Thursday, May 23, 2024

ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਅਨੰਤਵੀਰ ਸਿੰਘ ਬਾਦਲ ਨੇ ਹਲਕਾ ਬੁਢਲਾਡਾ ਵਿੱਚ ਕੀਤੀਆਂ ਨੁੱਕੜ ਮੀਟਿੰਗਾਂ

ਪੰਜਾਬ ਦੇ ਅਣਖੀ ਲੋਕ ਸੂਬੇ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਭਵਿੱਖ ਵਜੋਂ ਦੇਖ ਰਹੇ ਹਨ : ਅਨੰਤਵੀਰ ਸਿੰਘ ਬਾਦਲ

ਅਕਾਲੀ ਦਲ ਵੱਲੋਂ ਦਿੱਤੀਆਂ ਲੋਕ ਭਲਾਈ ਸਕੀਮਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਬੰਦ ਕਰਕੇ ਲੋਕ ਕੀਤੇ ਨਿਹੱਥੇ

ਗੁਰਵਿੰਦਰ ਸਿੰਘ ਚਹਿਲ,ਬੁਢਲਾਡਾ : ਜਿੱਥੇ ਵੱਖ-ਵੱਖ ਸਿਆਸੀ ਲੀਡਰਾਂ ਦੇ ਬੱਚੇ ਚੋਣ ਪ੍ਰਚਾਰ ਵਿੱਚ ਕੁੱਦੇ ਹੋਏ ਹਨ ਉਥੇ ਸੁਖਬੀਰ ਸਿੰਘ ਬਦਾਲ ਦੇ ਫਰਜ਼ੰਦ ਅਨੰਤਵੀਰ ਸਿੰਘ ਬਾਦਲ ਨੇ ਆਪਣੀ ਮਾਤਾ ਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੀ ਚੋਣ ਮੁਹਿੰਮ ਨੂੰ ਹੁਲਾਰਾ ਦੇਣ ਲਈ ਹਲਕਾ ਬੁਢਲਾਡਾ ਦੇ ਕਈ ਪਿੰਡਾਂ,ਸ਼ਹਿਰ ਬੁਢਲਾਡਾ ਤੇ ਬਰੇਟਾ ਸ਼ਹਿਰ ਵਿਖੇ ਵਰਕਰ ਮੀਟਿੰਗ ਕੀਤੀ।ਅਨੰਤਵੀਰ ਸਿੰਘ ਬਾਦਲ ਵੱਲੋਂ ਨੁਕੜ ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਮੇਸ਼ਾ ਹਰ ਵਰਗ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਸਮੇਂ ਸਮੇਂ ਸਿਰ ਭਲਾਈ ਸਕੀਮਾਂ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਚਲਾਈਆਂ ਗਈਆਂ ਸਨ।ਜਿਸ ਨੂੰ ਲੋਕ ਅੱਜ ਵੀ ਯਾਦ ਕਰਕੇ ਦੂਜੀਆਂ ਪਾਰਟੀਆਂ ਨੂੰ ਕੋਸਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵੱਲੋਂ ਕਿਸਾਨ ਅਤੇ ਕਿਰਸਾਨੀ ਨੂੰ ਮਜਬੂਤ ਕਰਨ ਲਈ ਪੰਜਾਬ ਅੰਦਰ ਲੱਖਾਂ ਕਿਸਾਨਾਂ ਨੂੰ ਮੁਫਤ ਟਿਊਬਵੈਲ ਕੁਨੈਕਸ਼ਨ,ਗਰੀਬ ਵਰਗ ਲਈ ਆਟਾ ਦਾਲ ਸਕੀਮ,ਲੜਕੀਆਂ ਲਈ ਸ਼ਗਨ ਸਕੀਮ, ਪੀਣ ਵਾਲੇ ਸ਼ੁੱਧ ਪਾਣੀ ਦੇ ਆਰ.ਓ ਪਲਾਟ ਤੋਂ ਇਲਾਵਾ ਅਨੇਕਾਂ ਯੋਜਨਾਵਾਂ ਲੋਕਾਂ ਨੂੰ ਪ੍ਰਦਾਨ ਕੀਤੀਆਂ ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਇਨ੍ਹਾਂ ਯੋਜਨਾਵਾਂ ਨੂੰ ਲੋਕਾਂ ਤੋਂ ਦੂਰ ਕਰ ਦਿੱਤਾ ਪਰ ਅੱਜ ਪੰਜਾਬ ਦੇ ਅਣਖੀ ਲੋਕ ਸੂਬੇ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਭਵਿੱਖ ਵਜੋਂ ਦੇਖ ਰਹੇ ਹਨ। ਉਨ੍ਹਾਂ ਅਪੀਲ ਕੀਤੀ ਕਿ ਬੀਬਾ ਹਰਸਿਮਰਤ ਕੌਰ ਬਾਦਲ ਨੂੰ ਵੱਡੀ ਗਿਣਤੀ ’ਚ ਵੋਟਾਂ ਪਾ ਕੇ ਲੋਕ ਸਭਾ ’ਚ ਪਹੁੰਚਾਓ ਤਾਂ ਜੋ ਪੰਜਾਬ ਦੇ ਹਿੱਤਾਂ ਦੀ ਆਵਾਜ ਬੁਲੰਦ ਕੀਤੀ ਜਾ ਸਕੇ।ਇਸ ਮੌਕੇ ਹਲਕਾ ਇੰਚਾਰਜ ਡਾ. ਨਿਸ਼ਾਨ ਸਿੰਘ,ਰਜਿੰਦਰ ਸੈਣੀ ਝੰਡਾ,ਹਰਮੇਲ ਸਿੰਘ ਕਲੀਪੁਰ,ਬੱਲਮ ਸਿੰਘ ਕਲੀਪੁਰ,ਅਮਰਜੀਤ ਸਿੰਘ ਕੁਲਾਣਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਮੌਜੂਦ ਸਨ।




Wednesday, May 22, 2024

ਗੁਰਵਿੰਦਰ ਸਿੰਘ ਚਹਿਲ, ਹੀਰੋਂ ਖ਼ੁਰਦ : ਜੇਕਰ ਨੀਅਤ ਸਾਫ ਹੋਵੇ ਤਾਂ ਸਭ ਕੁਝ ਸੰਭਵ ਹੈ : ਭਗਵੰਤ ਮਾਨ

ਜੇਕਰ ਨੀਅਤ ਸਾਫ ਹੋਵੇ ਤਾਂ ਸਭ ਕੁਝ ਸੰਭਵ ਹੈ : ਭਗਵੰਤ ਮਾਨ 


ਪੰਜਾਬ ਦੇ ਸੂਝਵਾਨ ਲੋਕਾਂ ਨੇ 2022 ਵਿੱਚ 
 ਰਜਵਾੜਿਆਂ ਦੇ ਪਰਿਵਾਰਾਂ ਤੋਂ ਨਿਜਾਤ ਦਿਵਾਈ



ਗੁਰਵਿੰਦਰ ਸਿੰਘ ਚਹਿਲ,ਹੀਰੋਂ ਖ਼ੁਰਦ : ਪੰਜਾਬ ਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਲੋਕ ਸਭਾ ਹਲਕਾ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਖੁਡੀਆਂ ਦੇ ਹੱਕ ਵਿੱਚ ਹਲਕਾ ਬੁੱਢਲਾਡਾ ਵਿਖੇ ਰੱਖੀ ਗਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਨੀਅਤ ਸਾਫ਼ ਹੋਵੇ ਤਾਂ ਹਰ ਵਿਅਕਤੀ ਦਾ ਸੰਪੂਰਨ ਵਿਕਾਸ ਹੋ ਸਕਦਾ ਹੈ। ਇਸ ਨੀਤੀ ਤਹਿਤ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਪੂਰਨ ਬਹੁਮਤ ਦੇ ਕੇ ਵਿਕਾਸ ਦੇ ਰਾਹ 'ਤੇ ਤੋਰਿਆ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਉਹ ਸਰਕਾਰ ਦੇ ਦਿੱਤੇ ਪੋ੍ਗਰਾਮ ਅਨੁਸਾਰ ਝੋਨੇ ਦੀ ਸਿੱਧੀ ਬਿਜਾਈ ਕਰਨ, ਬਿਜਲੀ ਦੀ ਕੋਈ ਕਮੀ ਨਹੀਂ ਆਵੇਗੀ। ਉਹਨਾ ਕਿਹਾ ਕਿ ਕਿਸਾਨ ਮੋਟਰਾਂ ਬੰਦ ਕਰਕੇ ਝੋਨਾ ਲਗਾ ਰਿਹਾ ਹੈ। ਵਿਰੋਧੀ ਉਹਨਾਂ ਦੇ ਬਿਆਨ 'ਤੇ ਹੱਸਦੇ ਸਨ ਕਿ ਮਾਨ ਸਰਕਾਰ ਮੋਟਰਾਂ ਬੰਦ ਕਰਕੇ ਝੋਨਾ ਲਗਾਵੇਗੀ ਪਰ ਮੈਂ ਜੋ ਕਿਹਾ ਕਰਕੇ ਵਿਖਾਇਆ ਹੈ ਕਿਉਂਕਿ ਮੇਰੀ ਨੀਅਤ ਸਾਫ਼ ਸੀ।ਮਾਨ ਨੇ ਕਿਹਾ ਕਿ ਪੰਜਾਬ ਵਿੱਚ ਕਾਕਿਆਂ, ਰਜਵਾੜਿਆ ਤੋਂ ਵਿਕਾਸ ਅਤੇ ਇਨਸਾਫ਼ ਦੀ ਉਮੀਦ ਨਹੀਂ ਕੀਤੀ ਜਾ ਸਕਦੀ।ਉਹਨਾਂ ਦਾ ਇਸ਼ਾਰਾ ਸਿੱਧੇ ਤੌਰ 'ਤੇ ਅਕਾਲੀ ਦਲ, ਕਾਂਗਰਸ ਤੇ ਭਾਜਪਾ ਦੇ ਨੇਤਾਵਾਂ ਵੱਲ ਸੀ। ਉਹਨਾਂ ਕਿਹਾ ਕਿ ਪੰਜਾਬ ਦਾ ਵਿਕਾਸ ਆਮ ਆਦਮੀ ਪਾਰਟੀ ਦੇ ਹੱਥਾਂ ਵਿੱਚ ਹੀ ਸੁਰੱਖਿਅਤ ਹੈ। ਉਹਨਾਂ ਲੋਕ ਸਭਾ ਹਲਕਾ ਬਠਿੰਡਾ ਦੇ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਦੀ ਹਮਾਇਤ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਖੁੱਡੀਆਂ ਨੂੰ ਲੋਕ ਸਭਾ ਵਿੱਚ ਜਿਤਾ ਕੇ ਭੇਜੋ ਤਾਂ ਜੋ ਦੇਸ਼ ਦੀ ਪਾਰਲੀਮੈਂਟ 'ਚ ਭਗਵੰਤ ਮਾਨ ਬਣਕੇ ਹਲਕੇ ਦੇ ਵਿਕਾਸ, ਤਰੱਕੀ ਅਤੇ ਰੁਜ਼ਗਾਰ ਦੀ ਗੱਲ ਕੀਤੀ ਜਾ ਸਕੇ। ਇਸ ਮੌਕੇ ਹਲਕਾ ਵਿਧਾਇਕ ਬੁੱਧ ਰਾਮ ਨੇ ਹਲਕੇ ਦੇ ਵਿਕਾਸ ਅਤੇ ਤਰੱਕੀ ਲਈ ਖਰਚ ਕੀਤੇ ਗਏ ਕਰੋੜਾਂ ਰੁਪਏ ਜਾਰੀ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਇਸ ਮੌਕੇ ਉਮੀਦਵਾਰ ਗੁਰਮੀਤ ਖੁੱਡੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਵੱਡੀ ਗਿਣਤੀ ਵਿੱਚ ਅਕਾਲੀ ਦਲ ਨੂੰ ਛੱਡਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਵਾਗਤ ਕੀਤਾ ਗਿਆ।ਇਸ ਮੌਕੇ ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਵਾਲੀ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਵਾਲੀ, ਜ਼ਿਲ੍ਹਾ ਪ੍ਰਧਾਨ ਬਠਿੰਡਾ ਰੁਪਿੰਦਰ ਕੌਰ ਗਿੱਲ, ਜ਼ਿਲ੍ਹਾ ਯੂਥ ਪ੍ਰਧਾਨ ਰਮਨ ਗੁੜਦੀ,ਹਰਵਿੰਦਰ ਸਿੰਘ ਸੇਖੋਂ ਬੱਛੋਆਣਾ, ਸੁੰਦਰ ਸਿੰਘ,ਚੁਸਪਿੰਦਰਬੀਰ ਸਿੰਘ ਚਹਿਲ,ਚੇਅਰਮੈਨ ਰਾਕੇਸ਼ ਪੁਰੀ, ਜਸਵੀਰ ਸਿੰਘ ਗਿੱਲ,ਐਡਵੋਕੇਟ ਚੰਦਨ ਗੁਪਤਾ ਤੋਂ ਇਲਾਵਾ ਵੱਡੀ ਗਿਣਤੀ ਵਰਕਰ ਮੌਜੂਦ ਸਨ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਅਜਾਦ ਊਮੀਦਵਾਰ ਸੇਖੋਂ ਦੇ ਦਫਤਰ ਦਾ ਕੀਤਾ ਉਦਘਾਟਨ

ਕੇਜਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਅਜਾਦ ਊਮੀਦਵਾਰ ਸੇਖੋਂ ਦੇ ਦਫਤਰ ਦਾ ਕੀਤਾ ਉਦਘਾਟਨ

ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਚਲਦਾ ਕਰਨ ਸੂਬੇ ਦੇ ਲੋਕ : ਸ਼ਿੱਪੀ ਸ਼ਰਮਾ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਦਿੱਲੀ ਦੇ  ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਦੀ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੇ ਚੀਮਾ ਮੰਡੀ ਵਿਖੇ ਲੋਕ ਸਭਾ ਹਲਕਾ ਸੰਗਰੂਰ ਤੋਂ ਅਜ਼ਾਦ ਉਮੀਦਵਾਰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖ਼ੋਂ ਦੇ ਚੋਣ ਦਫਤਰ ਦਾ ਉਦਘਾਟਨ ਕੀਤਾ।ਇਸ ਮੌਕੇ ਸੰਬੋਧਨ ਕਰਦਿਆਂ ਸਿੱਪੀ ਸ਼ਰਮਾ ਨੇ ਕਿਹਾ ਕਿ ਉਹ ਆਪਣੀ ਨੌਕਰੀ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਹੋਏ ਸਨ ਤਾਂ ਉਸ ਵਕਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉੱਥੇ ਆਏ ਅਤੇ ਉਸ ਨੂੰ ਕਿਹਾ ਕਿਉਹ ਉਹਨਾਂ ਦੀ ਮੂੰਹ ਬੋਲੀ ਭੈਣ ਹੈ ਤੇ ਜੇਕਰ ਉਹ ਸੱਤਾ ਵਿੱਚ ਆਉਂਦੇ ਹਨ ਤਾਂ ਪਹਿਲਾ ਕੰਮ ਉਹਨਾਂ ਨੂੰ ਨੌਕਰੀ ਦੇਣ ਦਾ ਕਰਨਗੇ ਕਿਉਂਕਿ ਉਹ ਸਿਸਟਮ ਤੋਂ ਤੰਗ ਦੋਨੋ ਮੁੱਖ ਮੰਤਰੀਆਂ ਦੀਆਂ ਚਿਕਣੀਆਂ ਚੋਪੜੀਆਂ ਗੱਲਾਂ ਵਿੱਚ ਆ ਗਏ ਤੇ ਵਿਸ਼ਵਾਸ ਪ੍ਰਗਟ ਕਰਕੇ ਇਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ ਪਰ ਇਹਨਾਂ ਗੱਪੀਆ ਦੀ ਸਰਕਾਰ ਬਣਨ ’ਤੇ ਉਸ ਨੂੰ ਮੂੰਹ ਬੋਲੀ ਭੈਣ ਸਿੱਪੀ ਸ਼ਰਮਾ ਨੂੰ ਇਹਨਾਂ ਦੋਵੇਂ ਮੁੱਖ ਮੰਤਰੀਆਂ ਤੋਂ ਦੂਰ ਰੱਖਣ ਲਈ ਹਰ ਹੀਲਾ ਵਰਤ ਕੇ ਉਸ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ ਕਿਉਕਿ ਸੱਚ ਦਾ ਸਾਹਮਣਾ ਕਰਨ ਦੀ ਇਹਨਾਂ ਦੀ ਹਿੰਮਤ ਹੀ ਨਹੀਂ ਪੈਂਦੀ। ਉਹਨਾਂ ਕਿਹਾ ਕਿ ਉਹੈ ਲੋਕਾਂ ਨੂੰ ਅਪੀਲ ਕਰਦੀ ਹੈ ਕਿ ਗੁਰੂਆਂ ਪੀਰਾਂ ਦੀ ਵਰੋਸਾਈ ਧਰਤੀ ਸੱਚ ’ਤੇ ਪਹਿਰਾ ਦੇਣ ਵਾਲੇ ਲੋਕ ਹੁਣ ਝੂਠ ਨੂੰ ਚਲਦਾ ਕਰਨ ਲਈ ਇੱਕ ਜੂਨ ਨੂੰ ਵੋਟਾਂ ਵਿੱਚ ਆਮ ਆਦਮੀ ਪਾਰਟੀ ਨੂੰ ਕਰਾਰੀ ਹਾਰ ਦੇ ਕੇ ਚਲਦਾ ਕਰਨ।ਇਸ ਮੌਕੇ ਉਮੀਦਵਾਰ ਬਲਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਉਹਨਾਂ ਦੀ ਲੜਾਈ ਅੱਜ ਦੇ ਗੰਦੇ ਸਿਸਟਮ ਨਾਲ ਹੈ।ਰਵਾਇਤੀ ਰਾਜਨੀਤਕ ਪਾਰਟੀਆਂ ਦੀਆਂ ਬਰੈਕਾਂ ਤੋੜਨ।ਇਸ ਮੌਕੇ ਕਿਸਾਨ ਅਗੁ ਕੁਲਦੀਪ ਜੋਸ਼ੀ, ਓਮ ਪ੍ਰਕਾਸ਼ ਗਰਗ,ਅਵਤਾਰ ਈਲਵਾਲ,ਰੋਮੀ ਸਿੱਧੂ ਸ਼ੇਰੋਂ,ਸੁਰਿੰਦਰ ਗੋਇਲ ਚੀਮਾ, ਡਾ. ਭੀਮ ਚੀਮਾ ਹਾਜ਼ਰ ਸਨ।ਦਫਤਰ ਦੇ ਉਦਘਾਟਨ ਦੀ ਰਸਮੀ ਅਗਵਾਈ ਐਡਵੋਕੇਟ ਮਨਪਰੀਤ ਸਿੰਘ ਨਮੋਲ ਨੇ ਕੀਤੀ।

Tuesday, May 21, 2024

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਗਰਮੀ ਦੀਆਂ ਅਚਾਨਕ ਛੁੱਟੀਆਂ ਹੋਣ ਕਾਰਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਹੀਂ ਮਿਲਿਆ ਘਰ ਦਾ ਕੰਮ

ਗਰਮੀ ਦੀਆਂ ਅਚਾਨਕ ਛੁੱਟੀਆਂ ਹੋਣ ਕਾਰਨ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਹੀਂ ਮਿਲਿਆ ਘਰ ਦਾ ਕੰਮ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਬੇਸ਼ੱਕ ਪਹਿਲੀ ਜੂਨ ਤੋਂ 30 ਜੂਨ ਤੱਕ ਸਰਕਾਰੀ,ਨਿਜੀ ਅਤੇ ਏਡਿਡ ਸਕੂਲਾਂ ਨੂੰ ਛੁੱਟੀਆਂ ਕਰਨ ਦਾ ਪੱਤਰ ਵੀ ਜਾਰੀ ਕਰ ਦਿੱਤਾ ਗਿਆ ਸੀ ਪਰ ਗਰਮੀ ਦਾ ਪ੍ਰਕੋਪ ਹੋਣ ਕਾਰਨ 19 ਮਈ ਨੂੰ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਸਮਾਂ ਸਾਰਣੀ ਵਿੱਚ ਤਬਦੀਲੀ ਕੀਤੀ ਗਈ ਜਿਸ ਅਨੁਸਾਰ ਸਾਰੇ ਸਕੂਲ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਖੁੱਲਣ ਦਾ ਪੱਤਰ ਜਾਰੀ ਕੀਤਾ ਗਿਆ। ਹਾਲਾਂ ਇੱਕ ਦਿਨ ਹੀ ਸਕੂਲ ਉਕਤ ਨਵੇਂ ਸਮੇਂ ਅਨੁਸਾਰ ਖੁੱਲ੍ਹੇ ਸਨ ਤਾਂ ਉਸੇ ਦਿਨ ਬਾਅਦ ਦੁਪਹਿਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕਰ ਦਿੱਤਾ ਗਿਆ ਕਿ ਪੰਜਾਬ ਦੇ ਸਾਰੇ ਸਰਕਾਰੀ, ਨਿੱਜੀ ਅਤੇ ਏਡਿਡ ਸਕੂਲਾਂ ਵਿੱਚ 21 ਮਈ ਤੋਂ 30 ਜੂਨ ਤੱਕ ਛੁੱਟੀਆਂ ਰਹਿਣਗੀਆਂ ਕਿਉਂਕਿ ਗਰਮੀ ਦਾ ਬਹੁਤ ਜਿਆਦਾ ਪ੍ਰਕੋਪ ਵਧ ਚੁੱਕਾ ਹੈ।ਇਸ ਦੇ ਚਲਦਿਆਂ ਹੀ ਅਧਿਆਪਕਾਂ ਵੱਲੋਂ ਛੁੱਟੀਆਂ ਦਾ ਕੰਮ ਵੀ ਬੱਚਿਆਂ ਨੂੰ ਨਹੀਂ ਦਿੱਤਾ ਗਿਆ ਕਿਉਂਕਿ ਸਮੇਂ ਦੀ ਤਬਦੀਲੀ 31 ਮਈ ਤੱਕ ਕੀਤੀ ਗਈ ਸੀ ਜਿਸ ਤੋਂ ਸਾਫ ਜ਼ਾਹਰ ਸੀ ਕਿ ਗਰਮੀਆਂ ਦੀਆਂ ਛੁੱਟੀਆਂ ਪਹਿਲੀ ਜੂਨ ਤੋਂ ਹੀ ਹੋਣਗੀਆਂ। ਅਚਾਨਕ ਮੁੱਖ ਮੰਤਰੀ ਵੱਲੋਂ ਕੀਤੇ ਗਏ ਐਲਾਨ ਤੋਂ ਬਾਅਦ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਬਿਨਾਂ ਛੁੱਟੀਆਂ ਦੇ ਕੰਮ ਦਿੱਤਿਆਂ ਹੀ ਛੁੱਟੀਆਂ ਕਰ ਦਿੱਤੀਆਂ ਗਈਆਂ ਹਨ, ਜਿਸ ਤੋਂ ਮਾਪੇ ਵੀ ਹੈਰਾਨ ਹਨ ਕਿਉਂਕਿ ਮਾਪੇ ਵੀ ਚਾਹੁੰਦੇ ਸਨ ਕਿ ਹਰ ਵਾਰ ਦੀ ਤਰ ਉਹਨਾਂ ਦੇ ਬੱਚਿਆਂ ਨੂੰ ਵੀ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਘਰ ਦਾ ਕੰਮ ਦਿੱਤਾ ਜਾਂਦਾ ਜਿਸ ਨਾਲ ਉਹ ਆਪਣੇ ਬੱਚਿਆਂ ਨੂੰ ਕੰਮ ਕਰਨ ਦੇ ਬਹਾਨੇ ਨਾਲ ਪੜਨ ਬਿਠਾ ਲੈਂਦੇ ਸਨ ਪਰ ਇਸ ਵਾਰ ਛੁੱਟੀਆਂ ਦੀ ਗਿਣਤੀ ਵੀ ਵੱਧ ਗਈ ਹੈ ਅਤੇ ਬੱਚਿਆਂ ਨੂੰ ਅਧਿਆਪਕਾਂ ਵੱਲੋਂ ਸਕੂਲ ਦਾ ਕੰਮ ਵੀ ਨਹੀਂ ਮਿਲਿਆ।ਹੋ ਸਕਦਾ ਮਹਿਕਮੇ ਵੱਲੋਂ ਇਹ ਪੱਤਰ ਜਾਰੀ ਕਰ ਦਿੱਤਾ ਜਾਵੇ ਕਿ ਸੋਸ਼ਲ ਮੀਡੀਆ ਦੇ ਜਰੀਏ ਘਰ ਦਾ ਕੰਮ ਦਿੱਤਾ ਜਾਵੇ ਪਰ ਜੋ ਕੰਮ ਲਿਖਤੀ ਰੂਪ ਵਿੱਚ ਅਧਿਆਪਕਾਂ ਵੱਲੋਂ ਆਪਣੇ ਅਨੁਸਾਰ ਦਿੱਤਾ ਜਾਂਦਾ ਹੈ,ਉਸ ਦਾ ਪ੍ਰਭਾਵ ਬੱਚਿਆਂ ਤੇ ਵੱਧ ਪੈਂਦਾ ਹੈ। ਮਾਪਿਆਂ ਦਾ ਕਹਿਣਾ ਹੈ ਕਿ ਇੱਕ ਦਿਨ ਵਾਸਤੇ ਸਕੂਲ ਜ਼ਰੂਰ ਖੋਲ੍ਹਣੇ ਚਾਹੀਦੇ ਸਨ ਤਾਂ ਕਿ ਅਧਿਆਪਕ ਆਪੋ-ਆਪਣੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਛੁੱਟੀਆਂ ਦਾ ਕੰਮ ਨੋਟ ਕਰਵਾ ਦਿੰਦੇ।ਹੁਣ ਉਹਨਾਂ ਦੇ ਬੱਚੇ ਤਕਰੀਬਨ 40 ਦਿਨ ਬਿਨ੍ਹਾ ਛੁੱਟੀਆਂ ਦੇ ਕੰਮ ਕੀਤੇ ਹੀ ਖੇਡਣ ਵੱਲ ਵੱਧ ਧਿਆਨ ਦੇਣਗੇ।

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਸਕੂਲ ਸ਼ਾਹਪੁਰ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆਰਥੀ ਸਨਮਾਨੇ

ਸਰਕਾਰੀ ਸਕੂਲ ਸ਼ਾਹਪੁਰ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਦਿਆਰਥੀ ਸਨਮਾਨੇ

ਗੁਰਵਿੰਦਰ ਸਿੰਘ ਚਹਿਲ,ਚੀਮਾ ਮੰਡੀ : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸ਼ਾਹਪੁਰ ਕਲਾਂ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਵੀਂ ਜਮਾਤ ਵਿੱਚੋਂ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ,ਜਿਸ ਵਿੱਚ ਵਿਦਿਆਰਥੀ ਤਨਵੀਰ ਕੌਰ,ਹਰਜੀਤ ਕੌਰ,ਰਮਨਦੀਪ ਕੌਰ, ਹਰਪ੍ਰੀਤ ਕੌਰ ਤੇ ਪਵਿੱਤਰ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਆਏ ਪਤਵੰਤਿਆਂ ਨੇ ਬੱਚਿਆਂ ਦੀ ਇਸ ਪ੍ਰਾਪਤੀ ਤੇ ਉਹਨਾਂ ਦੇ ਮਾਪਿਆਂ ਅਤੇ ਸਮੁੱਚੇ ਸਟਾਫ ਨੂੰ ਵਧਾਈ ਵੀ ਦਿੱਤੀ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਰਸ਼ਨ ਸਿੰਘ, ਸੁਖਦੇਵ ਸਿੰਘ ,ਨਾਜਰ ਸਿੰਘ, ਸੁਖਦੇਵ ਸਿੰਘ ,ਤਰਸੇਮ ਸਿੰਘ ,ਨਿਰਮਲ ਸਿੰਘ, ਬਿਕਰ ਸਿੰਘ, ਨਾਹਰ ਸਿੰਘ ਤੋਂ ਇਲਾਵਾ ਪਤਵੰਤਿਆਂ 'ਚੋਂ ਜਨਾਬ ਮੁਖਤਿਆਰ ਅਲੀ,ਲੈਕਚਰ ਮਲਕੀਤ ਸਿੰਘ ਗਾਂਧੀ, ਹੰਸਰਾਜ ਸਿੰਘ ਕਾਨੂੰਗੋ,ਸਕੂਲ ਮੁਖੀ ਨਰਿੰਦਰ ਸ਼ਰਮਾ,ਅਧਿਆਪਕ ਹਰਦੇਵ ਸਿੰਘ,ਰਣਜੀਤ ਕੌਰ,ਗੁਰਮੀਤ ਕੌਰ,ਗਗਨਦੀਪ ਕੌਰ,ਰਾਣੀ ਕੌਰ ਤੇ ਸੁਖਪਾਲ ਕੌਰ ਮੌਜੂਦ ਸਨ। ਸਕੂਲ ਮੁਖੀ ਨਰਿੰਦਰ ਸ਼ਰਮਾ ਨੇ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।

ਗੁਰਵਿੰਦਰ ਸਿੰਘ ਚਹਿਲ, ਸੰਗਰੂਰ : ਸੁਨਾਮ ਤੋਂ ਵਾਇਆ ਤੁੰਗਾਂ-ਕੁਲਾਰਾਂ ਸੜਕ ਰਾਹੀਂ ਸੰਗਰੂਰ ਜਾਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਲਗਾਈ ਰੋਕ

ਸੁਨਾਮ ਤੋਂ ਵਾਇਆ ਤੁੰਗਾਂ-ਕੁਲਾਰਾਂ ਸੜਕ ਰਾਹੀਂ ਸੰਗਰੂਰ ਜਾਣ ਵਾਲੇ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਲਗਾਈ ਰੋਕ

ਨਵਾਂ ਪੁਲ ਬਣਨ ਕਾਰਨ ਪ੍ਰਸ਼ਾਸਨ ਵੱਲੋਂ ਲਿਆ ਗਿਆ ਹੈ ਫੈਸਲਾ
ਗੁਰਵਿੰਦਰ ਸਿੰਘ ਚਹਿਲ,ਸੰਗਰੂਰ : ਸੁਨਾਮ ਤੋਂ ਸੰਗਰੂਰ ਨੂੰ ਜਾਣ ਵਾਲੀ ਸੜਕ ਜੋ ਕਿ ਵਾਇਆ ਤੁੰਗਾਂ-ਕੁਲਾਰਾਂ ਹੋ ਕੇ ਸੰਗਰੂਰ ਨੂੰ ਜਾਂਦੀ ਹੈ ਇਸ ਸੜਕ ਤੇ ਨਵਾਂ ਪੁਲ ਬਣ ਰਿਹਾ ਹੈ ਜਿਸ ਕਰਕੇ ਛੋਟੀਆਂ ਗੱਡੀਆਂ ਸਕੂਟਰਾਂ ਮੋਟਰਸਾਈਕਲਾਂ ਆਦਿ 'ਤੇ ਸਵਾਰ ਲੋਕਾਂ ਵਾਸਤੇ ਇੱਕ ਆਰਜੀ ਪੁਲ ਤਿਆਰ ਕੀਤਾ ਗਿਆ ਹੈ ਪਰ ਦੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਵੱਡੇ ਵਾਹਨ ਜਿਨਾਂ ਵਿੱਚ ਟਰਾਲੇ, ਬੱਸਾਂ ਅਤੇ ਟਰੱਕ ਉਹ ਵੀ ਇਸ ਰਸਤੇ ਰਾਹੀਂ ਜਾ ਰਹੇ ਹਨ।ਜਿਸ ਦਾ ਮੁਆਇਨਾ ਕਰਦਿਆਂ ਕੈਬਨਟ ਵਜ਼ੀਰ ਅਮਨ ਅਰੋੜਾ ਨੇ ਕਿਹਾ ਕਿ ਇਹ ਰਸਤਾ ਭਾਰੀ ਵਾਹਨਾਂ ਲਈ ਨਹੀਂ ਹੈ।ਇਹ ਸਿਰਫ ਆਮ ਛੋਟੇ ਵਾਹਨਾਂ ਵਾਸਤੇ ਆਰਜੀ ਰਸਤਾ ਤਿਆਰ ਕੀਤਾ ਗਿਆ ਹੈ ਜਦਕਿ ਪੁਲ ਬਣਨ ਵਾਸਤੇ ਤਿੰਨ ਤੋਂ ਚਾਰ ਮਹੀਨੇ ਦਾ ਸਮਾਂ ਲੱਗਣਾ ਹੈ। ਇਸ ਕਰਕੇ ਕੋਈ ਵੀ ਬਸ, ਟਰੱਕ ਜਾਂ ਵੱਡਾ ਟਰਾਲਾ ਇਸ ਰੂਟ 'ਤੇ ਲੈ ਕੇ ਨਾ ਆਵੇ।ਕੈਬਨਟ ਵਜ਼ੀਰ ਨੇ ਕਿਹਾ ਕਿ ਜੇਕਰ ਇਸ ਤਰਾਂ ਕੋਈ ਹਾਦਸਾ ਹੁੰਦਾ ਹੈ ਤਾਂ ਆਮ ਲੋਕ ਪ੍ਰਸ਼ਾਸਨ ਨੂੰ ਜਿੰਮੇਵਾਰ ਠਹਿਰਾਉਂਦੇ ਹਨ ਜਦਕਿ ਲੋਕ ਆਪਣੀ ਜਿੰਮੇਵਾਰੀ ਤੋਂ ਵੀ ਖੁਦ ਭੱਜ ਰਹੇ ਹਨ।ਉਹਨਾਂ ਅਪੀਲ ਕੀਤੀ ਕਿ ਜਿੰਨਾ ਸਮਾਂ ਇਹ ਪੁੱਲ ਤਿਆਰ ਨਹੀਂ ਹੁੰਦਾ,ਉਨਾ ਸਮਾਂ ਭਾਰੀ ਵਾਹਨ ਵਾਇਆ ਮਹਿਲਾਂ ਚੌਂਕ ਹੋ ਕੇ ਹੀ ਸਨਾਮ ਜਾਂ ਸੰਗਰੂਰ ਆਉਣ ਜਾਣ।


Monday, May 20, 2024

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਕਾਂਗਰਸ ਪਾਰਟੀ ਔਰਤਾਂ ਤੋਂ ਉਹਨਾਂ ਦੀਆਂ ਵੋਟਾਂ ਖੋਹਣ ਦੀ ਸਾਜ਼ਿਸ਼ ਰਚ ਰਹੀ ਹੈ : ਹਰਸਿਮਰਤ ਕੌਰ ਬਾਦਲ

ਕਾਂਗਰਸ ਪਾਰਟੀ ਔਰਤਾਂ ਤੋਂ ਉਹਨਾਂ ਦੀਆਂ ਵੋਟਾਂ ਖੋਹਣ ਦੀ ਸਾਜ਼ਿਸ਼ ਰਚ ਰਹੀ ਹੈ : ਹਰਸਿਮਰਤ ਕੌਰ ਬਾਦਲ

ਪਹਿਲਾਂ ਆਮ  ਆਦਮੀ ਪਾਰਟੀ ਨੇ ਇਕ-ਇਕ ਹਜ਼ਾਰ ਰੁਪਏ ਦੇ ਫਾਰਮ ਭਰਵਾ ਕੇ ਔਰਤਾਂ ਨੂੰ ਮੂਰਖ ਬਣਾਇਆ

ਗੁਰਵਿੰਦਰ ਸਿੰਘ ਚਹਿਲ,ਮਾਨਸਾ : ਲੋਕ ਸਭਾ ਹਲਕਾ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਮਹਿਲਾਵਾਂ ਨੂੰ ਚੌਕਸ ਕੀਤਾ ਕਿ ਉਹ ਕਾਂਗਰਸ ਵੱਲੋਂ ਉਹਨਾਂ ਦੇ ਵੋਟ ਦਾ ਅਧਿਕਾਰ ਖੋਹਣ ਦੀ ਰਚੀ ਜਾ ਰਹੀ ਸਾਜ਼ਿਸ਼ ਤੋਂ ਸੁਚੇਤ ਰਹਿਣ ਤੇ ਕਿਹਾ ਕਿ ਕਾਂਗਰਸ ਪਾਰਟੀ ਹਰ ਸਾਲ ਇਕ ਲੱਖ ਰੁਪਏ ਦੇਣ ਦੇ ਝੂਠੇ ਵਾਅਦੇ ਦੇ ਫਾਰਮ ਭਰਵਾ ਰਹੀ ਹੈ ਤਾਂ ਜੋ ਔਰਤਾਂ ਦੀਆਂ ਵੋਟਾਂ ਲਈਆਂ ਜਾ ਸਕਣ।ਹਰਸਿਮਰਤ ਨੇ ਕਿਹਾ ਕਿ ਔਰਤਾਂ ਨੇ ਉਹਨਾਂ ਨੂੰ ਆ ਕੇ ਦੱਸਿਆ ਹੈ ਕਿ ਕਾਂਗਰਸੀ ਉਹਨਾਂ ਕੋਲ ਪਹੁੰਚ ਕਰ ਕੇ ਉਹਨਾਂ ਨੂੰ ਹਰ ਸਾਲ ਇਕ ਲੱਖ ਰੁਪਏ ਦੇਣ ਦੇ ਵਾਅਦੇ ਕਰ ਰਹੇ ਹਨ। ਇਸ ਨੂੰ ਇਕ ਵੱਡਾ ਫਰੇਬ ਕਰਾਰ ਦਿੰਦਿਆਂ ਉਹਨਾਂ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਚੌਕਸ ਕੀਤਾ ਸੀ ਕਿ ਤੁਸੀਂ ਗੁੰਮਰਾਹ ਨਾ ਹੋਣਾ।ਹਰਸਿਮਰਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਵੇਲੇ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਤੇ ਹੁਣ ਤੱਕ ਇਕ ਦੁੱਕੀ ਵੀ ਨਹੀਂ ਦਿੱਤੀ। ਉਹਨਾਂ ਕਿਹਾ ਕਿ ਹੁਣ ਕਾਂਗਰਸ ਪਾਰਟੀ ਤੁਹਾਨੂੰ ਇਕ-ਇਕ ਲੱਖ ਰੁਪਏ ਹਰ ਸਾਲ ਦੇਣ ਦਾ ਵਾਅਦਾ ਕਰ ਰਹੀ ਹੈ। ਆਪ ਵਾਂਗੂ ਕਾਂਗਰਸ ਦਾ ਵੀ ਇਹ ਵਾਅਦਾ ਪੂਰਾ ਕਰਨ ਦਾ ਕੋਈ ਇਰਾਦਾ ਨਹੀਂ ਬਲਕਿ ਉਹ ਤਾਂ ਤੁਹਾਡੇ ਤੋਂ ਤੁਹਾਡੇ ਵੋਟ ਦੀ ਤਾਕਤ ਖੋਹਣਾ ਚਾਹੁੰਦੀ ਹੈ।ਹਰਸਿਮਰਤ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਪਾਰਟੀ ਵੱਲੋਂ ਪਹਿਲਾਂ ਕੀਤੇ ਵਾਅਦਿਆਂ ਦਾ ਹਸ਼ਰ ਚੇਤੇ ਕਰ ਲੈਣ। ਉਹਨਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤੁਹਾਡੇ ਖੇਤੀ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ। ਨੌਜਵਾਨਾਂ ਨੂੰ ਵੀ 25-25 ਸੌ ਰੁਪਏ ਪ੍ਰਤੀ ਮਹੀਨਾ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ।ਦੋਵੇਂ ਵਾਅਦੇ ਕਾਗਜ਼ਾਂ ਤੱਕ ਸੀਮਤ ਰਹਿ ਗਏ ਤੇ ਇਹ ਵਾਅਦਾ ਵੀ ਇਸੇ ਤਰੀਕੇ ਕਾਗਜ਼ਾਂ ਤੱਕ ਸੀਮਤ ਰਹਿ ਜਾਵੇਗਾ।ਉਹਨਾਂ ਆਪ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਵੀ ਹੁਣ ਤੱਕ ਨਹੀਂ ਦਿੱਤੇ।ਉਹਨਾਂ ਔਰਤਾਂ ਨੂੰ ਅਪੀਲ ਕੀਤੀ ਕਿ ਜਦੋਂ ਆਪ ਵਾਲੇ ਤੁਹਾਡੇ ਕੋਲ ਵੋਟਾਂ ਮੰਗਣ ਆਉਣ ਤਾਂ ਉਹ ਕਹਿ ਦੇਣ ਕਿ ਪਹਿਲਾਂ ਉਹਨਾਂ ਤੋਂ 26 ਮਹੀਨਿਆਂ ਦੇ 26-26 ਹਜ਼ਾਰ ਰੁਪਏ ਉਹਨਾਂ ਦੇ ਬੈਂਕ ਖ਼ਾਤਿਆਂ ਵਿਚ ਪਾਉਣ ਅਤੇ ਫਿਰ ਹੀ ਵੋਟਾਂ ਮੰਗਣ।ਉਹਨਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਚੇਤੇ ਕਰਨ ਕਿ ਕਿਵੇਂ ਕਾਂਗਰਸ ਤੇ ਆਪ ਸਰਕਾਰਾਂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਦਿੱਤੀਆਂ ਜਾਂਦੀਆਂ ਸਮਾਜ ਭਲਾਈ ਸਕੀਮਾਂ ਵਿਚ ਕਟੌਤੀ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਅਕਾਲੀ ਦਲ ਦੀ ਸਰਕਾਰ ਵੇਲੇ ਦਿੱਤੀ ਜਾਰੀ 30 ਕਿਲੋ ਕਣਕ ਘਟਾ ਕੇ 15 ਕਰ ਦਿੱਤੀ ਤੇ ਹੁਣ ਆਪ ਸਰਕਾਰ ਨੇ ਆ ਕੇ ਉਸ ਨੂੰ 5 ਕਿਲੋ ਆਟੇ ਤੱਕ ਸੀਮਤ ਕਰ ਦਿੱਤਾ।ਉਹਨਾਂ ਕਿਹਾ ਕਿ ਲੱਖਾਂ ਹੀ ਆਟਾ ਦਾਲ ਸਕੀਮ ਦੇ ਕਾਰਡ ਤੇ ਬੁਢਾਪਾ ਪੈਨਸ਼ਨਾਂ ਦੇ ਕਾਰਡ ਕੱਟ ਦਿੱਤੇ ਗਏ ਹਨ।ਹਰਸਿਮਰਤ ਨੂੰ ਔਰਤਾਂ ਨੇ ਸ਼ਿਕਾਇਤਾਂ ਕੀਤੀਆਂ ਕਿ ਕਿਵੇਂ ਨਸ਼ੇ ਉਹਨਾਂ ਦੇ ਪਰਿਵਾਰ ਤਬਾਹ ਕਰ ਰਹੇ ਹਨ। ਕਈ ਔਰਤਾਂ ਨੇ ਦੱਸਿਆ ਕਿ ਉਹਨਾਂ ਨੇ ਪੁਲਿਸ ਕੋਲ ਪਹੁੰਚ ਕੀਤੀ ਪਰ ਨਸ਼ਾ ਤਸਕਰਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ।ਹਰਸਿਮਰਤ ਨੇ ਕਿਹਾ ਕਿ ਆਪ ਸਰਕਾਰ ਵਿਚ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਨਹੀਂ ਹੋਵੇਗੀ ਕਿਉਂਕਿ ਆਪ ਵਿਧਾਇਕ ਉਹਨਾਂ ਤੋਂ ਮਹੀਨੇ ਲੈ ਰਹੇ ਹਨ।ਉਹਨਾਂ ਕਿਹਾ ਕਿ ਇਕ ਵਾਰ ਸੂਬੇ ਵਿਚ ਅਕਾਲੀ ਦਲ ਦੀ ਸਰਕਾਰ ਬਣ ਗਈ ਤਾਂ ਫਿਰ ਨਸ਼ੇ ਅਤੇ ਨਸ਼ਾ ਤਸਕਰਾਂ ਦੋਵਾਂ ਦਾ ਖ਼ਾਤਮਾ ਕੀਤਾ ਜਾਵੇਗਾ।ਇਸ ਮੌਕੇ ਸੀਨੀਅਰ ਆਗੂ ਪ੍ਰੇਮ ਅਰੋੜਾ ਮੌਜੂਦ ਸਨ।