ਰਾਪਤ ਕਰਕੇ ਪੰਜਾਬ ਪੱਧਰੀ ਆਫ ਲਾਈਨ ਮੁਕਾਬਲੇ ਲਈ ਆਪਣਾ ਨਾਮ ਦਰਜ਼ ਕਰਵਾਇਆ ਹੈ। ਸਕੂਲ ਮੁਖੀ ਸੁਤਪਾਲ ਸਿੰਘ ਅਤੇ ਐਸ.ਐਮ.ਸੀ. ਚੇਅਰਮੈਨ ਜਸਵੀਰ ਕੌਰ ਨੇ ਬੱਚਿਆਂ ਅਤੇ ਗਾਈਡ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਬਾਕੀ ਖੇਤਰਾਂ ਵਿੱਚ ਵੀ ਮੱਲ੍ਹਾ ਮਾਰਨ ਵਾਲੇ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਅਤੇ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ। ਦੱਸਣਯੋਗ ਹੈ ਕਿ ਜੀਤਸਰ ਸਕੂਲ ਜ਼ਿਲ੍ਹਾ ਮਾਨਸਾ ਦਾ ਇੱਕੋ ਇੱਕ ਪੂਰਾ ਏਸੀ ਅਤੇ ਇੰਗਲਿਸ਼ ਮੀਡੀਅਮ ਸਕੂਲ ਹੈ,ਜਿੱਥੇ ਲਾਗਲੇ ਪਿੰਡਾਂ ਤੋ 184 ਦੇ ਕਰੀਬ ਬੱਚੇ ਪੜ੍ਹਨ ਆਉਂਦੇ ਹਨ।ਇਸ ਮੌਕੇ ਸਕੂਲ ਸਟਾਫ ਮਨਪ੍ਰੀਤ ਕੌਰ,ਮਨਦੀਪ ਕੌਰ, ਹਰਜਿੰਦਰ ਸਿੰਘ, ਕੁਲਦੀਪ ਕੌਰ ਨੇ ਮਾਪਿਆਂ ਅਤੇ ਬੱਚਿਆਂ ਨੂੰ ਵਧਾਈ ਦਿੱਤੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ

ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਪੜ੍ਹਨ ਲਈ ਕਰਵਾਇਆ ਗਿਆ ਸਕੂਲਾਂ ਵਿਚ ਦਾਖ਼ਲ

ਮਾਪੇ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਕੂਲਾਂ ਵਿਚ ਲਾਜ਼ਮੀ ਦਾਖਲ ਕਰਵਾਉਣ-ਵਧੀਕ ਡਿਪਟੀ ਕਮਿਸ਼ਨਰ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਕੂਲੋਂ ਵਿਰਵੇ 51 ਲੋੜਵੰਦ ਬੱਚਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਦੇ ਉਪਰਾਲੇ ਸਦਕਾ ਸਕੂਲਾਂ ਵਿਚ ਪੜ੍ਹਨ ਲਈ ਦਾਖ਼ਲ ਕਰਵਾਇਆ ਗਿਆ ਹੈ।ਇਹ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਜ) ਨਿਰਮਲ ਓਸੇਪਚਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਉਨ੍ਹਾਂ ਨੂੰ ਸਿੱਖਿਆ ਮੁਹੱਈਆ ਕਰਵਾਉਣੀ ਲਾਜ਼ਮੀ ਹੈ। ਕਿਸੇ ਵੀ ਬੱਚੇ ਨੂੰ ਸਿੱਖਿਆ ਤੋਂ ਵਾਂਝਾ ਰੱਖਣਾ ਉਸ ਦੇ ਭਵਿੱਖ ਨਾਲ ਖਿਲਵਾੜ ਹੈ। ਉਨ੍ਹਾਂ ਕਿਹਾ ਕਿ ਇਸ ਮੰਤਵ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕੂਲੋਂ ਵਿਰਵੇ ਲੋੜਵੰਦ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਤਾਂ ਕਿ ਉਨ੍ਹਾਂ ਨੂੰ ਇਕ ਬੱਚੇ ਲਈ ਸਿੱਖਿਆ ਦੇ ਮਹੱਤਵ ਬਾਰੇ ਜਾਗਰੂਕ ਕੀਤਾ ਜਾ ਸਕੇ।ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਮੁਹਿੰਮ ਪੂਰਵ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਜਿਲ੍ਹਾ ਪ੍ਰਸ਼ਾਸਨ ਵੱਲੋਂ ਅੱਗੇ ਵੀ ਜਾਰੀ ਰੱਖਿਆ ਜਾ ਰਿਹਾ ਹੈ। ਇਸ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ, ਜਿਸ ਤਹਿਤ ਸਕੂਲੋਂ ਵਿਰਵੇ ਬੱਚਿਆਂ ਦਾ ਸਰਵੇ ਕਰਵਾਇਆ ਗਿਆ ਅਤੇ ਇਸ ਉਪਰੰਤ ਸ਼ਨਾਖ਼ਤ ਕੀਤੇ 51 ਬੱਚਿਆਂ ਨੂੰ ਹੁਣ ਸਕੂਲਾਂ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।  ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਬੱਚਿਆਂ ਲਈ ਲੋੜੀਂਦਾ ਸਾਮਾਨ ਜਿਵੇਂ ਕਿ ਬੈਗ, ਕਿਤਾਬਾਂ ਅਤੇ ਸਟੇਸ਼ਨਰੀ ਮੁਹੱਈਆ ਕਰਵਾਈ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬੱਚਿਆਂ ਲਈ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਬਾਰੇ ਵੀ ਮਾਪਿਆਂ ਨੂੰ ਜਾਣੂ ਕਰਵਾਇਆ ਗਿਆ ਹੈ ਤਾਂ ਜੋ ਕੋਈ ਵੀ ਬੱਚਾ ਸਿੱਖਿਆ ਤੋਂ ਵਾਂਝਾ  ਨਾ ਰਹੇ।ਵਧੀਕ ਡਿਪਟੀ ਕਮਿਸ਼ਨਰ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਿੱਖਿਆ ਤੋਂ ਵਾਂਝਾ ਨਾ ਰੱਖਣ ਬਲਕਿ ਉਨ੍ਹਾਂ ਨੂੰ ਸਕੂਲਾਂ ਵਿਚ ਭੇਜਣ ਤਾਂ ਜੋ ਉਹ ਪੜ੍ਹ ਲਿਖ ਕੇ ਉੱਚ ਅਹੁਦਿਆਂ ਦੀ ਪ੍ਰਾਪਤੀ ਕਰ ਸਕਣ, ਜਿਸ ਨਾਲ ਪਰਿਵਾਰ ਦਾ ਆਰਥਿਕ ਪੱਧਰ ਉੱਚਾ ਹੋ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਵੀ ਭਵਿੱਖ ਸੁਰੱਖਿਅਤ ਹੋਵੇ। ਉਨ੍ਹਾਂ ਕਿਹਾ ਕਿ ਜੋ ਮਾਪੇ ਗ਼ਰੀਬੀ ਜਾਂ ਕਿਸੇ ਹੋਰ ਕਾਰਨ ਆਪਣੇ ਬੱਚਿਆਂ ਨੂੰ ਪੜ੍ਹਾ ਨਹੀਂ ਸਕਦੇ ਉਨ੍ਹਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਕੀਤਾ ਜਾ ਰਿਹਾ ਹੈ।

ਕੁਲਵੰਤ ਸਿੰਘ ਬੁਢਲਾਡਾ,ਅੰਤਰਰਾਸ਼ਟਰੀ ਕੁਮੈਂਟੇਟਰ : ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ

ਕਿਰਤੀ ਦੀ ਕੁੱਲੀ ‘ਚ ਜਗਦਾ ਚਿਰਾਗ : ਬਾਵਾ ਬੋਹਾ ਵਾਲ਼ਾ

ਲਿਖ਼ਤੁਮ : ਕੁਲਵੰਤ ਸਿੰਘ ਬੁਢਲਾਡਾ

ਲੰਬੇ ਸਮੇਂ ਤੋ ਵੇਖ ਰਿਹਾ ਸੀ ਇਹਦੀਆਂ ਕਲਾਕਾਰੀਆਂ, ਤੇ ਸੁਣ ਰਿਹਾ ਸੀ ਇਹਦੀਆਂ ਕਿਲਕਾਰੀਆਂ । ਕੋਈ ਇਹਨੂੰ ਝੱਲਾ ਕਹਿੰਦਾ ਹੋਊ ਤੇ ਕੋਈ ਜਨੂੰਨੀ । ਕੋਈ ਇਹਨੂੰ ਅੱਧਾ ਪਾਗਲ ਤੇ ਕੋਈ ਮੰਦ-ਬੁੱਧੀ ਕਹਿੰਦਾ ਹੋਊ । ਕਹਿਣ ਵੀ ਕਿਉਂ ਨਾਂ, ਛੇ ਹਜ਼ਾਰ ਤੇ ਟਪੂਸੀਆਂ ਮਾਰੀ ਜਾਂਦੈ, ਓਹ ਵੀ ਸਾਰੇ ਦਾ ਸਾਰਾ ਰਾਹਾਂ ‘ਚ ਫੂਕ ਜਾਂਦੈ, ਘਰ ਜਾਂਦੈ ਤਾਂ ਖਾਲ਼ਣ-ਪੀਲੀਂ । ਘੁਣੱਤਰੀਆਂ ਨੇ ਤਾਂ ਹੁੱਜਾਂ ਮਾਰਨੀਆਂ ਈ ਹੁੰਦੀਆਂ ਨੇ, ਗੋਡੇ ਲੱਗਣ ਭਾਵੇਂ ਗਿੱਟੇ । ਕਹਿੰਦੇ ਇਹ ਤਾਂ ਉੱਠ ਦੀ ਨਸਲ ‘ਚੋਂ ਐ ਜਿਹੜਾ ਆਪਣਾ ਲੱਦਾ ਆਪ ਹੀ ਖਾ ਜਾਂਦੈ । ਭਲੀ-ਮਾਣਸ ਐ ਇਹਦੇ ਘਰ ਵਾਲ਼ੀ, ਜਿਹੜੀ ਇਹਦੀਆਂ ਝੱਲ-ਵਲੱਲੀਆਂ ਅਣਵੇਖੀਆਂ ਕਰੀ ਜਾਂਦੀ ਐ । ਜਿੰਨੇ ਮੂੰਹ ਓਨੀਆਂ ਗੱਲਾਂ, ਪਰ ਇਹਦੇ ਹੱਕ ਦੀਆਂ ਦੋ ਚਾਰ, ਬਾਕੀ ਲਾਣਾ ਬਦਖੋਹੀਆਂ ਕਰਨ ਵਾਲ਼ਾ ।

ਮੈਂ ਇਸ ਜਨੂੰਨੀ ਨੂੰ ਜਨੂਨ ਦੀਆਂ ਹੱਦਾਂ ਬੰਨੇ ਪਾਰ ਕਰਦਾ ਚਿਰਾਂ ਤੋਂ ਵੇਖਦਾਂ। ਕੌਣ ਹੈ ਖੇਡਾਂ ਦਾ ਦਿਵਾਨਾ ਜਿਹੜਾ ਛੇ ਹਜ਼ਾਰ ਤੇ ਆਪਾ ਵਾਰੀਂ ਜਾਂਦੈ । ਇਸ ਲਾਣੇ ਵਿੱਚ ਤਾਂ ਸੱਠ ਹਜ਼ਾਰ ਲੈਣ ਵਾਲ਼ੇ ਵਿਹਲੜ ਕੁਰਸੀਆਂ ਤੋੜ ਕੇ ਆ ਜਾਂਦੇ ਨੇ । ਮੈਂ ਇਹਦੇ ਪੋਤੜੇ ਫਰੋਲਣੇ ਸ਼ੁਰੂ ਕੀਤੇ , ਫਰੋਲ਼ਾ ਫਰੋਲ਼ੀ ਕਰਦਿਆਂ ਨੇੜਲਾ ਹੀ ਨਿਕਲ਼ਿਆ ।

ਬੋਹਾ ਦੇ ਗ਼ਰੀਬੜਿਆਂ ਦਾ ਮਿਹਨਤੀ ਮੁੰਡਾ ਖੇਡ ਮੈਦਾਨਾ ਦਾ ਸ਼ਿੰਗਾਰ ਬਣਿਆਂ ਫਿਰਦੈ । ਇਹਦੇ ਪਿਓ ਮੇਜਰ ਸਿੰਘ ਨੂੰ ਅੱਖਾਂ ਤੋਂ ਬਹੁਤਾ ਦਿਸਦਾ ਨਹੀਂ ਸੀ । ਓਸ ਨਿਮਾਣੇ ਨੂੰ ਕੋਈ ਦਿਹਾੜੀ ਤੇ ਵੀ ਨਹੀਂ ਸੀ ਲੈਕੇ ਜਾਂਦਾ, ਸੀਰੀ ਰਲ਼ਾਉਣਾ ਤਾਂ ਦੂਰ ਦੀ ਗੱਲ । ਇਹਦੀ ਮਾਂ ਦਾ ਨਾਮ ਤਾਂ ਓਹਦੇ ਮਾਪਿਆਂ ਨੇ ਸੀਤੋ ਰੱਖਿਆ ਸੀ, ਪਰ ਪਿੰਡ ਵਾਲ਼ੇ ਕੀ ਹੋਏ ਜਿਹੜੇ ਆਦਰ ਦਾ ਨਿਰਾਦਰ ਕਰਕੇ ਨਾਂ ਨਿਵਾਜਣ । ਅੱਖਾਂ ਤੋਂ ਆਹਰੀ ਬਾਪ ਦੇ ਪੁੱਤ ਨੂੰ ਮਾਂ ਨੇ ਲੋਕਾਂ ਦੇ ਡੰਗਰਾਂ ਦਾ ਗੋਹਾ ਸੁੱਟ ਕੇ ਪਾਲ਼ਿਐ । ਮੈਂ ਦੋ ਵੇਲ਼ੇ ਦੀ ਰੋਟੀ ਨੂੰ ਤਰਸਦੇ ਵੇਖੇ ਨੇ ਇੱਕ ਮਜਬੂਰ ਮਜ਼ਦੂਰ ਦੇ ਆਲ੍ਹਣੇ ਦੇ ਬੋਟ ।

ਸੱਤ ਸਾਲਾਂ ਦਾ ਸੀ ਜਦੋ ਮਾਂ ਨੇ ਬਾਜੀਗਰ ਬਸਤੀ ਵਾਲ਼ੇ ਸਕੂਲ ਪੜ੍ਹਨੇ ਪਾਇਆ । ਓਹਨਾ ਦਿਨਾਂ ਵਿੱਚ ਬੋਹਾ ਦੀ ਹਾਕੀ ਟੀਮ ਦੀ ਹੱਟੀ ਭੱਠੀ ਤੇ ਵੀ ਗੱਲ ਚੱਲਦੀ ਹੁੰਦੀ ਸੀ । ਬਾਵਾ ਮੰਗਵੀਂ ਹਾਕੀ ਲੈ ਕੇ ਖੇਡਣ ਵਾਲ਼ੀ ਭੁੱਸ ਪੂਰੀ ਕਰ ਲੈਦਾ । ਇੱਕ ਦਿਨ ਕਿਸੇ ਨੇ ਨਿਹੋਰਾ ਮਾਰਤਾ, ਕਹਿੰਦਾ ਜੇ ਖੇਡਣ ਦਾ ਏਨਾ ਹੀ ਚਾਅ ਐ ਤਾਂ ਆਪਣੀ ਖਰੀਦ । ਇਹਦੀਆਂ ਅੱਖਾਂ ਅੱਗੇ ਜੱਟ ਦੀ ਟਰਾਲੀ ਤੇ ਲਿਖਿਆ ਟੋਟਕਾ ਆ ਗਿਆ, ਜਿਸ ਨੇ ਲਿਖਵਾਇਆ ਸੀ।

“ ਨਿੱਤ ਮੰਗਵੀਂ ਨਾਂ ਮਿਲੇ ਟਰਾਲੀ ਆਪਣੀ ਬਣਾ ਲੈ ਮਿੱਤਰਾ” ।

ਬੋਲੀ ਮਾਰਨ ਵਾਲ਼ੇ ਦਾ ਮਿਹਣਾ ਸੁਣਕੇ ਪੰਜ ਦਿਨ ਸਕੂਲ ਨੀ ਗਿਆ । ਛੇਵੇਂ ਦਿਨ ਗਏ ਨੂੰ ਮਾਸਟਰ ਜਗਨ ਨਾਥ ਨੇ ਢਾਅ ਲਿਆ ਬੱਕਰੇ ਵਾਂਗੂੰ । ਜਨੂੰਨੀ ਬੰਦੇ ਕੁੱਟ ਦੀ ਪ੍ਰਵਾਹ ਕਦੋਂ ਕਰਦੇ ਨੇ, ਓਹ ਵੀ ਓਦੋ ਜਦੋਂ ਹਾਕੀ ਦੀ ਖੇਡ ਦਾ ਇਸ਼ਕ ਹੱਡੀਂ ਰੌਂ ਗਿਆ ਹੋਵੇ । ਇੱਕ ਦਿਨ ਸਕੂਲ ਜਾ ਕੇ ਪੰਜ ਦਿਨ ਫੇਰ ਨੀ ਗਿਆ । ਛੇਵੇਂ ਦਿਨ ਜਾਂਦਿਆਂ ਈ ਫੇਰ ਢਾਅ ਲਿਆ ਮਾਸਟਰ ਨੇ । ਡੰਡੇ ਪੰਜ ਸੱਤ ਹੀ ਵੱਜੇ ਸੀ ਕਿ ਕੋਲ਼ ਖੜ੍ਹੀ ਅਧਿਆਪਕ ਸੁਨੀਤਾ ਰਾਣੀ ਕਹਿੰਦੀ ਇਹਦਾ ਨਾਂ ਆਉਣ ਦਾ ਕਾਰਨ ਤਾਂ ਪੁੱਛ ਲਓ । ਹੁਣ ਦੋਵੇਂ ਅਧਿਆਪਕ ਹਮਦਰਦ ਬਣਕੇ ਵਿੱਥਿਆ ਜਾਨਣ ਲੱਗੇ । ਇਹਨੇ ਰੋਂਦੇ ਰੋਂਦੇ ਨੇ ਹੁੱਬਕੀਆਂ ਲੈਕੇ ਦੱਸਿਆ ਕਿ ਮੈਨੂੰ ਹਾਕੀ ਖਰੀਦਣ ਲਈ ਪੈਸੇ ਚਾਹੀਂਦੇ ਨੇ, ਮੈਂ ਤਾਂ ਨਰਮਾਂ ਚੁਗਣ ਜਾਂਦਾ ਹਾਂ ਦਿਹਾੜੀ ਤੇ । ਕਿੰਨੇ ਕੁ ਕਮਾ ਲਏ, ਹਾਕੀ ਕਿੰਨੇ ਦੀ ਆਊ ? ਦੋਵਾਂ ਅਧਿਆਪਕਾਂ ਦਾ ਸਵਾਲ ਸੀ । ਜੀ, ਡੂਢ ਸੌ ਦੀ ਆਊ, ਅਜੇ ਸੱਤਰ ਕਮਾਏ ਨੇ, ਇਹਦਾ ਜਵਾਬ ਸੀ । ਨਰਮ ਦਿਲ ਅਧਿਆਪਕ ਕਹਿੰਦੇ ਪਹਿਲੇ ਦਿਨ ਦੱਸ ਦਿੰਦਾ, ਕਿਉਂ ਪਸੂਆਂ ਵਾਂਗੂ ਕੁੱਟ ਖਾਂਈਂ ਗਿਆ । ਦੋਵਾਂ ਨੇ ਇੱਕ ਸੌ ਪੰਜਾਹ ਆਪਣੇ ਕੋਲ਼ੋਂ ਦੇ ਕੇ ਕਿਹਾ ਜਾਹ ਲੈ ਆ ਹਾਕੀ, ਪਰ ਇੱਕ ਵਾਅਦਾ ਕਰ, ਅੱਗੇ ਤੋਂ ਸਕੂਲੋਂ ਗ਼ੈਰ ਹਾਜ਼ਰ ਨਾਂ ਹੋਈਂ । ਸੱਤ ਬਚਨ ਕਹਿਕੇ ਪਹਿਲੀ ਬੱਸ ਜਲੰਧਰ ਨੂੰ ਚੜ੍ਹ ਗਿਆ ਤੇ ਅਗਲੀ ਸ਼ਾਮ ਆਪਣੀ ਹਾਕੀ ਨਾਲ਼ ਖੇਡ ਮੈਦਾਨ ਵਿੱਚ ਪਹੁੰਚ ਗਿਆ ਇਹ ਜਨੂੰਨੀ ।ਬਾਰ੍ਹਵੀਂ ਪਾਸ ਕਰਨ ਤੋਂ ਬਾਅਦ ਇਹਨੂੰ ਹਾਕਮ ਵਾਲ਼ੇ ਸਕੂਲ ਦਾ ਖੇਡ ਅਧਿਆਪਕ ਹਰਵਿੰਦਰ ਬਿੱਲੂ ਆਪਣੇ ਕੋਲ਼ ਲੈ ਗਿਆ । ਪੀ ਟੀ ਏ ਫੰਡ ਅਤੇ ਆਪਣੇ ਕੋਲ਼ੋਂ ਵਿਚੋਂ ਬਣਦੀ ਸਰਦੀ ਰੋਕੜੀ ਦੇ ਕੇ ਇਹਦਾ ਚੁੱਲ੍ਹਾ ਭਖਾਉਣ ਦਾ ਜੁਗਾੜ ਕਰ ਦਿੱਤਾ । ਓਹਨਾ ਦਿਨਾਂ ਵਿੱਚ ਓਸ ਪਿੰਡ ਦਾ ਅੱਜ ਦਾ ਕਬੱਡੀ ਸਟਾਰ ਜੱਗੂ ਵੀ ਇਹਨਾਂ ਕੋਲ਼ ਹੀ ਪੜ੍ਹਦਾ ਸੀ । ਇਹਦੀ ਮਿਹਨਤ ਵੇਖਕੇ ਸਾਥੀ ਅਧਿਆਪਕਾਂ ਨੇ ਇਹਨੂੰ ਸਿੱਖਿਆ ਪਰੋਵਾਈਡਰ ਵਜੋਂ ਰੱਖ ਲਿਆ । ਵੀਹ ਸੌ ਬਾਰਾਂ ਦੇ ਨੇੜੇ ਤੇੜੇ ਸਮੇਂ ਦੀ ਸਰਕਾਰ ਨੇ ਇਹਨਾਂ ਨੂੰ ਈ ਟੀ ਟੀ ਦੀ ਡਿਗਰੀ ਕਰਵਾ ਕੇ ਡਿਗਰੀ ਹੋਲਡਰ ਬਣਾ ਦਿੱਤਾ ਤੇ ਤਨਖਾਹ ਫਿਕਸ ਕਰ ਦਿੱਤੀ ਛੇ ਹਜ਼ਾਰ । ਪਹਿਲੀ ਹਾਜ਼ਰੀ ਇਹਦੀ ਟਾਹਲੀਆਂ ਦੇ ਪ੍ਰਾਇਮਰੀ ਸਕੂਲ ਤੇ ਪਹਿਲੇ ਸਾਲ ਜਿਲਾ ਜੇਤੂ ਟੀਮ ਵਿੱਚ ਮੁੰਡੇ ਇਹਦੇ ਸਕੂਲ ਦੇ । ਟੀਮ ਪੰਜਾਬ ਖੇਡਣ ਜਾਣੀ ਸੀ, ਇੱਕ ਖਿਡਾਰੀ ਦੇ ਮਾਪੇ ਸੱਟ ਲੱਗਣ ਦੇ ਡਰੋਂ ਭੇਜਣ ਤੋਂ ਆਨਾਕਾਨੀ ਕਰਨ ਲੱਗੇ । ਇਹ ਪੱਟੂ ਓਹਨਾ ਦੇ ਘਰ ਜਾ ਕੇ ਕਹਿੰਦਾ, ਐਂ ਕਿਵੇਂ ਨੀ ਭੇਜਦੇ, ਮੇਰੀ ਸਾਰੇ ਸਾਲ ਦੀ ਕਮਾਈ ਰੁਲ਼ਣ ਨੀ ਦਿੰਦਾ ਮੈਂ । ਮੁੰਡੇ ਦੀ ਮਾਂ ਕਹਿੰਦੀ ਵੇ ਭਾਈ ਤੂੰ ਤਾਂ ਬਾਹਲ਼ਾ ਜਿੱਦੀ ਐਂ, ਕਿਹੜਾ ਪਿੰਡ ਐ ਤੇਰਾ ? ਜੀ ਬੋਹਾ, ਇਹਨੇ ਆਖਿਆ । ਅੱਛਾ! ਵੇ ਭਾਈ ਮੈਂ ਤਾਂ ਆਪ ਬੋਹਾ ਦੀ ਆਂ, ਮੁੰਡੇ ਦੀ ਮਾਂ ਕਹਿੰਦੀ । ਫੇਰ ਤਾਂ ਮੇਰੀ ਭੂਆ ਲੱਗੀ, ਹੁਣ ਤਾਂ ਮੈਂ ਲੈ ਕੇ ਜਾਊਂ । ਇਹਦਾ ਜਨੂੰਨ ਇਕ ਵਾਰ ਫੇਰ ਸਿੱਖਰ ਤੇ ਸੀ । ਓਸੇ ਸਾਲ ਮਾਨਸਾ ਦੀ ਟੀਮ ਪੰਜਾਬ ਜੇਤੂ ਬਣੀ ਤੇ ਨਵੇਂ ਬਣੇ ਭੂਆ ਫੁੱਫੜ ਨੇ ਇਸ ਨਿਆਸਰੇ ਨੂੰ ਆਸਰਾ ਦੇ ਕੇ ਆਪਣੇ ਕੋਲ਼ ਹੀ ਰੱਖ ਲਿਆ । ਇਹਦੀ ਮਿਹਨਤ ਦਾ ਇਹ ਪਹਿਲਾ ਫਲ਼ ਸੀ । ਮੰਦਰਾਂ ਵਾਲ਼ੇ ਸਵਰਗਵਾਸੀ ਜਸਵਿੰਦਰ ਲਾਲੀ ਮਾਸਟਰ ਨੇ ਟਾਹਲੀਆਂ ਸਕੂਲ ਦੇ ਚਾਰ ਬੱਚਿਆਂ ਨੂੰ ਟਰੈਕ ਸ਼ੂਟ ਦੇ ਕੇ ਨਿਵਾਜਿਆ ।

ਹੁਣ ਚੱਲ ਪਿਆ ਇਹਨਾਂ ਕੱਚਿਆਂ ਦਾ ਪੱਕੇ ਹੋਣ ਦਾ ਸੰਘਰਸ਼ । ਵੀਹ ਸੌ ਸਤਾਰਾਂ ਤੋਂ ਬਾਅਦ ਕਦੇ ਪਾਣੀ ਵਾਲ਼ੀ ਟੈਂਕੀ ਤੇ ਜਗਰਾਤੇ ਜਾਗੇ ਤੇ ਕਦੇ ਬਠਿੰਡੇ ਵਾਲ਼ੀਆਂ ਝੀਲਾਂ ਵਿੱਚ ਤਾਰੀਆਂ ਲਾਉਂਦਾ ਰਿਹਾ । ਜਨੂੰਨ ਨੂੰ ਸੰਘਰਸ਼ ਦੌਰਾਨ ਵੀ ਕਾਬੂ ‘ਚ ਨਾ ਰੱਖ ਸਕਿਆ । ਜਥੇਬੰਦੀ ਨੇ ਜਿਹੜੇ ਐਕਸ਼ਨ ਲੈਣ ਦਾ ਫੈਸਲਾ ਕੀਤਾ ਓਹਨੂੰ ਨੇਪਰੇ ਚਾੜ੍ਹਨ ਲਈ ਇਹ ਜਨੂੰਨੀ ਅਗੜ੍ਹੀਏ ਵਾਲ਼ਾ ਰੋਲ ਨਿਭਾਉਂਦਾ ਰਿਹਾ । ਇੱਕ ਵਾਰ ਤਾਂ ਤੇਲ ਦੀ ਕੇਨੀ ਲੈ ਕੇ ਟੈਂਕੀ ਤੇ ਜਾ ਚੜ੍ਹਿਆ , ਭਲਾ ਹੋਵੇ ਬੋਹਾ ਵਾਲ਼ੇ ਡਾਕਟਰ ਦਵਿੰਦਰ ਸਿੰਘ ਦਾ ਜੀਹਨੇ ਜ਼ਿੰਦਗੀ ਦਾ ਵਾਸਤਾ ਦੇ ਕੇ ਸਹੀ ਸਲਾਮਤ ਲਾਹ ਲਿਆ ਨਹੀ ਇਹ ਜਨੂੰਨੀ ਤਾਂ ਜੀਵਨ ਲੀਲ੍ਹਾ ਕਦੇ ਦਾ ਖਤਮ ਕਰ ਗਿਆ ਹੁੰਦਾ ।

ਸਮਾਂ ਸਦਾ ਇੱਕੋ ਜਿਹਾ ਵੀ ਨਹੀ ਰਹਿੰਦਾ, ਕਦੀ ਤਾਂ ਗੁਣਾਂ ਦਾ ਮੁੱਲ ਪੈਂਦੈ । ਚੰਗੇ ਭਾਗਾਂ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਵੀ ਇਹਦੀ ਮਿਹਨਤ ਨੂੰ ਹੀ ਹੋਇਆ, ਨਹੀਂ ਮਹਿੰਗਿਆਂ ਦੀ ਮੰਡੀ ਵਿੱਚ ਕੌਣ ਪੁੱਛਦੈ ਇਹੋ ਜੇ ਦਿਹਾੜੀ ਦਾਰਾਂ ਨੂੰ । ਇਹਦੇ ਘਰ ਵਾਲ਼ੀ ਬੀਬਾ ਨੂੰ ਹਿੰਦੀ ਅਧਿਆਪਕਾ ਵਜੋਂ ਨੌਕਰੀ ਮਿਲ ਗਈ ਤੇ ਪਹਿਲੀ ਪੋਸਟਿੰਗ ਲੁਧਿਆਣੇ ਦੇ ਪਿੰਡ ਲੰਮੇ ਜੱਟ ਪੁਰੇ ਦੀ ਹੋ ਗਈ । ਇਹ ਪਿੰਡ ਭਜਨੇ ਅਮਲੀ ਦਾ ਰੋਲ ਕਰਨ ਵਾਲ਼ੇ ਗੁਰਦੇਵ ਢਿੱਲੋਂ ਦਾ ਹੈ ਤੇ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਭੂਮੀ ਹੈ । ਨਾਲ਼ ਲਗਦੇ ਪਿੰਡ ਕਮਾਲਪੁਰੇ ਮੈਂ ਕਈ ਸਾਲ ਕੁਮੈਂਟਰੀ ਕਰਨ ਜਾਂਦਾ ਰਿਹਾਂ । ਦੋਵਾਂ ਵਿੱਚ ਦੂਰੀਆਂ ਆਉਣ ਕਰਕੇ ਪੱਕੀ ਪਕਾਈ ਮਿਲਣ ਦਾ ਖ਼ਤਰਾ ਮੰਡਰਾਉਣ ਲੱਗਿਆ । ਫੇਰ ਜਾ ਫ਼ਰਿਆਦੀ ਹੋਇਆ ਆਪਣੇ ਗਰਾਂਈ ਡਾਕਟਰ ਦਵਿੰਦਰ ਸਿੰਘ ਬੋਹਾ ਕੋਲ਼, ਓਹਨੇ ਇਹਦਾ ਗੁਤਨੀ ਨਾਲ਼ ਪਰਾਂਦੇ ਵਾਲ਼ਾ ਜੁਗਾੜ ਵੀ ਲਾ ਦਿੱਤਾ।

ਬੰਦੇ ਦੀ ਮਿਹਨਤ ਓਹਦੇ ਹਰ ਔਗੁਣ ਨੂੰ ਹੱਟ ਪਿੱਛੇ ਕਹਿ ਦਿੰਦੀ ਐ । ਇਹਦੀ ਮਿਹਨਤ ਦੀਆਂ ਪਿੰਡ ਵਿੱਚ ਗੱਲਾਂ ਤੁਰ ਪਈਆਂ । ਕਿਰਪਾ ਰੱਬ ਦੀ ਤੇ ਮਿਹਨਤ ਇਹਦੀ, ਇੱਕ ਐਨ ਆਰ ਆਈ ਪਰਿਵਾਰ ਮਿਲ ਗਿਆ ਆਸਰਾ ਦੇਣ ਵਾਲ਼ਾ ।<br>“ਮੁੱਲ ਸਦਾ ਮਿਹਨਤਾਂ ਦੇ ਪੈਂਦੇ, ਨਾਂ ਪੈਦੇ ਵੇਖੇ ਚਿੱਟੇ ਚੰਮ ਦੇ” ਵਾਲ਼ੀ ਕਹਾਵਤ ਸਹੀ ਸਾਬਤ ਹੋ ਗਈ । ਉਸ ਪਰਿਵਾਰ ਨੇ ਆਪਣੇ ਨਾਲ਼ ਹੀ ਰੱਖ ਲਿਆ । ਜਿੰਨਾਂ ਚਿਰ ਓਥੇ ਰਿਹਾ ਰੋਟੀ ਇੱਕੋ ਚੁੱਲ੍ਹੇ ਤੇ ਪੱਕਦੀ ਰਹੀ । ਸਾਰਾ ਪਿੰਡ ਇਸ ਦਿਹਾੜੀਦਾਰ ਕਾਮੇ ਦਾ ਦੀਵਾਨਾ ਹੋ ਗਿਆ ਤੇ ਮੋਟੀਆਂ ਤਨਖਾਹਾਂ ਲੈਣ ਵਾਲ਼ਾ ਲਾਣਾ ਸੜਦਾ ਰਿਹਾ । ਮਹਿੰਗਾਈ ਦੇ ਜ਼ਮਾਨੇ ਵਿੱਚ ਘਰ ਤੋਂ ਬਾਹਰ ਰਹਿਣਾ ਤੇ ਓਹ ਵੀ ਪੰਦਰਾਂ ਕੁ ਹਜ਼ਾਰ ਵਿੱਚ, ਗੱਲ ਫੇਰ ਉੱਠ ਦੇ ਲੱਦਾ ਖਾਣ ਵਾਲ਼ੀ ਸੀ । ਪਰ ਇਹਦਾ ਜਨੂੰਨ ਫੇਰ ਤੋਂ ਇਹਦਾ ਸੰਗੀ ਬਣਕੇ ਬੋਹੜਿਆ । ਅੱਜ ਵੀ ਓਹ ਪਰਿਵਾਰ ਤੇ ਓਸ ਸਕੂਲ ਦੇ ਬੱਚੇ ਇਹਨੂੰ ਸਤਿਕਾਰ ਨਾਲ਼ ਮਿਲਦੇ ਨੇ ।ਹੁਣ ਇਹ ਮਲਕੋਂ ਦੇ ਸਕੂਲ ਵਿੱਚ ਆਪਣਾ ਖੇਡ ਇਸ਼ਕ ਕਮਾ ਰਿਹੈ । ਬੋਹਾ ਵਾਲ਼ਾ ਢਹਿ ਢੇਰੀ ਹੋ ਚੁੱਕਿਆ ਠਾਹਰਾ ਵੇਚਕੇ ਮਾਨਸਾ ‘ਚ ਗੁਜ਼ਾਰੇ ਜੋਗਾ ਖੜਾ ਕਰ ਲਿਆ । ਜੂਨ ਦੀਆਂ ਛੁੱਟੀਆਂ ਬੱਚਿਆਂ ਦੇ ਲੇਖੇ ਲਾਉਣ ਲਈ ਹਰ ਰੋਜ ਮਾਨਸਾ ਤੋਂ ਆਉਣ ਕਰਕੇ, ਮਿਲਣ ਵਾਲ਼ਾ ਮਿਹਨਤਾਨਾ ਛੇ ਦਾ ਛੇ ਹਜ਼ਾਰ ਪੂਜ ਕੇ ਘਰ ਮੁੜਦਾ ਤੇ ਊਠ ਦੇ ਆਪਣਾ ਲੱਦਾ ਆਪ ਖਾਣ ਦੀ ਕਹਾਵਤ ਨੇ ਪਿੱਛਾ ਨੀ ਛੱਡਿਆ । ਬੱਚਿਆਂ ਨਾਲ਼ ਬੱਚਾ ਬਣਕੇ ਜਨੂੰਨ ਦੀਆਂ ਹੱਦਾਂ ਬੰਨੇ ਟੱਪ ਕੇ ਓਹਨਾ ਤੋਂ ਜਿਮਨਾਸਟਿਕ ਦੇ ਕਰਤੱਬ ਕਰਵਾਉਂਦਾ ਰਿਹਾ । ਇਹ ਤਾਂ ਆਪਣੀ ਜਥੇਬੰਦੀ ਦੇ ਸੱਦੇ ਤੇ ਪੁਲੀਸ ਤੋਂ ਮੌਰ ਕੁਟਵਾਉਣ ‘ਚ ਵੀ ਮੋਹਰੀ ਰਹਿੰਦੈ ਤੇ ਵੱਧ ਤਨਖਾਹ ਲੈਣ ਵਾਲ਼ਿਆਂ ਦੇ ਤਾਹਨੇ ਮਿਹਣੇ ਵੀ ਖਿੜੇ ਮੱਥੇ ਸਹੀਂ ਜਾਂਦੈ ।

ਹਰ ਰੋਜ ਵਟਸਐਪ ਅਤੇ ਫੇਸਬੁੱਕ ਤੇ ਬੱਚਿਆਂ ਦੇ ਕਰਤੱਬ ਵਿਖਾਉਂਦਾ ਵਿਖਾਉਂਦਾ ਆਪਣੀ ਮਜਦੂਰ ਨਾਲ਼ੌਂ ਘੱਟ ਦਿਹਾੜੀ ਦੀ ਕੁਮੈਂਟਰੀ ਵੀ ਕਰੀਂ ਜਾਂਦੈ । ਇਹਦੀ ਜ਼ਿੰਦਗੀ ਦੇ ਲੰਮੇ ਤੇ ਲਮਕਵੇਂ ਯੁੱਧ ਨੂੰ ਵੇਖਦਿਆਂ ਮੈਨੂੰ ਗੁਰਦਾਸ ਮਾਨ ਦੇ ਗੀਤ ਦੇ ਬੋਲ ਯਾਦ ਆਉਂਦੇ ਨੇ….

“ ਅਸੀ ਰੂੜੀਆਂ ਤੇ ਉੱਘੇ ਹੋਏ ਫੁੱਲ ਹੀ ਸਹੀ,

ਤੁਸੀਂ ਖਿੜੀ ਹੋਈ ਕੱਤੇ ਦੀ ਕਪਾਹ ਵਰਗੇ" 

ਸੱਚ ਮੁੱਚ ਇਹ ਰੂੜੀਆਂ ਤੇ ਉੱਘਿਆ ਫੁੱਲ ਵੱਡੇ ਵੱਡੇ ਗੁਲਦਸਤਿਆਂ ਨੂੰ ਵੀ ਮਾਤ ਪਾਈਂ ਜਾਂਦੈ ।<br>ਹੁਣ ਵਾਲ਼ੀ ਸਰਕਾਰ ਨੇ ਅਠਾਰਾਂ ਕੁ ਹਜ਼ਾਰ ਦਾ ਵਾਅਦਾ ਤਾਂ ਕੀਤੈ, ਪਰ ਲਾਰਾ ਪੱਕੇ ਹੋਣ ਦਾ ਲਾਇਐ, ਵੇਖਦੇ ਆਂ ਵਾਅਦੇ ਕਦੋ ਵਫ਼ਾ ਹੁੰਦੇ ਨੇ ।