Sunday, September 15, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਨੈਸ਼ਨਲ ਕਾਲਜ ਭੀਖੀ ਵਿਖ਼ੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸੱਭਿਆਚਾਰਕ ਸਮਾਗ਼ਮ ਕਰਵਾਇਆ

ਨੈਸ਼ਨਲ ਕਾਲਜ ਭੀਖੀ ਵਿਖ਼ੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਸੱਭਿਆਚਾਰਕ ਸਮਾਗ਼ਮ ਕਰਵਾਇਆ 


ਵਿਦਿਆਰਥੀਆਂ ਨੇ ਵੱਖ ਵੱਖ ਸੱਭਿਆਚਾਰਕ ਵੰਨਗੀਆਂ ਦੇ ਰੰਗ ਬਿਖੇਰੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਨੈਸ਼ਨਲ ਕਾਲਜ ਭੀਖੀ ਵਿਖੇ ਨਵੇਂ ਵਿਦਿਆਰਥੀਆਂ ਦੇ ਸਵਾਗਤ ਲਈ ਫਰੈਸ਼ਰ ਪਾਰਟੀ (ਜਸ਼ਨ-ਏ-ਮੁਬਾਰਕਾਂ 2024) ਪ੍ਰੋਗਰਾਮ ਕਰਵਾਇਆ।ਕਾਲਜ ਦੇ ਮੀਡੀਆ ਇੰਚਾਰਜ ਪ੍ਰੋਫ਼ੈਸਰ ਕਰਮਜੀਤ ਕੌਰ ਨੇ ਦੱਸਿਆ ਕਿ ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਦੇ ਪ੍ਰਧਾਨ ਹਰਬੰਸ ਦਾਸ ਬਾਵਾ ਦੀ ਦੇਖ ਰੇਖ ਹੇਠ ਪ੍ਰਿੰਸੀਪਲ ਡਾ. ਐਮ.ਕੇ.ਮਿਸ਼ਰਾ ਅਤੇ ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ ਦੇ ਦੁਆਰਾ ਸਰਸਵਤੀ ਪੂਜਾ ਕਰਕੇ ਕੀਤੀ ਗਈ। ਕਾਲਜ ਦੇ ਪ੍ਰਿੰਸੀਪਲ ਨੇ ਕਿਹਾ ਕਿ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਅਤੇ ਪਾਠਕ੍ਰਮ ਦੀਆਂ ਗਤੀਵਿਧੀਆਂ ਵਿੱਚ ਇਸ ਪ੍ਰੋਗਰਾਮ ਦਾ ਬਹੁਤ ਵੱਡਾ ਯੋਗਦਾਨ ਹੈ।ਸੱਭਿਆਚਾਰਕ ਪ੍ਰੋਗਰਾਮ ਦੀ ਤਿਆਰੀ ਕੋਆਡੀਨੇਟਰ ਪ੍ਰੋਫ਼ੈਸਰ ਸੁਖਪਾਲ ਕੌਰ,ਪ੍ਰੋਫ਼ੈਸਰ ਅਵਤਾਰ ਸਿੰਘ ਅਤੇਪ੍ਰੋਫ਼ੈਸਰ ਅਮਨਜੀਤ ਸਿੰਘ ਗਰੇਵਾਲ ਦੇ ਦੁਆਰਾ ਕਾਰਵਾਈ ਗਈ।ਸਟੇਜ ਦੀ ਕਾਰਵਾਈ ਪ੍ਰੋਫ਼ੈਸਰ ਲਖਵਿੰਦਰ ਸਿੰਘ ਅਤੇ ਪ੍ਰੋਫ਼ੈਸਰ ਕੁਲਦੀਪ ਸਿੰਘ ਨੇ ਬਾਖ਼ੂਬੀ ਨਿਭਾਈ।ਵਿਦਿਆਰਥੀਆਂ ਦੁਆਰਾ ਸੋਲੋ ਡਾਂਸ,ਹਰਿਆਣਵੀ ਡਾਂਸ, ਮਿਕਸ ਡਾਂਸ, ਸ਼ੇਅਰੋ- ਸ਼ਾਇਰੀ, ਮਾਡਲਿੰਗ,ਲੋਕ ਗੀਤ ਅਤੇ ਸਕਿਟ ਦੇ ਦੁਆਰਾ ਪੇਸ਼ਕਾਰੀ ਕੀਤੀ ਗਈ ਅਤੇ ਪ੍ਰੋਗਰਾਮ ਦੇ ਅਖੀਰ ਵਿੱਚ ਪੰਜਾਬ ਦਾ ਪੁਰਾਤਨ ਲੋਕ ਨਾਚ  ਗਿੱਧਾ ਪੇਸ਼ ਕੀਤਾ ਗਿਆ।ਇਸ ਮੌਕੇ ਕਾਲਜ ਦੀ ਪ੍ਰਬੰਧਕ ਕਮੇਟੀ ਵੱਲੋਂ ਬਿਕਰਮਜੀਤ ਸਿੰਘ ਬਾਵਾ, ਪ੍ਰੋਫ਼ੈਸਰ ਗੁਰਤੇਜ ਸਿੰਘ ਤੇਜੀ,ਪ੍ਰੋਗਰਾਮ ਕੋਆਡੀਨੇਟਰ ਪ੍ਰੋਫ਼ੈਸਰ ਨੈਨਾ ਗੋਇਲ,ਪ੍ਰੋਫ਼ੈਸਰ ਸੰਟੀ ਕੁਮਾਰ, ਪ੍ਰੋਫ਼ੈਸਰ ਜਸਪ੍ਰੀਤ ਕੌਰ, ਪ੍ਰੋਫੈਸਰ ਹਰਬੰਸ ਸਿੰਘ,ਨਿਰਮਲ ਸਿੰਘ, ਸਮੂਹ ਸਟਾਫ਼ ਤੇ ਵਿਦਿਆਰਥੀ ਮੌਜ਼ੂਦ ਸਨ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਬਾ ਸ਼੍ਰੀ ਚੰਦ ਵਿਰੱਕਤ ਕੁਟੀਆ ਸਵਾਮੀ ਨਿਰੰਜਣ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਿਖੇ ਸਲਾਨਾ ਸਮਾਗਮ 16 ਨੂੰ : ਮਹੰਤ ਪ੍ਰਸ਼ੋਤਮ ਦਾਸ ਉਦਾਸੀਨ

ਬਾਬਾ ਸ਼੍ਰੀ ਚੰਦ  ਵਿਰੱਕਤ ਕੁਟੀਆ ਸਵਾਮੀ ਨਿਰੰਜਣ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਿਖੇ ਸਲਾਨਾ ਸਮਾਗਮ 16 ਨੂੰ : ਮਹੰਤ ਪ੍ਰਸ਼ੋਤਮ ਦਾਸ ਉਦਾਸੀਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਬਾਬਾ ਸ਼੍ਰੀ ਚੰਦ ਵਿਰੱਕਤ ਕੁਟੀਆ ਸਵਾਮੀ ਨਿਰੰਜਣ ਦੇਵ ਜੀ ਉਦਾਸੀਨ ਆਸ਼ਰਮ ਮਾਨਸਾ ਖੁਰਦ ਵਿਖੇ ਸਲਾਨਾ ਸਮਾਗਮ 16 ਸਤੰਬਰ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦਿਆ ਮਹੰਤ ਪ੍ਰਸ਼ੋਤਮ ਦਾਸ ਉਦਾਸੀਨ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੇ 530 ਵੇਂ ਪ੍ਰਕਾਸ਼ ਉਤਸਵ ਦੇ ਸਬੰਧ ਵਿੱਚ ਸ਼੍ਰੀ ਆਖੰਡ ਪਾਠ ਸਾਹਿਬ 16 ਸਤੰਬਰ ਨੂੰ ਸਵੇਰੇ 9 :30 ਅਤੇ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ 18 ਸਤੰਬਰ ਨੂੰ 10 ਵਜੇ ਪਾਏ ਜਾਣਗੇ। ਉਹਨਾਂ ਕਿਹਾ ਕਿ ਉਪਰੰਤ ਕਵੀਸ਼ਰੀ ਕਥਾ ਕੀਰਤਨ ਕਰਕੇ ਸੰਗਤਾਂ  ਨੂੰ ਨਿਹਾਲ ਕਰਨਗੇ । ਅਤੇ ਸੰਗਤਾਂ ਲਈ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਬਾਬਾ ਜੀ ਨੇ ਕਿਹਾ ਕਿ ਸਮੂਹ ਨਗਰ ਨਿਵਾਸੀ ਸੰਗਤਾਂ ਮਾਨਸਾ ਖੁਰਦ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵਲੋਂ 22 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ

ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਯੂਨੀਅਨ ਵਲੋਂ 22 ਨੂੰ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਦਾ ਐਲਾਨ

ਗੁਰਵਿੰਦਰ ਸਿੰਘ ਚਹਿਲ,ਹੀਰੋਂ ਖੁਰਦ : ਐਨ.ਐਚ.ਐਮ. ਕੋਵਿਡ ਮੈਡੀਕਲ ਤੇ ਪੈਰਾ ਮੈਡੀਕਲ ਵਲੰਟੀਅਰ ਦੇ ਯੂਨੀਅਨ ਆਗੂਆਂ ਨੇ ਕਿਹਾ ਕਿ ਆਪਣੀਆਂ ਮੰਗਾਂ ਸਬੰਧੀ ਸਿਹਤ ਮੰਤਰੀ ਡਾ. ਬਲਵੀਰ ਸਿੰਘ ਦੀ ਰਿਹਾਇਸ਼ ਦਾ 22 ਸਤੰਬਰ ਨੂੰ ਪਟਿਆਲਾ ਵਿਖੇ ਘਿਰਾਓ ਕੀਤਾ ਜਾਵੇਗਾ ।ਇਹ ਫੈਸਲਾ ਜਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਮਾਨਸਾ ਵੱਲੋ ਵਲੰਟੀਅਰ ਸਾਥੀਆਂ ਨਾਲ ਮੀਟਿੰਗ ਵਿਚ ਲਿਆ ਗਿਆ ਹੈ।ਕੋਵਿਡ ਯੂਨੀਅਨ ਦੇ ਸੂਬਾ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਪਿਛਲੇ 4 ਸਾਲ ਤੋਂ ਉਹਨਾਂ ਨੂੰ ਝੂਠੀਆਂ ਮੀਟਿੰਗਾਂ ਦੇ ਕੇ ਟਾਲਿਆ ਜਾ ਰਿਹਾ।ਕਾਂਗਰਸ ਸਰਕਾਰ ਵਾਂਗ ਆਪ ਸਰਕਾਰ ਵੀ ਉਹਨਾਂ ਨੂੰ ਗੁਮਰਾਹ ਕਰ ਰਹੀ ਹੈ ।ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਵਾਰ-ਵਾਰ ਮੀਡੀਆ 'ਚ ਬਿਆਨ ਦਿੱਤੇ ਜਾ ਰਹੇ ਹਨ ਕਿੇ ਕੋਵਿਡ ਮੈਡੀਕਲ ਅਤੇ ਪੈਰਾ ਮੈਡੀਕਲ ਵਲੰਟੀਅਰਾਂ ਨੂੰ ਜਲਦੀ ਨੌਕਰੀਆਂ 'ਤੇ ਬਹਾਲ ਕੀਤਾ ਜਾਵੇਗਾ।ਮੁੱਖ ਮੰਤਰੀ ਇਹ ਬਿਆਨ ਅਨੇਕਾਂ ਵਾਰ ਦੇ ਚੁੱਕੇ ਨੇ ਪਰ ਇਹਨਾਂ ਨੂੰ ਬੂਰ ਕਦੋ ਪਵੇਗਾ ਇਸ ਗੱਲ ਦਾ ਉਹਨਾਂ ਨੂੰ ਕੋਈ ਪਤਾ ਨਹੀਂ ਹੈ।ਉਹਨਾਂ ਕਿਹਾ ਕਿ ਹੁਣ ਸਰਕਾਰੀ ਹਸਪਤਾਲਾਂ ਦੇ ਡਾਕਟਰ ਤੇ ਸਟਾਫ਼ ਵੀ ਹੜਤਾਲ ਤੇ ਜਾ ਚੁੱਕੇ ਹਨ ਤੇ ਉਹ ਵੀ ਇਹ ਗੱਲ ਕਹਿ ਰਹੇ ਨੇ ਕਿ ਉਹਨਾਂ 'ਤੇ ਕੰਮ ਦਾ ਬਹੁਤ ਜ਼ਿਆਦਾ ਬੋਝ ਹੈ ਤੇ ਸਟਾਫ਼ ਦੀ ਵੀ ਜ਼ਿਆਦਾ ਕਮੀ ਹੈ।ਜਿਸ ਕਰਕੇ ਮੈਡੀਕਲ ਸਟਾਫ਼ ਦੀ ਕਮੀ ਕਰਕੇ ਆਮ ਜਨਤਾ ਹਸਪਤਾਲਾਂ ਵਿਚ ਬਹੁਤ ਖੱਜ਼ਲ-ਖੁਆਰ ਹੋ ਰਹੀ ਹੈ।ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਸੀ ਕਿ ਕਰੋਨਾ ਵਲੰਟੀਅਰ ਨੂੰ ਦੀਵਾਲੀ ਦਾ ਤੋਹਫ਼ਾ ਪੱਕੀ ਨੌਕਰੀ ਵਜੋਂ ਦਿੱਤਾ ਜਾਵੇਗਾ ਪਰ ਉਸ ਦੀਵਾਲੀ ਨੂੰ ਲੰਘਿਆਂ 2 ਸਾਲ ਹੋ ਗਏ ਹਨ ਤੇ ਉਹ ਹੁਣ ਤਕ ਕਾਲੀ ਦੀਵਾਲੀ ਹੀ ਮਨਾਉਂਦੇ ਆ ਰਹੇ ਹਨ।ਉਹਨਾਂ ਕਿਹਾ ਕਿ ਉਹ 22 ਸਤੰਬਰ ਨੂੰ ਸੁਤੀ ਹੋਈ ਸਰਕਾਰ ਨੂੰ ਫਿਰ ਜਗਾਉਣ ਲਈ ਪਟਿਆਲਾ ਵਿਖੇ ਸਿਹਤ ਮੰਤਰੀ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਹਨ ਜੇਕਰ ਕੋਈ ਪੁਖਤਾ ਹੱਲ ਨਾ ਹੋਇਆ ਤਾਂ ਉਹ ਕੋਈ ਸਖ਼ਤ ਐਕਸਨ ਲੈਣ ਲਈ ਮਜ਼ਬੂਰ ਹੋਣਗੇ ਕਿੳਂਕਿ ਪਟਿਆਲਾ ਦੇ ਪ੍ਰਸ਼ਾਸਨ ਨੇ ਉਹਨਾਂ ਨੂੰ ਢਾਈ ਸਾਲਾਂ ਵਿਚ ਅਨੇਕਾਂ ਝੂਠੀਆਂ ਮੀਟਿੰਗਾਂ ਦਿਵਾਈਆਂ ਹਨ ਪਰ ਅੱਜ ਤੱਕ ਕੋਈ ਹੱਲ ਨਹੀਂ ਨਿਕਲ ਸਕਿਆ।

Saturday, September 14, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਅਕਾਲ ਅਕੈਡਮੀ ਬੇਨੜਾ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ

ਅਕਾਲ ਅਕੈਡਮੀ ਬੇਨੜਾ ਦੇ ਵਿਦਿਆਰਥੀ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ


ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕਲਗੀਧਰ ਟਰੱਸਟ ਬੜੂ ਸਾਹਿਬ ਦੇ ਅੰਤਰਗਤ ਚੱਲ ਰਹੀ ਅਕਾਲ ਅਕੈਡਮੀ ਬੇਨੜਾ ਦੇ ਵਿਦਿਆਰਥੀਆ ਨੇ ਦੇਸ ਭਗਤ ਕਾਲਜ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਜੋਨਲ ਫੁੱਟਬਾਲ ਮੁਕਾਬਲਿਆਂ ਵਿੱਚ ਭਾਗ ਲਿਆ। ਜਿਸ ਵਿੱਚ ਅਕਾਲ ਅਕੈਡਮੀ ਬੇਨੜਾ ਦੀ ਟੀਮ ਨੇ ਸਰਕਾਰੀ ਸਕੂਲ ਭਸੌੜ ਦੀ ਟੀਮ ਨੂੰ ਹਰਾ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਅਤੇ ਜ਼ਿਲ੍ਹਾ ਪੱਧਰੀ ਮੁਕਾਬਲੇ ਲਈ ਚੁਣੇ ਗਏ। ਅਕਾਲ ਅਕੈਡਮੀ ਬੇਨੜਾ ਦੇ ਪ੍ਰਿੰਸੀਪਲ ਮਨਜੋਤ ਕੌਰ ਨੇ ਬੱਚਿਆ ਦੀ ਇਸ ਪ੍ਰਾਪਤੀ ਦੀ ਸ਼ਲਾਂਘਾ ਕੀਤੀ ਅਤੇ ਜ਼ਿਲ੍ਹਾ-ਪੱਧਰੀ ਮੁਕਾਬਲਿਆਂ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਉਹਨਾਂ ਨੂੰ ਮਿਹਨਤ ਕਰਵਾਉਣ ਵਾਲੇ ਅਧਿਆਪਕਾਂ ਨੂੰ ਵਧਾਈ ਦਿੱਤੀ‌ ਤੇ ਆਉਣ ਵਾਲੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਦਰਸ਼ਨ ਸਿੰਘ ਚੌਹਾਨ,ਸੁਨਾਮ : ਭਾਰਤ ਵਿਕਾਸ ਪ੍ਰੀਸ਼ਦ ਨੇ ਸਾਈਬਰ ਕ੍ਰਾਈਮ ਸਬੰਧੀ ਕਰਵਾਇਆ ਸੈਮੀਨਾਰ

ਭਾਰਤ ਵਿਕਾਸ ਪ੍ਰੀਸ਼ਦ ਨੇ ਸਾਈਬਰ ਕ੍ਰਾਈਮ ਸਬੰਧੀ ਕਰਵਾਇਆ ਸੈਮੀਨਾਰ

ਠੱਗੀ ਤੋਂ ਬਚਾਅ ਬਾਰੇ ਕੀਤਾ ਜਾਗਰੂਕ

ਦਰਸ਼ਨ ਸਿੰਘ ਚੌਹਾਨ,ਸੁਨਾਮ : ਅਜੋਕੇ ਦੌਰ ਵਿੱਚ ਇੰਟਰਨੈੱਟ ਦੇ ਵਧ ਰਹੇ ਰੁਝਾਨ ਕਾਰਨ ਸਾਈਬਰ ਕ੍ਰਾਈਮ ਜ਼ਰੀਏ ਹੋ ਰਹੀਆਂ ਠੱਗੀਆਂ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਭਾਰਤ ਵਿਕਾਸ ਪ੍ਰੀਸ਼ਦ ਵੱਲੋਂ  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਫ ਐਮੀਨੈਂਸ ਸੁਨਾਮ ਵਿਖੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਐਸ.ਐਚ.ਓ ਇੰਸਪੈਕਟਰ ਪ੍ਰਤੀਕ ਜਿੰਦਲ,ਸਾਈਬਰ ਕਰਾਈਮ ਸੈੱਲ ਸੰਗਰੂਰ ਤੋਂ ਰਮਨਜੀਤ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।‌ਭਾਰਤ ਵਿਕਾਸ ਪਰਿਸ਼ਦ ਦੇ ਪ੍ਰਧਾਨ ਅਨਿਲ ਜੈਨ ਦੀ ਪ੍ਰਧਾਨਗੀ ਹੇਠ ਕਰਵਾਏ ਸੈਮੀਨਾਰ ਵਿੱਚ ਬੋਲਦਿਆਂ ਡੀ.ਐਸ.ਪੀ ਹਰਵਿੰਦਰ ਸਿੰਘ ਖਹਿਰਾ ਨੇ ਕਿਹਾ ਕਿ ਅਜੋਕੇ ਟੈਕਨਾਲੋਜੀ ਦੇ ਯੁੱਗ ਵਿੱਚ ਸਾਈਬਰ ਨਾਲ ਸਬੰਧਤ ਬਹੁਤ ਸਾਰੇ ਅਪਰਾਧ ਹੋਣੇ ਸ਼ੁਰੂ ਹੋ ਗਏ ਹਨ, ਸਮੇਂ ਦੀ ਲੋੜ ਹੈ ਕਿ ਸਾਰਿਆਂ ਨੂੰ ਇਸ ਤੋਂ ਬਚਣਾ ਚਾਹੀਦਾ ਹੈ, ਉਨ੍ਹਾਂ ਕਈ ਉਦਾਹਰਣਾਂ ਦਿੰਦਿਆਂ ਸਾਈਬਰ ਅਪਰਾਧਾਂ ਤੋਂ ਬਚਣ ਦੀ ਸਲਾਹ ਦਿੱਤੀ।  ਸਕੂਲ ਦੇ ਵਿਦਿਆਰਥੀਆਂ, ਸਟਾਫ਼ ਅਤੇ ਹਾਜ਼ਰ ਸਾਰਿਆਂ ਨੂੰ ਸਾਈਬਰ ਕ੍ਰਾਈਮ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਸਕੂਲ ਦੇ ਵਿਦਿਆਰਥੀਆਂ ਨੂੰ ਮੋਬਾਈਲ ਦੀ ਦੁਰਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਜੇਕਰ ਕੋਈ ਤੁਹਾਨੂੰ ਫ਼ੋਨ 'ਤੇ ਧਮਕੀਆਂ ਦਿੰਦਾ ਹੈ ਜਾਂ ਤੁਹਾਡੇ ਨਾਲ ਕੋਈ ਧੋਖਾਧੜੀ ਕਰਦਾ ਹੈ ਜਾਂ ਕੋਈ ਬਲੈਕਮੇਲ ਕਰਦਾ ਹੈ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਜਾਣੀ ਚਾਹੀਦੀ ਹੈ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ 'ਤੇ ਵੀ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਸਥਾਪਿਤ ਕੀਤੇ ਗਏ ਹਨ। ਸਾਈਬਰ ਸੈੱਲ ਸੰਗਰੂਰ ਦੇ ਰਮਨਜੀਤ ਸਿੰਘ ਨੇ ਵੀ ਕਈ ਐਪਸ ਦੀ ਵਰਤੋਂ ਨਾ ਕਰਨ ਦੀ ਸਲਾਹ ਦੇਣ ਬਾਰੇ ਜਾਣੂੰ ਕਰਵਾਉਂਦਿਆਂ ਕਿਹਾ ਕਿ ਜਦੋਂ ਅਸੀਂ ਇੰਟਰਨੈੱਟ 'ਤੇ ਕੰਮ ਕਰਦੇ ਹਾਂ ਤਾਂ ਇੱਥੇ ਕਈ ਤਰ੍ਹਾਂ ਦੀਆਂ ਐਪਾਂ ਹਨ ਜੋ ਤੁਹਾਡੇ ਮੋਬਾਈਲ ਨੂੰ ਹੈਂਡਲ ਕਰ ਸਕਦੀਆਂ ਹਨ, ਉਨ੍ਹਾਂ ਨੇ ਇਨ੍ਹਾਂ ਤੋਂ ਦੂਰ ਰਹਿਣ ਦੀ ਗੱਲ ਕੀਤੀ। ਪ੍ਰੋਜੈਕਟ ਚੇਅਰਮੈਨ ਯਸ਼ਪਾਲ ਮੰਗਲਾ ਨੇ ਸਾਈਬਰ ਕਰਾਈਮ ਬਾਰੇ ਵਿਚਾਰ ਰੱਖੇ । ਸਕੂਲ ਦੇ ਪ੍ਰਿੰਸੀਪਲ ਅਤੇ ਭਾਰਤ ਵਿਕਾਸ ਪ੍ਰੀਸ਼ਦ ਦੇ ਚੇਅਰਮੈਨ ਅਨਿਲ ਜੈਨ ਨੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ  ਇਸ ਪ੍ਰੋਜੈਕਟ ਤੋਂ ਸਾਨੂੰ ਸਾਰਿਆਂ ਨੂੰ ਖਾਸ ਕਰਕੇ ਵਿਦਿਆਰਥੀਆਂ ਨੇ ਬਹੁਤ ਹੀ ਲਾਭਦਾਇਕ ਜਾਣਕਾਰੀ ਹਾਸਿਲ ਕੀਤੀ ਹੈ ਉਨ੍ਹਾਂ ਦੇ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਇਸ ਮੌਕੇ ਭੂਸ਼ਨ ਕਾਂਸਲ,  ਜਤਿੰਦਰ ਜੈਨ , ਆਰ.ਐਨ.ਕਾਂਸਲ, ਅਨੁਰਿੱਧ ਵਸ਼ਿਸ਼ਟ , ਪ੍ਰਵੀਨ ਗਰਗ, ਦਿਨੇਸ਼ ਗੁਪਤਾ,ਅਸ਼ੋਕ ਗੋਇਲ,ਐਡਵੋਕੇਟ ਸਾਹਿਲ ਸਮੇਤ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

ਫਾਈਲ 13- ਸੈਮੀਨਾਰ ਸੁਨਾਮ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ ਰਾਸ਼ਟਰੀ ਹਿੰਦੀ ਦਿਵਸ ਮਨਾਇਆ

ਆਸ਼ੀਰਵਾਦ ਸਕੂਲ ਝਾੜੋਂ ਵਿਖੇ ਰਾਸ਼ਟਰੀ ਹਿੰਦੀ ਦਿਵਸ ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਵਿਖੇ ਰਾਸ਼ਟਰੀ ਹਿੰਦੀ ਦਿਵਸ ਮਨਾਇਆ।ਰਾਸ਼ਟਰੀ ਹਿੰਦੀ ਦਿਵਸ 'ਤੇ ਸਕੂਲ ਦੇ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮਾਂ ਦੇ ਵਿੱਚ ਭਾਗ ਲਿਆ,ਜਿਸ ਵਿੱਚ ਬੱਚਿਆਂ ਨੇ ਡਾਂਸ,ਨਾਟਕ,ਸਕਿੱਟ, ਭਾਸ਼ਣ,ਗੀਤ ਅਤੇ ਕਵਿਤਾਵਾਂ ਦੀ ਪੇਸ਼ਕਾਰੀਆਂ ਦਿੱਤੀਆਂ।ਛੋਟੇ ਬੱਚਿਆਂ ਵੱਲੋਂ ਚਾਰਟ ਵੀ ਤਿਆਰ ਕੀਤੇ। ਪ੍ਰਿੰਸੀਪਲ ਜਗਸੀਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਗੁਰਮੀਤ ਕੌਰ,ਜਸਪ੍ਰੀਤ ਕੌਰ ਅਤੇ ਹਿੰਦੀ ਅਧਿਆਪਕ ਕੁਮਾਰੀ ਪਿੰਦਰਜੀਤ ਸਿੰਘ ਨੇ ਵੀ ਬੱਚਿਆਂ ਦੀ ਭਾਸ਼ਣ ਦੇ ਮਾਧਿਅਮ ਰਾਹੀਂ ਹਿੰਦੀ ਦਿਵਸ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਨਾਲ ਹੀ ਹਿੰਦੀ ਭਾਸ਼ਾ ਬਾਰੇ ਵੀ ਬੱਚਿਆਂ ਨੂੰ ਜਾਣੂ ਕਰਵਾਇਆ।ਜਸਪ੍ਰੀਤ ਕੌਰ ਨੇ ਬੱਚਿਆਂ ਦੇ ਡਾਂਸ ਦੀ ਤਿਆਰੀ ਪਿੰਦਰਜੀਤ ਕੌਰ ਨੇ ਬੱਚਿਆਂ ਨੂੰ ਸਕਿੱਟ ਦੀ ਤਿਆਰੀ ਨੇ ਕਰਵਾਈ।ਪੂਰੇ ਪ੍ਰੋਗਰਾਮ ਦੀ ਸਟੇਜ ਦਾ ਸੰਚਾਲਨ 12 ਕਲਾਸ ਦੀਆਂ ਵਿਦਿਆਰਥਣਾ ਦਿਲਪ੍ਰੀਤ ਕੌਰ ਅਤੇ ਲਵਪ੍ਰੀਤ ਕੌਰ ਨੇ ਕੀਤਾ।ਇਸ ਮੌਕੇ ਬੱਚਿਆਂ ਨੇ ਬਹੁਤ ਆਨੰਦ ਮਾਣਿਆ ਤੇ ਸਮੂਹ ਸਟਾਫ ਵੀ ਹਾਜ਼ਰ ਰਿਹਾ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿ ਰੌਇਲ ਗਲੋਬਲ ਸਕੂਲ ਵਿਖੇ 'ਹਿੰਦੀ ਦਿਵਸ' ਮਨਾਇਆ

ਦਿ ਰੌਇਲ ਗਲੋਬਲ ਸਕੂਲ ਵਿਖੇ  'ਹਿੰਦੀ ਦਿਵਸ' ਮਨਾਇਆ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਭੀਖੀ-ਮਾਨਸਾ ਮੁੱਖ ਮਾਰਗ 'ਤੇ ਸਥਿਤ   ਦਿ ਰੌਇਲ ਗਲੋਬਲ ਸਕੂਲ ਖਿਆਲਾ ਕਲਾਂ ਵਿਖੇ ਸਵੇਰ ਦੀ ਸਭਾ ਵਿੱਚ ਹਿੰਦੀ ਦਿਵਸ ਮਨਾਇਆ। ਹਿੰਦੀ ਅਧਿਆਪਕਾ ਅਨੂ ਸ਼ਰਮਾਂ ਨੇ ਹਿੰਦੀ ਭਾਸ਼ਾ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਾਡੀ ਰਾਸ਼ਟਰੀ ਭਾਸ਼ਾ ਹਿੰਦੀ ਹੈ ਸਾਨੂੰ ਇਸ ਨੂੰ ਪੜ੍ਹਨਾ ਚਾਹੀਦਾ ਹੈ ਅਤੇ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਵੇਂ ਅਸੀਂ ਜ਼ਿਆਦਾ ਵਧੀਆ ਆਪਣੀ ਗੱਲਬਾਤ ਆਪਣੀ ਮਾਤ ਭਾਸ਼ਾ ਨਾਲ ਹੀ ਸਮਝਾ ਸਕਦੇ ਹਾਂ ਪਰ ਫਿਰ ਵੀ ਸਾਨੂੰ ਹਿੰਦੀ ਭਾਸ਼ਾ ਲਿਖਣੀ,ਪੜ੍ਹਨੀ ਤੇ ਬੋਲਣੀ ਆਉਣੀ ਚਾਹੀਦੀ ਹੈ ਕਿਉਂਕਿ ਜਦੋਂ ਅਸੀਂ ਪੰਜਾਬ ਤੋਂ ਬਾਹਰ ਦੇਸ਼ ਦੇ ਕਿਸੇ ਵੀ ਸੂਬੇ ਵਿਚ ਜਾਵਾਂਗੇ ਤਾਂ ਸਾਨੂੰ ਰਾਸ਼ਟਰੀ ਭਾਸ਼ਾ ਹਿੰਦੀ ਵਿਚ ਹੀ ਗੱਲਬਾਤ ਕਰਨੀ ਪਵੇਗੀ।ਵਿਦਿਆਰਥੀਆਂ ਵੱਲੋਂ ਹਿੰਦੀ ਨਾਲ ਸੰਬੰਧਿਤ ਕਵਿਤਾਵਾਂ ਵੀ ਬੋਲੀਆਂ ਗਈਆਂ।ਸਕੂਲ ਦੇ ਪ੍ਰਿੰਸੀਪਲ ਯੋਗਿਤਾ ਭਾਟੀਆ ਨੇ ਕਿਹਾ ਕਿ ਹਿੰਦੀ ਭਾਸ਼ਾ ਸਾਡੀ ਏਕਤਾ,ਪਛਾਣ ਅਤੇ ਸਫਲਤਾ ਦਾ ਪ੍ਰਤੀਕ ਹੈ।ਹਿੰਦੀ ਨੂੰ ਰਾਸ਼ਟਰੀ ਭਾਸ਼ਾ ਵਜੋਂ ਮਾਨਤਾ ਦੇਣ ਲਈ ਵੱਖ-ਵੱਖ ਜ਼ਮੀਨੀ ਚਿੰਨ੍ਹਾਂ ਤੇ ਚਾਨਣਾ ਪਾਇਆ ਅਤੇ ਦੱਸਿਆ ਕਿ ਹਿੰਦੀ ਬਹੁਤ ਵਿਸ਼ਾਲ ਅਤੇ ਸੁੰਦਰ ਭਾਸ਼ਾ ਹੈ। ਇਹ ਸਾਡੀ ਆਜ਼ਾਦੀ ਅਤੇ ਪ੍ਰਭੂਸੱਤਾ ਨੂੰ ਦਰਸਾਉਂਦੀ ਹੈ। ਸਕੂਲ ਦੇ ਚੇਅਰਮੈਨ ਏਕਮਜੀਤ ਸਿੰਘ ਸੋਹਲ ਨੇ ਕਿਹਾ ਕਿ ਸਾਨੂੰ ਰਾਸ਼ਟਰੀ ਭਾਸ਼ਾ ਦਾ ਸਤਿਕਾਰ ਕਰਨ ਦੇ ਨਾਲ ਨਾਲ ਸਾਨੂੰ ਵੱਧ ਤੋਂ ਵੱਧ ਭਾਸ਼ਾਵਾਂ ਦਾ ਗਿਆਨ ਹਾਸਲ ਕਰਨਾ ਚਾਹੀਦਾ ਹੈ ਇਸ ਨਾਲ ਸਾਡੀ ਸਖਸ਼ੀਅਤ ਵਿੱਚ ਨਿਖਾਰ ਆਉਂਦਾ ਹੈ।