Wednesday, September 4, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਹੈਡ ਟੀਚਰ ਕਸ਼ਮੀਰ ਸਿੰਘ ਔਲਖ ਸਟੇਟ ਐਵਾਰਡ ਲਈ ਚੁਣੇ

ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਦੇ ਹੈਡ ਟੀਚਰ ਕਸ਼ਮੀਰ ਸਿੰਘ ਔਲਖ ਸਟੇਟ ਐਵਾਰਡ ਲਈ ਚੁਣੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪਿੰਡ ਗੁਰਨੇ ਕਲਾਂ ਦੇ ਜੰਮਪਲ ਸਾਧੂ ਸਿੰਘ ਔਲਖ ਸਾਬਕਾ ਸਰਪੰਚ ਦੇ ਪੋਤਰੇ ਕਸ਼ਮੀਰ ਸਿੰਘ ਔਲਖ ਹੈਡ ਟੀਚਰ ਬੀਰੋਕੇ ਕਲਾਂ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਟੇਟ ਅਵਾਰਡ ਲਈ ਚੁਣਿਆ ਗਿਆ ਹੈ।ਕਸ਼ਮੀਰ ਸਿੰਘ ਔਲਖ ਦਾ ਜਨਮ ਕਰਮਜੀਤ ਸਿੰਘ ਔਲਖ ਤੇ ਮਾਤਾ ਗੁਰਪਿਆਰ ਕੌਰ ਦੇ ਘਰ ਪਿੰਡ ਗੁਰਨੇ ਕਲਾਂ ਵਿਖ਼ੇ ਹੋਇਆ,ਜਿਸ ਨੇ 2001-2003 ਬੈਚ ਵਿੱਚ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਜਗਰਾਓਂ (ਲੁਧਿਆਣਾ) ਤੋਂ ਈਟੀਟੀ ਦਾ ਕੋਰਸ ਕੀਤਾ।ਪਹਿਲੀ ਨਿਯੁਕਤੀ 20 ਜੁਲਾਈ 2006 ਨੂੰ ਰਿਉਂਦ ਕਲਾਂ ਵਿਖੇ ਹੋਈ, ਓਥੇ ਲਗਾਤਾਰ 6 ਸਾਲ ਸੇਵਾ ਕਰਦਿਆਂ ਬੱਚਿਆਂ ਨੂੰ ਪੜ੍ਹਾਈ ਅਤੇ ਖੇਡਾਂ ਦੇ ਨਾਲ-ਨਾਲ ਜ਼ਿਲ੍ਹੇ ਦਾ ਸਭ ਤੋ ਸੋਹਣਾ ਸਕੂਲ ਬਣਾਇਆ।ਸੰਨ 2012 ਤੋਂ 2016 ਤੱਕ ਸਰਕਾਰੀ ਪ੍ਰਾਇਮਰੀ ਸਕੂਲ ਸਿਰਸੀਵਾਲਾ ਵਿਖੇ ਬਤੌਰ ਈਟੀਟੀ ਅਧਿਆਪਕ ਕੰਮ ਕੀਤਾ।ਸੰਨ 2016 ਤੋਂ 2019 ਸਰਕਾਰੀ ਪ੍ਰਾਇਮਰੀ ਸਕੂਲ ਫਫੜੇ ਭਾਈਕੇ ਵਿਖੇ ਸੇਵਾ ਨਿਭਾਈ। ਸੰਨ 2019 ਦੇ 9 ਸਤੰਬਰ ਨੂੰ ਸਿੱਧੀ ਭਰਤੀ ਰਾਹੀਂ ਮੁੱਖ ਅਧਿਆਪਕ ਦੇ ਤੌਰ 'ਤੇ ਸਰਕਾਰੀ ਪ੍ਰਾਇਮਰੀ ਸਕੂਲ ਬੀਰੋਕੇ ਕਲਾਂ ਵਿਖੇ ਹਾਜ਼ਰ ਹੋਏ ਤੇ ਨਿਵਾਸੀਆਂ ਦੇ ਸਹਿਯੋਗ ਨਾਲ ਪੰਜ ਸਾਲਾ ਵਿੱਚ ਸਕੂਲ ਦੀ ਨੁਹਾਰ ਬਦਲ ਦਿੱਤੀ।ਜਿੱਥੇ ਸਕੂਲ ਨੇ ਸਹਿ ਵਿਦਿਅਕ ਕੰਮਾਂ ,ਖੇਡਾਂ ਅਤੇ ਪੜਾਈ ਵਿੱਚ ਝੰਡੇ ਗੱਡੇ ਇਸ ਵਾਰ ਸਾਰੇ ਜ਼ਿਲੇ ਦੇ ਨਾਲੋ  ਵੱਧ 6 ਬੱਚੇ ਨਵੋਦਿਆ ਵਿੱਚ ਚੁਣੇ ਗਏ ਓਥੇ ਹੀ ਸਕੂਲ ਨੂੰ ਦਿੱਖ ਪੱਖੋਂ ਇੱਕ ਨਮੂਨੇ ਦਾ ਸਕੂਲ ਬਣਾਇਆ ਅਤੇ ਪੰਚਾਇਤ, ਕਲੱਬ,ਡੇਰਾ ਬਾਬਾ ਹਰੀ ਦਾਸ, ਡੇਰਾ ਬਾਬਾ ਅਲਖ ਰਾਮ, ਸਾਬਕਾ ਪੰਚਾਇਤ,ਪਿੰਡ ਨਿਵਾਸੀਆਂ ਅਤੇ ਸਟਾਫ ਦੇ ਸਹਿਯੋਗ ਸਦਕਾ 22 ਲੱਖ ਰੁਪਇਆ ਲੱਗ ਚੁੱਕਿਆ ਹੈ।ਬੱਚਿਆਂ ਨੂੰ ਸਕੂਲ ਸਮੇਂ ਪੜ੍ਹਾਉਣਾ ਅਤੇ ਸ਼ਾਮ ਨੂੰ ਖਿਡਾਉਣਾ,ਸਹਿ ਵਿਦਿਅਕ ਚੀਜਾਂ ਦੀ ਤਿਆਰੀ ਕਰਵਾਉਣਾ ਅਤੇ ਕਮਜ਼ੋਰ ਬੱਚਿਆਂ ਨੂੰ ਪੜ੍ਹਾਉਣਾ ਇਹਨਾਂ ਦੀ ਖਾਸ ਵਿਸ਼ੇਸ਼ਤਾ ਹੈ।ਪਿੰਡ ਨਿਵਾਸੀ ਵੀ ਇਹਨਾਂ ਨੂੰ ਆਪਣੇ ਪਿੰਡ ਦਾ ਹੀ ਸਮਝਦੇ ਹਨ। ਕਸ਼ਮੀਰ ਸਿੰਘ ਨੂੰ ਸਟੇਟ ਐਵਾਰਡ ਮਿਲਣ ਤੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ਭੁਪਿੰਦਰ ਕੌਰ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬੁਢਲਾਡਾ ਅਮਨਦੀਪ ਸਿੰਘ ਔਲਖ,ਕੇਂਦਰ ਸਕੂਲ ਮੁਖੀ ਰਾਮਪਾਲ ਸਿੰਘ ਅਤੇ ਹੋਰਨਾਂ ਅਧਿਆਪਕਾਂ ਨੇ ਵਧਾਈ ਦਿੱਤੀ।

Tuesday, September 3, 2024

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਗੁਰਨੇ ਕਲਾਂ ਵਾਲੀਵਾਲ ਟੂਰਨਾਮੈਂਟ 7 ਸਤੰਬਰ ਨੂੰ : ਅਮਨਦੀਪ ਸ਼ਰਮਾ

ਗੁਰਨੇ ਕਲਾਂ ਵਾਲੀਵਾਲ ਟੂਰਨਾਮੈਂਟ 7 ਸਤੰਬਰ ਨੂੰ : ਅਮਨਦੀਪ ਸ਼ਰਮਾ

ਨਵੇਂ ਮੁੰਡਿਆਂ ਨੂੰ ਖੇਡਾਂ ਨਾਲ ਜੋੜਨਾ ਹੀ ਮੁੱਖ ਮਕਸਦ : ਲਾਡੀ ਔਲਖ, ਹਨੀ ਸ਼ਰਮਾ,ਗੋਰਾ ਔਲਖ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਨੇ ਕਲਾਂ ਵਾਲੀਵਾਲ ਟੂਰਨਾਮੈਂਟ ਕਮੇਟੀ ਵੱਲੋਂ ਵਾਲੀਬਾਲ ਟੂਰਨਾਮੈਂਟ 7 ਸਤੰਬਰ ਨੂੰ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਦੇ ਖੇਡ ਗਰਾਊਂਡ ਵਿੱਚ ਕਰਵਾਇਆ ਜਾ ਰਿਹਾ ਹੈ।ਜਾਣਕਾਰੀ ਦਿੰਦਿਆਂ ਅਮਨਦੀਪ ਸ਼ਰਮਾ ਨੇ ਦੱਸਿਆ ਕਿ ਇਸ ਟੂਰਨਾਮੈਂਟ ਦਾ ਉਦੇਸ਼ ਵਿਦਿਆਰਥੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ ਲਈ ਤਿਆਰ ਕਰਨਾ ਹੈ।ਉਹਨਾਂ ਕਿਹਾ ਕਿ ਇਸ ਵਾਰ ਗੁਰਨੇ ਕਲਾ ਪਿੰਡ ਦੀਆਂ ਤਿੰਨ ਟੀਮਾਂ ਵੱਖ ਵੱਖ ਵਰਗਾਂ ਵਿੱਚ ਵਾਲੀਬਾਲ ਸ਼ੂਟਿੰਗ ਮੁਕਾਬਲਿਆਂ ਵਿੱਚ ਬਲਾਕ ਪੱਧਰ ਤੇ ਭਾਗ ਲੈਣਗੀਆਂ। ਇਸ ਮੌਕੇ ਗੱਲਬਾਤ ਕਰਦਿਆਂ ਮਾਸਟਰ ਸੰਦੀਪ ਸ਼ਰਮਾ ,ਗੁਰਦੀਪ ਸਿੰਘ ਔਲਖ ,ਗੋਰਾ ਔਲਖ ਨੇ ਕਿਹਾ ਕਿ ਵਾਲੀਵਾਲ ਜਰੀਏ ਨਵੇਂ ਮੁੰਡਿਆਂ ਨੂੰ ਖੇਡਾਂ ਨਾਲ ਜੋੜਨਾ ਹੈ।ਵਾਲੀਵਾਲ ਟੂਰਨਾਮੈਂਟ ਕਮੇਟੀ ਦੇ ਮੈਂਬਰ ਲਾਡੀ ਔਲਖ,ਹਨੀ ਸ਼ਰਮਾ,ਕੁਲਦੀਪ ਔਲਖ,ਲਾਡੀ,ਜਗਤਾਰ ਸਿੰਘ ਤਾਰੀ,ਕਾਲਾ ਫੌਜੀ,ਬਲਵਿੰਦਰ ਸਿੰਘ ਔਲਖ,ਸਤਵੀਰ ਸਿੰਘ, ਗੁਰਵਿੰਦਰ ਔਲਖ,ਮਹਿਕ ਔਲਖ,ਬਲਕਾਰ ਸਿੰਘ, ਬੱਗੜ,ਅਮਨ ਔਲਖ ਆਦਿ ਖਿਡਾਰੀਆਂ ਨੇ ਦੱਸਿਆ ਕਿ ਖੇਡ ਮੁਕਾਬਲਿਆਂ ਦੀਆਂ ਤਿਆਰੀਆਂ ਮੁਕੰਮਲ ਕਰ ਲਈਆ ਹਨ।

ਗੁਰਵਿੰਦਰ ਸਿੰਘ ਚਹਿਲ ਚੀਮਾ ਮੰਡੀ : ਟ੍ਰੈਫਿਕ ਪੁਲਿਸ ਦੀ ਤਰਫੋਂ ਸਰਕਾਰੀ ਸਮਾਰਟ ਸਕੂਲ ਜਖੇਪਲ ਦੇ ਬੱਚਿਆਂ ਨੂੰ ਆਵਾਜ਼ਾਈ ਨਿਯਮਾਂ ਬਾਰੇ ਕੀਤਾ ਜਾਗਰੂਕ

ਟ੍ਰੈਫਿਕ ਪੁਲਿਸ ਦੀ ਤਰਫੋਂ ਸਰਕਾਰੀ ਸਮਾਰਟ ਸਕੂਲ ਜਖੇਪਲ ਦੇ ਬੱਚਿਆਂ ਨੂੰ ਆਵਾਜ਼ਾਈ ਨਿਯਮਾਂ ਬਾਰੇ ਕੀਤਾ ਜਾਗਰੂਕ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਚੋਵਾਸ ਜਖੇਪਲ ਵਿਖੇ ਟ੍ਰੈਫਿਕ ਪੁਲਿਸ ਸੰਗਰੂਰ ਦੀ ਤਰਫ ਤੋਂ ਹਰਦੇਵ ਸਿੰਘ ਸਿੰਘ ਸਹਾਇਕ ਥਾਣੇਦਾਰ  ਇੰਚਾਰਜ ਸਿਖਿਆ ਸੈੱਲ ਵੱਲੋ ਟ੍ਰੈਫਿਕ ਜਾਗਰੁਕਤਾ ਸੈਮੀਨਾਰ ਲਗਾਇਆ ਗਿਆ ।ਜਿਸ ਵਿਚ ਸਕੂਲ ਦੇ ਸਮੂਹ ਵਿਦਿਆਰਥੀਆਂ ਨੇ ਹਾਜਰੀ ਦਿੱਤੀ। ਹਰਦੇਵ ਸਿੰਘ ਵੱਲੋ ਬੜੇ ਹੀ ਰੌਚਕ ਅਤੇ ਸੌਖੇ ਢੰਗ ਨਾਲ ਟ੍ਰੈਫਿਕ ਨਿਯਮਾ,ਓਨਾ ਦੀ ਪਾਲਣਾ ਕਰਨ ਅਤੇ ਹੋਰ ਉਪਬੰਧਾਂ ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ।ਉਨਾ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਟ੍ਰੈਫਿਕ ਨਿਯਮਾ ਦੀ ਪਾਲਣਾ ਨਾ ਕਰਨ ਕਰਕੇ ਲੱਖਾਂ ਕੀਮਤੀ ਜਾਨਾ ਮੌਤ ਦੇ ਮੂੰਹ ਵਿਚ ਜਾ ਰਹੀਆਂ ਹਨ, ਟ੍ਰੈਫਿਕ ਨਿਯਮਾ ਦਾ ਵਿਦਿਆਰਥੀ ਜੀਵਨ ਨਾਲ ਗੂੜਾ ਸੰਬੰਧ ਹੈ ਪੜਾਈ ਦੇ ਨਾਲ ਨਾਲ ਇਸ ਸੰਬੰਧੀ ਜਾਣਕਾਰੀ ਬਹੁਤ ਜਰੂਰੀ ਹੈ ਵਿਦਿਆਰਥੀ ਇਸ ਸੰਬੰਧੀ ਸੁਚੇਤ ਹੋਕੇ ਅੱਗੇ ਆਪਣੇ ਘਰ ਅਤੇ ਆਂਢ ਗਵਾਂਢ ਵਿਚ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕਰ ਸਕਦੇ ਹਨ। ਸਾਰੇ ਵਿਦਿਆਰਥੀਆਂ ਨੇ ਸੈਮੀਨਾਰ ਵਿਚ ਦਿਲਚਸਪੀ ਨਾਲ ਸੁਣਿਆ ਅਤੇ ਇਸਦੀ ਪਾਲਣਾ ਕਰਨ ਸੰਬੰਧੀ ਪ੍ਰਣ ਕੀਤਾ।ਇਸ ਮੌਕੇ ਲੈਕਚਰਰ ਸ਼ਿਵ ਸਿੰਘ ਨੇ ਟ੍ਰੈਫਿਕ ਪੁਲਿਸ ਸੰਗਰੂਰ ਦੀ ਪ੍ਰਸ਼ੰਸ਼ਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਸੈਮੀਨਾਰ ਸਕੂਲ ਵਿੱਚ ਲੱਗਣੇ ਜਰੂਰੀ ਹਨ ਤਾਂ ਜੋ ਵਿਦਿਆਰਥੀ ਇਸਤੋ ਫਾਇਦਾ ਲੈ ਸਕਣ।ਲੈਕਚਰਰ ਕੁਲਵਿੰਦਰ ਸਿੰਘ ਮੋਹਲ ਨੇ ਹਰਦੇਵ ਸਿੰਘ ਦਾ ਧੰਨਵਾਦ ਕੀਤਾ।ਸੈਮੀਨਾਰ ਵਿੱਚ ਲੈਕਚਰਰ ਅਵਿਨਾਸ਼ ਕੁਮਾਰ,ਲੈਕਚਰਾਰ ਯਾਦਵਿੰਦਰ ਭਾਰਦਵਾਜ ਮੀਡੀਆ ਕੋਆਰਡੀਨੇਟਰ,ਲੈਕਚਰਰ ਹਰਪ੍ਰੀਤ ਸਿੱਧੂ,ਲੈਕਚਰਾਰ ਮਨਪ੍ਰੀਤ ਕੌਰ,ਰਿੰਕੂ ਚੋਪੜਾ,ਮਨਦੀਪ ਕੌਰ,ਰਜਨਦੀਪ ਕੌਰ,ਮੋਨਿਕਾ,ਭਾਵਨਾ ਸਿੰਗਲਾ,ਭੁਪਿੰਦਰਪਾਲ ਕੌਰ,ਵੀਰਪਾਲ ਕੌਰ, ਰਾਜਬੀਰ ਕੌਰ,ਊਸ਼ਾ ਰਾਣੀ,ਦਰਸ਼ਨ ਲਾਲ,ਜਸਪ੍ਰੀਤ ਕੌਰ ਹਾਜ਼ਰ ਸਨ।

Monday, September 2, 2024

ਗੂੁਰਵਿੰਦਰ ਸਿੰਘ ਚਹਿਲ ਹੀਰੋਂ ਖ਼ੁਰਦ : ਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ

 ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਹੋਈ ਜ਼ਿਲ੍ਹਾ ਪੱਧਰੀ ਮੀਟਿੰਗ, 




ਡਿਪਟੀ ਡੀਈਓ ਮਾਨਸਾ (ਐਲੀਮੈਂਟਰੀ ਸਿੱਖਿਆ) ਮਦਨ ਲਾਲ ਕਟਾਰੀਆ ਨੂੰ  ਨੂੰ ਦਿੱਤਾ ਮੰਗ ਪੱਤਰ 

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕਾਂ ਦੀ ਇੱਕ ਜਰੂਰੀ ਮੀਟਿੰਗ ਬਾਲ ਭਵਨ ਮਾਨਸਾ ਵਿਖੇ ਬੁਲਾਈ ਗਈ ਜਿਸ ਵਿੱਚ ਜ਼ਿਲ੍ਹੇ ਦੇ ਪ੍ਰਮੁੱਖ ਆਗੂ ਸ਼ਾਮਲ ਹੋਏ ।ਜਿਸ ਵਿੱਚ ਲੰਮੀਆਂ ਵਿਚਾਰਾਂ ਕਰਨ ਤੋਂ ਬਾਅਦ ਫੈਸਲਾ ਕੀਤਾ ਕਿ ਆਗੂਆਂ ਦੀਆਂ ਬਲਾਕ ਪੱਧਰ 'ਤੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ।ਇੱਕ ਹੋਰ ਜ਼ਿਲ੍ਹੇ ਦੀ ਮੀਟਿੰਗ ਅਧਿਆਪਕਾਂ ਨਾਲ਼ ਜਲਦੀ ਕੀਤੀ ਜਾਵੇਗੀ।ਹਰ ਇੱਕ ਅਧਿਆਪਕ ਤੱਕ ਸਨੇਹਾ ਭੇਜਿਆ ਜਾਵੇ ਤਾਂ ਜੋ ਹਰ ਅਧਿਆਪਕ ਮੀਟਿੰਗ ਵਿੱਚ ਹਾਜ਼ਰ ਹੋ ਸਕੇ। ਮੀਟਿੰਗ ਵਿੱਚ ਮੁੱਖ ਮੰਗਾਂ 'ਤੇ ਪੰਜਾਬ ਸਰਕਾਰ ਨੇ ਇੱਕ ਸਾਲ ਵਿੱਚ ਤਨਖਾਹ ਡਬਲ ਕਰਨ ਦਾ ਵਾਅਦਾ ਯਾਦ ਕਰਾਉਣ ਲਈ, ਰਹਿੰਦੇ ਸਾਥੀਆਂ ਨੂੰ ਜੁਆਇੰਨ ਕਰਵਾਉਣ ਲਈ ਈਟੀਟੀ ਬੈਂਚ 2012-14 ਨੂੰ ਪੇਅ ਵਾਧਾ ਕਰਾਉਣ ਲਈ,ਪੇਅ-ਸਕੇਲ ਲਾਗੂ ਕਰਵਾਉਣ ਲਈ, ਰੈਗੂਲਰ ਅਧਿਆਪਕਾਂ ਵਾਂਗ ਸਾਰੇ ਲਾਭ ਲੈਣ ਲਈ,ਪੰਜ ਸਾਲ ਦਾ ਵਾਧਾ ਕਰਾਉਣ ਲਈ,ਸੇਵਾ ਮੁਕਤ ਹੋ ਰਹੇ ਅਧਿਆਪਕਾਂ ਨੂੰ 20 ਲੱਖ ਸਨਮਾਨਿਤ ਰਾਸ਼ੀ ਦੇਣ ਲਈ, ਭਿਆਨਕ ਬਿਮਾਰੀ ਨਾਲ ਰਾਜਵਿੰਦਰ ਸਿੰਘ ਰਾਜ ਦਿਉਣ ਹੋਈ ਮੌਤ 'ਤੇ ਪਰਿਵਾਰ ਨੂੰ ਸਰਕਾਰੀ ਨੌਕਰੀ ਅਤੇ 20 ਲੱਖ ਆਰਥਿਕ ਸਹਾਇਤਾ ਦੇਣ ਸੰਬੰਧੀ ਸਾਰੇ ਜ਼ਿਲ੍ਹਿਆਂ ਨੂੰ ਆਪਣੇ ਆਪਣੇ ਜ਼ਿਲੇ ਪੱਧਰ ਮੀਟਿੰਗਾਂ ਕਰਨੀਆਂ ਚਾਹੀਦੀਆਂ ਹਨ ਤਾਂ ਜੋ ਉਪਰੋਕਤ ਮੰਗਾਂ ਦਾ ਹੱਲ ਸਰਕਾਰ ਤੋਂ ਕਰਵਾਇਆ ਜਾ ਸਕੇ। ਮੀਟਿੰਗ ਤੋਂ ਬਾਅਦ ਡਿਪਟੀ ਡੀਈਉ ਮਾਨਸਾ ਐਲੀਮੈਂਟਰੀ ਸਿੱਖਿਆ ਮਦਨ ਲਾਲ ਕਟਾਰੀਆ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਪੂਰੇ ਜ਼ਿਲ੍ਹੇ ਵਿੱਚ ਜੁਲਾਈ ਮਹੀਨੇ ਦਾ ਪੂਰਾ ਇੰਕਰੀਮੈਂਟ ਪਾਉਣ ਦੀ ਮੰਗ ਕੀਤੀ ਗਈ। ਉਨ੍ਹਾਂ ਕਿ ਉਹ ਤੁਹਾਡੀ ਮੰਗ ਨੂੰ ਮੰਨਦੇ ਹੋਏ ਪੂਰਾ ਇੰਕਰੀਮੈਂਟ ਪਾ ਰਹੇ ਹਾਂ। ਇਸ ਮੌਕੇ ਸੂਬਾ ਕਨਵੀਨਰ ਸੁਖਚੈਨ ਸਿੰਘ ਗੁਰਨੇ,ਮੱਖਣ ਸਿੰਘ ਮੱਲ ਸਿੰਘ ਵਾਲਾ,ਜਗਰੂਪ ਸਿੰਘ ਹੀਰੇਵਾਲਾ,ਅਨੀਤਾ ਮਾਨਸਾ,ਖੁਸ਼ਪ੍ਰੀਤ ਮਾਨਸਾ,ਜਸਪਾਲ ਆਦਿ ਹਾਜ਼ਰ ਸਨ।

Sunday, September 1, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਮੋਟਰ ਵਹੀਕਲ ਐਕਟ 2019 ਬਾਰੇ ਕੀਤਾ ਨੁੱਕੜ ਨਾਟਕ ਪੇਸ਼

ਦਿ ਰੌਇਲ ਗਲੋਬਲ ਸਕੂਲ ਦੇ ਵਿਦਿਆਰਥੀਆਂ ਨੇ ਮੋਟਰ ਵਹੀਕਲ ਐਕਟ 2019 ਬਾਰੇ ਕੀਤਾ ਨੁੱਕੜ ਨਾਟਕ ਪੇਸ਼
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਦੇ ਵਿਦਿਆਰਥੀਆਂ ਨੇ ਹਾਲ ਹੀ ਵਿੱਚ ਭੀਖੀ ਵਿੱਚ ਸੜਕ ਸੁਰੱਖਿਆ ਨੂੰ ਉਤਸ਼ਾਹਿਤ ਕਰਨ ਲਈ ਇੱਕ ਕਮਾਲ ਦੀ ਕੋਸ਼ਿਸ਼,ਇੱਕ ਨੁੱਕੜ ਨਾਟਕ (ਸਟ੍ਰੀਟ ਪਲੇ) ਦਾ ਪ੍ਰਦਰਸ਼ਨ ਕਰ ਕੇ ਕੀਤੀ ਜਿਸ ਵਿੱਚ ਮੋਟਰ ਵਹੀਕਲ ਐਕਟ 2019 ਦੇ ਮੁੱਖ ਉਪਬੰਧਾਂ 'ਤੇ ਧਿਆਨ ਕੇਂਦਰਿਤ ਕੀਤਾ ਗਿਆ।ਇਸ ਦਾ ਉਦੇਸ਼ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਅਤੇ ਐਕਟ ਦੁਆਰਾ ਪੇਸ਼ ਕੀਤੇ ਗਏ ਨਵੇਂ ਨਿਯਮਾਂ ਦੀ ਪਾਲਣਾ ਕਰਨ ਦੀ ਮਹੱਤਤਾ ਬਾਰੇ ਜਾਗਰੂਕ ਕਰਨਾ ਹੈ। ਇਹ ਨਾਟਕ, ਜੋ ਕਿ ਜਾਣਕਾਰੀ ਭਰਪੂਰ ਅਤੇ ਦਿਲਚਸਪ  ਸੀ,ਨੇ ਮੋਟਰ ਵਹੀਕਲ ਐਕਟ 2019 ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕੀਤਾ, ਜਿਸ ਵਿੱਚ 18 ਸਾਲ ਤੋਂ ਘੱਟ ਉਮਰ ਦੇ ਵਾਹਨ ਚਲਾਉਣ ਲਈ ਟ੍ਰੈਫਿਕ ਉਲੰਘਣਾ ਕਰਨ ਤੇ ਉਹਨਾਂ ਲਈ ਸਖ਼ਤ ਸਜ਼ਾਵਾਂ ਅਤੇ ਜੁਰਮਾਨੇ ਸ਼ਾਮਲ ਹਨ। ਨਾਟਕੀ ਦ੍ਰਿਸ਼ਾਂ ਅਤੇ ਇੰਟਰਐਕਟਿਵ ਤੱਤਾਂ ਦੁਆਰਾ, ਵਿਦਿਆਰਥੀਆਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਜ਼ਿੰਮੇਵਾਰ ਡਰਾਈਵਿੰਗ ਅਤੇ ਪੈਦਲ ਯਾਤਰੀਆਂ ਦੀ ਸੁਰੱਖਿਆ ਲਈ ਸੰਦੇਸ਼ ਪਹੁੰਚਾਇਆ। ਇਸ ਕੋਸ਼ਿਸ ਨੇ ਸਥਾਨਕ ਭਾਈਚਾਰੇ ਦਾ ਧਿਆਨ ਖਿੱਚਿਆ, ਜਿਨ੍ਹਾਂ ਨੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਵਿਦਿਆਰਥੀਆਂ ਦੀ ਰਚਨਾਤਮਕ ਪਹੁੰਚ ਦੀ ਸ਼ਲਾਘਾ ਕੀਤੀ। ਏ.ਐਸ.ਆਈ. ਸੁਰੇਸ਼ ਕੁਮਾਰ ਸਿੰਘ ਵੀ ਹਾਜ਼ਰ ਸਨ, ਜਿਨ੍ਹਾਂ ਨੇ ਇਸ ਉਪਰਾਲੇ ਲਈ ਵਿਦਿਆਰਥੀਆਂ ਅਤੇ ਸਕੂਲ ਦੀ ਸ਼ਲਾਘਾ ਕੀਤੀ। ਸਕੂਲ ਦੀ ਪ੍ਰਿੰਸੀਪਲ,ਯੋਗਿਤਾ ਭਾਟੀਆ ਨੇ ਵਿਦਿਆਰਥੀਆਂ ਨੂੰ ਇਸ ਮਹੱਤਵਪੂਰਨ ਕਾਰਜ ਲਈ ਸਮਰਪਣ ਕਰਨ ਅਤੇ ਆਪਣੀ ਪ੍ਰਤਿਭਾ ਦੁਆਰਾ ਇਲਾਕੇ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਲਈ ਉਨ੍ਹਾਂ ਦੀ ਵਚਨਬੱਧਤਾ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਪਲਨਪ੍ਰੀਤ ਕੌਰ ਨੂੰ ਸਟਰੀਟ ਸ਼ੋਅ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਵਧਾਈ ਦਿੱਤੀ ਜਿਸ ਲਈ ਉਹ ਪਿਛਲੇ ਕੁਝ ਦਿਨਾਂ ਤੋਂ ਕੰਮ ਕਰ ਰਹੀ ਸੀ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਜ਼ਿਲ੍ਹਾ ਮਾਨਸਾ ਨੂੰ ਮਿਲੇ ਦੋ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ

ਜ਼ਿਲ੍ਹਾ ਮਾਨਸਾ ਨੂੰ ਮਿਲੇ ਦੋ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਤੇ ਐਲੀਮੈਂਟਰੀ

ਡਾ. ਪਰਮਜੀਤ ਸਿੰਘ  ਭੋਗਲ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ ( ਸੈ:ਸਿੱ:) ,ਮਦਨ ਲਾਲ ਕਟਾਰੀਆ ਉਪ ਜ਼ਿਲ੍ਹਾ ਸਿੱਖਿਆ ਅਫਸਰ ਮਾਨਸਾ (ਐਲੀਮੈਂਟਰੀ ਸਿੱਖਿਆ) ਬਣੇ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ :  ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਆਦੇਸ਼ਾਂ ਮੁਤਾਬਕ ਪਿਛਲੇ ਦਿਨੀ ਕੀਤੀਆਂ ਗਈਆਂ ਪਦਉਨਤੀਆਂ ਉਪਰੰਤ ਜਿਲ੍ਹਾ ਮਾਨਸਾ ਨੂੰ ਦੋ ਉਪ ਜਿਲ੍ਹਾ ਸਿੱਖਿਆ ਅਫਸਰ ਮਿਲ ਗਏ ਹਨ। ਜ਼ਿਲ੍ਹਾ  ਸਿੱਖਿਆ ਅਫਸਰ ਮਾਨਸਾ ਮੈਡਮ ਭੁਪਿੰਦਰ ਕੌਰ ਨੇ ਦੱਸਿਆ ਕਿ ਡਾ. ਪਰਮਜੀਤ ਸਿੰਘ ਭੋਗਲ ਜਿਹੜੇ ਕਿ ਬਤੌਰ ਪ੍ਰਿੰਸੀਪਲ ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਆਪਣੀਆਂ ਸੇਵਾਵਾਂ ਨਿਭਾ ਰਹੇ ਸੀ, ਉਹਨਾਂ ਨੂੰ ਪਦਉਤ ਕਰਕੇ ਬਤੌਰ ਉਪ ਜਿਲਾ ਸਿੱਖਿਆ ਅਫਸਰ ( ਸੈ:ਸਿੱ:) ਮਾਨਸਾ ਪਦਉੱਨਤ ਕੀਤਾ ਗਿਆ ਹੈ, ਦੱਸਣਾ ਬਣਦਾ ਹੈ ਕਿ ਪਰਮਜੀਤ ਸਿੰਘ ਨੇ 1997 ਵਿੱਚ ਬਤੌਰ ਈਟੀਟੀ ਅਧਿਆਪਕ ਵਜੋਂ ਆਪਣੀ ਸੇਵਾ ਸਰਕਾਰੀ ਪ੍ਰਾਇਮਰੀ ਸਕੂਲ ਆਦਮਕੇ ਤੋਂ ਸ਼ੁਰੂ ਕੀਤੀ ਸੀ। ਉਸ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਛਾਪਿਆਂਵਾਲੀ ਵਿਖੇ ਵੀ ਆਪਣੀਆਂ ਸੇਵਾਵਾਂ ਦਿੱਤੀਆਂ। ਸਾਲ 2006 ਵਿੱਚ ਪਰਮਜੀਤ ਸਿੰਘ ਬਤੌਰ ਸਮਾਜਿਕ ਸਿੱਖਿਆ ਮਾਸਟਰ ਪਦਉਨਤ ਹੋਏ ਅਤੇ ਸਰਕਾਰੀ ਹਾਈ ਸਕੂਲ ਕਿਸ਼ਨਗੜ੍ਹ ਫਰਮਾਹੀ ਵਿਖੇ ਆਪਣੀਆਂ ਸੇਵਾਵਾਂ ਸ਼ੁਰੂ ਕੀਤੀਆਂ। ਇਸ ਤੋਂ ਬਾਅਦ 2006 ਵਿੱਚ ਬਤੌਰ ਮੁੱਖ ਅਧਿਆਪਕ ਪਦਉੱਨਤ ਹੋ ਕੇ ਇਹਨਾਂ ਨੇ ਆਪਣੀਆਂ ਸੇਵਾਵਾਂ ਸਰਕਾਰੀ ਹਾਈ ਸਕੂਲ ਅਤਲਾ ਕਲਾਂ ਵਿਖੇ ਨਿਭਾਈਆਂ। ਸਾਲ 2014 ਵਿੱਚ ਮੁੱਖ ਅਧਿਆਪਕ ਤੋਂ ਬਤੌਰ ਪ੍ਰਿੰਸੀਪਲ ਪਦ ਉਨਤ ਹੋ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝਨੀਰ ਵਿਖੇ ਆਪਣੀਆਂ ਸੇਵਾਵਾਂ ਬਹੁਤ ਹੀ ਬਿਹਤਰ ਤਰੀਕੇ ਨਾਲ ਨਿਭਾਈਆਂ ਅਤੇ ਉਸ ਤੋਂ ਬਾਅਦ ਬਦਲੀ ਹੋਣ ਤੇ ਸਰਕਾਰੀ ਸੈਕੰਡਰੀ ਸਕੂਲ ਦਲੇਲ ਸਿੰਘ ਵਾਲਾ ਵਿਖੇ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਪਰਮਜੀਤ ਸਿੰਘ ਭੋਗਲ ਸੈਸ਼ਨ 2022-23 ਦੌਰਾਨ ਸਿੱਖਿਆ ਸੁਧਾਰ ਕਮੇਟੀ ਜਿਲਾ ਮਾਨਸਾ ਦੇ ਇੰਚਾਰਜ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹੇ ਅਤੇ ਇਸ ਸਮੇਂ ਆਪਣੇ ਪ੍ਰਿੰਸੀਪਲ ਅਹੁਦੇ ਦੇ ਨਾਲ ਨਾਲ ਬਤੌਰ ਬਲਾਕ ਨੋਡਲ ਅਫਸਰ ਮਾਨਸਾ ਵਜੋਂ ਵੀ ਆਪਣੀਆਂ ਸੇਵਾਵਾਂ ਨਿਭਾ ਰਹੇ ਸਨ। ਬਹੁਤ ਹੀ ਨਿਮਰ ਅਤੇ ਸਾਊ ਸੁਭਾ ਦੇ ਮਾਲਕ ਡਾ. ਪਰਮਜੀਤ ਸਿੰਘ ਭੋਗਲ ਲਿਖਣ ਦੇ ਸ਼ੌਕੀਨ ਵੀ ਹਨ ਜਿਨਾਂ ਨੇ ਕਾਵ ਸੰਗ੍ਰਹਿ 'ਟਿੱਬਿਆਂ ਦਾ ਯਾਰ' ਆਪਣੀ ਕਿਤਾਬ ਲਿਖ ਚੁੱਕੇ ਹਨ। ਜਿਹੜੀ ਕਿ ਸਾਡੇ ਵਿੱਚ ਬੜੀ ਹੀ ਹਰਮਨ ਪਿਆਰੀ ਸਿੱਧ ਹੋਈ ਹੈ।
ਇਸੇ ਤਰ੍ਹਾਂ ਉਹਨਾਂ ਦੱਸਿਆ ਕਿ ਮਦਨ ਲਾਲ ਕਟਾਰੀਆ ਨੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਮਾਨਸਾ ਵਜੋਂ ਆਪਣਾ ਅਹੁਦਾ ਸੰਭਾਲ ਲਿਆ ਹੈ ਉਹਨਾਂ ਦੱਸਿਆ ਕਿ ਸਾਲ 1990 ਵਿੱਚ ਬਤੌਰ ਹਿਸਾਬ ਮਾਸਟਰ ਆਪਣੀਆਂ ਸੇਵਾਵਾਂ ਸਰਕਾਰੀ ਹਾਈ ਸਕੂਲ ਉਭਾ ਬੁਰਜ ਢਿੱਲਵਾਂ ਤੋਂ ਸ਼ੁਰੂ ਕੀਤੀਆਂ। ਉਸ ਤੋਂ ਬਾਅਦ ਸਾਲ 2006 ਵਿੱਚ ਡਾਇਰੈਕਟ ਮੁੱਖ ਅਧਿਆਪਕ ਵਜੋਂ ਸਰਕਾਰੀ ਹਾਈ ਸਕੂਲ ਘਰਾਂਗਣਾ ਵਿਖੇ ਆਪਣੀਆਂ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਸਾਲ 2014 ਵਿੱਚ ਬਤੌਰ ਪ੍ਰਿੰਸੀਪਲ ਹੋਣ ਤੇ ਸਰਕਾਰੀ ਸੈਕੈਂਡਰੀ ਸਕੂਲ ਸੰਘਾ ਵਿਖੇ ਆਪਣੀਆਂ ਸੇਵਾਵਾਂ ਜਿਹੜੀਆਂ ਸ਼ੁਰੂ ਕੀਤੀਆਂ ਇਸਦੇ ਨਾਲ ਬਦਲੀ ਹੋਣ ਤੇ ਸਾਲ 2014 ਵਿੱਚ ਸਰਕਾਰੀ ਸਕੈਂਡਰੀ ਸਕੂਲ ਲੜਕੇ ਫਫੜੇ ਭਾਈ ਕੇ ਵਿਖੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਆਪਣੀ ਸੇਵਾਵਾਂ ਦਿੱਤੀਆਂ ਅਤੇ ਇਸ ਸਕੂਲ ਨੂੰ ਆਪਣੀ ਮਿਹਨਤ ਨਾਲ ਬੁਲੰਦੀਆਂ 'ਤੇ ਪਹੁੰਚਾਇਆ। ਸਾਲ 2019 ਵਿੱਚ ਇਹਨਾਂ ਦੀ ਬਦਲੀ ਸਰਕਾਰੀ ਸੈਕੰਡਰੀ ਕੰਨਿਆ ਰੱਲਾ ਵਿਖੇ ਹੋਈ ਜਿੱਥੇ ਇਹਨਾਂ ਦੀਆਂ ਹੁਣ ਸੇਵਾਵਾਂ ਨਿਭਾ ਰਹੇ ਸੀ l। ਇਸ ਸੰਸਥਾ ਨੂੰ ਇਹਨਾਂ ਦੇ ਯੋਗ ਤਜਰਬੇ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸ਼ਿੰਗਾਰਿਆ ਹੋਇਆ ਹੈ ਅਤੇ ਇਸ ਸਕੂਲ ਅਕਾਦਮਿਕ ਪੱਖ ਤੋਂ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ। ਇਹਨਾਂ ਦੀਆਂ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਇਹਨਾਂ ਨੂੰ ਬਤੌਰ ਉਪ ਜਿਲਾ ਸਿੱਖਿਆ ਅਫਸਰ ਮਾਨਸਾ ਐਲੀਮੈਂਟਰੀ ਸਿੱਖਿਆ  ਵਜੋਂ ਪਦਉੱਨਤ ਕੀਤਾ ਗਿਆ ਹੈ। ਇਹਨਾਂ ਅਧਿਕਾਰੀਆਂ ਦੀਆਂ ਪਦ ਉਨਤੀਆਂ ਹੋਣ ਤੇ ਸਮੂਹ ਅਧਿਕਾਰੀਆਂ, ਅਧਿਆਪਕਾਂ ਅਤੇ ਅਧਿਆਪਕ ਜਥੇਬੰਦੀਆਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਹੈ ਕਿ ਜਿਲਾ ਮਾਨਸਾ ਦੇ ਦੋ  ਸਿੱਖਿਆ  ਅਧਿਕਾਰੀ ਸਾਡੇ ਜਿਲ੍ਹਾ ਮਾਨਸਾ ਦੇ ਸਿੱਖਿਆ ਤੰਤਰ ਨੂੰ ਹੋਰ ਉੱਚਾ ਲਿਜਾਣ ਵਿੱਚ ਆਪਣੀ ਮਿਹਨਤ ਜਾਰੀ ਰੱਖਣਗੇ ਅਤੇ ਭਵਿੱਖ ਵਿੱਚ ਜਿਲ੍ਹਾ ਮਾਨਸਾ ਸਿੱਖਿਆ ਦੇ ਖੇਤਰ ਵਿੱਚ ਹੋਰ ਬੁਲੰਦੀਆਂ ਨੂੰ ਛੂਹੇਗਾ।ਇਸ ਮੌਕੇ  ਜ਼ਿਲ੍ਹਾ ਸਿੱਖਿਆ ਅਫਸਰ ਸੈਕਡਰੀ ਸਿੱਖਿਆ ਭੁਪਿੰਦਰ ਕੌਰ,ਗੁਰਮੀਤ ਸਿੰਘ,ਅਰੁਣ ਕੁਮਾਰ,ਕੁਲਦੀਪ ਸਿੰਘ,ਸਾਬਕਾ ਉਪ ਜਿਲ੍ਹਾ ਸਿੱਖਿਆ ਅਫਸਰ ਅਸ਼ੋਕ ਕੁਮਾਰ ,ਡੀ.ਐੱਮ. ਪਰਵਿੰਦਰ ਸਿੰਘ,ਗੁਰਦਾਸ ਸਿੰਘ ਸੇਖੋ ਅਤੇ ਹੋਰ ਅਧਿਆਪਕ ਹਾਜਰ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਉੱਤਰ ਖੇਤਰੀ ਪੱਧਰ ਦੀਆਂ 3 ਦਿਨਾਂ ਖੇਡਾਂ ਹੋਈਆਂ ਸੰਪੰਨ

ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਉੱਤਰ ਖੇਤਰੀ ਪੱਧਰ ਦੀਆਂ 3 ਦਿਨਾਂ ਖੇਡਾਂ ਹੋਈਆਂ ਸੰਪੰਨ

ਖਿਡਾਰੀ ਨਸ਼ਾ ਮੁਕਤ ਰਹਿ ਕੇ ਖੇਡਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ : ਡੀ.ਐਸ.ਪੀ. ਮਨਜੀਤ ਸਿੰਘ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਅਖਿਲ ਭਾਰਤੀ ਸਿੱਖਿਆ ਸੰਮਤੀ ਦੁਆਰਾ ਕਰਵਾਈਆਂ ਗਈਆਂ 35ਵੀਂ ਵਿੱਦਿਆ ਭਾਰਤੀ ਉੱਤਰ ਖੇਤਰੀ ਪੱਧਰ ਦੀਆਂ 3 ਰੋਜ਼ਾ ਖੇਡਾਂ ਦੇ ਸਮਾਪਤੀ ਸਮਾਰੋਹ ਦੇ ਮੌਕੇ ਇਨਾਮ ਵੰਡ ਸਮਾਰੋਹ ਕਰਵਇਆ ਗਿਆ।ਖੇਡ ਸਮਾਗਮ ਦੌਰਾਨ ਮੁੱਖ ਮਹਿਮਾਨ ਡੀ.ਐਸ.ਪੀ. ਸਰਦੂਲਗੜ੍ਹ ਮਨਜੀਤ ਸਿੰਘ ਅਤੇ ਉੱਤਰ ਖੇਤਰ ਦੇ ਮਹਾਂ ਮੰਤਰੀ ਦੇਸਰਾਜ,ਪੰਜਾਬ ਸੂਬੇ ਦੇ ਮਹਾਮੰਤਰੀ ਡਾ. ਨਵਦੀਪ ਸ਼ੇਖਰ ਪਹੁੰਚੇ।ਉੱਤਰ ਖੇਤਰ ਪੱਧਰੀ ਖੇਡ ਮੁਕਾਬਲਿਆਂ ਵਿੱਚ ਜੂਡੋ,ਕੁਸ਼ਤੀ,ਕੁਰਾਸ਼ ਅਤੇ ਤਾਈਕਵਾਂਡੋ ਖੇਡਾਂ ਕਰਵਾਈਆਂ ਗਈਆਂ।ਖੇਡ ਮੁਕਾਬਲੇ ਵਿੱਚ ਪੂਰੇ ਪੰਜਾਬ ਦੇ ਵਿੱਦਿਆ ਭਾਰਤੀ ਦੇ ਸਕੂਲਾਂ ’ਚੋਂ 500 ਖਿਡਾਰੀਆਂ ਨੇ ਭਾਗ ਲਿਆ।ਮਨਜੀਤ ਸਿੰਘ  ਡੀ.ਐਸ.ਪੀ. ਸਰਦੂਲਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਰਹਿ ਕੇ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਸੰਦੇਸ਼ ਦਿੱਤਾ।ਇਸ ਮੌਕੇ ਮੁੱਖ ਮਹਿਮਾਨਾਂ ਅਤੇ ਸਕੂਲ ਪ੍ਰਬੰਧ ਸੰਮਤੀ,ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਜੇਤੂ ਖਿਡਾਰੀਆਂ ਨੂੰ ਤਮਗੇ,ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕਰਦਿਆਂ ਵਧਾਈ ਵੀ ਦਿੱਤੀ।ਵਿੱਦਿਆ ਮੰਦਰ ਦੀ ਪ੍ਰਬੰਧ ਸੰਮਤੀ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਮੁੱਖ ਮਹਿਮਾਨ,ਉੱਤਰ ਖੇਤਰ ਦੇ ਸਾਰੇ ਭਾਗ ਲੈਣ ਵਾਲੇ,ਖੇਡ ਅਧਿਆਪਕ,ਅਲੱਗ-ਅਲੱਗ ਸਕੂਲਾਂ ਤੋਂ ਆਏ ਅਧਿਆਪਕ ਅਤੇ ਵਿਿਦਆਰਥੀਆਂ ਦਾ ਸਕੂਲ ਪਹੁੰਚਣ ਅਤੇ ਸਹਿਯੋਗ ਦੇਣ ਅਤੇ ਇਸ ਪ੍ਰੋਗਰਾਮ ਨੂੰ ਸਫਲਤਾ ਪੂਰਵਕ ਨੇਪਰੇ ਚੜ੍ਹਾਉਣ ਲਈ ਧੰਨਵਾਦ ਕੀਤਾ ਅਤੇ ਖਿਡਾਰੀਆਂ ਨੂੰ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਖੇਡ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੱਤੀਆਂ।