ਆਕਸਫੋਰਡ ਸਕੂਲ ਦਾ 10ਵੀਂ ਜਮਾਤ ਆਈਸੀਐਸਈ ਬੋਰਡ ਦਾ ਨਤੀਜਾ ਰਿਹਾ 100 ਫੀਸਦੀ
ਅਵਜੋਤ ਕੌਰ ਨੇ ਪਹਿਲਾ,ਨਿਮਰਤਜੀਤ ਕੌਰ ਨੇ ਦੂਜਾ ਅਤੇ ਗੁਰਲੀਨ ਕੌਰ ਨੇ ਤੀਜਾ ਸਥਾਨ ਕੀਤਾ ਹਾਸਿਲ
ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਇਲਾਕੇ ਦੀ ਨਾਮਵਰ ਸੰਸਥਾ ਦੀ ਆਕਸਫੋਰਡ ਪਬਲਿਕ ਸਕੂਲ (ਆਈਸੀਐਸਈ ਬੋਰਡ) ਜਿੱਥੇ ਇਹ ਸਕੂਲ ਖੇਡਾਂ ਅਤੇ ਹੋਰ ਗਤੀਵਿਧੀਆਂ ਵਿੱਚ ਅੱਗੇ ਰਿਹਾ ਹੈ ਉਸੇ ਤਰ੍ਹਾਂ ਹੁਣ ਪੜ੍ਹਾਈ ਵਿੱਚ ਨਤੀਜੇ ਦੌਰਾਨ ਮੋਹਰੀ ਸਕੂਲ ਹੋ ਕੇ ਅੱਗੇ ਆਇਆ ਹੈ। ਆਈ.ਸੀ.ਐੱਸ.ਈ. ਬੋਰਡ ਦੁਆਰਾ ਐਲਾਨੇ ਨਤੀਜ਼ਿਆਂ ਵਿੱਚ 10ਵੀਂ ਜਮਾਤ ਦੇ ਵਿਦਿਆਰਥੀਆਂ ਨੇ 80 ਫੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਅਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੇ 10ਵੀਂ ਜਮਾਤ ਦੀ ਪ੍ਰੀਖਿਆ ਪਹਿਲੇ ਦਰਜੇ ਵਿੱਚ ਪਾਸ ਕੀਤੀ ਹੈ।ਹੋਣਹਾਰ ਵਿਦਿਆਰਥਣ ਅਵਜੋਤ ਕੌਰ ਨੇ 88.4 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ,ਨਿਮਰਤਜੀਤ ਕੌਰ ਨੇ 87 ਫੀਸਦ ਅੰਕ ਪ੍ਰਾਪਤ ਕਰਕੇ ਦੂਜਾ ਅਤੇ ਗੁਰਲੀਨ ਕੌਰ ਨੇ 85.6 ਫੀਸਦੀ ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਦਸਵੀਂ ਜਮਾਤ ਦੇ ਹੋਰ ਛੇ ਵਿਦਿਆਰਥੀਆਂ ਨੇ 80 ਫੀਸਦ ਤੋਂ ਉੱਪਰ ਅੰਕ ਹਾਸਲ ਕੀਤੇ। ਸਕੂਲ ਦੇ ਪ੍ਰਿੰਸੀਪਲ ਮਨਿੰਦਰਜੀਤ ਕੌਰ ਧਾਲੀਵਾਲ ਨੇ ਦੱਸਿਆ ਕਿ ਸਕੂਲ ਦੇ ਵਿਦਿਆਰਥੀ ਵੱਖ-ਵੱਖ ਗਤੀਵਿਧੀਆਂ ਅਤੇ ਕਲਚਰਲ ਪ੍ਰੋਗਰਾਮਾਂ ਵਿੱਚ ਹਿੱਸਾ ਲੈਂਦੇ ਹੋਏ ਖੇਡਾਂ ਵਿੱਚ ਵੀ ਨੈਸ਼ਨਲ ਪੱਧਰ ਤੱਕ ਖੇਡਦੇ ਹੋਏ ਗੋਲਡ ਮੈਡਲ ਹਾਸਲ ਕਰ ਚੁੱਕੇ ਹਨ। ਵਿਦਿਆਰਥੀਆਂ ਦਾ ਨਤੀਜਾ 100 ਫੀਸਦੀ ਆਉਣ 'ਤੇ ਉਨ੍ਹਾਂ ਅਧਿਆਪਕਾਂ ਦੀ ਇਸ ਉਪਲਬਧੀ ;ਤੇ ਖ਼ੁਸ਼ੀ ਜਤਾਈ ਅਤੇ ਅੱਗੇ ਵਧਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਸਕੂਲ ਦੇ ਅਧਿਆਪਕ ਵਿਦਿਆਰਥੀਆਂ ਦੇ ਸੁਨਹਿਰੇ ਭਵਿੱਖ ਅਤੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਜੁਝਾਰੂਪਣ ਨਾਲ ਪੜ੍ਹਾਈ ਕਰਵਾਉਂਦੇ ਹਨ।ਇਸ ਮੌਕੇ ਸੰਸਥਾ ਦੇ ਚੇਅਰਮੈਨ ਚਮਕੌਰ ਸਿੰਘ, ਐੱਮਡੀ ਗੁਰਧਿਆਨ ਸਿੰਘ ,ਪ੍ਰਵੀਨ ਕੁਮਾਰ ਨੇ ਵਿਸ਼ੇਸ਼ ਤੌਰ 'ਤੇ ਅੱਵਲ ਆਉਣ ਵਾਲੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਵਧਾਈ ਦਿੱਤੀ ।ਉਹਨਾਂ ਨਤੀਜਿਆਂ ਲਈ ਵਿਦਿਆਰਥੀਆਂ ਦੀ ਸਖ਼ਤ ਮਿਹਨਤ, ਮਾਪਿਆਂ ਅਤੇ ਅਧਿਆਪਕ ਅਧਿਆਪਕਾਂ ਦੇ ਭਰਪੂਰ ਸਹਿਯੋਗ ਦੀ ਸ਼ਲਾਘਾ ਕੀਤੀ।





